ਭਸਮਾਸੁਰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਭਸਮਾਸੁਰ : ਭਸਮਾਂਗਦ ਅਤੇ ਵ੍ਰਿਕਾਸੁਰ ਨਾਵਾਂ ਨਾਲ ਵੀ ਜਾਣਿਆ ਜਾਣ ਵਾਲਾ ਇਹ ਦੈਂਤ ਸ਼ਕੁਨੀ ਦੈਂਤ ਦਾ ਪੁੱਤਰ ਸੀ। ਇਹ ਸ਼ੁਰੂ ਤੋਂ ਹੀ ਮਾੜੀ ਬੁੱਧੀ ਅਤੇ ਮਾੜੇ ਕਰਮਾਂ ਵਿਚ ਪ੍ਰਵਿਰਤ ਸੀ। ਇਸ ਨੇ ਕਠਿਨ ਤਪੱਸਿਆ ਕਰ ਕੇ ਸ਼ਿਵ ਜੀ ਤੋਂ ਵਰ ਪ੍ਰਾਪਤ ਕੀਤਾ ਕਿ ਇਹ ਜਿਸ ਦੇ ਸਿਰ ਉੱਤੇ ਹੱਥ ਰੱਖੇ ਉਹ ਭਸਮ ਹੋ ਜਾਏ। ਵਰ ਪ੍ਰਾਪਤ ਕਰਨ ਉਪਰੰਤ ਇਸ ਦੇ ਮਨ ਵਿਚ ਪਾਰਬਤੀ ਨੂੰ ਪ੍ਰਾਪਤ ਕਰਨ ਦੀ ਇੱਛਾ ਜਾਗੀ ਅਤੇ ਇਸ ਲਈ ਇਸ ਨੇ ਸ਼ਿਵ ਜੀ ਦੇ ਸਿਰ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਹੀ ਭਸਮ ਕਰਨ ਦੀ ਸੋਚੀ। ਸ਼ਿਵ ਜੀ ਇਸ ਦੀ ਇੱਛਾ ਜਾਣ ਗਏ ਅਤੇ ਉਥੋਂ ਭੱਜ ਕੇ ਬੈਕੁੰਠ ਪਹੁੰਚੇ। ਇਹ ਵੀ ਮਗਰ ਮਗਰ ਪਹੁੰਚ ਗਿਆ ਪਰ ਅਗੇ ਬ੍ਰਹਮਚਾਰੀ ਦਾ ਰੂਪ ਧਾਰਨ ਕਰ ਕੇ ਇਸ ਨੂੰ ਵਿਸ਼ਨੂੰ ਜੀ ਮਿਲ ਗਏ ਅਤੇ ਉਨ੍ਹਾਂ ਨੇ ਇਸ ਨੂੰ ਸ਼ਿਵ ਜੀ ਦਾ ਪਿੱਛਾ ਕਰਨ ਦਾ ਕਾਰਨ ਪੁੱਛਿਆ। ਇਸ ਦੇ ਦੱਸਣ ਤੇ ਉਨ੍ਹਾਂ ਨੇ ਇਸ ਨੂੰ ਸਮਝਾਇਆ ਕਿ ਸ਼ਿਵ ਜੀ ਦਾ ਵਰ ਸੱਚਾ ਨਹੀਂ ਕਿਉਂਕਿ ਉਹ ਤਾਂ ਪ੍ਰਜਾਪਤੀ ਦੇ ਸਰਾਪ ਕਾਰਨ ਪਿਸ਼ਾਚ ਭਾਵ ਨੂੰ ਪ੍ਰਾਪਤ ਹੋ ਚੁੱਕੇ ਹਨ ਅਤੇ ਇਸ ਗੱਲ ਦੀ ਪਰਖ ਕਰਨ ਲਈ ਇਹ ਆਪਣੇ ਹੀ ਸਿਰ ਤੇ ਹੱਥ ਰੱਖ ਕੇ ਵੇਖ ਲਵੇ ਕਿ ਵਰ ਕਿੰਨਾ ਨਿਸ਼ਫਲ ਹੈ। ਇਸ ਨੇ ਉਸੇ ਵਕਤ ਆਪਣੇ ਸਿਰ ਤੇ ਹੱਥ ਰਖਿਆ ਅਤੇ ਉਥੇ ਹੀ ਭਸਮ ਹੋ ਗਿਆ।

ਇਕ ਹੋਰ ਕਥਨ ਅਨੁਸਾਰ ਸ਼ਿਵ ਜੀ ਨੂੰ ਇਸ ਤੋਂ ਬਚਾਉਣ ਲਈ ਪਾਰਬਤੀ ਨੇ ਹੀ ਇਸ ਨੂੰ ਆਪਣੇ ਸਿਰ ਉੱਤੇ ਹੱਥ ਰੱਖਣ ਲਈ ਪ੍ਰੇਰਿਆ ਜੋ ਇਸ ਨੇ ਬਿਨਾਂ ਸੋਚੇ ਸਮਝੇ ਮੰਨ ਲਿਆ ਅਤੇ ਉੱਥੇ ਹੀ ਭਸਮ ਹੋ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-09-12-48-54, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਹਿੰ. ਵਿ. ਕੋ. ; ਪੰ. ਸਾ. ਸੰ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.