ਨਨਕਾਣਾ ਸਾਹਿਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਨਕਾਣਾ ਸਾਹਿਬ: ਸਿੱਖ ਇਤਿਹਾਸ ਨਾਲ ਸੰਬੰਧਿਤ ਪਹਿਲਾ ਸਥਾਨ ਅਥਵਾ ਨਗਰ ਜਿਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ‘ਨਨਕਾਣਾ’ ਸ਼ਬਦ ਨਾਨਕਿਆਣਾ (ਨਾਨਕਾਯਨ) ਦਾ ਲੋਕ-ਮੁਖ ਦੀ ਟਕਸਾਲ ਅਨੁਸਾਰ ਢਲਿਆ ਹੋਇਆ ਸਿੱਕਾ ਹੈ। ਇਸ ਤੋਂ ਭਾਵ ਹੈ ਗੁਰੂ ਨਾਨਕ ਦੇਵ ਜੀ ਦਾ ਘਰ (ਅਯਨ)। ਪਹਿਲਾਂ ਇਹ ਸਥਾਨ ‘ਤਲਵੰਡੀ ਰਾਇ ਭੋਇ ਕੀ’ ਦੇ ਨਾਂ ਨਾਲ ਪ੍ਰਸਿੱਧ ਸੀ, ਪਰ ਸੰਨ 1469 ਈ. ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਇਸ ਦਾ ਨਾਂ ‘ਨਨਕਾਣਾ’ ਪ੍ਰਸਿੱਧ ਹੋ ਗਿਆ। ਉਦੋਂ ਰਾਇ ਬੁਲਾਰ ਤਲਵੰਡੀ ਦਾ ਪ੍ਰਬੰਧਕ ਅਤੇ ਚੌਧਰੀ ਸੀ। ਹੁਣ ਇਹ ਪਾਕਿਸਤਾਨੀ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਦਾ ਇਕ ਨਗਰ ਹੈ। ਇਥੇ ਗੁਰੂ ਨਾਨਕ ਦੇਵ ਜੀ ਦੇ ਜਨਮ ਲੈਣ ਵਾਲੇ ਸਥਾਨ’ਤੇ ਗੁਰਦੁਆਰਾ ‘ਜਨਮ-ਸਥਾਨ’ ਬਣਿਆ ਹੋਇਆ ਹੈ। ਉਸ ਤੋਂ ਇਲਾਵਾ ਗੁਰੂ ਜੀ ਨਾਲ ਸੰਬੰਧਿਤ ਕੁਝ ਹੋਰ ਗੁਰੂ-ਧਾਮ ਵੀ ਹਨ, ਜਿਵੇਂ ਕਿਆਰਾ ਸਾਹਿਬ, ਤੰਬੂ ਸਾਹਿਬ, ਪੱਟੀ ਸਾਹਿਬ, ਬਾਲ-ਲੀਲ੍ਹਾ, ਮਾਲ-ਜੀ ਸਾਹਿਬ ਆਦਿ। ਇਨ੍ਹਾਂ ਗੁਰੂ-ਧਾਮਾਂ ਬਾਰੇ ਕੁਝ ਵਿਸਤਾਰ ਸਹਿਤ ਚਾਨਣਾ ਪਾਉਣਾ ਉਚਿਤ ਹੋਵੇਗਾ।

            ਗੁਰਦੁਆਰਾ ਜਨਮ ਅਸਥਾਨ ਉਸ ਥਾਂ ਉਤੇ ਉਸਰਿਆ ਹੋਇਆ ਹੈ ਜਿਥੇ ਗੁਰੂ ਨਾਨਕ ਦੇਵ ਜੀ ਦੇ ਮਾਤਾ -ਪਿਤਾ ਨਿਵਾਸ ਕਰਦੇ ਸਨ। ਪਹਿਲਾਂ ਇਥੇ ਗੁਰੂ ਜੀ ਦੇ ਪੋਤਰੇ ਬਾਬਾ ਧਰਮਚੰਦ ਨੇ ਇਕ ਕੋਠਾ ਉਸਰਵਾਇਆ ਸੀ ਜੋਕਾਲੂ ਕਾ ਕੋਠਾ’ ਨਾਂ ਨਾਲ ਪ੍ਰਸਿੱਧ ਹੋਇਆ। ਬਾਦ ਵਿਚ ਬਾਬਾ ਸਾਹਿਬ ਸਿੰਘ ਬੇਦੀ ਅਤੇ ਅਕਾਲੀ ਫੂਲਾ ਸਿੰਘ ਦੀ ਪ੍ਰੇਰਣਾ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਉਸ ਥਾਂ ਉਤੇ ਸੁੰਦਰ ਇਮਾਰਤ ਬਣਵਾਈ ਅਤੇ ਲਗਭਗ ਵੀਹ ਹਜ਼ਾਰ ਏਕੜ ਜ਼ਮੀਨ ਗੁਰਦੁਆਰੇ ਦੇ ਨਾਂ ਲਗਵਾਈ ਤਾਂ ਜੋ ‘ਗੁਰੂ ਕਾ ਲੰਗਰ ’ ਦੀ ਵਿਵਸਥਾ ਠੀਕ ਤਰ੍ਹਾਂ ਚਲਦੀ ਰਹਿ ਸਕੇ। ਇਸ ਗੁਰੂ-ਧਾਮ ਦੀ ਵਿਵਸਥਾ ਉਦਾਸੀ ਸਾਧ ਕਰਦੇ ਸਨ, ਪਰ ਇਸ ਗੁਰੂ-ਧਾਮ ਦੀ ਆਮਦਨ ਕਾਰਣ ਇਸ ਦਾ ਪੁਜਾਰੀ ਮਹੰਤ ਨਰੈਣ ਦਾਸ ਬਹੁਤ ਵਿਲਾਸੀ ਹੋ ਗਿਆ ਅਤੇ ਹਰ ਪ੍ਰਕਾਰ ਦੀ ਮਰਯਾਦਾ ਦਾ ਉਲੰਘਨ ਕਰਨਾ ਸ਼ੁਰੂ ਕਰ ਦਿੱਛਾ। ਉਸ ਤੋਂ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਦੇ ਉਦੇਸ਼ ਨਾਲ ਗਏ ਭਾਈ ਲਛਮਣ ਸਿੰਘ ਦੇ ਜੱਥੇ ਨੂੰ 20 ਫਰਵਰੀ 1921 ਈ. ਨੂੰ ਸ਼ਹੀਦ ਕੀਤਾ ਗਿਆ। ਫਲਸਰੂਪ, 21 ਫਰਵਰੀ ਨੂੰ ਗੁਰਦੁਆਰੇ ਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਗਿਆ। ਬਾਦ ਵਿਚ ਗੁਰਦੁਆਰੇ ਦੀ ਇਮਾਰਤ ਵਿਚ ਕਾਫ਼ੀ ਵਾਧਾ ਕੀਤਾ ਗਿਆ। ਦੇਸ਼ ਵੰਡ ਤੋਂ ਬਾਦ ਦਰਸ਼ਨ ਕਰਨ ਲਈ ਹਰ ਸਾਲ ਹਿੰਦੁਸਤਾਨ ਤੋਂ ਸਿੰਘਾਂ ਦੇ ਜੱਥੇ ਜਾਂਦੇ ਰਹਿੰਦੇ ਹਨ।

            ਗੁਰਦੁਆਰਾ ਪੱਟੀ ਸਾਹਿਬ ਉਸ ਸਥਾਨ ਉਤੇ ਉਸਰਿਆ ਹੋਇਆ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੂੰ ਪਾਂਧੇ ਪਾਸ ਪੜ੍ਹਨੇ ਪਾਇਆ ਗਿਆ ਸੀ। ਰਵਾਇਤ ਅਨੁਸਾਰ ਇਥੇ ਹੀ ਗੁਰੂ ਜੀ ਨੇ ਆਸਾ ਰਾਗ ਵਿਚਲੀ ‘ਪਟੀ’ ਨਾਂ ਦੀ ਬਾਣੀ ਦਾ ਉਚਾਰਣ ਕਰਕੇ ਵਰਣਾਂ ਦੇ ਅਧਿਆਤਮਿਕ ਪਿਛੋਕੜ ਉਪਰ ਪ੍ਰਕਾਸ਼ ਪਾਇਆ ਸੀ। ਗੁਰਦੁਆਰੇ ਦੀ ਸੁੰਦਰ ਇਮਰਤ ਬਣੀ ਹੋਈ ਹੈ।

            ਗੁਰਦੁਆਰਾ ਕਿਆਰਾ ਸਾਹਿਬ ਗੁਰਦੁਆਰਾ ਬਾਲ ਲੀਲਾ ਤੋਂ ਲਗਭਗ ਦੋ ਕਿ.ਮੀ. ਪੂਰਬ ਵਲ ਸਥਿਤ ਹੈ। ਇਥੇ ਗੁਰੂ ਜੀ ਬਚਪਨ ਵਿਚ ਮੱਝਾਂ ਚਰਾਉਣ ਆਇਆ ਕਰਦੇ ਸਨ। ਜਨਮ-ਸਾਖੀ ਸਾਹਿਤ ਅਨੁਸਾਰ ਇਕ ਵਾਰ ਗੁਰੂ ਜੀ ਦੀਆਂ ਮੱਝਾਂ ਨੇ ਕਿਸੇ ਕਿਸਾਨ ਦਾ ਖੇਤ ਉਜਾੜ ਦਿੱਤਾ। ਉਹ ਰਾਇ ਬੁਲਾਰ ਅਗੇ ਫਰਿਆਦੀ ਹੋਇਆ। ਜਦੋਂ ਖੇਤ ਦੇ ਉਜਾੜੇ ਦੀ ਪੜਤਾਲ ਕੀਤੀ ਗਈ , ਤਾਂ ਸਭ ਕੁਝ ਠੀਕ ਨਿਕਲਿਆ। ਲੋਕਾਂ ਨੇ ਗੁਰੂ ਜੀ ਦੀ ਸ਼ਖ਼ਸੀਅਤ ਵਿਚ ਕਿਸੇ ਅਗੰਮੀ ਸ਼ਕਤੀ ਦੀ ਹੋਂਦ ਮੰਨੀ। ਉਸ ਸਥਾਨ ਉਤੇ ਬਾਦ ਵਿਚ ਗੁਰੂ-ਧਾਮ ਉਸਾਰਿਆ ਗਿਆ। ਕਾਲਾਂਤਰ ਵਿਚ ਸੰਤ ਗੁਰਮੁਖ ਸਿੰਘ ਸੇਵਾ ਵਾਲੇ ਨੇ ਬਹੁਤ ਸੁੰਦਰ ਇਮਾਰਤ ਬਣਾ ਦਿੱਤੀ।

            ਗੁਰਦੁਆਰਾ ਬਾਲ ਲੀਲ੍ਹਾ ਉਸ ਪਵਿੱਤਰ ਥਾਂ ਉਤੇ ਉਸਰਿਆ ਹੈ ਜਿਥੇ ਗੁਰੂ ਜੀ ਬਚਪਨ ਵਿਚ ਆਪਣੇ ਸੰਗੀਆਂ ਨਾਲ ਖੇਡਦੇ ਸਨ। ਇਹ ‘ਗੁਰਦੁਆਰਾ ਪਟੀ ਸਾਹਿਬ’ ਤੋਂ ਪੂਰਬ ਦਿਸ਼ਾ ਵਲ ਕੁਝ ਵਿਥ ਉਤੇ ਹੈ। ਗੁਰੂ ਹਰਿਗੋਬਿੰਦ ਸਾਹਿਬ ਜਦੋਂ ਨਨਕਾਣਾ ਸਾਹਿਬ ਆਏ ਤਾਂ ਇਸ ਸਥਾਨ ਦੀ ਉਚੇਚੀ ਨਿਸ਼ਾਨਦੇਹੀ ਕਰਵਾਈ। ਜਦੋਂ ਦੀਵਾਨ ਕੌੜਾ ਮਲ , ਸਿੱਖ ਸੈਨਿਕਾਂ ਦੀ ਸਹਾਇਤਾ ਨਾਲ ਮੁਲਤਾਨ ਦੇ ਨਵਾਬ ਵਲੋਂ ਕੀਤੀ ਗਈ ਬਗ਼ਾਵਤ ਨੂੰ ਦਬਾ ਕੇ ਪਰਤਿਆ ਤਾਂ ਉਸ ਨੇ ਇਸ ਗੁਰਦੁਆਰੇ ਦੀ ਇਮਾਰਤ ਬਣਵਾਈ ਅਤੇ ਸਰੋਵਰ ਦੇ ਵੀ ਦੋ ਪਾਸੇ ਪੱਕੇ ਕਰਵਾਏ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇਮਾਰਤ ਵਿਚ ਵਾਧਾ ਕਰਵਾਇਆ ਅਤੇ ਸਰੋਵਰ ਨੂੰ ਵੱਡਾ ਕਰਵਾ ਕੇ ਪੱਕਾ ਕਰਵਾਇਆ। ਇਸ ਤੋਂ ਇਲਾਵਾ ਗੁਰਦੁਆਰੇ ਦੇ ਨਾਂ ਤਿੰਨ ਸੌ ਏਕੜ ਜ਼ਮੀਨ ਲਗਵਾਈ। ਇਸ ਗੁਰਦੁਆਰੇ ਦਾ ਬਾਦ ਵਿਚ ਵੀ ਵਿਕਾਸ ਹੁੰਦਾ ਰਿਹਾ। ਪਾਕਿਸਤਾਨ ਬਣਨ ਤੋਂ ਪਹਿਲਾਂ ਬਾਬਾ ਗੁਰਮੁਖ ਸਿੰਘ ਸੇਵਾ ਵਾਲੇ ਨੇ ਇਸ ਦੀ ਇਮਾਰਤ ਵਿਚ ਸੁਧਾਰ ਕਰਵਾਇਆ ਅਤੇ ਸਰੋਵਰ ਵੀ ਵੱਡਾ ਕਰਵਾਇਆ।

            ਗੁਰਦੁਆਰਾ ਤੰਬੂ ਸਾਹਿਬ ਉਨ੍ਹੀਵੀਂ ਸਦੀ ਵਿਚ ਨਿਹੰਗ ਸਿੰਘਾਂ ਵਲੋਂ ਉਸ ਸਥਾਨ ਉਤੇ ਉਸਾਰਿਆ ਗਿਆ, ਜਿਥੇ ‘ਸਚਾ ਸੌਦਾ ’ ਕਰਨ ਉਪਰੰਤ ਗੁਰੂ ਜੀ ਪਿਤਾ ਦੇ ਡਰ ਕਰਕੇ ਵਣਾਂ ਦੇ ਤੰਬੂ ਵਰਗੇ ਝੁੰਡ ਵਿਚ ਬੈਠੇ ਸਨ। ਭਾਈ ਬਾਲੇ ਤੋਂ ਪਤਾ ਲਗਣ’ਤੇ ਗੁਰੂ ਜੀ ਦੇ ਮਾਤਾ ਪਿਤਾ ਅਤੇ ਭੈਣ ਨਾਨਕੀ ਇਥੇ ਆਏ। ਪਿਤਾ ਕਾਲੂ ਨੇ ਗੁੱਸੇ ਵਿਚ ਆ ਕੇ ਸੁਪੁੱਤਰ ਨੂੰ ਚਪੇੜਾਂ ਮਾਰੀਆਂ ਅਤੇ ਬੇਬੇ ਨਾਨਕੀ ਨੇ ਗੁਰੂ ਜੀ ਨੂੰ ਪਿਤਾ ਦੇ ਪ੍ਰਕੋਪ ਤੋਂ ਬਚਾਇਆ।

            ਗੁਰਦੁਆਰਾ ਮਾਲ ਜੀ ਸਾਹਿਬ ਮੁੱਖ ਗੁਰੂ-ਧਾਮ ਤੋਂ ਪੂਰਬ ਵਾਲੇ ਪਾਸੇ ਲਗਭਗ ਡੇਢ ਕਿ.ਮੀ. ਦੀ ਵਿਥ ਉਤੇ ਸਥਿਤ ਹੈ। ਜਨਮਸਾਖੀ ਸਾਹਿਤ ਵਿਚ ਬ੍ਰਿਛ ਦੀ ਛਾਂ ਨ ਫਿਰਨ ਅਤੇ ਸੱਪ ਦੁਆਰਾ ਗੁਰੂ ਜੀ ਦੇ ਸੀਸ ਉਤੇ ਛਾਂ ਕਰਨ ਦੀਆਂ ਸਾਖੀਆਂ ਇਸੇ ਸਥਾਨ ਨਾਲ ਜੁੜੀਆਂ ਹੋਈਆਂ ਹਨ। ਇਥੇ ਹੀ ਗੁਰੂ ਜੀ ਦੀ ਅਜ਼ਮਤ ਦਾ ਅਹਿਸਾਸ ਰਾਇ ਬੁਲਾਰ ਨੂੰ ਹੋਇਆ ਸੀ। ਇਸ ਸਥਾਨ ਉਤੇ ਸਭ ਤੋਂ ਪਹਿਲਾਂ ਦੀਵਾਨ ਕੌੜਾ ਮਲ ਨੇ ਗੁਰੂ-ਧਾਮ ਬਣਵਾਇਆ ਅਤੇ ਬਾਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਸੁੰਦਰ ਇਮਾਰਤ ਦਾ ਸਰੂਪ ਦਿੱਤਾ।

