ਧਰਮ ਸ਼ਾਸਤ੍ਰ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਧਰਮ-ਸ਼ਾਸਤ੍ਰ : ਧਰਮ ਦੇ ਨਿਯਮ ਦੱਸਣ ਵਾਲੇ ਗ੍ਰੰਥ ਨੂੰ ਧਰਮ-ਸ਼ਾਸਤ੍ਰ ਕਿਹਾ ਜਾਂਦਾ ਹੈ । ਆਮ ਤੌਰ ਤੇ ਇਸ ਪਦ ਵਿਚ ਸਮੁੱਚੇ ਹਿੰਦੂ ਵਿਧਾਨ ਸ਼ਾਸਤਰਾਂ ਨੂੰ ਲਿਆ ਜਾਂਦਾ ਹੈ ਪਰ ਇਹ ਪਦ ਵਿਸ਼ੇਸ਼ ਕਰਕੇ ਮਨੂ, ਯਾਗਵਲਕ ਅਤੇ ਹੋਰ ਇਲਹਾਮ ਪ੍ਰਾਪਤ ਮੁਨੀਆਂ ਦੇ ਵਿਧਾਨਾਂ ਨਾਲ ਵਧੇਰੇ ਸਬੰਧਤ ਹੈ ਜਿਨ੍ਹਾਂ ਨੇ ਪਹਿਲਾਂ ਸਿਮ੍ਰਿਤੀਆਂ ਨੂੰ ਦੈਵੀ ਸੋਮੇ ਤੋਂ ਪ੍ਰਾਪਤ ਕੀਤਾ । ਆਮ ਤੌਰ ਤੇ ਇਨ੍ਹਾਂ ਗ੍ਰੰਥਾਂ ਦੇ ਤਿੰਨ ਭਾਗ ਹਨ – 1. ਆਚਾਰ (ਵਰਤੋਂ ਵਿਹਾਰ ਦੇ ਨਿਯਮ); 2. ਵਯਵਹਾਰ (ਰਾਜ ਪ੍ਰਬੰਧ); 3. ਪ੍ਰਾਯਸ਼ਚਿਤ (ਦੰਡ)।
ਇਲਹਾਮੀ ਸ਼ਾਸਤਰਕਾਰਾਂ ਦੀ ਗਿਣਤੀ ਅਠਾਰ੍ਹਾਂ ਮੰਨੀ ਜਾਂਦੀ ਹੈ ਪਰ ਪੁਰਾਤਨ ਸ਼ਾਸਤਰਕਾਰਾਂ ਦੀ ਗਿਣਤੀ 42 ਤੱਕ ਵੀ ਮਿਲਦੀ ਹੈ । ਮਨੂ ਅਤੇ ਯਾਗਵਲਕ ਇਨ੍ਹਾਂ ਸਾਰੇ ਲੇਖਕਾਂ ਦੇ ਸਿਰਮੌਰ ਹਨ । ਇਨ੍ਹਾਂ ਤੋਂ ਪਿੱਛੋਂ 18 ਹੋਰ ਇਲਹਾਮੀ ਮੁਨੀ ਵੀ ਮੰਨੇ ਜਾਂਦੇ ਹਨ ਜਿਹੜੇ ਮਹਾਨ ਸ਼ਾਸਤਰਕਾਰ ਸਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਸੰਪੂਰਣ ਜਾਂ ਸੰਖੇਪ ਰੂਪ ਵਿਚ ਅਜੇ ਵੀ ਮਿਲਦੀਆਂ ਹਨ । ਇਨ੍ਹਾਂ ਮੁਨੀਆਂ ਦੇ ਨਾਂ ਅਤ੍ਰੀ; ਵਿਸ਼ਣੂ; ਹਾਰੀਤ; ਉਸ਼ਨਸ; ਅੰਗਿਰਸ; ਯਮ; ਅਪਸਤੰਬ; ਸਮਵਰਤ; ਕਾਤਾਯਾਯਨ; ਬ੍ਰਿਹਸਪਤੀ; ਪਰਾਸ਼ਰ; ਵਯਾਸ; ਸ਼ੰਖ; ਲਿਖਿਤ; ਦਕਸ਼; ਗੌਤਮ; ਸ਼ਾਤਾਤਪ ਅਤੇ ਵਸ਼ਿਸ਼ਠ ਹਨ ।
ਕੁਝ ਹੋਰ ਲੇਖਕ ਵੀ ਹਨ ਜਿਨ੍ਹਾਂ ਦਾ ਇਨ੍ਹਾਂ ਵਿਚੋਂ ਕਈਆਂ ਨਾਲੋਂ ਵਧੇਰੇ ਵਰਣਨ ਕੀਤਾ ਜਾਂਦਾ ਹੈ ਜਿਵੇਂ ਨਾਰਦ; ਭ੍ਰਿਗੂ; ਮਰੀਚੀ; ਕਸ਼ਯਪ; ਵਿਸ਼ਵਾਮਿੱਤਰ ਅਤੇ ਬੋਧਾਯਨ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਨਾਂ ਜਿਵੇਂ ਪੁਲਸਤਯ; ਗਾਰਗਯ; ਪੈਥੀਨਸੀ; ਸੁਮੰਤੂ; ਲੋਕਾਕਸ਼ੀ; ਕੁਥੁਮੀ ਅਤੇ ਧੋਮਯ ਵੀ ਹਨ । ਇਨ੍ਹਾਂ ਵਿਚੋਂ ਕੁਝ ਸ਼ਾਸਤਰਕਾਰਾਂ ਦੀਆਂ ਰਚਨਾਵਾਂ ਵੱਖੋ ਵੱਖਰੇ ਰੂਪਾਂ ਵਿਚ ਪ੍ਰਕਾਸ਼ਤ ਵੀ ਹੋ ਚੁਕੀਆਂ ਹਨ ਅਤੇ ਵਰਣਨਾਤਮਕ ਉਪਾਧੀਆਂ ਨਾਲ ਜਿਵੇਂ ਵ੍ਰਿੱਧ ‘ਪ੍ਰਾਚੀਣ' ਬ੍ਰਿਹਤ ‘ਮਹਾਨ' ਅਤੇ ਲਘੂ ‘ਛੋਟੀ' ਇਨ੍ਹਾਂ ਦਾ ਸੰਕੇਤ ਵੀ ਦਿੱਤਾ ਜਾਂਦਾ ਹੈ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-29-02-41-54, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.662; ਹਿੰ. ਮਿ. ਕੋ. : 313; ਧਰਮ ਸ਼ਾਸਤ੍ਰ ਦਾ ਇਤਿਹਾਸ-ਕਾਣੇ (ਹਿੰਦੀ ਅਨੁਵਾਦ)
ਵਿਚਾਰ / ਸੁਝਾਅ
Please Login First