ਭੈਰਉ ਰਾਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭੈਰਉ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 93 ਚਉਪਦੇ ਅਤੇ ਛੇ ਅਸ਼ਟਪਦੀਆਂ ਸ਼ਾਮਲ ਹਨ। ਭਗਤ-ਬਾਣੀ ਪ੍ਰਕਰਣ ਵਿਚ 33 ਸ਼ਬਦ ਦਰਜ ਹਨ ਜਿਨ੍ਹਾਂ ਵਿਚੋਂ 20 ਸੰਤ ਕਬੀਰ ਦੇ (ਇਕ ਗੁਰੂ ਅਰਜਨ ਦੇਵ ਦਾ), 12 ਨਾਮਦੇਵ ਦੇ ਅਤੇ ਇਕ ਰਵਿਦਾਸ ਦਾ ਹੈ।
ਚਉਪਦੇ ਪ੍ਰਕਰਣ ਦੇ 93 ਚਉਪਦਿਆਂ ਵਿਚੋਂ ਅੱਠ ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਵਿਚੋਂ ਸੱਤ ਚਾਰ ਚਾਰ ਪਦਿਆਂ ਦੇ ਅਤੇ ਇਕ ਪੰਜ ਪਦਿਆਂ ਦਾ ਜੁਟ ਹੈ। ਇਸ ਵਿਚ ਗੁਰੂ ਜੀ ਨੇ ਪਰਮਾਤਮਾ ਦੇ ਭਾਣੇ ਵਿਚ ਰਹਿਣਾ, ਗੁਰੂ ਦੇ ਸ਼ਬਦ ਰਾਹੀਂ ਪਾਰਉਤਾਰਾ ਹੋਣਾ, ਨਾਮ-ਜਾਪ ਦੁਆਰਾ ਜਨਮ ਸਫਲ ਕਰਨਾ ਆਦਿ ਉਪਦੇਸ਼ ਦਿੱਤੇ ਹਨ। ਗੁਰੂ ਅਮਰਦਾਸ ਜੀ ਨੇ ਆਪਣੇ 21 ਚਉਪਦਿਆਂ ਵਿਚ ਜਾਤ-ਪਾਤ ਦੇ ਵਿਤਕਰੇ ਨੂੰ ਨਿਰਾਧਾਰ ਮੰਨਦੇ ਹੋਇਆਂ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਨ ਦੀ ਗੱਲ ਕਹੀ ਹੈ। ਗੁਰੂ ਰਾਮਦਾਸ ਜੀ ਨੇ ਆਪਣੇ ਸੱਤ ਚਉਪਦਿਆਂ ਵਿਚ ਦਸਿਆ ਹੈ ਕਿ ਪ੍ਰਭੂ ਹਰ ਥਾਂ ਮੌਜੂਦ ਹੈ। ਉਸ ਦੀ ਕ੍ਰਿਪਾ ਨਾਲ ਗੁਰੂ ਮਿਲਦਾ ਹੈ ਅਤੇ ਗੁਰੂ ਰਾਹੀਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਦੇ ਲਿਖੇ 57 ਚਉਪਦਿਆਂ ਵਿਚੋਂ 50 ਚਾਰ ਚਾਰ ਪਦਿਆਂ ਦੇ, ਤਿੰਨ ਦੋ ਦੋ ਪਦਿਆਂ ਦੇ, ਇਕ ਤਿੰਨ ਪਦਿਆਂ ਦਾ ਅਤੇ ਤਿੰਨ ਪੰਜ ਪੰਜ ਪਦਿਆਂ ਦੇ ਜੁਟ ਹਨ। ਇਨ੍ਹਾਂ ਵਿਚ ਗੁਰਮਤਿ ਦੇ ਅਨੇਕ ਸਿੱਧਾਂਤਾਂ ਨੂੰ ਬੜੇ ਵਿਸਤਾਰ ਨਾਲ ਸਮਝਾਇਆ ਗਿਆ ਹੈ।
ਅਸਟਪਦੀਆਂ ਪ੍ਰਕਰਣ ਦੀਆਂ ਕੁਲ ਛੇ ਅਸ਼ਟਪਦੀਆਂ ਵਿਚੋਂ ਇਕ ਨੌਂਪਦੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੈ ਜਿਸ ਵਿਚ ਹਉਮੈ ਨੂੰ ਦੂਰ ਕਰਨ ਉਤੇ ਬਲ ਦਿੱਤਾ ਗਿਆ ਹੈ। ਗੁਰੂ ਅਮਰਦਾਸ ਜੀ ਦੀਆਂ ਦੋ ਅਸ਼ਟਪਦੀਆਂ ਵਿਚੋਂ ਇਕ ਵਿਚ 13 ਅਤੇ ਦੂਜੀ ਵਿਚ ਅੱਠ ਪਦੀਆਂ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਪ੍ਰਮਾਣ ਦੇ ਕੇ ਸਿਧ ਕੀਤਾ ਹੈ ਕਿ ਪਰਮਾਤਮਾ ਭਗਤਾਂ ਦੇ ਸੰਕਟ ਹਰਦਾ ਹੈ ਅਤੇ ਆਪਣੇ ਸੰਤਾਂ ਦੀ ਮਰਯਾਦਾ ਦੇ ਬਿਰਦ ਨੂੰ ਪਾਲਦਾ ਹੈ। ਗੁਰੂ ਅਰਜਨ ਦੇਵ ਨੇ ਆਪਣੀਆਂ ਤਿੰਨ ਅਸ਼ਟਪਦੀਆਂ ਵਿਚ ਪਰਮਾਤਮਾ ਦੇ ਅਗੰਮ, ਅਗੋਚਰ , ਸਰਵ-ਵਿਆਪਕ ਸਰੂਪ ਨੂੰ ਸਪੱਸ਼ਟ ਕਰਦਿਆਂ ਉਸ ਨੂੰ ਪ੍ਰਾਪਤ ਕਰਨ ਦਾ ਉਦਮ ਕਰਨ ਦੀ ਪ੍ਰੇਰਣਾ ਦਿੱਤੀ ਹੈ।