            ਗੁਰਦੁਆਰਾ ਛੱਟੀ ਪਾਤਿਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੀ ਆਮਦ ਦੀ ਯਾਦ ਨੂੰ ਸਮਰਪਿਤ ਹੈ। ਗੁਰੂ ਜੀ ਇਥੇ ਸੰਨ 1620 ਈ. ਦੇ ਨੇੜੇ ਤੇੜੇ ਆਏ ਸਨ। ਇਹ ਗੁਰਦੁਆਰਾ ਨਿਹੰਗ ਸਿੰਘਾਂ ਨੇ ਉਸਾਰਿਆ ਸੀ, ਪਰ ਸੰਨ 1921 ਈ. ਵਿਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋ ਗਿਆ।

            ਪਾਕਿਸਤਾਨ ਬਣਨ ਤੋਂ ਬਾਦ ਇਨ੍ਹਾਂ ਸਾਰਿਆਂ ਗੁਰਦੁਆਰਿਆਂ ਦੀ ਵਿਵਸਥਾ ‘ਵਕਫ਼ ਬੋਰਡ ’ ਕਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ-ਪੁਰਬ ਤੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆ ਕੇ ਦਰਸ਼ਨ ਕਰਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਨਕਾਣਾ ਸਾਹਿਬ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨਨਕਾਣਾ ਸਾਹਿਬ :  ਸਿੱਖਾਂ ਦਾ ਬਹੁਤ ਮਹੱਤਵਪੂਰਨ ਧਾਰਮਿਕ ਅਸਥਾਨ ਹੈ ਜਿਥੇ ਮਹਾਨ ਪੈਗ਼ੰਬਰ ਅਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ । ਭਾਰਤ ਦੀ ਵੰਡ ਪਿਛੋਂ ਇਹ ਪਵਿੱਤਰ ਅਸਥਾਨ ਪਾਕਿਸਤਾਨ ਵਿਚ ਚਲਾ ਗਿਆ ਹੈ। ਨਨਕਾਣਾ ਸਾਹਿਬ ਪੱਛਮੀ ਪੰਜਾਬ ਦੇ ਜ਼ਿਲ੍ਹਾ ਸ਼ੇਖਪੂਰਾ ਵਿਚ ਲਾਹੌਰ ਤੋਂ ਲਗਭਗ 77 ਕਿ. ਮੀ. ਪੱਛਮ  ਦੱਖਣ ਵੱਲ ਸਥਿਤ ਹੈ । ਇਸ ਨਗਰ ਦਾ  ਪਹਿਲਾ ਨਾਂ ਰਾਇਪੁਰ ਸੀ ਅਤੇ ਫਿਰ ਇਹ ਸਥਾਨ ਤਲਵੰਡੀ ਰਾਇਭੋਇ ਦੇ ਨਾਉਂ ਨਾਲ ਪ੍ਰਸਿੱਧ ਹੋਇਆ । ਸੰਨ 1469 ਵਿਚ ਗੁਰੂ ਸਾਹਿਬ ਦੇ ਅਵਤਾਰ ਧਾਰਨ ਪਿੱਛੋਂ ਇਸ ਦਾ ਮੌਜੂਦਾ ਨਾਂ ਪ੍ਰਚਲਿਤ ਹੋਇਆ ।

ਗੁਰੂ ਨਾਨਕ ਸਾਹਿਬ ਦੇ ਬਚਪਨ ਦਾ ਸਾਰਾ ਸਮਾਂ ਇਸ ਸਥਾਨ ਤੇ ਹੀ ਗੁਜ਼ਰਿਆ ਅਤੇ ਆਪ ਦੇ ਬਚਪਨ ਵਿਚ ਵਾਪਰੀਆਂ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਇਸੇ ਹੀ ਸਥਾਨ ਨਾਲ ਸਬੰਧਤ ਹਨ । ਇਨ੍ਹਾਂ ਘਟਨਾਵਾਂ ਦੇ ਨਾਲ ਸਬੰਧਤ ਇਥੇ ਕਈ ਗੁਰਦੁਆਰੇ ਵੀ ਸਥਾਪਿਤ ਹੋ ਗਏ ਜਿਹੜੇ ਅੱਜ ਵੀ ਗੁਰੂ ਜੀ ਦੀ ਯਾਦ ਦਿਵਾਉਂਦੇ ਹਨ । ਇਨ੍ਹਾਂ ਵਿਚੋਂ ਕੁਝ ਮਹੱਤਵਪੂਰਨ ਗੁਰਦੁਆਰਿਆਂ ਦਾ ਜ਼ਿਕਰ ਨਿਮਨ ਅਨੁਸਾਰ ਹੈ : –

ਗੁਰਦੁਆਰਾ ਜਨਮ ਅਸਥਾਨ

1. ਗੁਰਦੁਆਰਾ ਜਨਮ ਅਸਥਾਨ  : ਇਹ ਇਥੋਂ ਦਾ ਮੁੱਖ ਗੁਰਦੁਆਰਾ ਹੈ । ਇਸ  ਪਵਿੱਤਰ ਅਸਥਾਨ ਉੱਤੇ 1469 ਈ. ਵਿਚ ਕੱਤਕ ਦੀ ਪੂਰਨਮਾਸ਼ੀ ਨੁੰ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ । ਇਸ ਗੁਰਦੁਆਰੇ ਦੀ ਮਾਨਤਾ ਸਿੱਖਾਂ ਵਲੋਂ ਹੀ ਨਹੀਂ ਮੁਸਲਮਾਨ ਅਤੇ ਹਿੰਦੂਆਂ ਵੱਲੋਂ ਵੀ ਬਰਾਬਰ ਕੀਤੀ ਜਾਂਦੀ ਹੈ । ਹੁਣ ਵੀ ਨਨਕਾਣਾ ਸਾਹਿਬ ਅਤੇ ਆਲੇ ਦੁਆਲੇ ਦੇ ਇਲਾਕੇ ਦੇ ਲੋਕ ਆਪਣੀ ਹਰ ਸੁੱਖਣਾ ਇਸ ਗੁਰਦੁਆਰੇ ਆ ਕੇ ਹੀ ਉਤਾਰਦੇ ਹਨ। ਇਸ ਗੁਰਦੁਆਰੇ ਨਾਲ  ਇਕ ਬਹੁਤ ਵੱਡੀ ਸਰਾਂ ਪਹਿਲਾਂ ਦੀ ਬਣੀ  ਹੋਈ ਹੈ ਅਤੇ ਦੇਸ਼ ਦੀ ਵੰਡ ਪਿਛੋਂ ਪਕਿਸਤਾਨ ਸਰਕਾਰ ਵਲੋਂ ਵੀ ਇਕ ਹੋਰ ਸਰਾਂ ਬਣਵਾਈ ਗਈ ਹੈ। ਭਾਰਤ ਅਤੇ  ਬਦੇਸ਼ਾਂ ਤੋ ਆਉਣ ਵਾਲੇ ਯਾਤਰੂ ਇਨ੍ਹਾਂ ਸਰਾਵਾਂ ਵਿਚ ਹੀ ਠਹਿਰਦੇ ਹਨ। ਗੁਰੂ  ਨਾਨਕ ਦੇਵ ਜੀ ਦੇ ਅਵਤਾਰ ਪੂਰਬ ਸਮੇਂ ਇਸ ਗੁਰਦੁਆਰੇ ਨੂੰ ਬਹੁਤ ਸੰਵਾਰਿਆ ਅਤੇ ਸ਼ਿੰਗਾਰਿਆ ਜਾਂਦਾ ਹੈ ਅਤੇ ਰਾਤ ਨੂੰ ਰੌਸ਼ਨੀ ਵੀ ਕੀਤੀ ਜਾਂਦੀ ਹੈ। ਇਸ ਗੁਰਦੁਆਰੇ ਨਾਲ ਇਕ ਸਰੋਵਰ ਵੀ ਬਣਾਇਆ ਗਿਆ ਹੈ ਪਰ ਇਸ ਵਿਚ ਜਲ ਕੇਵਲ ਗੁਰਪੁਰਬ ਦੇ ਮੌਕੇ ਤੇ ਹੀ ਪਾਇਆ ਜਾਂਦਾ ਹੈ ।

ਗੁਰਦੁਆਰਾ ਬਾਲ ਲੀਲਾ ਸਾਹਿਬ

ਗੁਰਦੁਆਰਾ ਬਾਲ ਲੀਲਾ ਸਾਹਿਬ : ਇਹ ਅਸਥਾਨ ਗੁਰਦੁਆਰਾ ਜਨਮ ਅਸਥਾਨ ਤੋਂ ਦੱਖਣ ਪੂਰਬ ਵੱਲ ਸਥਿਤ ਹੈ । ਇਥੇ ਬਚਪਨ ਵਿਚ ਗੁਰੂ ਜੀ ਆਪਣੇ ਸਾਥੀਆਂ ਨਾਲ ਖੇਡਾਂ ਖੇਡਦੇ ਹੁੰਦੇ ਸਨ । ਇਸ ਦੀ ਪਹਿਲੀ ਇਮਾਰਤ ਅਤੇ ਨਾਲ ਲਗਦਾ ਸਰੋਵਰ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਅਧੀਨ ਬਾਬਾ ਗੁਰਬਖ਼ਸ਼ ਸਿੰਘ ਨੇ 1820-21 ਈ. ਵਿਚ ਬਣਵਾਏ । ਬਾਅਦ ਵਿਚ ਨਿਰਮਲੇ ਮਹੰਤਾਂ ਨੇ ਨਵੇਂ ਸਿਰਿਓਂ ਇਸ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਜਿਹੜੀ ਮੁਕੰਮਲ ਨਾ ਹੋ ਸਕੀ । ਇਸ ਨੂੰ ਮੁਕੰਮਲ ਕਰਨ ਅਤੇ ਸਰੋਵਰ ਦੀਆਂ ਪੌੜੀਆਂ ਬਣਾ ਕੇ ਦੁਆਲੇ ਉੱਚੀ ਚਾਰ ਦੀਵਾਰੀ ਬਣਾਉਣ ਦੀ ਸੇਵਾ 1945-46 ਈ. ਵਿਚ ਸੰਤ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਨੇ ਕਰਵਾਈ ।

ਗੁਰਦੁਆਰਾ ਪੱਟੀ ਸਾਹਿਬ

ਗੁਰਦੁਆਰਾ ਪੱਟੀ  ਸਾਹਿਬ : ਇਹ ਅਸਥਾਨ ਗੁਰਦੁਆਰਾ ਜਨਮ ਅਸਥਾਨ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਵਿਚਕਾਰ ਸਥਿਤ ਹੈ। ਇਹ  ਉਹ ਥਾਂ ਹੈ ਜਿਥੇ ਗੁਰੂ ਜੀ ਗੋਪਾਲ ਪਾਂਧੇ ਪਾਸ ਪੜ੍ਹਨ ਗਏ ਅਤੇ ਉਨ੍ਹਾਂ ਨੂੰ  ਉਪਦੇਸ਼ ਦਿੱਤਾ : –

         

 

 

 

 

 

