ਮਾਰਕਸਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਾਰਕਸਵਾਦ : ਮਾਰਕਸਵਾਦ (Marxism) ਉਨ੍ਹੀਵੀਂ ਸਦੀ ਦੇ ਜਰਮਨ ਦਾਰਸ਼ਨਿਕ, ਅਰਥ ਸ਼ਾਸਤਰੀ ਅਤੇ ਇਨਕਲਾਬੀ ਕਾਰਲ ਮਾਰਕਸ ਦੀਆਂ ਕ੍ਰਿਤਾਂ `ਤੇ ਆਧਾਰਿਤ ਰਾਜਨੀਤਿਕ ਅਮਲ ਅਤੇ ਸਮਾਜ ਸ਼ਾਸਤਰੀ ਸਿਧਾਂਤ ਦਾ ਨਾਂ ਹੈ। ਕਾਰਲ ਮਾਰਕਸ ਉਹਨਾਂ ਤਿੰਨ ਸੰਸਾਰ ਪ੍ਰਸਿੱਧ ਚਿੰਤਕਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਵੀਹਵੀਂ ਸਦੀ ਵਿੱਚ ਮਨੁੱਖੀ ਜੀਵਨ ਤੇ ਗਹਿਰਾ ਪ੍ਰਭਾਵ ਪਾਇਆ। ਜਿਵੇਂ ਫ਼ਰਾਇਡ ਨੇ ਮਨੁੱਖੀ ਮਨ ਦਾ ਨਵਾਂ ਨਕਸ਼ਾ ਪੇਸ਼ ਕੀਤਾ ਅਤੇ ਆਇਨਸਟਾਇਨ ਨੇ ਭੌਤਿਕ ਸੰਸਾਰ ਦੀ ਇੱਕ ਨਵੀਂ ਤਸਵੀਰ ਪੇਸ਼ ਕਰਦਿਆਂ ਐਟਮੀ ਸ਼ਕਤੀ ਦੀ ਈਜ਼ਾਦਕਾਰੀ ਲਈ ਰਾਹ ਖੋਲ੍ਹਿਆ ਉਸੇ ਤਰ੍ਹਾਂ ਕਾਰਲ ਮਾਰਕਸ ਨੇ ਦੁਨੀਆ ਦੇ ਸਿਆਸੀ ਪ੍ਰਬੰਧਾਂ ਵਿੱਚ ਉਥਲ- ਪੁਥਲ ਮਚਾ ਦਿੱਤੀ। ਉਸ ਨੇ ਹੇਗਲਵਾਦੀ ਦਰਸ਼ਨ, ਐਡਮ ਸਮਿਥ ਅਤੇ ਰਿਕਾਰਡੋ ਦੀ ਰਾਜਨੀਤਿਕ ਆਰਥਿਕਤਾ, ਫ਼੍ਰਾਂਸੀਸੀ ਪਦਾਰਥਵਾਦ ਅਤੇ ਸਮਾਜਵਾਦ ਤੋਂ ਪ੍ਰੇਰਿਤ ਹੋ ਕੇ ਪੂੰਜੀਵਾਦੀ ਸਮਾਜ ਦੀ ਪੜਚੋਲ ਵਿਕਸਿਤ ਕੀਤੀ, ਜਿਹੜੀ ਵਿਗਿਆਨਿਕ ਵੀ ਹੈ ਅਤੇ ਇਨਕਲਾਬੀ ਵੀ। ਇਸ ਪੜਚੋਲ ਦਾ ਸਭ ਤੋਂ ਵਿਧੀਵਤ ਪ੍ਰਗਟਾਵਾ ਕੈਪੀਟਲ: ਏ ਕ੍ਰੀਟੀਕ ਆਫ਼ ਪੁਲਿਟੀਕਲ ਇਕਾਨੌਮੀ ਵਿੱਚ ਮਿਲਦਾ ਹੈ। 