ਪੰਜ ਬਾਣੀਆਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਜ ਬਾਣੀਆਂ. ਜਪੁ, ਜਾਪੁ, ਅਕਾਲ ਉਸਤਤਿ ਦੇ “ਸ੍ਰਾਵਗ” ਆਦਿ ੧੦ ਸਵੈਯੇ, ਰਹਿਰਾਸ ਅਤੇ ਸੋਹਲਾ, ਜਿਨ੍ਹਾਂ ਦਾ ਨਿਤ੍ਯਨਿਯਮ ਖ਼ਾਲਸੇ ਲਈ ਜ਼ਰੂਰੀ ਹੈ। ੨ ਉੱਪਰ ਲਿਖੀਆਂ ਬਾਣੀਆਂ ਦੇ ਅੰਦਰ ਆਈਆਂ ਪੰਜ ਬਾਣੀਆਂ, ਜਿਨ੍ਹਾਂ ਦਾ ਅਮ੍ਰਿਤ ਤਿਆਰ ਕਰਨ ਸਮੇਂ ਪਾਠ ਕੀਤਾ ਜਾਂਦਾ ਹੈ—ਜਪੁ, ਜਾਪੁ, ਚੌਪਈ, ਸਵੈਯੇ, ਅਨੰਦੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੰਜ ਬਾਣੀਆਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪੰਜ ਬਾਣੀਆਂ: ਸਿੱਖ ਜਗਤ ਵਿਚ ਇਨ੍ਹਾਂ ਨੂੰ ਦੋ ਢੰਗਾਂ ਨਾਲ ਗਿਣਿਆ ਜਾਂਦਾ ਹੈ। ਇਕ, ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ , ਜਿਵੇਂ ਜਪੁ , ਜਾਪੁ, ਅਨੰਦੁ , ਸਵੈਯੇ (ਸ੍ਰਾਵਗ ਸੁਧ ਸਮੂਹ...) ਅਤੇ ਚੌਪਈ। ਦੂਜਾ , ਪਰੰਪਰਾ ਤੋਂ ਨਿੱਤ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ, ਜਿਵੇਂ ਸਵੇਰ ਵੇਲੇ ਜਪੁ, ਜਾਪੁ, ਸਵੈਯੇ ਅਤੇ ਸ਼ਾਮ ਵੇਲੇ ਰਹਿਰਾਸ ਅਤੇ ਕੀਰਤਨ ਸੋਹਿਲਾ। ਕਈ ਵਾਰ ‘ਸੁਖਮਨੀ ’, ‘ਸ਼ਬਦ ਹਜ਼ਾਰੇ’ ਆਦਿ ਨੂੰ ਵੀ ਨਿੱਤ ਪੜ੍ਹ ਲਿਆ ਜਾਂਦਾ ਹੈ। ਫਲਸਰੂਪ ਨਿੱਤ-ਨੇਮ ਦੀਆਂ ਬਾਣੀਆਂ ਦੀ ਨਿਸਚਿਤ ਗਿਣਤੀ ਨਹੀਂ ਹੈ, ਜਿਗਿਆਸੂ ਆਪਣੀ ਇੱਛਾ ਅਤੇ ਸੁਵਿਧਾ ਅਨੁਸਾਰ ਇਨ੍ਹਾਂ ਨੂੰ ਵਧਾਉਂਦਾ ਘਟਾਉਂਦਾ ਰਹਿੰਦਾ ਹੈ। ਇਨ੍ਹਾਂ ਦੀ ਪੰਜ ਗਿਣਤੀ ਅੰਮ੍ਰਿਤ ਸੰਚਾਰ ਲਈ ਸੁਨਿਸਚਿਤ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਪੰਜ ਬਾਣੀਆਂ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜ ਬਾਣੀਆਂ : ਸਿੱਖ ਧਰਮ ਵਿਚ ਪੰਜ ਸ਼ਬਦਾਂ ਦੀ ਵਿਸ਼ੇਸ ਮਹਾਨਤਾ ਹੈ। ਸ਼ਾਇਦ ਇਸੇ ਕਰਕੇ ਹੀ ‘ਪੰਜ ਬਾਣੀਆਂ’ ਦੀ ਵੀ ਸਿੱਖ ਧਰਮ ਵਿਚ ਵਿਸ਼ੇਸ਼ ਮਹਾਨਤਾ ਹੈ ਜਦੋਂ ਕਿ ਪੁਰਾਤਨ ਗ੍ਰੰਥਾਂ ਅਨੁਸਾਰ ਚਾਰ ਬਾਣੀਆਂ ਪਰਾ, ਪਸੰਤੀ, ਮਧਮਾ ਅਤੇ ਬੈਖਰੀ ਹੀ ਮੰਨੀਆਂ ਜਾਂਦੀਆਂ ਹਨ। ਭਾਈ ਕਾਹਨ ਸਿੰਘ ਨੇ ਇਨ੍ਹਾਂ ਦੇ ਭੇਦਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ, “ਮਨ ਵਿਚ ਬਾਣੀ ਦੇ ਉਚਾਰਣ ਦਾ ਸੰਕਲਪ ਹੋਣ ਪਰ ਬੁੱਧੀ ਦੇ ਨਿਸ਼ਚਿਤ ਕੀਤੇ ਹੋਏ ਪਦ ‘ਪਰਾ’ ਹੈ, ਉਹ ਪਦ ਕੰਠ ਵਿਚ ਸਵਰ ਰੂਪ ਹੋ ਕੇ ਆਏ ਪਸ਼ਯੰਤਿ (ਪਸੰਤੀ) ਹੈ, ਮੁੱਖ ਤੋਂ ਉਚਾਰਣ ਹੋਏ ‘ਮਧੑਯਮਾ’ ਅਰ ਅਰਥ ਸਾਥ ਵਯਾਖੑਯਾਨ ਕਰੀ ਹੋਈ ਬਾਣੀ ਬੈਖਰੀ ਹੈ। ਪਰ ਸਿੱਖ ਧਰਮ ਵੱਲੋਂ ਪ੍ਰਵਾਨਿਤ ਪੰਜ ਬਾਣੀਆਂ ਅਤੇ ਪੁਰਾਤਨ ਚਾਰ ਬਾਣੀਆਂ ਵਿਚ ਇਕ ਵਿਸ਼ੇਸ਼ ਅੰਤਰ ਹੈ। ਪੁਰਾਤਨ ਚਾਰ ਪ੍ਰਕਾਰ ਦੀਆਂ ਬਾਣੀਆਂ ਤੋਂ ਭਾਵ ਜ਼ਬਾਨ ਤੋਂ ਉਚਾਰੀ ਜਾਣ ਵਾਲੀ ਗੱਲਬਾਤ (ਬਾਣੀ) ਚਾਰ ਪ੍ਰਕਾਰ ਦੀ ਹੈ, ਜਦੋਂ ਕਿ ਸਿੱਖ ਧਰਮ ਵੱਲੋਂ ਸਵੀਕਾਰੀਆਂ ਗਈਆਂ ਪੰਜ ਬਾਣੀਆਂ ਉਹ ਹਨ ਜਿਨ੍ਹਾਂ ਵਿਚ ਵੱਖ ਵੱਖ ਗੁਰੂ ਸਾਹਿਬਾਨ ਵੱਲੋਂ ਪ੍ਰਭੂ ਦਾ ਗੁਣ ਗਾਇਣ ਕੀਤਾ ਗਿਆ ਹੈ।
ਪੰਜ ਬਾਣੀਆਂ ਵੀ ਸਿੱਖ ਧਰਮ ਵਿਚ ਦੋ ਪ੍ਰਕਾਰ ਦੀਆਂ ਗਿਣੀਆਂ ਜਾਂਦੀਆਂ ਹਨ––ਇਕ ਨਿਤਨੇਮ ਦੀਆਂ ਬਾਣੀਆਂ, ਦੂਜੀਆਂ ਅੰਮ੍ਰਿਤ ਦੀਆਂ ਬਾਣੀਆਂ। ਨਿਤਨੇਮ ਦੀਆਂ ਪੰਜ ਬਾਣੀਆਂ ਵਿਚ ਆਮ ਕਰਕੇ ‘ਜਪ’, ‘ਜਾਪ’, ਅਤੇ ‘ਸਵੈਯੇ’ ਸਵੇਰ ਵੇਲੇ, ‘ਰਹਿਰਸ’ ਸ਼ਾਮ ਸਮੇਂ ਅਤੇ ‘ਸੋਹਿਲਾ’ ਰਾਤ ਸੌਣ ਸਮੇਂ ਦੀਆਂ ਬਾਣੀਆਂ ਹਨ। ਪਰ ਸਵੇਰ ਦੀਆਂ ਬਾਣੀਆਂ ਵਿਚ ਕਈ ਵਾਰ ਵਾਧ ਘਾਟ ਵੀ ਕਰ ਲਈ ਜਾਂਦੀ ਹੈ ਜਿਵੇਂ ਸਵੈਯੇ ‘ਸ੍ਰਾਵਗ ਸੁਧ ਸਮੂਹ’ ਵਾਲਿਆਂ ਦੀ ਥਾਂ ਜਾਂ ਨਾਲ ਹੀ ‘ਦੀਨਨ ਕੀ ਪ੍ਰਿਤਵਾਲ ਕਰੈ’ ਵਾਲੇ ਸਵੈਯੇ ਵੀ ਨਿਤਨੇਮ ਦੀਆਂ ਬਾਣੀਆਂ ਵਿਚ ਹੀ ਗਿਣ ਲਏ ਜਾਂਦੇ ਹਨ। ਇਨ੍ਹਾਂ ਤੋਂ ਬਿਨਾ, ਬਹੁਤ ਸਾਰੇ ਸਿੱਖ ‘ਸੁਖਮਨੀ’ ਨੂੰ ਵੀ ਸਵੇਰੇ ਦੀ ਨਿਤਨੇਮ ਦੀ ਬਾਣੀ ਹੀ ਮੰਨਦੇ ਹਨ। ਪਰ ਜਿਨ੍ਹਾਂ ‘ਪੰਜ ਬਾਣੀਆਂ’ ਦੀ ਗਿਣਤੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਪੱਕੇ ਤੌਰ ’ਤੇ ‘ਪੰਜ’ ਚਲੀ ਆ ਰਹੀ ਹੈ, ਉਹ ਅੰਮ੍ਰਿਤ ਦੀਆਂ ਬਾਣੀਆਂ ਹਨ ਜੋ ਅੰਮ੍ਰਿਤ ਛਕਾਉਣ ਸਮੇਂ ਪੜ੍ਹੀਆਂ ਜਾਂਦੀਆਂ ਹਨ, ਜਿਵੇਂ––‘ਜਪੁ’, (ਗੁਰੂ ਨਾਨਕ), ‘ਜਪੁ’ (ਗੁਰੂ ਗੋਬਿੰਦ ਸਿੰਘ), ਸਵੈਯੇ, (ਸ੍ਰਾਵਗ ਸੁਧ ਸਮੂਹ–ਗੁਰੂ ਗੋਬਿੰਦ ਸਿੰਘ), ‘ਚੌਪਈ (ਹਮਰੀ ਕਰੋ ਹਾਥੁ ਦੇ ਰੱਛਾ––ਗੁਰੂ ਗੋਬਿੰਦ ਸਿੰਘ) ਅਤੇ ‘ਅਨੰਦੁ’ (ਗੁਰੂ ਅਮਰਦਾਸ ਜੀ)। ਅਨੰਦੁ ਸਾਹਿਬ ਅੱਜ ਕੱਲ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਰਹਿਤ ਮਰਯਾਦਾ ਅਨੁਸਾਰ ਛੋਟੇ ਰੂਪ ਵਿਚ (ਪਹਿਲੀਆਂ ਪੰਜ ਪਉੜੀਆਂ ਤੇ ਅੰਤਿਮ ਪਉੜੀ) ਹੀ ਪੜ੍ਹਿਆ ਜਾਂਦਾ ਹੈ, ਜਦੋਂ ਕਿ ਕੁਝ ਸੰਪ੍ਰਦਾਈ ਡੇਰਿਆਂ ਵੱਲੋਂ ਪੂਰਾ ਆਨੰਦੁ ਸਾਹਿਬ ਪੜ੍ਹਿਆ ਜਾਂਦਾ ਹੈ। ਅੰਮ੍ਰਿਤ ਛਕਾਉਣ ਸਮੇਂ ਇਨ੍ਹਾਂ ਪੰਜਾਂ ਬਾਣੀਆਂ ਦੇ ਪੜ੍ਹਨ ਦੀ ਤਰਤੀਬ ਇਹ ਹੁੰਦੀ ਹੈ––ਜਪੁ, ਜਾਪ, ਸਵੈਯੇ, ਚੌਪਈ ਅਤੇ ਅਨੰਦੁ।
[ਸਹਾ. ਗ੍ਰੰਥ––ਮ. ਕੋ.; ਗੁ. ਮਾ.; ਭਾਈ ਮਨੀ ਸਿੰਘ : ‘ਗਿਆਨ ਰਤਨਾਵਲੀ’; ‘ਸਿੱਖ ਰਹਿਤ ਮਰਯਾਦਾ’; ਪਿਆਰਾ ਸਿੰਘ ਪਦਮ : ‘ਰਹਿਤਨਾਮੇ’; ਸਮਸ਼ੇਰ ਸਿੰਘ ਅਸ਼ੋਕ : ‘ਰਹਿਤਨਾਮੇ’]
ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First