   ‘‘ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥

   ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥

       ਲਿਖ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥

ਸ੍ਰੀ ਗੁਰੂ ਗ੍ਰੰਥ ਸਾਹਿਬ  ਵਿਚ ਦਰਜ ਬਾਣੀ ‘ਪਟੀ' ਗੁਰੂ ਸਾਹਿਬ ਵੱਲੋਂ ਇਸੇ ਥਾਂ ਹੀ ਉਚਾਰੀ ਗਈ ਸੀ।

ਗੁਰਦੁਆਰਾ ਮਾਲ ਜੀ ਸਾਹਿਬ

ਗੁਰਦੁਆਰਾ ਮਾਲ ਜੀ ਸਾਹਿਬ :  ਇਹ ਗੁਰਦੁਆਰਾ ਜਨਮ-ਅਸਥਾਨ ਤੋਂ ਸਵਾ ਕੁ  ਕਿਲੋਮੀਟਰ ਦੂਰ ਪੂਰਬ ਵੱਲ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਹੈ । ਇਸ ਨਾਲ ਸਬੰਧਤ ਕਥਾ ਅਨੁਸਾਰ ਬਚਪਨ ਵਿਚ ਇਕ ਦਿਨ ਮੱਝਾਂ ਚਾਰਦੇ ਗੁਰੂ ਜੀ ਨੂੰ ਮਾਲ (ਪੀਲੂ) ਦੇ  ਦਰਖ਼ਤ ਦੀ ਛਾਵੇਂ ਨੀਂਦ ਆ ਗਈ । ਦੁਪਹਿਰ ਢਲਣ ਤੇ ਸਾਰੇ ਦਰਖ਼ਤਾਂ ਦੇ ਪਰਛਾਵੇਂ ਫਿਰ ਗਏ ਪਰ ਜਿਸ ਦਰਖ਼ਤ ਹੇਠ ਗੁਰੂ ਜੀ ਸੁੱਤੇ ਸਨ ਉਸ ਦੀ ਛਾਂ ਉਸੇ ਜਗ੍ਹਾ ਰਹੀ । ਇਸ ਥਾਂ ਤੇ ਹੁਣ ਗੁਰਦੁਆਰਾ ਮਾਲ ਸਾਹਿਬ ਸੁਸ਼ੋਭਿਤ ਹੈ ।

ਗੁਰਦੁਆਰਾ ਕਿਆਰਾ ਸਾਹਿਬ

ਗੁਰੁਦੁਆਰਾ ਕਿਆਰਾ ਸਾਹਿਬ : ਗੁਰਦੁਆਰਾ ਮਾਲ ਜੀ ਸਾਹਿਬ ਦੇ ਪੂਰਬ ਵੱਲ ਕਿਆਰਾ ਸਾਹਿਬ ਗੁਰਦੁਆਰਾ ਹੈ । ਇਹ ਉਹ ਥਾਂ ਹੈ ਜਿਥੇ ਗੁਰੂ ਜੀ ਦੀਆਂ ਮੱਝਾਂ ਨੇ ਇਕ ਜੱਟ ਦੀ ਪੈਲੀ ਉਜਾੜੀ ਸੀ । ਜੱਟ ਨੇ ਉਸ ਸਮੇਂ ਦੇ ਹਾਕਮ ਰਾਇ ਬੁਲਾਰ ਕੋਲ ਸ਼ਿਕਾਇਤ ਕੀਤੀ । ਪੜਤਾਲ ਕਰਨ ਤੇ ਖੇਤ ਹਰਾ ਭਰਾ ਮਿਲਿਆ ਸੀ ।

ਗੁਰਦੁਆਰਾ ਤੰਬੂ ਸਾਹਿਬ

ਗੁਰਦੁਆਰਾ ਤੰਬੂ ਸਾਹਿਬ :  ਇਹ ਗੁਰਦੁਆਰਾ ਸ਼ਹਿਰ ਦੇ ਉੱਤਰ ਵੱਲ ਸਥਿਤ ਹੈ । ਗੁਰੂ ਜੀ ਚੂਹੜਕਾਣੇ ਤੋਂ ਸੱਚਾ ਸੌਦਾ ਕਰਕੇ ਆਉਂਦੇ ਹੋਏ ਇਸ ਜਗ੍ਹਾ ਆ ਕੇ ਇਕ ਰੁੱਖ ਹੇਠਾਂ ਆਰਾਮ ਕਰਨ ਲਈ ਬੈਠੇ ਸਨ । ਰੁੱਖ ਦੀਆਂ ਟਾਹਣੀਆਂ ਤੰਬੂ ਵਾਂਗ ਫੈਲੀਆਂ ਹੋਈਆਂ ਹਨ । ਇਸੇ ਲਈ ਇਥੇ ਬਣਾਏ ਗਏ ਗੁਰਦੁਆਰੇ ਦਾ ਨਾਂ ਤੰਬੂ ਸਾਹਿਬ ਰੱਖਿਆ ਗਿਆ ।

 

 

 

 

 

 

 

 

 

 

ਇਨ੍ਹਾਂ ਗੁਰਦੁਆਰਿਆਂ ਤੋਂ ਇਲਾਵਾ ਇਥੇ ਇਕ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਵੀ ਹੈ। ਗੁਰੂ ਹਰਿਗੋਬਿੰਦ ਜੀ ਕਸ਼ਮੀਰ ਤੋਂ  ਵਾਪਸ ਅੰਮ੍ਰਿਤਸਰ  ਆਉਂਦੇ ਹੋਏ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਆਏ ਸਨ। ਆਪ ਜੀ ਜਿਸ  ਅਸਥਾਨ ਤੇ ਠਹਿਰੇ ਉਥੇ ਆਪ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ ਜੋ ਤੰਬੂ ਸਾਹਿਬ ਦੇ ਨੇੜੇ ਹੀ ਇਸ ਦੇ ਪੂਰਬ ਵੱਲ ਸਥਿਤ ਹੈ । ਨਨਕਾਣਾ ਸਾਹਿਬ ਵਿਖੇ ਕੁਝ ਇਤਿਹਾਸਕ ਯਾਦਗਾਰਾਂ ਵੀ ਮੌਜੂਦ ਹਨ : –

