ਬਸਤੀਵਾਦ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Colonialism (ਕਅਲਅਉਨਿਅਲਇਜ਼ਮ) ਬਸਤੀਵਾਦ: ਹੋਰਾਂ ਖੇਤਰਾਂ ਅਤੇ ਉਥੋਂ ਦੇ ਲੋਕਾਂ ਦਾ ਇਕ ਰਾਸ਼ਟਰ ਦੁਆਰਾ ਕਾਬਜ਼ ਹੋਣਾ ਅਤੇ ਉਪਨਿਵੇਸ਼ਕਰਨ (colonization) ਕਰਨਾ। ਇਸ ਲਈ ਉਪਨਿਵੇਸ਼ਕਰਨ ਜਗਤ ਵਿੱਚ ਓਨਾ ਹੀ ਪੁਰਾਣਾ ਹੈ ਜਿੰਨਾ ਕਿ ਮਾਨਵੀ ਸਮਾਜ ਹੈ। ਪਰ ਉਨ੍ਹੀਵੀਂ ਸ਼ਤਾਬਦੀ ਦੇ ਅੰਤਿਮ ਚਰਨ ਵਿੱਚ ਇਹ ਸ਼ਬਦ ਕੁਝ ਵਧੇਰੇ ਖ਼ਾਸ ਅਰਥਾਂ ਵਿੱਚ ਲਿਆ ਗਿਆ ਜਦੋਂ ਬਸਤੀਵਾਦਿਕਾਂ ਨੇ ਯੂਰਪੀ ਸਮਾਜਾਂ ਤੋਂ ਚੱਲ ਕੇ ਪੱਛੜੇ ਸਮਾਜਾਂ ਵਿੱਚ ਪ੍ਰਵੇਸ਼ ਕੀਤਾ। ਉਹਨਾਂ ਨੇ ਇਸ ਨੂੰ ਸੱਭਿਅਤਾ ਦਾ ਵਿਸਥਾਰ (extension of civilization) ਦੱਸਿਆ। ਭਾਵੇਂ ਅਰੰਭ ਵਿੱਚ ਉਹਨਾਂ ਦਾ ਮੂਲ ਮਕਸਦ ਕੱਚੇ ਮਾਲ, ਨਵੀਆਂ ਮੰਡੀਆਂ, ਨਿਵੇਸ਼ ਦੇ ਨਵੇਂ ਖੇਤਰਾਂ ਦੀ ਤਲਾਸ਼ ਸੀ, ਪਰ ਬਾਅਦ ਵਿੱਚ ਬਸਤੀਵਾਦ (colonialism) ਨਾਲ ਉਪਨਿਵੇਸ਼ਕਰਨ (colonization) ਵੀ ਜੁੜ ਗਿਆ। ਇਸ ਪ੍ਰਕਿਰਿਆ ਵਿੱਚ ਸ਼ਾਹੀ ਮੁਲਕਾਂ (imperial countries) ਦੇ ਲੋਕ ਆ ਕੇ ਵਸਣ ਲੱਗ ਪਏ ਅਤੇ ਬਸਤੀਵਾਦ ਦੇ ਵਿਚਿੱਤਰ ਪਹਿਲੂ ਉਭਰੇ ਜਿਵੇਂ ਹਕੂਮਤੀ ਅਤੇ ਜਨਤਕ ਲੋਕਾਂ ਵਿਚਕਾਰ ਨਸਲੀ ਅਤੇ ਸੱਭਿਆਚਾਰਿਕ ਵਿਤਕਰੇ ਹੋਂਦ ਵਿੱਚ ਆਏ। ਇਸ ਤੋਂ ਇਲਾਵਾ ਰਾਜਨੀਤਿਕ ਅਤੇ ਕਨੂੰਨੀ ਪ੍ਰਧਾਨਤਾ ਹਕੂਮਤੀ ਲੋਕਾਂ ਦੇ ਹੱਥ ਹੋਣ ਕਰਕੇ ਜਨਤਾ ਦਾ ਸੋ਼ਸ਼ਣ (exploitation) ਹੋਣ ਲੱਗਾ। ਬਹੁਤੇ ਵਿਚਾਰਵਾਨਾਂ ਦਾ ਵਿਚਾਰ ਹੈ ਕਿ ਅਸੰਤੁਲਨ ਵਿਕਾਸ ਦਾ ਜ਼ੁੰਮੇਵਾਰ ਬਸਤੀਵਾਦ ਹੀ ਮੁੱਖ ਕਾਰਨ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਬਸਤੀਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਬਸਤੀਵਾਦ : ਬਸਤੀਵਾਦ  (Colonialism)  ਇੱਕ ਪ੍ਰਥਾ ਹੈ ਜਿਸ ਵਿੱਚ ਇੱਕ ਖਿੱਤੇ, ਦੇਸ ਜਾਂ ਸਮਾਜ ਦੇ ਲੋਕ ਦੂਸਰਿਆਂ ਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਰਾਜ ਕਰਦੇ ਹਨ ਅਤੇ ਉਹਨਾਂ ਨੂੰ ਆਪਣੇ ਅਧੀਨ ਕਰਦੇ ਹਨ। ਬਸਤੀ ਲੇਟਿਨ ਭਾਸ਼ਾ ਸ਼ਬਦ ‘ਕੋਲੋਟਸ’ ਤੋਂ ਬਣਿਆ ਹੈ। ਕੋਲੋਟਸ ਦਾ ਅਰਥ ਹੈ ‘ਕਿਸਾਨ’। ਇਸ ਤਰ੍ਹਾਂ ਬਸਤੀਵਾਦ ਦਾ ਮੂਲ, ਅਬਾਦੀ ਦਾ ਇੱਕ ਥਾਂ ਤੋਂ ਦੂਸਰੇ ਥਾਂ ਤੇ ਅਧਿਕਾਰ ਕਰਨਾ ਅਤੇ ਵੱਸਣਾ ਹੈ। ਸਮੇਂ ਦੇ ਨਾਲ-ਨਾਲ ਇਸ ਵਿੱਚ ਤਬਦੀਲੀ ਆਈ ਅਤੇ ਭੂਗੋਲਿਕ ਅਧਿਕਾਰ ਦੇ ਨਾਲ-ਨਾਲ ਰਾਜਨੀਤਿਕ, ਕੂਟਨੀਤਿਕ, ਆਰਥਿਕ ਅਤੇ ਸਮਾਜਿਕ ਅਧਿਕਾਰ ਵੀ ਇਸ ਵਿੱਚ ਸ਼ਾਮਲ ਹੋ ਗਿਆ। ਭੂਗੋਲਿਕ, ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਕੂਟਨੀਤਿਕ ਅਧੀਨਗੀ ਆਧੁਨਿਕ ਬਸਤੀਵਾਦ ਦੇ ਮੁੱਖ ਅੰਸ਼ ਹਨ। ਪ੍ਰਸੰਗਿਕ ਸਥਿਤੀਆਂ ਕਿਸੇ ਇੱਕ ਜਾਂ ਇੱਕ ਤੋਂ ਵੱਧ ਅੰਸ਼ ਦੇ ਭਾਰੂ ਹੋਣ ਨੂੰ ਨਿਰਧਾਰਿਤ ਕਰਦੀਆਂ ਹਨ।

ਬਸਤੀਵਾਦ ਕੋਈ ਨਵਾਂ ਵਰਤਾਰਾ ਨਹੀਂ ਹੈ। ਦੁਨੀਆ ਦੇ ਇਤਿਹਾਸ ਵਿੱਚ ਇਸ ਦੀਆਂ ਅਨੇਕ ਉਦਾਹਰਨਾਂ ਹਨ। ਹਰ ਸਮੇਂ ਕਾਲ ਵਿੱਚ ਬਸਤੀਵਾਦ ਕਿਸੇ ਨਾ ਕਿਸੇ ਰੂਪ ਵਿੱਚ ਹੋਂਦ ਵਿੱਚ ਰਿਹਾ ਹੈ। ਪੁਰਾਤਨ ਸਮੇਂ ਵਿੱਚ ਵੀ ਇੱਕ ਸਮਾਜ ਦੂਸਰੇ ਸਮਾਜ ਦੀ ਜ਼ਮੀਨ ਤੇ ਕਬਜ਼ਾ ਕਰਕੇ ਉੱਥੇ ਆਪਣੀ ਵੱਸੋਂ ਵਸਾਉਂਦਾ ਸੀ। ਯੂਨਾਨੀ, ਰੋਮਨ ਅਤੇ ਮੂਰ ਸਮਾਜਾਂ ਨੇ ਇਹ ਕੰਮ ਬਖ਼ੂਬੀ ਕੀਤਾ ਸੀ ਅਤੇ ਬਹੁਤ ਸਾਰੀਆਂ ਬਸਤੀਆਂ ਸਥਾਪਿਤ ਕੀਤੀਆਂ ਸਨ। ਇਸ ਤਰ੍ਹਾਂ ਬਸਤੀਵਾਦ ਕਿਸੇ ਸਮੇਂ ਜਾਂ ਸਥਾਨ ਦੀ ਪ੍ਰਥਾ ਨਹੀਂ ਹੈ। ਸੋਲ੍ਹਵੀਂ ਸਦੀ ਵਿੱਚ ਬਸਤੀਵਾਦ ਵਿੱਚ ਇੱਕ ਫ਼ੈਸਲਾਕੁਨ ਤਬਦੀਲੀ ਆਈ। ਆਵਾਜਾਈ ਦੀ ਤਕਨੀਕ ਅਤੇ ਸੰਚਾਰ ਦੇ ਸਾਧਨ ਵਿਕਸਿਤ ਹੋਣ ਨਾਲ ਦੂਰ- ਦੁਰਾਡੇ ਇਲਾਕਿਆਂ ਤੱਕ ਪਹੁੰਚ ਸੌਖੀ ਹੋ ਗਈ ਅਤੇ ਬਸਤੀਆਂ ਨਾਲ ਸੰਬੰਧ ਰੱਖਣਾ ਕੋਈ ਮੁਸ਼ਕਲ ਕੰਮ ਨਾ ਰਿਹਾ। ਸਮੁੰਦਰੀ ਆਵਾਜਾਈ ਨੇ ਇਸ ਕੰਮ ਵਿੱਚ ਅਹਿਮ ਰੋਲ ਅਦਾ ਕੀਤਾ। ਤੇਜ਼ ਚੱਲਣ ਵਾਲੇ ਸਮੁੰਦਰੀ ਜਹਾਜ਼ਾਂ ਰਾਹੀਂ ਦੂਰ ਦੀਆਂ ਬੰਦਰਗਾਹਾਂ ਤੱਕ ਪਹੁੰਚ ਇੱਕ ਆਮ ਗੱਲ ਹੋ ਗਈ, ਜਿਸ ਕਰਕੇ ‘ਕੇਂਦਰ’ ਅਤੇ ‘ਬਸਤੀਆਂ’ ਵਿਚਕਾਰ ਗੂੜ੍ਹਾ ਸੰਬੰਧ ਰੱਖਣਾ ਸੰਭਵ ਹੋ ਸਕਿਆ। ਆਧੁਨਿਕ ਯੂਰਪੀ ਬਸਤੀਵਾਦ ਇਸੇ ਦੀ ਉਪਜ ਸੀ। ਯੂਰਪੀ ਦੇਸਾਂ ਨੇ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਵਿੱਚ ਆਪਣੇ ਲੋਕਾਂ ਨੂੰ ਪਹੁੰਚਾਇਆ ਅਤੇ ਰਾਜਨੀਤਿਕ, ਫ਼ੌਜੀ ਅਤੇ ਕੂਟਨੀਤਿਕ ਪੈਂਤੜਿਆਂ ਰਾਹੀਂ ਇਹਨਾਂ ਦੇਸਾਂ ਨੂੰ ਆਪਣੀਆਂ ਬਸਤੀਆਂ ਵਿੱਚ ਤਬਦੀਲ ਕਰ ਲਿਆ। ਅਮਰੀਕਾ, ਆਸਟਰੇਲੀਆ, ਅਫ਼ਰੀਕਾ ਅਤੇ ਏਸ਼ੀਆ ਮਹਾਂਦੀਪਾਂ ਦੇ ਕਈ ਦੇਸ ਯੂਰਪੀ ਦੇਸਾਂ ਦੀਆਂ ਬਸਤੀਆਂ ਬਣ ਗਏ।

ਬਸਤੀਵਾਦ ਦੇ ਬਹੁਤ ਸਾਰੇ ਦੁਰਪ੍ਰਭਾਵ ਹਨ। ਬਸਤੀਵਾਦ ਕਿਸੇ ਖਿੱਤੇ ਜਾਂ ਦੇਸ ਦੁਆਰਾ ਦੂਸਰੇ ਖਿੱਤੇ ਜਾਂ ਦੇਸ ਦੀ ਸਿੱਧੇ ਰੂਪ ਵਿੱਚ ਆਰਥਿਕ ਲੁੱਟ ਸੰਭਵ ਬਣਾਉਂਦਾ ਹੈ। ਉੱਥੋਂ ਦੇ ਕੁਦਰਤੀ ਸਾਧਨਾਂ ਅਤੇ ਕਿਰਤ ਦੀ ਲੁੱਟ ਕੀਤੀ ਜਾਂਦੀ ਹੈ। ਬਸਤੀ ਨੂੰ ਇੱਕ ਮੰਡੀ ਸਮਝਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਭਾਰਤ ਅੰਗਰੇਜ਼ਾਂ ਦੀ ਬਸਤੀ ਰਿਹਾ ਹੈ। ਉਸ ਸਮੇਂ ਇੱਥੋਂ ਦਾ ਕੱਚਾ ਮਾਲ ਇੰਗਲੈਂਡ ਭੇਜਿਆ ਜਾਂਦਾ ਸੀ ਅਤੇ ਉੱਥੋਂ ਦੀ ਸਨਅਤ ਦੁਆਰਾ ਤਿਆਰ ਮਾਲ ਨੂੰ ਆਪਣੀਆਂ ਬਸਤੀਆਂ ਵਿੱਚ ਵੇਚਿਆ ਜਾਂਦਾ ਸੀ। ਇਸ ਤਰ੍ਹਾਂ ਇਹਨਾਂ ਦੇਸਾਂ ਦੀਆਂ ਆਪਣੀਆਂ ਸਨਅਤਾਂ ਦਾ ਮਾਲ ਨਹੀਂ ਵਿਕਦਾ ਸੀ ਅਤੇ ਸਨਅਤ ਤਬਾਹ ਹੋ ਜਾਂਦੀ ਸੀ। ਭਾਰਤ ਦੀਆਂ ਬਹੁਤ ਸਾਰੀਆਂ ਸਨਅਤਾਂ ਗ਼ੁਲਾਮੀ ਸਮੇਂ ਲਗਪਗ ਖ਼ਤਮ ਹੋ ਗਈਆਂ ਸਨ।

ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਗ਼ੁਲਾਮ ਹੈਸੀਅਤ ਪ੍ਰਤੱਖ ਸੀ ਅਤੇ ਅੰਗਰੇਜ਼ਾਂ ਦੁਆਰਾ ਇਸ ਗ਼ੁਲਾਮ ਅਵਸਥਾ ਨੂੰ ਆਪਣੇ ਮੁਫ਼ਾਦ ਲਈ ਵਰਤਿਆ ਜਾਂਦਾ ਸੀ। ਲੰਬਾ ਸਮਾਂ ਗ਼ੁਲਾਮ ਰਹਿਣਾ ਮਨੁੱਖੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦਾ ਹੈ। ਨਿੱਜੀ ਅਤੇ ਸਮੂਹਿਕ ਮਾਨਸਿਕਤਾ ਗ਼ੁਲਾਮ ਹੋ ਜਾਂਦੀ ਹੈ ਅਤੇ ਇਸਦਾ ਵਰਤਾਰਾ ਬਿਮਾਰ ਹੋ ਜਾਂਦਾ ਹੈ। ਰਾਜਨੀਤਿਕ ਅਜ਼ਾਦੀ ਪਾਉਣ ਤੋਂ ਬਾਅਦ ਵੀ ਮਾਨਸਿਕ ਗ਼ੁਲਾਮੀ ਤੋਂ ਬਾਹਰ ਨਿਕਲਣ ਲਈ ਬਹੁਤ ਲੰਮਾ ਸਮਾਂ ਲੱਗਦਾ ਹੈ। ਬਸਤੀਆਂ ਬਣ ਚੁੱਕੇ ਦੇਸਾਂ ਦਾ ਆਰਥਿਕ ਢਾਂਚਾ ਵੀ ਇਸ ਤਰ੍ਹਾਂ ਜਕੜਿਆ ਜਾਂਦਾ ਹੈ ਕਿ ਇਹ ਦੇਸ ਆਰਥਿਕ ਤੌਰ ਤੇ ਸ਼ਕਤੀਸ਼ਾਲੀ ਬਣਨ ਤੋਂ ਅਸਮਰਥ ਹੋ ਜਾਂਦੇ ਹਨ।

ਸੰਸਾਰ ਵਿਆਪੀ ਵਿਰੋਧ ਕਾਰਨ ਇਸ ਸਮੇਂ ਭੂਗੋਲਿਕ ਬਸਤੀਵਾਦ ਦਾ ਤਕਰੀਬਨ ਅੰਤ ਹੋ ਗਿਆ ਹੈ। ਪਰੰਤੂ ਵਿਸ਼ਵ ਅਰਥਚਾਰੇ ਦਾ ਤਾਣਾ-ਬਾਣਾ ਇਸ ਤਰ੍ਹਾਂ ਬਣ ਗਿਆ ਹੈ ਕਿ ਅੱਜ ਵੀ ਕੁਝ ਦੇਸ ਖ਼ਾਸ ਕਰਕੇ ਵਿਕਾਸਸ਼ੀਲ ਦੇਸ, ਅਸਿੱਧੇ ਆਰਥਿਕ ਬਸਤੀਵਾਦ ਦਾ ਸ਼ਿਕਾਰ ਹਨ। ਅਰਥ-ਵਿਗਿਆਨ ਦੀ ਤਕਨੀਕੀ ਭਾਸ਼ਾ ਵਿੱਚ ਇਸ ਨੂੰ ‘ਨਵ-ਬਸਤੀਵਾਦ’  (New Colonialism)  ਕਿਹਾ ਜਾਂਦਾ ਹੈ। ਨਵ-ਬਸਤੀਵਾਦ ਇੱਕ ਦੇਸ ਦੀ ਦੂਸਰੇ ਦੇਸ ਤੇ ਆਰਥਿਕ ਨਿਰਭਰਤਾ ਪੈਦਾ ਕਰਦਾ ਹੈ। ਇਹ ਨਿਰਭਰਤਾ ਆਰਥਿਕ, ਰਾਜਨੀਤਿਕ ਅਤੇ ਕੂਟਨੀਤਿਕ ਸ਼ੋਸ਼ਣ ਦਾ ਕਾਰਨ ਬਣਦੀ ਹੈ। ਅੰਤਰਰਾਸ਼ਟਰੀ ਆਰਥਿਕ ਸੰਸਥਾਵਾਂ ਜਿਵੇਂ ਕਿ ਸੰਸਾਰ ਬੈਂਕ, ਅੰਤਰਰਾਸ਼ਟਰੀ ਮੁਦਰਾ ਫੰਡ, ਵਿਸ਼ਵ ਵਪਾਰ ਸੰਸਥਾ ਆਦਿ ਵਿਕਾਸ ਦੀ ਆੜ ਵਿੱਚ ਨਵ-ਬਸਤੀਵਾਦ ਨੂੰ ਉਤਸ਼ਾਹਿਤ ਕਰਦੀਆਂ ਹਨ।


ਲੇਖਕ : ਅਮਰਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 3058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-10-54-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਬਸਤੀਵਾਦੀ ਪ੍ਰਬੰਧ ਦਾ ਸਾਹਿਤ ਉੱਤੇ ਕੀ ਪ੍ਰਭਾਵ ਸਿਰਜਿਆਂ ਖਾਸਕਰ ਪੰਜਾਬੀ ਸਾਹਿਤ ਦੇ ਪਰਿਪੇਖ ਚੋਂ? ਇਸ ਬਾਰੇ ਜਾਣੂ ਕਰਵਾਉ ਜੀ।


HalwinderSingh, ( 2023/06/27 12:4916)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.