ਭਗਤ-ਬਾਣੀ ਪ੍ਰਕਰਣ ਵਿਚ ਕੁਲ 33 ਸ਼ਬਦ ਹਨ। ਸੰਤ ਕਬੀਰ ਦੇ ਨਾਂ ਉਤੇ ਦਰਜ 20 ਸ਼ਬਦਾਂ ਵਿਚੋਂ 12ਵਾਂ ਮਹਲੇ ਪੰਜਵੇਂ ਦਾ ਹੈ ਜੋ ਭਾਵ ਦੀ ਸਪੱਸ਼ਟਤਾ ਲਈ ਇਥੇ ਦਰਜ ਕੀਤਾ ਗਿਆ ਹੈ। ਬਾਕੀ ਦੇ 19 ਸ਼ਬਦਾਂ ਵਿਚ 17 ਚਉਪਦੇ ਅਤੇ ਦੋ ਅਸ਼ਟਪਦੀਆਂ ਹਨ। ਇਨ੍ਹਾਂ ਵਿਚ ਹਰਿ-ਨਾਮ ਦੇ ਮਹੱਤਵ ਅਤੇ ਸਾਧ-ਸੰਗਤਿ ਦੀ ਲੋੜ ਉਤੇ ਚਾਨਣਾ ਪਾਇਆ ਗਿਆ ਹੈ। ਭਗਤ ਨਾਮਦੇਵ ਦੇ ਕੁਲ 12 ਸ਼ਬਦ ਹਨ ਜਿਨ੍ਹਾਂ ਵਿਚੋਂ 11 ਕਬੀਰ ਦੇ ਸ਼ਬਦਾਂ ਤੋਂ ਬਾਦ ਅਤੇ ਇਕ ਰਵਿਦਾਸ ਦੇ ਸ਼ਬਦ ਤੋਂ ਬਾਦ ਲਿਖਿਆ ਹੈ। ਇਨ੍ਹਾਂ ਵਿਚ ਹਰਿ-ਨਾਮ ਨਾਲ ਪ੍ਰੇਮ ਪਾਉਣਾ, ਸੰਤੋਖ ਧਾਰਣ ਕਰਨਾ, ਜਾਤਿ-ਪਾਤਿ ਨੂੰ ਨ ਮੰਨਣਾ ਆਦਿ ਗੱਲਾਂ ਉਤੇ ਅਮਲ ਕਰਨ ਦੀ ਤਾਕੀਦ ਹੈ। ਰਵਿਦਾਸ ਜੀ ਨੇ ਆਪਣੇ ਇਕ ਸ਼ਬਦ ਵਿਚ ਗਿਆਨ ਪ੍ਰਾਪਤੀ ਲਈ ਹਿਰਦੇ ਵਿਚ ਲਿਵ ਲਗਾਉਣਾ ਜ਼ਰੂਰੀ ਮੰਨਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਭੈਰਉ ਰਾਗ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭੈਰਉ (ਰਾਗ) : ਸੰਪੂਰਨ ਜਾਤੀ ਦਾ ਇਕ ਰਾਗ ਜਿਸ ਦੀ ਪ੍ਰਮੁੱਖ ਛੇ ਰਾਗਾਂ ਵਿਚ ਗਿਣਤੀ ਕੀਤੀ ਜਾਂਦੀ ਹੈ। ਇਸ ਵਿਚ ਰਿਸ਼ਭ ਅਤੇ ਧੈਵਤ ਕੋਮਲ, ਸ਼ੜਜ, ਗਾਂਧਾਰ, ਮੱਧਮ, ਪੰਚਮ ਅਤੇ ਨਿਸ਼ਾਦ ਸ਼ੁੱਧ ਲਗਦੇ ਹਨ। ਇਸ ਦਾ ਵਾਦੀ ਸੁਰ ਧੈਵਤ ਅਤੇ ਸੰਵਾਦੀ ਸੁਰ ਰਿਸ਼ਭ ਹੈ।
ਇਸ ਦੇ ਗਾਉਣ ਦਾ ਸਮਾਂ ਸਵੇਰ ਵੇਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭੈਰਉ ਰਾਗ ਦਾ ਨੰਬਰ ਚੌਵੀਵਾਂ ਹੈ।
ਆਰੋਹੀ : ਸ ਰੁੇ ਗ ਮ ਪ ਧੁ ਨੀ ਸਂ
ਅਵਰੋਹੀ : ਸਂ ਨੀ ਧੁ ਪ ਮ ਗ ਰੁੇ ਸ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-05-00-30, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ ਸਾ. ਕੋ. ; ਗਾਵਹੁ ਸਚੀ ਬਾਣੀ -ਡਾ. ਰਘਬੀਰ ਸਿੰਘ
ਵਿਚਾਰ / ਸੁਝਾਅ
Please Login First