ਪਿੱਤਰ ਪੂਜਾ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਪਿੱਤਰ-ਪੂਜਾ : ਪਿੱਤਰ-ਪੂਜਾ ਤੋਂ ਭਾਵ ਹੈ ਇਸ ਸੰਸਾਰ ਵਿੱਚ ਆਪਣੀ ਜੀਵਨ-ਯਾਤਰਾ ਪੂਰੀ ਕਰ ਚੁੱਕਣ ਤੋਂ ਬਾਅਦ ਇਹਨਾਂ ਪੂਰਵਜ਼ਾਂ ਦੀਆਂ ਆਤਮਾਵਾਂ ਨੂੰ ਪਿੱਤਰ ਮੰਨ ਕੇ ਉਹਨਾਂ ਦੇ ਪਰਿਵਾਰ ਦੇ ਬਾਕੀ ਜੀਆਂ ਵੱਲੋਂ ਉਹਨਾਂ ਦੀ ਪੂਜਾ ਕਰਨੀ ਅਤੇ ਭੇਟ ਦੇਣੀ। ਇਹ ਪਰੰਪਰਾ ਬਹੁਤ ਪੁਰਾਣੀ ਹੈ। ਇਹ ਪੂਜਾ ਕਰਨ ਅਤੇ ਇਹਨਾਂ ਆਤਮਾਵਾਂ ਨੂੰ ਭੇਟ ਚੜ੍ਹਾਉਣ ਦੇ ਪਿੱਛੇ ਮੁੱਖ ਤੌਰ ’ਤੇ ਦੋ ਕਾਰਨ ਮੰਨੇ ਗਏ ਹਨ। ਇੰਞ ਕਰਨ ਨਾਲ ਇਹਨਾਂ ਆਤਮਾਵਾਂ ਨੂੰ ਖ਼ੁਸ਼ ਕੀਤਾ ਜਾਂਦਾ ਹੈ ਤਾਂ ਜੋ ਇਹ ਪਿੱਛੇ ਪਰਿਵਾਰ ਦੀ ਬਿਹਤਰੀ ਹਿਤ ਕੰਮ ਕਰਨ। ਦੂਸਰੇ, ਇਹਨਾਂ ਆਤਮਾਵਾਂ ਦੇ ਨਿਰਾਸ਼ ਹੋਣ ਤੋਂ ਵੀ ਬਚਾ ਕਰਨਾ ਪੈਂਦਾ ਹੈ ਤਾਂ ਜੋ ਨਰਾਜ਼ ਹੋ ਕੇ ਇਹ ਪਿੱਛੇ ਪਰਿਵਾਰ ਦਾ ਕੋਈ ਨੁਕਸਾਨ ਨਾ ਕਰਨ।
ਪਿੱਤਰ-ਪੂਜਾ ਦਾ ਰਿਵਾਜ ਅਫ਼ਰੀਕਾ ਤੇ ਏਸ਼ਿਆਈ ਮਹਾਦੀਪਾਂ ਵਿੱਚ ਵਧੇਰੇ ਪਾਇਆ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਪੂਰਵ-ਏਸ਼ੀਆ ਵਿੱਚ ਪਿੱਤਰ-ਪੂਜਾ ਦੀ ਪਰੰਪਰਾ ਦਾ ਵਿਕਾਸ ਬੁੱਧ ਧਰਮ ਦੇ ਪ੍ਰਸਾਰ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਬੁੱਧ ਧਰਮ ਮੌਤ ਉਪਰੰਤ ਜੀਵਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਪਰੰਤੂ ਬੁੱਧ ਧਰਮ ਦੇ ਕਈ ਫ਼ਿਰਕਿਆਂ ਵਿੱਚ ਪਿੱਤਰ-ਪੂਜਾ ਦਾ ਰਿਵਾਜ ਪ੍ਰਚਲਿਤ ਹੈ। ਪਿੱਤਰ-ਪੂਜਾ ਪਰਿਵਾਰ ਵੱਲੋਂ ਆਪਣੇ ਘਰ ਅੰਦਰ ਵੀ ਕੀਤੀ ਜਾਂਦੀ ਹੈ ਅਤੇ ਸਮੂਹਿਕ ਤੌਰ ’ਤੇ ਕਿਸੇ ਮੰਦਰ ਜਾਂ ਹੋਰ ਸਾਂਝੀ ਪਵਿੱਤਰ ਥਾਂ ਉੱਪਰ ਵੀ। ਇਹ ਪਿੱਤਰ-ਪੂਜਾ ਆਮ ਤੌਰ ’ਤੇ ਪਰਿਵਾਰ ਦੇ ਮੁਖੀ ਦੁਆਰਾ ਨਿਭਾਈ ਜਾਂਦੀ ਹੈ। ਕਈ ਹਾਲਾਤਾਂ ਵਿੱਚ ਮੁਖੀ ਦੁਆਰਾ ਇਹ ਜ਼ੁੰਮੇਵਾਰੀ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਵੀ ਸੌਂਪੀ ਜਾ ਸਕਦੀ ਹੈ।
ਪਿੱਤਰ-ਪੂਜਾ ਅਰੰਭ ਹੋਣ ਸੰਬੰਧੀ ਹੇਠ-ਲਿਖੀਆਂ ਤਿੰਨ ਧਾਰਨਾਵਾਂ ਪ੍ਰਚਲਿਤ ਹਨ :
1. ਮਨੋਵਿਗਿਆਨਿਕ ਧਾਰਨਾ : ਇਸ ਵਿਚਾਰਧਾਰਾ ਅਨੁਸਾਰ ਮਨੁੱਖ ਦਾ ਜੀਵਨ ਕੁਝ ਅਰਸੇ ਲਈ ਹੈ। ਮਰਨ ਉਪਰੰਤ ਵੀ ਇਸ ਸੰਸਾਰ ਨਾਲ ਪਿੱਤਰ-ਪੂਜਾ ਦੇ ਰੂਪ ਵਿੱਚ ਜੁੜੇ ਰਹਿਣਾ ਉਸ ਨੂੰ ਮਾਨਸਿਕ ਸੰਤੁਸ਼ਟੀ ਦਿੰਦਾ ਹੈ ਕਿਉਂਕਿ ਹਰ ਕਿਸੇ ਦੇ ਮਰਨ ਉਪਰੰਤ ਉਸ ਦੇ ਬਾਕੀ ਪਰਿਵਾਰ ਵੱਲੋਂ ਉਸ ਦੀ ਪੂਜਾ ਹੁੰਦੀ ਰਹਿਣੀ ਹੈ। ਇਸ ਤਰ੍ਹਾਂ ਪੂਰਵਜ਼ਾਂ ਦੀ ਲੜੀ ਇਸ ਜੀਵਨ ਨਾਲ ਜੁੜੀ ਰਹਿੰਦੀ ਹੈ। ਸ਼ਾਇਦ ਇਹੋ ਕਾਰਨ ਹੋਵੇਗਾ ਕਿ ਮਨੁੱਖ ਨੇ ਸ਼ਾਦੀ ਅਤੇ ਪਰਵਾਰ ਦੀ ਸੰਸਥਾ ਨੂੰ ਇੱਕ ਸਫਲ ਰੂਪ ਦਿੱਤਾ।
