ਪੂਰਨ ਭਗਤ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪੂਰਨ ਭਗਤ : ਪੰਜਾਬੀ ਲੋਕ ਕਥਾਵਾਂ ਵਿਚ ਪੂਰਨ ਭਗਤ ਦਾ ਵਿਸ਼ੇਸ਼ ਸਥਾਨ ਹੈ ਕਿਉਂਕਿ ਇਹ ਇਕ ਆਦਰਸ਼ ਤੇ ਨੈਤਿਕ ਮਿਆਰ ਦਾ ਚਿੰਨ੍ਹ ਬਣ ਚੁੱਕਾ ਹੈ।
ਪੰਜਾਬੀ ਕਿੱਸਾ-ਕਾਵਿ ਵਿਚ, ਕਾਦਰਯਾਰ (1805 ਲ. ਭ. 1850 ਈ.) ਦੀ ਰਚਨਾ ਕਿੱਸਾ ਪੂਰਨ ਭਗਤ ਨਾਲ ਪੂਰਨ ਭਗਤ ਦੀ ਕਥਾ ਪ੍ਰਵੇਸ਼ ਕਰਦੀ ਹੈ। ਕਾਦਰਯਾਰ ਮਗਰੋਂ ਬਹੁਤ ਸਾਰੇ ਕਿੱਸਾਕਾਰਾਂ ਨੇ ਇਹ ਕਥਾ ਲਿਖੀ ਪਰ ਕੋਈ ਵੀ ਕਾਦਰਯਾਰ ਤੋਂ ਅੱਗੇ ਨਹੀਂ ਲੰਘ ਸਕਿਆ।
ਪੂਰਨ ਭਗਤ ਦਾ ਪਿਤਾ ਰਾਜਾ ਸਲਵਾਨ ਸਿਆਲਕੋਟ (ਪਾਕਿਸਤਾਨ) ਤੇ ਰਾਜ ਕਰਦਾ ਸੀ। ਉਸ ਦੀਆਂ ਦੋ ਰਾਣੀਆਂ ਸਨ, ਵੱਡੀ ਇੱਛਰਾਂ ਤੇ ਛੋਟੀ ਲੂਣਾ। ਇੱਛਰਾਂ ਤੋਂ ਜਦੋਂ ਪੂਰਨ ਪੈਦਾ ਹੋਇਆ ਤਾਂ ਜੋਤਸ਼ੀਆਂ ਨੇ ਉਸ ਬਾਰੇ ਭਵਿੱਖਬਾਣੀ ਕੀਤੀ ਕਿ ਜੇ ਭਲਾ ਲੋੜਦੇ ਹੋ ਤਾਂ ਮਾਤਾ ਪਿਤਾ ਬਾਰ੍ਹਾਂ ਸਾਲ ਇਸ ਦੇ ਮੱਥੇ ਨਾ ਲੱਗਣ। ਇਸ ਨੂੰ ਪਰਵਰਿਸ਼ ਲਈ ਦਾਸੀਆਂ ਸਹਿਤ ਭੋਰੇ ਵਿਚ ਪਾ ਦਿੱਤਾ ਗਿਆ। ਬਾਰ੍ਹਾਂ ਸਾਲ ਬਾਅਦ ਜਦੋਂ ਇਹ ਬਾਹਰ ਆਇਆ ਤਾਂ ਲੂਣਾ ਨੂੰ ਮੱਥਾ ਟੇਕਣ ਗਿਆ ਪਰ ਲੂਣਾ ਇਸ ਨੂੰ ਵੇਖਦਿਆਂ ਹੀ ਇਸ ਤੇ ਮੋਹਿਤ ਹੋ ਗਈ। ਆਪਣੇ ਉਦੇਸ਼ ਦੀ ਪੂਰਤੀ ਨਾ ਹੁੰਦੀ ਵੇਖ ਕੇ ਇਸ ਤੇ ਝੂਠੀਆਂ ਤੋਹਮਤਾਂ ਲਾ ਕੇ ਰਾਜੇ ਪਾਸੋਂ ਇਸ ਦੇ ਹੱਥ ਪੈਰ ਕਟਵਾ ਕੇ ਇਕ ਅੰਨ੍ਹੇ ਖੂਹ ਵਿਚ ਸੁੱਟਵਾ ਦਿੱਤਾ। ਫ਼ਿਰ ਬਾਰ੍ਹਾਂ ਸਾਲ ਬਾਅਦ ਗੋਰਖ ਨਾਥ ਦੀ ਕਰਾਮਾਤੀ ਸ਼ਕਤੀ ਨਾਲ ਇਹ ਮੁੜ ਸਹੀ ਸਲਾਮਤ ਹੋ ਗਿਆ। ਜੋਗੀ ਬਣ ਕੇ ਰਾਣੀ ਸੁੰਦਰਾਂ ਦੇ ਮਹਿਲੀਂ ਖੈਰ ਲੈਣ ਗਿਆ ਤਾਂ ਰਾਣੀ ਵੀ ਵੇਖਦੇ ਸਾਰ ਆਪਣਾ ਸਭ ਕੁਝ ਗੁਆ ਬੈਠੀ। ਉਸ ਨੇ ਗੋਰਖ ਤੋਂ ਪੂਰਨ ਮੰਗ ਲਿਆ। ਪੂਰਨ ਨੂੰ ਨਾਲ ਲੈ ਕੇ ਉਹ ਆ ਹੀ ਰਹੀ ਸੀ ਕਿ ਇਹ ਰਸਤੇ ਵਿਚੋਂ ਬਹਾਨਾ ਕਰ ਕੇ ਖਿਸਕ ਗਿਆ ਤੇ ਸਿਆਲਕੋਟ ਆਪਣੇ ਉਜੜੇ ਹੋਏ ਬਾਗ ਵਿਚ ਆ ਗਿਆ। ਕਰਾਮਾਤ ਨਾਲ ਬਾਗ਼ ਮੁੜ ਹਰਾ ਭਰਾ ਹੋ ਗਿਆ। ਸਾਰੇ ਸ਼ਹਿਰ ਵਿਚ ਜੋਗੀ ਦੀ ਚਰਚਾ ਹੋਈ। ਸਲਵਾਨ ਤੇ ਲੂਣਾ ਵੀ ਵੇਖਣ ਗਏ ਅਤੇ ਸਲਵਾਨ ਨੂੰ ਲੂਣਾ ਵੱਲੋਂ ਪੂਰਨ ਦੀ ਕੀਤੀ ਬਰਬਾਦੀ ਦਾ ਪਤਾ ਲੱਗਾ। ਮਾਤਾ ਇੱਛਰਾਂ ਵੀ ਗਈ। ਉਸ ਨੇ ਪੁੱਤਰ ਨੂੰ ਪਛਾਣ ਲਿਆ ਪਰ ਪੂਰਨ ਵਾਪਸ ਮਹਿਲੀਂ ਨਾ ਆਇਆ ਤੇ ਲੂਣਾ ਨੂੰ ਇਕ ਪੁੱਤਰ ਦੀ ਦਾਤ ਬਖਸ਼ ਕੇ ਮੁੜ ਆਪਣੇ ਗੁਰੂ ਪਾਸ ਚਲਾ ਗਿਆ।
ਕਾਦਰਯਾਰ ਨੇ ਪੰਜਾਬੀ ਕਿੱਸਾ-ਕਾਵਿ ਵਿਚ ਪ੍ਰਚਲਿਤ ਹੋ ਚੁੱਕੇ ਇਸ਼ਕ ਦੇ ਅਕਾਊ ਅੰਸ਼ ਨੂੰ ਤੋੜਿਆ ਤੇ ਆਉਣ ਵਾਲੇ ਕਿੱਸਾ ਕਾਵਿ ਲਈ ਆਦਰਸ਼ਕ ਕਦਰਾਂ ਕੀਮਤਾਂ ਸਦਾਚਾਰ, ਧਾਰਮਿਕ ਵਿਸ਼ਵਾਸ ਦੇ ਨਰੋਏ ਅੰਸ਼ ਸਥਾਪਤ ਕਰਨ ਲਈ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ। ਵਿਸ਼ੇ ਵਸਤੂ ਦੇ ਪੱਖ ਤੋਂ ਇਸ ਵਿਚ ਰਾਜ, ਇਸਤਰੀ, ਪੁੱਤਰ, ਗੁਰੂ, ਪਰਮਾਤਮਾ, ਭਗਤ ਦੀ ਵਿਚਾਰਧਾਰਾ ਸਬੰਧੀ ਸਥਾਪਤ ਕੀਤੀਆਂ ਗਈਆਂ ਕਦਰਾਂ, ਕੀਮਤਾਂ ਦੇ ਦਰਸ਼ਨ ਹੁੰਦੇ ਹਨ ਅਤੇ ਨਾਲ ਹੀ ਹੋਣੀ, ਮਾਇਆ, ਪੰਜ ਵਿਕਾਰ, ਸੱਚ ਝੂਠ, ਸਮਾਜਕ ਭੈੜ ਸਬੰਧੀ ਵੀ ਵਿਚਾਰਧਾਰਾ ਮਿਲਦੀ ਹੈ। ਇਸ ਕਿੱਸੇ ਦੀ ਕਹਾਣੀ ਦਾ ਮੂਲ ਮੰਤਵ ਲੋਕਾਂ ਵਿਚ ਉੱਚੀਆਂ-ਸੁੱਚੀਆਂ ਤੇ ਨੈਤਿਕਤਾ ਨਾਲ ਓਤ-ਪ੍ਰੋਤ ਕਦਰਾਂ ਕੀਮਤਾਂ ਦੀ ਸਥਾਪਤੀ ਕਰਨਾ ਹੀ ਹੈ।
ਇਸ ਵਿਚ ਸਲਵਾਨ ਨੂੰ ਸਾਮੰਤਸ਼ਾਹੀ ਰੁਚੀਆਂ ਵਾਲਾ ਰਾਜਾ ਹੀ ਮੰਨਿਆ ਗਿਆ ਹੈ ਜਿਸ ਵਿਚ ਕਾਮ ਤੇ ਕ੍ਰੋਧ ਦੇ ਅੰਸ਼ ਵੀ ਭਰਪੂਰ ਮਾਤਰਾ ਵਿਚ ਵਿਦਮਾਨ ਹਨ। ਇਸਤਰੀ ਦੇ ਚਰਿੱਤਰ ਨੂੰ ਉਸ ਸਮੇਂ ਦੀ ਇਸਤਰੀ ਦੀ ਦਸ਼ਾ ਅਨੁਸਾਰ ਹੀ ਪੇਸ਼ ਕੀਤਾ ਗਿਆ। ਇੱਛਰਾਂ ਜਿਥੇ ਚੰਗੀਆਂ ਔਰਤਾਂ ਦੀ ਪ੍ਰਤੀਕ ਹੈ ਉਥੇ ਲੂਣਾ ਕਾਮ ਦੀ ਸ਼ਿਕਾਰ ਹੋਈ ਮਤਰੇਈ ਮਾਂ ਦੇ ਭੈੜੇ ਸਲੂਕ ਦਾ ਵੀ ਬੇਮਿਸਾਲ ਨਮੂਨਾ ਹੈ। ਪੂਰਨ ਇਸ ਕਿੱਸੇ ਦਾ ਨਾਇਕ ਹੈ ਜੋ ਚੰਗੇ ਪੁੱਤਰ, ਚੇਲੇ ਅਤੇ ਭਗਤ ਦੇ ਸੁਚੱਜੇ ਗੁਣਾਂ ਦਾ ਧਾਰਨੀ ਹੈ ਅਤੇ ਆਦਰਸ਼ਵਾਦੀ ਕਦਰਾਂ ਕੀਮਤਾਂ ਦੀ ਮਰਿਯਾਦਾ ਨੂੰ ਕਾਇਮ ਕਰਦਾ ਹੋਇਆ ਜੀਵਨ ਪੰਧ ਤੇ ਨਿਰੰਤਰ ਚਲਦਾ ਰਹਿੰਦਾ ਹੈ। ਕਿੱਸੇ ਵਿਚ ਕਰਾਮਾਤੀ ਅੰਸ਼ ਵਾਲਾ ਪਾਤਰ ਗੁਰੂ ਗੋਰਖ ਨਾਥ ਹੈ ਜਿਸ ਨੇ ਬਾਰ੍ਹਾਂ ਸਾਲਾਂ ਬਾਅਦ ਵੀ ਪੂਰਨ ਨੂੰ ਮੁੜ ਸਹੀ ਸਲਾਮਤ ਤੇ ਨਵਾਂ ਨਰੋਇਆ ਸਰੀਰ ਬਖਸ਼ਿਆ। ਪੂਰਨ ਦੇ ਤਪ ਤੇਜ ਦਾ ਸਦਕਾ ਉਸ ਦਾ ਸੁੱਕਾ ਤੇ ਵੀਰਾਨ ਬਾਗ਼ ਮੁੜ ਹਰਾ ਹੋ ਗਿਆ।
ਪੰਜਾਬੀ ਸਾਹਿਤ ਦੇ ਖੇਤਰ ਵਿਚ ਇਹ ਕਿੱਸਾ ਅਜੇ ਤਕ ਵੀ ਬੜਾ ਲੋਕਪ੍ਰਿਯ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 96, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-20-01-21-48, ਹਵਾਲੇ/ਟਿੱਪਣੀਆਂ: ਹ. ਪੁ. –ਖੋਜ ਪੱਤ੍ਰਿਕਾ-ਕਿੱਸਾ-ਕਾਵਿ ਅੰਕ 27: ਪ੍ਰੀਤ ਕਹਾਣੀਆ-ਐਮ. ਐਸ. ਰੰਧਾਵਾ
ਵਿਚਾਰ / ਸੁਝਾਅ
Please Login First