(1) ਸ਼ਹੀਦ ਗੰਜ –  21 ਫ਼ਰਵਰੀ, 1921 ਨੂੰ ਗੁਰਦੁਆਰਾ ਜਨਮ ਅਸਥਾਨ ਦੇ ਅਹਾਤੇ ਅੰਦਰ ਅਤੇ ਬਾਹਰ ਸ਼ਹੀਦ ਹੋਏ ਸਿੰਘਾਂ ਦੇ ਅਧਜਲੇ ਸਰੀਰਾਂ ਨੂੰ ਇਕੱਠਾ ਕਰ ਕੇ ਜਿਸ ਥਾਂ ਤੇ ਅੰਤਮ ਸੰਸਕਾਰ ਕੀਤਾ ਗਿਆ ਸੀ ਉਸ ਥਾਂ ਤੇ ਸੰਗਮਰਮਰ ਦਾ ਥੜ੍ਹਾ ਬਣਿਆ ਹੋਇਆ ਹੈ । ਇਸ ਦੇ ਹੇਠਾਂ ਭੋਰਾ ਬਣਿਆ ਹੋਇਆ ਹੈ  ਜਿਥੇ ਸ਼ਹੀਦਾਂ ਦੀਆਂ ਅਸਥੀਆਂ ਅਤੇ  ਬਿਭੂਤੀ ਸੰਭਾਲ ਕੇ ਰੱਖੀਆਂ ਹੋਈਆਂ ਹਨ । ਭਾਰਤ-ਪਾਕਿ ਵੰਡ ਤੋਂ ਪਹਿਲਾਂ ਇਸ ਦੇ ਦਰਸ਼ਨ ਲਈ ਭੋਰੇ ਅੰਦਰ ਜਾਣ ਲਈ ਪੌੜੀਆਂ ਬਣੀਆਂ ਹੋਈਆਂ ਸਨ । ਬਾਅਦ ਵਿਚ ਪਾਕਿਸਤਾਨ ਬਣਨ ਉਪਰੰਤ ਇਹ ਰਸਤਾ ਬੰਦ ਕਰ ਦਿੱਤਾ ਗਿਆ । ਸਾਕੇ ਦੇ ਮੁਕੰਮਲ ਹਾਲਾਤ ਪੰਜਾਬੀ , ਅੰਗਰੇਜ਼ੀ, ਫ਼ਾਰਸੀ, ਹਿੰਦੀ ਆਦਿ ਸੱਤ ਭਾਸ਼ਾਵਾਂ ਵਿਚ ਅੰਕਿਤ ਇਸ ਭੋਰੇ ਅੰਦਰ ਬੰਦ ਹਨ ।

(2) ਜੰਡ–  ਗੁਰਦੁਆਰਾ ਜਨਮ ਅਸਥਾਨ ਦੇ ਪਿਛਲੇ ਪਾਸੇ ਲਗਭਗ ਸਵਾ ਬਾਰਾਂ ਮੀਟਰ ਉੱਚਾ ਇਕ ਜੰਡ ਦਾ ਰੁੱਖ ਹੈ ਜਿਸ ਨਾਲ ਭਾਈ ਲੱਛਮਣ ਸਿੰਘ ਨੂੰ ਬੰਨ੍ਹ ਕੇ 21 ਫ਼ਰਵਰੀ, 1921 ਈ. ਨੂੰ ਸਾੜ ਕੇ ਸ਼ਹੀਦ ਕੀਤਾ ਗਿਆ ਸੀ ।

(3) ਸ਼ਹੀਦ-ਗੰਜ ਭਾਈ ਦਲੀਪ ਸਿੰਘ–  ਗੁਰਦੁਆਰਾ ਜਨਮ ਅਸਥਾਨ ਦੇ ਨੇੜੇ ਹੀ ਦੱਖਣ ਪੂਰਬ ਵੱਲ ਇਕ ਹੋਰ ਸਥਾਨ ਹੈ ਜਿਥੇ ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਨੂੰ ਸ਼ਹੀਦ ਕਰ ਕੇ ਘੁਮਿਆਰਾਂ ਦੇ ਤਪਦੇ ਆਵੇ ਵਿਚ ਸੁੱਟ ਦਿੱਤਾ ਗਿਆ ਸੀ ।

(4) ਧਉਲਰ–  ਇਹ ਇਕ ਵੱਡਾ ਸਾਰਾ ਥੇਹ ਹੈ ਜਿਹੜਾ ਭਾਵੇਂ ਮੁਸਲਮਾਨਾਂ ਦੇ ਵਡੇਰਿਆਂ ਦੀਆਂ ਕਬਰਾਂ ਦਾ ਸਥਾਨ ਹੈ ਪਰ ਇਤਿਹਾਸਕ ਪੱਖੋਂ ਇਸ ਕਬਰਿਸਤਾਨ ਦੀ ਮਹੱਤਤਾ ਇਥੋਂ ਦੇ ਰਾਇ ਬੁਲਾਰ ਦੀ ਕਬਰ ਕਰ ਕੇ ਹੈ । ਇਹ ਇਸ ਨਗਰ ਦਾ ਰਾਜਾ ਸੀ ਅਤੇ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਵੀ ਸੀ । ਇਸੇ ਕਾਰਨ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂ ਸਿੱਖ  ਇਸ ਸਮਾਧ ਦੇ ਦਰਸ਼ਨ ਕਰਨ ਵੀ ਜ਼ਰੂਰ ਜਾਂਦੇ ਹਨ ।