ਇਹ ਵੀ ਮੰਨਿਆ ਜਾਂਦਾ ਹੈ ਕਿ ਦੁਨਿਆਵੀ ਜੀਵਨ ਦੌਰਾਨ ਪੁੱਤਰ ਨੇ ਪਿਤਾ ਦੀ ਜਾਇਦਾਦ ਸੰਭਾਲਣੀ ਹੁੰਦੀ ਹੈ। ਇਹ ਤਦ ਹੀ ਸੰਭਵ ਹੋ ਸਕਦਾ ਹੈ ਜਦ ਪਿਤਾ ਇਸ ਸੰਸਾਰ ਤੋਂ ਚਲਾਣਾ ਕਰ ਜਾਵੇ। ਕਈ ਵਾਰ ਪੁੱਤਰ ਦੇ ਮਨ ਵਿੱਚ ਜਾਇਦਾਦ ਜਲਦੀ ਪ੍ਰਾਪਤ ਕਰਨ ਦੀ ਲਾਲਸਾ ਵੀ ਹੁੰਦੀ ਹੈ। ਪਿਤਾ ਦੇ ਮਰਨ ਉਪਰੰਤ ਪੁੱਤਰ ਆਪਣੀ ਇਸ ਲਾਲਚੀ ਅਤੇ ਖ਼ੁਦਗਰਜ਼ ਸੋਚ ਦੇ ਪਸ਼ਚਾਤਾਪ ਵੱਜੋਂ ਮਰਨ ਉਪਰੰਤ ਉਸੇ ਪਿਤਾ ਦੀ ਪੂਜਾ ਕਰਦਾ ਹੈ ਅਤੇ ਉਸ ਨੂੰ ਭੇਟਾ ਚੜ੍ਹਾਉਂਦਾ ਹੈ।
2. ਆਰਥਿਕ ਧਾਰਨਾ : ਪਰਿਵਾਰ ਦੇ ਮੁਖੀ, ਅਰਥਾਤ ਪਿਤਾ ਦੀ ਮ੍ਰਿਤੂ ਤੋਂ ਬਾਅਦ ਹੀ ਉਸ ਦੀ ਸਾਰੀ ਜਾਇਦਾਦ ਉਸ ਦੇ ਪਰਿਵਾਰ (ਪੁੱਤਰਾਂ) ਦੇ ਹਿੱਸੇ ਆਉਣੀ ਹੁੰਦੀ ਹੈ। ਪਰੰਤੂ ਮਰ ਚੁੱਕੇ ਪੂਰਵਜ਼ ਦਾ ਵੀ ਉਸ ਜਾਇਦਾਦ ਵਿੱਚ ਹਿੱਸਾ ਖ਼ਤਮ ਨਹੀਂ ਹੋ ਜਾਂਦਾ। ਮੌਤ ਉਪਰੰਤ ਵੀ ਇਹ ਹਿੱਸਾ ਬਣਿਆ ਰਹਿੰਦਾ ਹੈ। ਉਸ ਹਿੱਸੇ ਦੇ ਰੂਪ ਵਿੱਚ ਉਸ ਨੂੰ ਕੁਝ ਭੇਟ ਕਰ ਦਿੱਤਾ ਜਾਂਦਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮੰਨਿਆ ਜਾਂਦਾ ਹੈ ਕਿ ਇਹ ਪੂਰਵਜ਼ ਨਰਾਜ਼ ਹੋ ਕੇ ਨੁਕਸਾਨ ਕਰ ਦਿੰਦੇ ਹਨ।
3. ਸਮਾਜ ਵਿਗਿਆਨਿਕ ਧਾਰਨਾ : ਪਿੱਤਰ-ਪੂਜਾ ਇਸ ਜੀਵਨ ਅਤੇ ਮੌਤ-ਉਪਰੰਤ ਜੀਵਨ ਵਿਚਕਾਰ ਇੱਕ ਕੜੀ ਦਾ ਕੰਮ ਕਰਦੀ ਹੈ। ਹਰ ਪੂਰਵਜ਼ ਕਿਸੇ ਸਮੇਂ ਇਸ ਜੀਵਨ ਦਾ ਹਿੱਸਾ ਹੁੰਦਾ ਸੀ ਅਤੇ ਇਸ ਜੀਵਨ ਦਾ ਹਰ ਵਿਅਕਤੀ ਜੋ ਅੱਜ ਪੂਰਵਜ਼ਾਂ ਦੀ ਪੂਜਾ ਕਰਦਾ ਹੈ ਕੱਲ੍ਹ ਨੂੰ ਖ਼ੁਦ ਪੂਰਵਜ਼ਾਂ ਵਿੱਚੋਂ ਇੱਕ ਹੋਵੇਗਾ। ਇੰਞ ਹਰ ਪੂਰਵਜ਼ ਮਰਨ ਉਪਰੰਤ ਵੀ ਇਸ ਜੀਵਨ ਨਾਲ ਜੁੜਿਆ ਰਹਿੰਦਾ ਹੈ ਅਤੇ ਇਸ ਜੀਵਨ ਵਿੱਚ ਹਰ ਵਿਅਕਤੀ ਆਪਣੇ ਪੂਰਵਜ਼ ਦੀ ਨਰਾਜ਼ਗੀ ਕਾਰਨ ਹੋਣ ਵਾਲੇ ਨੁਕਸਾਨ ਦੇ ਡਰ ਕਾਰਨ ਉਸ ਦੀ ਪੂਜਾ ਕਰਦਾ ਰਹਿੰਦਾ ਹੈ।
ਭਾਰਤ ਦੇ ਸੰਦਰਭ ਵਿੱਚ ਵੀ ਪਿੱਤਰ ਪੂਜਾ ਦੀ ਪਰੰਪਰਾ ਬਹੁਤ ਪੁਰਾਣੀ ਹੈ। ਸਿੰਧ ਘਾਟੀ ਦੀ ਸੱਭਿਅਤਾ ਸਮੇਂ ਵੀ ਮਨੁੱਖ ਨੂੰ ਮਰਨ ਉਪਰੰਤ ਦਫ਼ਨਾਉਣ ਸਮੇਂ ਉਸ ਦੀ ਦੇਹ ਦੇ ਨਾਲ ਰੋਜ਼ਾਨਾ ਲੋੜ ਦੀਆਂ ਕਈ ਵਸਤਾਂ ਰੱਖ ਦਿੱਤੀਆਂ ਜਾਂਦੀਆਂ ਸਨ। ਉਸ ਸਮੇਂ ਮੁਰਦੇ ਦਾ ਦਾਹ-ਸੰਸਕਾਰ ਕਰਨ ਦਾ ਰਿਵਾਜ ਨਹੀਂ ਸੀ। ਮੁਰਦੇ ਦਾ ਦਾਹ-ਸੰਸਕਾਰ ਕਰਨ ਦਾ ਰਿਵਾਜ ਵੈਦਿਕ-ਕਾਲ ਸਮੇਂ ਅਰੰਭ ਹੋਇਆ। ਅਰੰਭ ਵਿੱਚ ਆਰੀਆ ਲੋਕ ਸੰਸਕਾਰ ਕਰਨ ਅਤੇ ਦਫ਼ਨਾਉਣ ਦੋਵੇਂ ਵਿਧੀਆਂ ਹੀ ਅਪਣਾਉਂਦੇ ਸਨ ਪਰ ਹੌਲੀ-ਹੌਲੀ ਉਹਨਾਂ ਦਫ਼ਨਾਉਣ ਦੀ ਵਿਧੀ ਛੱਡ ਦਿੱਤੀ। ਭਾਰਤੀ ਧਰਮਾਂ ਵਿੱਚ ਆਮ ਤੌਰ ’ਤੇ ਪੁਨਰ-ਜਨਮ ਨੂੰ ਸ੍ਵੀਕਾਰ ਕੀਤਾ ਗਿਆ ਹੈ, ਪਰੰਤੂ ਵੇਦਾਂ ਵਿੱਚ ਪੁਨਰ-ਜਨਮ ਦੀ ਗੱਲ ਨਹੀਂ ਕੀਤੀ ਗਈ। ਉਪਨਿਸ਼ਦਾਂ ਦੇ ਅਰੰਭ ਵਿੱਚ ਪੁਨਰ-ਜਨਮ ਭਾਵ, ਮੌਤ ਉਪਰੰਤ ਜੀਵਨ ਦੇ ਸਿਧਾਂਤ ਨੂੰ ਪ੍ਰਵਾਨ ਕਰ ਲਿਆ ਗਿਆ ਸੀ। ਉਹਨਾਂ ਦਾ ਵਿਚਾਰ ਸੀ ਕਿ ਮੌਤ ਸਮੇਂ ਆਤਮਾ ਸਰੀਰ ਤੋਂ ਅਲੱਗ ਹੋ ਜਾਂਦੀ ਹੈ ਅਤੇ ਵੱਖਰੇ ਤੌਰ ’ਤੇ ਵਿਚਰਦੀ ਹੈ। ਉਹਨਾਂ ਨੇ ਮੁਰਦਾ ਸਰੀਰ ਦਾ ਯੋਗ ਵਿਧੀ ਰਾਹੀਂ ਸੰਸਕਾਰ ਕਰਨ ਨੂੰ ਮਾਨਵ ਦੇ ਧਾਰਮਿਕ ਕਾਰਜਾਂ ਵਿੱਚ ਸ਼ਾਮਲ ਕਰ ਦਿੱਤਾ। ਦਾਹ-ਸੰਸਕਾਰ ਉਪਰੰਤ ਇਹ ਆਤਮਾਵਾਂ ਅਸਮਾਨ ਵਿੱਚ ਵਿਚਰਦੀਆਂ ਹਨ। ਇਹ ਆਤਮਾਵਾਂ ਆਪਣੇ ਵੰਸ਼ਜਾਂ ਪਾਸੋਂ ਭੇਟਾ ਦੀ ਆਸ ਰੱਖਦੀਆਂ ਹਨ। ਇਹੋ ਕਾਰਨ ਹੈ ਕਿ ਭਾਰਤੀ ਲੋਕ ਅੱਜ ਵੀ ਪੂਰਵਜ਼ਾਂ ਦੀ ਪੂਜਾ ਕਰਦੇ ਹਨ ਅਤੇ ਉਹਨਾਂ ਨੂੰ ਭੇਟਾ ਚੜ੍ਹਾਉਂਦੇ ਹਨ। ਬਿਕਰਮੀ ਸਾਲ ਦੇ ਭਾਦੋਂ ਦੇ ਮਹੀਨੇ ਇਹਨਾਂ ਪੂਰਵਜ਼ਾਂ ਦੀਆਂ ਆਤਮਾਵਾਂ ਨੂੰ ਖਾਣਾ, ਕੱਪੜੇ ਆਦਿ ਦੇ ਕੇ ਖ਼ੁਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਸ ਨੂੰ ਸ੍ਰਾਧ ਪਾਉਣਾ ਕਹਿੰਦੇ ਹਨ। ਵਿਸ਼ਵਾਸ ਹੈ ਕਿ ਉਹਨਾਂ ਦੀ ਖ਼ੁਸ਼ੀ ਸਾਡੇ ਲਈ ਖ਼ੁਸ਼ਹਾਲੀ ਅਤੇ ਉਹਨਾਂ ਦੀ ਨਰਾਜ਼ਗੀ ਸਾਡੇ ਲਈ ਕਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ। ਸਿੱਖ ਧਰਮ ਨੇ ਇਸ ਤਰ੍ਹਾਂ ਦੀ ਪਿੱਤਰ-ਪੂਜਾ ਨੂੰ ਫਜ਼ੂਲ ਕਰਮ ਦੱਸਿਆ ਹੈ। ਗੁਰੂ ਸਾਹਿਬਾਨ ਨੇ ਆਪਣੇ ਜੀਵਨ ਅਤੇ ਬਾਣੀ ਵਿੱਚ ਇਸ ਪਰੰਪਰਾ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।
ਲੇਖਕ : ਨਰਿੰਦਰ ਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 880, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-04-36-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First