ਭਾਸ਼ਾਈ ਸਮਰੱਥਾ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਭਾਸ਼ਾਈ ਸਮਰੱਥਾ: ਇਸ ਸੰਕਲਪ ਦੀ ਵਰਤੋਂ ਭਾਸ਼ਾ ਵਿਗਿਆਨਕ ਸਿਧਾਂਤ ਲਈ ਕੀਤੀ ਜਾਂਦੀ ਹੈ। ਖਾਸ ਤੌਰ ’ਤੇ ਇਹ ਸੰਕਲਪ ਸਿਰਜਨਾਤਮਕ ਵਿਆਕਰਨ ਲਈ ਵਰਤਿਆ ਜਾਂਦਾ ਹੈ। ਕਿਸੇ ਵਿਅਕਤੀ ਦੀ ਭਾਸ਼ਾਈ ਸਮਰੱਥਾ ਭਾਸ਼ਾ ਦੀ ਤਹਿ ਥੱਲੇ ਕੰਮ ਕਰ ਰਹੇ ਨਿਯਮਾਂ ਨਾਲ ਜੁੜੀ ਹੋਈ ਹੁੰਦੀ ਹੈ ਕਿਉਂਕਿ ਕੋਈ ਭਾਸ਼ਾਈ ਵਰਤੋਂਕਾਰ ਲਈ ਇਹ ਜ਼ਰੂਰੀ ਨਹੀਂ ਕਿ ਉਹ ਭਾਸ਼ਾ ਦੀਆਂ ਸਮੁੱਚੀਆਂ ਇਕਾਈਆਂ ਦੀ ਵਰਤੋਂ ਕਰਨ ਤੋਂ ਬਾਦ ਹੀ ਭਾਸ਼ਾਈ ਸਮਰੱਥਾ ਪਾ ਸਕਦਾ ਹੈ। ਸਗੋਂ ਉਹ ਉਸ ਭਾਸ਼ਾ ਦੇ ਨਿਯਮਾਂ ਤੋਂ ਜਾਣੂੰ ਹੁੰਦਾ ਹੈ ਅਤੇ ਕਈ ਵਾਰ ਇਸ ਪਰਕਾਰ ਦੇ ਵਾਕਾਂ ਉਪਵਾਕਾਂ ਆਦਿ ਦੀ ਵਰਤੋਂ ਕਰਦਾ ਹੈ ਜਿਸ ਦੀ ਵਰਤੋਂ ਉਸ ਨੇ ਪਹਿਲਾਂ ਕਦੇ ਨਹੀਂ ਕੀਤੀ ਹੁੰਦੀ ਅਤੇ ਭਾਸ਼ਾ ਦੇ ਨਿਯਮਾਂ ਨੂੰ ਸੁਚੇਤ ਤੌਰ ’ਤੇ ਜਾਣਨ ਤੋਂ ਬਿਨਾਂ ਹੀ ਉਹ ਗੈਰ-ਵਿਆਕਰਨਕ ਇਕਾਈਆਂ ਦੀ ਸੁਧਾਈ ਕਰਨ ਦੀ ਸਮਰੱਥਾ ਰਖਦਾ ਹੈ। ਭਾਸ਼ਾਈ ਸਮਰੱਥਾ ਭਾਸ਼ਾ ਨੂੰ ਜਾਣਨ ਦੀ ਇਕ ਆਦਰਸ਼ਕ ਸਥਿਤੀ ਹੈ। ਇਸ ਸੰਕਲਪ ਦੇ ਵਿਰੋਧ ਵਿਚ ਭਾਸ਼ਾਈ ਨਿਭਾ ਸੰਕਲਪ ਨੂੰ ਵਰਤਿਆ ਜਾਂਦਾ ਹੈ। ਭਾਸ਼ਾਈ ਨਿਭਾ ਰਾਹੀਂ ਇਕ ਵਿਅਕਤੀ ਦੁਆਰਾ ਵਰਤੀ ਗਈ ਭਾਸ਼ਾ ਨੂੰ ਅਧਾਰ ਬਣਾਇਆ ਜਾਂਦਾ ਹੈ। ਜਿਸ ਵਿਅਕਤੀ ਕੋਲ ਭਾਸ਼ਾਈ ਸਮਰੱਥਾ ਹੈ ਉਸ ਲਈ ਇਹ ਜ਼ਰੂਰੀ ਨਹੀਂ ਕਿ ਉਹ ਉਸ ਦਾ ਨਿਭਾ ਵੀ ਵਧੀਆ ਢੰਗ ਨਾਲ ਕਰ ਸਕੇ ਕਿਉਂਕਿ ਭਾਸ਼ਾਈ ਨਿਭਾ ਵੇਲੇ ਸਰੋਤਾ, ਬੁਲਾਰਾ ਸਬੰਧ, ਜਾਤ ਬਰਾਦਰੀ ਦਾ ਖੱਪਾ, ਲਿੰਗ, ਉਮਰ ਆਦਿ ਪਰਭਾਵ ਪਾਉਂਦੇ ਹਨ ਜਿਸ ਕਰਕੇ ਭਾਸ਼ਾਈ ਨਿਭਾ ਅਤੇ ਸਮਰੱਥਾ ਵਿਚ ਇਕ ਖੱਪਾ ਰਹਿ ਜਾਂਦਾ ਹੈ। ਚੌਮਸਕੀ ਅਨੁਸਾਰ ਭਾਸ਼ਾ, ਮਨੁੱਖੀ ਵਰਤਾਰੇ ਦਾ ਸਮੁੱਚ ਨਹੀਂ ਸਗੋਂ ਮਨੁੱਖੀ ਦਿਮਾਗ ਦੀ ਯੋਗਤਾ ਹੈ। ਇਸ ਲਈ ਮਨੁੱਖੀ ਵਰਤਾਰੇ ਦੇ ਅੰਤਰਗਤ ਕਈ ਪਰਸਥਿਤੀਆਂ ਇਸ ਭਾਂਤ ਦੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਨਿਭਾ ਭਾਸ਼ਾਈ ਪੱਧਰ ’ਤੇ ਸੰਭਵ ਨਹੀਂ ਹੁੰਦਾ। ਇਨ੍ਹਾਂ ਕਾਰਨਾਂ ਕਰਕੇ ਚੌਮਸਕੀ ਨੇ ਭਾਸ਼ਾ ਨੂੰ ਮਨੋਵਿਗਿਆਨ ਦੀ ਇਕ ਸ਼ਾਖਾ ਵਜੋਂ ਮਾਨਤਾ ਦਿੱਤੀ ਹੈ। ਇਹ ਸੰਕਲਪ ਸੋਸਿਊਰ ਦੁਆਰਾ ਪ੍ਰਸਤੁਤ ਕੀਤੇ ਗਏ ਸੰਕਲਪਾਂ ਲਾਂਗ ਅਤੇ ਪੈਰੋਲ ਦੇ ਕਾਫੀ ਨੇੜੇ ਹੈ ਕਿਉਂਕਿ ਲਾਂਗ ਇਕ ਸਮੁੱਚੇ ਭਾਸ਼ਾਈ ਵਰਤਾਰੇ ਦਾ ਨਾਂ ਹੈ ਜਦੋਂ ਕਿ ਪੈਰੋਲ ਉਸ ਵਰਤਾਰੇ ਵਿਚੋਂ ਭਾਸ਼ਾ ਦਾ ਵਿਅਕਤੀਗਤ ਨਿਭਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.