(5) ਖੂਹ ਭਾਈ ਬਾਲਾ–  ਇਸ ਧਉਲਰ ਦੇ ਪੂਰਬ ਵਿਚ ਭਾਈ ਬਾਲੇ ਦਾ ਖੂਹ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਬਚਪਨ ਦਾ ਸਾਥੀ ਸੀ । ਇਹ ਸੰਧੂ ਗੋਤ ਦਾ ਇਕ ਜੱਟ ਸੀ ਅਤੇ ਗੁਰੂ ਸਾਹਿਬ ਨਾਲ ਹੀ ਰਹਿੰਦਾ ਸੀ ।

ਸਿੱਖ ਰਾਜ ਸਮੇਂ ਇਸ ਸ਼ਹਿਰ ਦੀ ਮਾਨ ਪ੍ਰਤਿਸ਼ਠਾ ਬਹੁਤ ਸੀ ਪਰ ਉਸ ਉਪਰੰਤ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਹੱਥਾਂ ਵਿਚ ਚਲੇ ਜਾਣ ਕਾਰਨ ਕਾਫ਼ੀ ਖਰਾਬੀ ਸ਼ੁਰੂ ਹੋ ਗਈ । ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਗੁਰਦੁਆਰਾ ਜਨਮ ਅਸਥਾਨ ਦਾ ਪ੍ਰਬੰਧ ਵਿਸ਼ੇਸ਼ ਕਰਕੇ ਮਹੰਤ ਨਰੈਣ ਦਾਸ ਦੇ ਹੱਥਾਂ ਵਿਚ  ਚਲਾ ਗਿਆ ਜਿਸ ਨੇ ਗੁਰਦੁਆਰੇ ਦੀ ਪਵਿੱਤਰਤਾ ਅਤੇ ਧਾਰਮਿਕ ਮਰਿਯਾਦਾ ਵਿਚ ਕਾਫ਼ੀ ਗੜਬੜ ਕੀਤੀ ਅਤੇ ਇਸ ਦੇ ਫਲਸਰੂਪ ਸਿੱਖਾਂ ਨੇ ਉਸ ਸਮੇਂ ਦੀ ਅੰਗਰੇਜ਼ ਸਰਕਾਰ ਤੋਂ ਇਸ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈਣ ਦੀ ਮੰਗ ਕੀਤੀ । ਇਸ ਦੇ ਨਤੀਜੇ ਵਿਚ ਇਥੇ ਵੱਡਾ ਦੁਖਾਂਤ ਵਾਪਰਿਆ । 21 ਫ਼ਰਵਰੀ, 1921 ਨੂੰ ਹਜ਼ਾਰਾਂ ਸਿੱਖ ਦਰਦਨਾਕ ਤਰੀਕੇ ਨਾਲ ਸ਼ਹੀਦ ਕੀਤੇ ਗਏ ਜਿਸ ਨੂੰ ਇਤਿਹਾਸ ਵਿਚ ਨਨਕਾਣਾ ਸਾਹਿਬ ਦੇ ਸਾਕੇ ਦੇ ਨਾਂ ਹੇਠ ਜਾਣਿਆ ਜਾਂਦਾ ਹੈ। ਸਿੱਖਾਂ ਦੀ ਇਸ ਕੁਰਬਾਨੀ ਕਰ ਕੇ 1925 ਈ. ਵਿਚ ਗੁਰਦੁਆਰਾ ਐਕਟ ਅਧੀਨ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਗਿਆ।

ਗੁਰੂ ਨਾਨਕ ਦੇਵ ਜੀ ਦੇ  ਨਾਂ ਤੇ ਇਥੇ ਸਰਕਾਰੀ ਸਕੂਲ ਅਤੇ ਇਕ ਕਾਲਜ ਸਥਾਪਿਤ ਹੈ । ਗੁਰਦੁਆਰਾ ਜਨਮ ਅਸਥਾਨ ਦੇ ਨਾਲ ਲਗਦੇ ਬਾਜ਼ਾਰ ਦਾ ਨਾਂ ਵੀ ਗੁਰੂ ਨਾਨਕ ਬਜ਼ਾਰ ਰੱਖਿਆ ਗਿਆ ਹੈ।

ਅੱਜਕੱਲ੍ਹ ਇਨ੍ਹਾਂ ਗੁਰਦੁਆਰਿਆਂ ਦੀ ਸੰਭਾਲ ਪਾਕਿਸਤਾਨ ਸਰਕਾਰ ਦੇ ਵਕਫ਼ ਬੋਰਡ ਵੱਲੋਂ ਕੀਤੀ ਜਾ ਰਹੀ ਹੈ। ਇਹ ਬੋਰਡ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਕਰਦਾ ਹੈ । ਗੁਰਦੁਆਰਿਆਂ ਦੀ ਸੰਭਾਲ ਭਾਵੇਂ  ਕਾਫ਼ੀ ਚੰਗੀ ਤਰ੍ਹਾਂ ਕੀਤੀ ਜਾ ਰਹੀ ਹੈ ਪਰ ਸਾਰੇ ਗੁਰਦੁਆਰਿਆਂ ਵਿਚ ਗੁਰੂ  ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਹੋਇਆ ਜਿਸ ਕਰ ਕੇ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਦੀ ਸੇਵਾ ਸੰਭਾਲ ਕਮੇਟੀ ਦੇ ਸਪੁਰਦ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3215, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-01-04-29-35, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਤ. ਗਾ. ਗੁ. ਸਿ. ਸ੍ਰਾ. ਵੈ. ਪਾ. : ਨਨਕਾਣਾ ਸਾਹਿਬ ਸਰਵੈ ਪੁਸਤਕ-ਡਾ. ਵਿ. ਪੰ. : ਗੁਰਦੁਆਰੇ ਗੁਰਧਾਮ-ਸ੍ਰੋ. ਗੁ. ਪ੍ਰੰ. ਕ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.