ਨੱਕ ਪੋਲ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਨੱਕ ਪੋਲ: ਉਚਾਰਨੀ ਧੁਨੀ ਵਿਗਿਆਨ ਰਾਹੀਂ ਉਚਾਰਨ ਪਰਕਿਰਿਆ ਦਾ ਅਧਿਅਨ ਕੀਤਾ ਜਾਂਦਾ ਹੈ। ਫੇਫੜਿਆਂ ਤੋਂ ਲੈ ਕੇ ਬੁੱਲ੍ਹਾਂ ਅਤੇ ਨੱਕ ਤੱਕ ਧੁਨੀਆਂ ਦੇ ਉਚਾਰਨ ਦਾ ਵਰਤਾਰਾ ਵਾਪਰਦਾ ਹੈ। ਫੇਫੜਿਆਂ ਤੋਂ ਬਾਹਰ ਵਲ ਆ ਰਹੀ ਹਵਾ, ਸਾਹ ਨਲੀ ’ਚੋਂ ਗੁਜ਼ਰਦੀ ਹੋਈ ਸੰਘ ਤੱਕ ਪਹੁੰਚ ਕੇ ਅੱਗੇ ਦੋ ਭਾਗਾਂ ਵਿਚ ਵੱਟ ਜਾਂਦੀ ਹੈ। ਇਹ ਦੋ ਭਾਗ ਨੱਕ ਅਤੇ ਮੂੰਹ ਹਨ। ਇਸ ਤਰ੍ਹਾਂ ਧੁਨੀਆਂ ਦੇ ਉਚਾਰਨ ਲਈ ਤਿੰਨ ਮੁੱਖ ਪੋਲ ਹਨ ਜਿਵੇਂ : (i) ਸੰਘ ਪੋਲ, (ii) ਮੂੰਹ ਪੋਲ ਅਤੇ (iii) ਨੱਕ ਪੋਲ। ਉਚਾਰਨ-ਵਿਧੀ ਅਤੇ ਉਚਾਰਨ-ਸਥਾਨ ਦੇ ਪੱਖ ਤੋਂ ਇਨ੍ਹਾਂ ਤਿੰਨਾਂ ਪੋਲਾਂ ਦਾ ਆਪੋ ਆਪਣਾ ਕਾਰਜ-ਖੇਤਰ ਹੈ। ਸੰਘ ਪੋਲ ਰਾਹੀਂ ਪੈਦਾ ਹੋਈਆਂ ਧੁਨੀਆਂ ਨੂੰ ਮੌਖਿਕ ਧੁਨੀਆਂ ਕਿਹਾ ਜਾਂਦਾ ਹੈ, ਜਦੋਂ ਕਿ ਨੱਕ ਪੋਲ ਰਾਹੀਂ ਪੈਦਾ ਹੋਈਆਂ ਧੁਨੀਆਂ ਨੂੰ ਨਾਸਕੀ ਧੁਨੀਆਂ ਕਿਹਾ ਜਾਂਦਾ ਹੈ। ਸਧਾਰਨ ਸਥਿਤੀ ਵਿਚ ਨੱਕ ਪੋਲ ਖੁੱਲ੍ਹਾ ਰਹਿੰਦਾ ਹੈ ਅਤੇ ਹਵਾ ਬੇਰੋਕ ਅੰਦਰ ਅਤੇ ਬਾਹਰ ਵਲ ਆ ਰਹੀ ਹੁੰਦੀ ਹੈ ਪਰ ਜਦੋਂ ਮਨੁੱਖ ਧੁਨੀਆਂ ਦੇ ਉਚਾਰਨ ਦੀ ਸਥਿਤੀ ਵਿਚ ਹੁੰਦਾ ਹੈ ਤਾਂ ਨੱਕ ਪੋਲ ਉਸ ਵੇਲੇ ਖੁੱਲ੍ਹਦਾ ਹੈ ਜਦੋਂ ਮੂੰਹ ਪੋਲ ਬੰਦ ਹੁੰਦਾ ਹੈ। ਮੂੰਹ ਰਾਹੀਂ ਪੈਦਾ ਹੋ ਰਹੀਆਂ ਧੁਨੀਆਂ ਵੇਲੇ ਕੋਮਲ ਤਾਲੂ ਉਪਰ ਵਲ ਉਠਿਆ ਹੋਇਆ ਹੁੰਦਾ ਹੈ ਪਰ ਜਦੋਂ ਕੋਮਲ ਤਾਲੂ ਹੇਠਾਂ ਵਲ ਡਿੱਗਿਆ ਹੋਇਆ ਹੁੰਦਾ ਹੈ ਤਾਂ ਨੱਕ ਪੋਲ ਦਾ ਰਾਹ ਖੁੱਲ੍ਹ ਜਾਂਦਾ ਹੈ। ਇਸ ਵਰਤਾਰੇ ਦੀਆਂ ਅੱਗੋਂ ਦੋ ਸਥਿਤੀਆਂ ਹਨ, ਜਿਵੇਂ : ਪਹਿਲੀ ਸਥਿਤੀ ਅਨੁਸਾਰ ਮੂੰਹ ਪੋਲ ਬੰਦ ਹੁੰਦਾ ਹੈ, ਹਵਾ ਨੱਕ ਵਿਚੋਂ ਬਾਹਰ ਨਿਕਲਦੀ ਹੈ ਅਤੇ ਇਸ ਪਰਕਾਰ ਪੈਦਾ ਹੋਈਆਂ ਧੁਨੀਆਂ ਨੂੰ ਨਾਸਕੀ ਧੁਨੀਆਂ ਕਿਹਾ ਜਾਂਦਾ ਹੈ। ਦੂਜੀ ਸਥਿਤੀ ਅਨੁਸਾਰ ਮੂੰਹ ਪੋਲ ਅੱਧ-ਖੁੱਲ੍ਹਾ ਹੁੰਦਾ ਹੈ, ਹਵਾ ਨੱਕ ਅਤੇ ਮੂੰਹ ਵਿਚੋਂ ਬਾਹਰ ਨਿਕਲਦੀ ਹੈ। ਇਸ ਪਰਕਾਰ ਪੈਦਾ ਹੋਈਆਂ ਧੁਨੀਆਂ ਨੂੰ ਅਨੁਨਾਸਿਕ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਮ, ਨ, ਣ, ਞ, ਙ) ਨਾਸਕੀ ਵਿਅੰਜਨ ਧੁਨੀਆਂ ਹਨ ਅਤੇ ਪੰਜਾਬੀ ਦੀਆਂ ਸਾਰੀਆਂ ਸਵਰ ਧੁਨੀਆਂ ਮੌਖਿਕ ਅਤੇ ਨਾਸਕੀ ਹੋ ਸਕਦੀਆਂ ਹਨ। ਗੁਰਮੁਖੀ ਲਿਪੀ ਵਿਚ ਬਿੰਦੀ (ਂ)ਅਤੇ ਟਿੱਪੀ (ੰ) ਦੋ ਚਿੰਨ੍ਹ ਹਨ ਜਿਨ੍ਹਾਂ ਰਾਹੀਂ ਨਾਸਕੀ ਸਵਰ ਧੁਨੀਆਂ ਨੂੰ ਲਿਖਤ ਵਿਚ ਦਰਸਾਇਆ ਜਾਂਦਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First