1883 ਵਿੱਚ ਮਾਰਕਸ ਦੀ ਮੌਤ ਉਪਰੰਤ ਦੁਨੀਆ ਭਰ ਵਿੱਚ ਵੱਖੋ-ਵੱਖਰੇ ਗਰੁੱਪਾਂ ਅਤੇ ਪਾਰਟੀਆਂ ਨੇ ਮਾਰਕਸਵਾਦੀ ਚਿੰਤਨ ਨੂੰ ਆਪਣੀ ਰਾਜਨੀਤੀ ਅਤੇ ਪੈਂਤੜਿਆਂ ਦਾ ਆਧਾਰ ਬਣਾਇਆ, ਭਾਵੇਂ ਉਹ ਪੈਂਤੜੇ ਇੱਕ-ਦੂਜੇ ਨਾਲ ਮੇਲ ਵੀ ਨਹੀਂ ਸੀ ਖਾਂਦੇ। ਮਾਰਕਸ ਦੇ ਆਪਣੇ ਸਮੇਂ ਵਿੱਚ ਵੀ ਪੱਛਮ ਵਿੱਚ ਸਮਾਜਿਕ ਜਮਹੂਰੀਅਤ ਅਤੇ ਕਮਿਊਨਿਸਟ ਪਾਰਟੀਆਂ ਵਿੱਚ ਇਨਕਲਾਬੀ ਦਾਅ-ਪੇਚਾਂ ਦੇ ਮੁੱਦੇ `ਤੇ ਭਾਰੀ ਵਿਵਾਦ ਰਿਹਾ। ਜਿੱਥੇ ਸਮਾਜੀ ਜਮਹੂਰੀਅਤ ਅਨੁਸਾਰ ਮੌਜੂਦਾ ਢਾਂਚੇ ਦੇ ਅੰਦਰ ਧੀਮੀ ਚਾਲ ਨਾਲ ਲਿਆਂਦੇ ਗਏ ਸਮਾਜ ਸੁਧਾਰਾਂ ਰਾਹੀਂ ਸਮਾਜਵਾਦ ਵੱਲ ਵਧਿਆ ਜਾ ਸਕਦਾ ਹੈ, ਉੱਥੇ ਕਮਿਊਨਿਸਟਾਂ ਅਨੁਸਾਰ ਮੌਜੂਦਾ ਢਾਂਚੇ ਵਿੱਚ ਇਨਕਲਾਬੀ ਪਰਿਵਰਤਨ ਨਾਲ ਸਮਾਜਵਾਦ ਹੋਂਦ ਵਿੱਚ ਲਿਆਂਦਾ ਜਾ ਸਕਦਾ ਹੈ। ਜਰਮਨ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਨੇ ਬਹੁਤ ਪਹਿਲਾਂ ਹੀ ਮਾਰਕਸ- ਵਾਦੀ ਇਨਕਲਾਬੀ ਪੈਂਤੜੇ ਨੂੰ ਤਿਆਗ ਦਿੱਤਾ ਸੀ, ਫਿਰ ਵੀ ਮਾਰਕਸਵਾਦ ਤੋਂ ਪ੍ਰੇਰਿਤ ਹੁੰਦਿਆਂ ਕਮਿਊਨਿਸਟਾਂ ਨੇ ਦੁਨੀਆ ਭਰ ਵਿੱਚ ਕਮਿਊਨਿਸਟ ਪਾਰਟੀਆਂ ਦਾ ਇਨਕਲਾਬੀ ਪੈਂਤੜੇ ਤੋਂ ਗਠਨ ਕੀਤਾ। ਭਾਵੇਂ ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਵਿੱਚ ਕਮਿਊਨਿਸਟ ਸਿਸਟਮ ਦੇ ਖੇਰੂੰ-ਖੇਰੂੰ ਹੋਣ ਨਾਲ ਮਾਰਕਸਵਾਦ ਸੰਕਟਮਈ ਅਵਸਥਾ ਵਿੱਚ ਹੈ, ਫਿਰ ਵੀ ਇਹ ਦੁਨੀਆ ਭਰ ਵਿੱਚ ਅਨੇਕਾਂ ਲਹਿਰਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਹੋਇਆ ਹੈ। ਲਾਊਸ, ਕਿਊਬਾ, ਚੀਨ, ਉੱਤਰੀ ਕੋਰੀਆ ਵਿੱਚ ਅੱਜ ਵੀ ਸਰਕਾਰਾਂ ਮਾਰਕਸਵਾਦੀ ਹੋਣ ਦਾ ਦਾਅਵਾ ਕਰਦੀਆਂ ਹਨ। ਭਾਵੇਂ ਕੁੱਝ ਲੋਕਾਂ ਦੀ ਨਜ਼ਰ ਵਿੱਚ ਉਹ ਆਪਣੇ ਅਸਲ ਸਮਾਜਵਾਦੀ ਪੈਂਤੜੇ ਤੋਂ ਥਿੜਕ ਚੁੱਕੇ ਹਨ। ਪੱਛਮੀ ਬੁਰਜੂਆ ਜਮਹੂਰੀਅਤ ਨੇ ਕੇਨਜ਼ਵਾਦ ਦਾ ਆਸਰਾ ਲੈਂਦਿਆਂ ਕਲਿਆਣਕਾਰੀ ਰਾਜ ਦੀ ਸਥਾਪਨਾ ਕਰਦਿਆਂ ਅਤੇ ਮਜ਼ਦੂਰ ਜਮਾਤ ਨੂੰ ਕੁਝ ਰਾਹਤਾਂ ਪ੍ਰਦਾਨ ਕਰਦਿਆਂ ਵਿਰੋਧ ਨੂੰ ਜਜ਼ਬ ਕਰ ਲਿਆ ਹੈ। ਕਈ ਚਿੰਤਕਾਂ ਦਾ ਵਿਚਾਰ ਹੈ ਕਿ ਬੁਰਜੂਆ ਸਿਸਟਮ ਵਿੱਚ ਬੈਠੇ ਸੁਧਾਰਕ ਅਸਲ ਵਿੱਚ ਛੁਪੇ ਹੋਏ ਮਾਰਕਸਵਾਦੀ ਹਨ, ਕਿਉਂਕਿ ਮਾਰਕਸ ਦੇ ਕਮਿਊਨਿਸਟ ਪਾਰਟੀ ਮੈਨੀਫੈਸਟੋ ਵਿੱਚ ਸੁਝਾਏ ਗਏ ਪ੍ਰੋਗਰਾਮਾਂ ਦਾ ਵੱਡਾ ਹਿੱਸਾ ਪੱਛਮੀ ਕਲਿਆਣਕਾਰੀ ਰਾਜਾਂ ਦੁਆਰਾ ਕਰ ਲਿਆ ਗਿਆ ਹੈ, ਭਾਵੇਂ ਉੱਥੇ ਨਿੱਜੀ ਜਾਇਦਾਦ ਦਾ ਖ਼ਾਤਮਾ ਨਹੀਂ ਕੀਤਾ ਗਿਆ। ਕੁਝ ਚਿੰਤਕਾਂ ਅਨੁਸਾਰ ਪੂੰਜੀਵਾਦ ਵਿੱਚ ਲਿਆਂਦੇ ਗਏ ਇਹ ਸੁਧਾਰ ਪਾਰਟੀਆਂ ਅਤੇ ਯੂਨੀਅਨਾਂ `ਤੇ ਦਬਾਓ ਦਾ ਸਿੱਟਾ ਹੈ। ਜਦੋਂ ਕਿ ਕੁਝ ਹੋਰਨਾਂ ਦਾ ਵਿਚਾਰ ਹੈ ਕਿ ਇਹ ਸੁਧਾਰ ਪੂੰਜੀਵਾਦ ਅਤੇ ਮੰਡੀ-ਆਰਥਿਕਤਾ ਦੇ ਵਿਗਾੜਾਂ ਨੂੰ ਦਰੁਸਤ ਕਰਦਿਆਂ ਪੂੰਜੀਵਾਦ ਨੂੰ ਬਚਾਉਣ ਦਾ ਉਪਰਾਲਾ ਹੈ।

     ਮਾਰਕਸ ਅਨੁਸਾਰ ਫ਼ਲਸਫ਼ੇ ਦਾ ਮਕਸਦ ਸੰਸਾਰ ਨੂੰ ਕੇਵਲ ਸਮਝਣਾ ਹੀ ਨਹੀਂ, ਬਲਕਿ ਮਨੁੱਖੀ ਬਿਹਤਰੀ ਲਈ ਤਬਦੀਲ ਕਰਨਾ ਹੈ। ਉਸ ਅਨੁਸਾਰ ਪੂੰਜੀਵਾਦੀ ਸਮਾਜ ਉਦਯੋਗਪਤੀ ਦੁਆਰਾ ਮਜ਼ਦੂਰ ਦੀ ਕਿਰਤ ਦੇ ਸ਼ੋਸ਼ਣ ਉੱਤੇ ਆਧਾਰਿਤ ਹੈ। ਇਹ ਸ਼ੋਸ਼ਣ ਲਾਜ਼ਮੀ ਤੌਰ `ਤੇ ਮਜ਼ਦੂਰ ਅਤੇ ਪੂੰਜੀਵਾਦੀ ਸਿਸਟਮ ਵਿੱਚ ਟਕਰਾਅ ਪੈਦਾ ਕਰੇਗਾ, ਜਿਸ ਦਾ ਨਤੀਜਾ ਪ੍ਰੋਲਿਤਾਰੀ ਇਨਕਲਾਬ ਵਿੱਚ ਨਿਕਲੇਗਾ। ਮਾਰਕਸ ਅਨੁਸਾਰ ਪੂੰਜੀਵਾਦੀ ਢਾਂਚਾ ਬੁਨਿਆਦੀ ਤੌਰ ਤੇ ਪੂੰਜੀ ਦੇ ਕੁਝ ਹੱਥਾਂ ਵਿੱਚ ਕੇਂਦਰੀਕਰਨ ਅਤੇ ਘਟਦੀ ਮੁਨਾਫ਼ਾ ਦਰ ਕਾਰਨ ਹਮੇਸ਼ਾਂ ਸੰਕਟਮਈ ਅਵਸਥਾ ਵਿੱਚ ਰਹਿੰਦਾ ਹੈ।

     ਪ੍ਰੋਲਿਤਾਰੀ ਜਮਾਤ ਕਿਉਂਕਿ ਸੋਸ਼ਿਤ ਹੋ ਰਹੀ ਹੁੰਦੀ ਹੈ, ਆਪਣੇ-ਆਪ ਨੂੰ ਜਥੇਬੰਦ ਕਰ ਕੇ ਪੂੰਜੀਵਾਦੀ ਸਿਸਟਮ ਦੇ ਖਿਲਾਫ਼ ਬਗ਼ਾਵਤ ਕਰ ਕੇ ਇਸ ਦਾ ਤਖ਼ਤਾ ਪਲਟ ਸਕਦੀ ਹੈ।ਮਾਰਕਸ ਦਾ ਖ਼ਿਆਲ ਸੀ ਕਿ ਪ੍ਰੋਲਿਤਾਰੀ ਜਮਾਤ ਅਟੱਲ ਤੌਰ `ਤੇ ਬੁਰਜੂਆ ਸਟੇਟ `ਤੇ ਕਾਬਜ਼ ਹੋ ਕੇ ਸਮਾਜਵਾਦ ਲਈ ਰਸਤਾ ਤਿਆਰ ਕਰੇਗੀ। ਉਸ ਅਨੁਸਾਰ ਸਮਾਜਵਾਦ ਦੇ ਦੌਰ ਵਿੱਚ ਉਤਪਾਦਨ ਸਾਧਨਾਂ ਦੀ ਮਾਲਕੀ ਪ੍ਰੋਲਿਤਾਰੀ ਜਮਾਤ ਦੇ ਹੱਥਾਂ ਵਿੱਚ ਹੋਵੇਗੀ। ਭਾਵੇਂ ਰਾਜ ਇੱਕ ਸੰਸਥਾ ਦੇ ਤੌਰ `ਤੇ ਵਿਰੋਧੀ ਜਮਾਤਾਂ ਨਾਲ ਸਿੱਝਣ ਲਈ ਜ਼ਰੂਰੀ ਹੋਵੇਗਾ। ਜਦੋਂ ਕਿ ਕਮਿਊਨਿਜ਼ਮ ਨਾ ਕੇਵਲ ਜਮਾਤ ਰਹਿਤ ਬਲਕਿ ਰਾਜ ਰਹਿਤ ਸਮਾਜ ਹੋਵੇਗਾ। ਇਸ ਤਰ੍ਹਾਂ ਮਾਰਕਸ ਸਟੇਟ ਨੂੰ ਮੁੱਖ ਤੌਰ `ਤੇ ਤਸ਼ੱਦਦ ਦਾ ਯੰਤਰ ਹੀ ਮੰਨਦਾ ਸੀ ਅਤੇ ਉਸ ਦਾ ਖ਼ਿਆਲ ਸੀ ਕਿ ਕਮਿਊਨਿਜ਼ਮ ਤਹਿਤ ਇਹ ਹੌਲੀ-ਹੌਲੀ ਖ਼ਤਮ ਹੋ ਜਾਵੇਗਾ। ਸਮਾਜਵਾਦੀ ਜਮ- ਹੂਰੀਅਤ ਮੌਜੂਦਾ ਬੁਰਜੂਆ ਸਟੇਟ `ਤੇ ਕਾਬਜ਼ ਹੋ ਕੇ ਸੁਧਾਰਾਂ ਰਾਹੀਂ ਸਮਾਜਵਾਦ ਦੀ ਪ੍ਰਾਪਤੀ ਵੱਲ ਵਧਣ ਦਾ ਉਪਰਾਲਾ ਕਰਦੀ ਹੈ। ਇਸ ਦੇ ਉਲਟ ਬਾਕੋਨਨ ਵਰਗੇ ਅਰਾਜਿਕਤਾਵਾਦੀਆਂ ਦਾ ਵਿਸ਼ਵਾਸ ਸੀ ਕਿ ਬੁਰਜੂਆ ਸਟੇਟ ਤਸ਼ੱਦਦ ਦੀ ਮਸ਼ੀਨਰੀ ਹੈ ਅਤੇ ਸਮਾਜਵਾਦ ਦੀ ਉਸਾਰੀ ਇਸ ਦੇ ਖ਼ਾਤਮੇ ਤੋਂ ਬਿਨਾਂ ਸੰਭਵ ਨਹੀਂ।

     ਮਾਰਕਸ ਦੀਆਂ ਲਿਖਤਾਂ ਵਿੱਚ ਸਮਾਜਵਾਦ ਦੀ ਉਸਾਰੀ ਦੇ ਸੰਬੰਧ ਵਿੱਚ ਕੋਈ ਸਪਸ਼ਟ ਸੇਧ ਜਾਂ ਰੂਪ-ਰੇਖਾ ਨਹੀਂ ਮਿਲਦੀ। 1917 ਦੇ ਰੂਸੀ ਇਨਕਲਾਬ ਵੇਲੇ ਲੈਨਿਨ ਕੋਲ ਸਮਾਜਵਾਦ ਲਈ ਕੋਈ ਸਿਧਾਂਤਿਕ ਮਾਡਲ ਨਹੀਂ ਸੀ। ਜੋ ਕੁਝ ਰੂਸ ਵਿੱਚ ਹੋਇਆ, ਉਹ ਸਮੇਂ ਦੀ ਜ਼ਰੂਰਤ ਅਨੁਸਾਰ ਵਿਹਾਰਵਾਦੀ ਢੰਗ ਨਾਲ ਘੜਿਆ-ਘੜਾਇਆ ਗਿਆ। ਰੂਸ ਨੂੰ ਉਲਟ-ਇਨਕਲਾਬ, ਖ਼ਾਨਾਜੰਗੀ ਅਤੇ ਵਿਦੇਸ਼ੀ ਦਖ਼ਲ ਦਾ ਸਾਮ੍ਹਣਾ ਕਰਨਾ ਪਿਆ। ਇਹਨਾਂ ਹਾਲਤਾਂ ਵਿੱਚ ਲੈਨਿਨ ਨੇ ਵਾਰ-ਕਮਿਊਨਿਜ਼ਮ ਦਾ ਢੰਗ ਇਸਤੇਮਾਲ ਕੀਤਾ ਅਤੇ ਨਵੀਂ ਆਰਥਿਕ ਨੀਤੀ ਘੜੀ। ਲੈਨਿਨ ਦੇ ਆਪਣੇ ਸਮੇਂ ਵਿੱਚ ਸਮਾਜਵਾਦ ਦੀ ਉਸਾਰੀ ਦੇ ਸੰਬੰਧ ਵਿੱਚ ਬੜੀ ਭਖਵੀਂ ਬਹਿਸ ਹੋਈ, ਪਰ ਲੈਨਿਨ ਦੀ ਮੌਤ ਤੋਂ ਪਿੱਛੋਂ ਸਟਾਲਿਨ ਦੇ ਹੱਥ ਪਾਰਟੀ ਦੀ ਵਾਗਡੋਰ ਆ ਗਈ। ਉਸ ਨੇ ਜਬਰੀ ਉਦਯੋਗੀਕਰਨ, ਰਾਸ਼ਟਰੀ- ਕਰਨ ਦੀ ਨੀਤੀ ਅਪਣਾਈ, ਜਿਸ ਦੇ ਤਹਿਤ ਲੱਖਾਂ ਮੱਧ-ਵਰਗੀ ਕਿਰਸਾਣਾਂ ਤੇ ਪਾਰਟੀ ਦੇ ਸਿਆਸੀ ਵਿਰੋਧੀਆਂ ਦਾ ਖ਼ਾਤਮਾ ਕੀਤਾ ਗਿਆ। ਬੇਸ਼ੱਕ ਰੂਸ ਨੇ ਰਾਸ਼ਟਰੀਕਰਨ ਤੇ ਉਦਯੋਗੀਕਰਨ ਰਾਹੀਂ ਬਹੁਤ ਤਰੱਕੀ ਕੀਤੀ, ਪਰ ਰੂਸ ਨੂੰ ਇਸਦਾ ਖ਼ਮਿਆਜ਼ਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਦੀ ਸ਼ਕਲ ਵਿੱਚ ਭੁਗਤਣਾ ਪਿਆ। ਸਟਾਲਿਨ ਦੇ ਸਿਆਸੀ ਵਿਰੋਧੀ ਟ੍ਰਾਟਸਕੀ ਨੇ ਉਸ ਦਾ ‘ਸੋਸ਼ਲਿਜ਼ਮ ਇਨ ਵਨ ਕੰਟਰੀ’ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਕਿਸੇ ਮੁਲਕ ਵਿੱਚ ਸਮਾਜਵਾਦ ਓਨਾ ਚਿਰ ਸੰਭਵ ਨਹੀਂ, ਜਿੰਨਾ ਚਿਰ ਪੱਛਮੀ ਦੇਸਾਂ ਵਿੱਚ ਸਮਾਜਵਾਦੀ ਇਨਕਲਾਬ ਨਹੀਂ ਵਾਪਰਦਾ। ਉਸ ਦਾ ਖ਼ਿਆਲ ਸੀ ਕਿ ਇਹਨਾਂ ਹਾਲਤਾਂ ਵਿੱਚ ਰੂਸ ਵਿੱਚ ਸਮਾਜਵਾਦ ਕਾਮਯਾਬ ਨਹੀਂ ਹੋਵੇਗਾ ਜਾਂ ਅਲੱਗ-ਥਲੱਗ ਹੋ ਜਾਵੇਗਾ ਜਾਂ ਥੱਲਿਓਂ ਇੱਕ ਹੋਰ ਇਨਕਲਾਬ ਵਾਪਰੇਗਾ। ਦੂਜੀ ਸੰਸਾਰ ਜੰਗ ਤੋਂ ਬਾਅਦ ਸੋਵੀਅਤ ਫ਼ੌਜਾਂ ਦੀ ਸਹਾਇਤਾ ਨਾਲ ਪੂਰਬੀ ਯੂਰਪ ਦੇ ਕਈ ਦੇਸਾਂ ਵਿੱਚ ਕਮਿਊਨਿਸਟ ਪਾਰਟੀਆਂ ਨੇ ਰਾਜ ਸੱਤਾ `ਤੇ ਅਧਿਕਾਰ ਜਮਾ ਲਿਆ ਅਤੇ ਸੋਵੀਅਤ ਯੂਨੀਅਨ ਦੇ ਸੈਟਲਾਈਟ ਦੇਸ ਬਣ ਗਏ। ਇਸੇ ਸਮੇਂ ਦੌਰਾਨ ਰੂਸ ਅਤੇ ਚੀਨ ਵਿੱਚ ਸਿਧਾਂਤਿਕ ਮੱਤ-ਭੇਦਾਂ ਕਾਰਨ ਸੰਸਾਰ ਕਮਿਊਨਿਸਟ ਲਹਿਰ ਵਿੱਚ ਵੱਡੀ ਦਰਾੜ ਪੈਦਾ ਹੋ ਗਈ। ਇਸੇ ਤਰ੍ਹਾਂ ਯੂਗੋਸਲਾਵੀਆ ਅਤੇ ਸੋਵੀਅਤ ਯੂਨੀਅਨ ਵਿਚਕਾਰ ਵੀ ਤਿੱਖੇ ਮੱਤ-ਭੇਦ ਰਹੇ ਅਤੇ ਇਸ ਨੇ ਮਾਸਕੋ ਦੀ ਰਾਜਨੀਤੀ ਨੂੰ ਪ੍ਰਵਾਨ ਨਾ ਕੀਤਾ। ਅਸੀਂ ਦੇਖ ਚੁੱਕੇ ਹਾਂ ਕਿ 1990 ਤੋਂ ਬਾਅਦ ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪ ਦੇ ਦੇਸਾਂ ਵਿੱਚ ਸਮਾਜਵਾਦ ਅਸਫਲ ਹੋ ਚੁੱਕਾ ਹੈ। ਚੀਨ ਨੇ ਮੰਡੀ ਆਰਥਿਕਤਾ ਪ੍ਰਵਾਨ ਕਰ ਲਈ ਹੈ। ਜਿਵੇਂ ਗੋਰਬਾਚੇਵ ਦੀ ਪ੍ਰਧਾਨਗੀ ਤਹਿਤ ਸਿਆਸੀ ਢਾਂਚੇ ਵਿੱਚ ਖੁੱਲ੍ਹ ਲਿਆਉਣ ਕਰ ਕੇ ਸਮੁੱਚਾ ਆਰਥਿਕ ਢਾਂਚਾ ਪੂੰਜੀਵਾਦੀ ਅਵਸਥਾ ਵਿੱਚ ਤਬਦੀਲ ਹੋ ਗਿਆ, ਠੀਕ ਉਸੇ ਤਰ੍ਹਾਂ ਚੀਨ ਦੇ ਆਰਥਿਕ ਢਾਂਚੇ ਵਿੱਚ ਹੋ ਰਹੀ ਤਬਦੀਲੀ ਦਾ ਤਰਕ ਇੱਕ ਦਿਨ ਸਮਾਜਿਕ ਜਮਹੂਰੀਅਤ ਵੱਲ ਲਿਜਾ ਸਕਦਾ ਹੈ। ਚੀਨ ਵਿੱਚ ਤਿਆਨਮਨ ਚੌਂਂਕ ਵਿੱਚ ਵਿਦਿਆਰਥੀਆਂ `ਤੇ ਹੋਏ ਤਸ਼ੱਦਦ ਅਤੇ ਕੰਪੂਚੀਆ ਵਿੱਚ ਪੋਲਪੋਟ ਵੱਲੋਂ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਕਮਿਊਨਿਸਟ ਪਾਰਟੀ ਦੀ ਡਿਕਟੇਟਰਸ਼ਿਪ ਉੱਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਅਜਿਹੇ ਤਾਨਾਸ਼ਾਹੀ ਸਮਾਜਿਕ, ਆਰਥਿਕ ਪ੍ਰਬੰਧ ਮਾਰਕਸ ਦੀ ਸਮਾਜਵਾਦ ਬਾਰੇ ਕਲਪਨਾ ਤੋਂ ਕੋਹਾਂ ਦੂਰ ਹਨ। ਮਾਰਕਸ ਅਨੁਸਾਰ ਕਿਸੇ ਵੀ ਕਮਿਊਨਿਸਟ ਇਨਕਲਾਬ ਦਾ ਜਮਹੂਰੀ ਹੋਣਾ ਲਾਜ਼ਮੀ ਹੈ। ਭਾਵੇਂ ਸਮਾਜਵਾਦ ਤੇ ਸਾਮਵਾਦ ਅੱਜ ਮਾਰਕਸ ਦੇ ਅਰਥਾਂ ਵਿੱਚ ਕਿਧਰੇ ਸੰਭਵ ਨਹੀਂ ਹੋ ਸਕਿਆ, ਫਿਰ ਵੀ ਉਸ ਦੁਆਰਾ ਪੇਸ਼ ਕੀਤਾ ਸ਼ੋਸ਼ਣ ਰਹਿਤ ਗ਼ੈਰ-ਵਿਯੋਗੇ ਭਵਿੱਖਮਈ ਯੂਟੋਪੀਆਈ ਸੰਸਾਰ ਦਾ ਸੰਕਲਪ ਮਾਨਵਤਾ ਲਈ ਸਦਾ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ।


ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਮਾਰਕਸਵਾਦ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Marxism (ਮਾਕਸਿਜ਼ਅਮ) ਮਾਰਕਸਵਾਦ: ਉਨ੍ਹੀਵੀਂ ਸ਼ਤਾਬਦੀ ਦੇ ਮੱਧ ਵਿੱਚ ਮਾਰਕਸ (Karl Marx, 1818-83) ਨੇ ਵਿਸ਼ਵ ਮਾਨਵੀ ਇਤਿਹਾਸ ਦੀਆਂ ਘਟਨਾਵਾਂ ਦੇ ਪਰਿਪੇਖ ਵਿੱਚ ਆਪਣੇ ਵਿਚਾਰ ਵਿਅਕਤ ਕੀਤੇ। ਉਹ ਮਾਨਵੀ ਇਤਿਹਾਸ ਨੂੰ ਬਤੌਰ ਪ੍ਰਕ੍ਰਿਤਕ ਪ੍ਰਕਿਰਿਆ ਲੈਂਦੇ ਹਨ ਜਿਸ ਦੀਆਂ ਜੜ੍ਹਾਂ ਮਨੁੱਖ ਦੀਆਂ ਪਦਾਰਥੀ ਜ਼ਰੂਰਤਾਂ ਵਿੱਚ ਸਥਿਤ ਹਨ। ਇਸ ਲੋਅ ਵਿੱਚ ਮਾਨਵੀ ਇਤਿਹਾਸਿਕ ਵਿਕਾਸ ਆਰਥਿਕ ਆਧਾਰਿਤ ਹੈ ਜਾਂ ਉਤਪਾਦਨ ਦੇ ਸਾਧਨਾਂ (mo-des of production) ਤੇ ਨਿਰਭਰ ਹੈ। ਇਥੋਂ ਹੀ ਸਮਾਜ (society) ਨੂੰ ਸਮਝਣ ਦੀ ਸੇਧ ਮਿਲਦੀ ਹੈ ਜਿਵੇਂ ਕਿ ਉਸ ਦੇ ਅਦਾਰੇ, ਜਮਾਤ ਬਣਤਰਾਂ, ਵਿਵਹਾਰ ਦੇ ਪ੍ਰਤਿਰੂਪ, ਯਕੀਦੇ ਅਤੇ ਖ਼ਾਸ ਕਰਕੇ ਮਾਨਵ ਇਤਿਹਾਸ ਦੇ ਮਾਰਗ ਸੰਬੰਧੀ। ਮਾਰਕਸ ਨੇ ਵਿਸ਼ੇਸ਼ ਕਰਕੇ ਮਜ਼ਦੂਰ ਨੂੰ ਬਤੌਰ ਉਤਪਾਦਨ ਦਾ ਇਕ ਕਾਰਕ (a factor of production) ਮੰਨ ਕੇ ਉਸ ਉਤੇ ਜ਼ੋਰ ਦਿੱਤਾ। ਉਸ ਨੇ ਮਜ਼ਦੂਰ ਨੂੰ ਬਤੌਰ ਇਕ ਵਸਤੂ (com-modity) ਲਿਆ ਜਿਸ ਵਾਸਤੇ ਪੂੰਜੀਪਤੀ ਮਿਹਨਤਾਨਾ (wages) ਅਦਾ ਕਰਦੇ ਹਨ। ਇਸ ਤਰ੍ਹਾਂ ਮਜ਼ਦੂਰ ਦਾ ਤਬਾਦਲਣ ਮੁੱਲ (exchange value) ਉਸ ਨੂੰ ਪੈਦਾ ਕਰਨ ਦੀਆਂ ਲਾਗਤਾਂ (costs) ਜਿਵੇਂ ਕਾਮਿਆਂ ਨੂੰ ਯੋਗਤਾ, ਖ਼ੁਰਾਕ, ਕੱਪੜੇ, ਵਿੱਦਿਆ, ਰਿਹਾਇਸ਼ ਮੁਹੱਈਆ ਕਰਨੀ। ਇਹਨਾਂ ਲਾਗਤਾਂ ਦੇ ਇਵਜ਼ਾਨੇ ਵਿੱਚ ਪੂੰਜੀਪਤੀ ਮਜ਼ਦੂਰ ਦੇ ਪ੍ਰਯੋਗ ਮੁੱਲ (use value) ਤੋਂ ਲਾਭ ਪ੍ਰਾਪਤ ਕਰਦਾ ਹੈ। ਮਾਰਕਸ ਇਹ ਜਤਾਉਂਦਾ ਹੈ ਕਿ ਪੂੰਜੀਪਤੀ ਲਈ ਮਜ਼ਦੂਰ ਦਾ ਪ੍ਰਯੋਗ ਮੁੱਲ ਉਸਦੇ ਤਬਾਦਲਣ ਮੁੱਲ ਨਾਲੋਂ ਵਧ ਜਾਂਦਾ ਹੈ, ਇਸ ਤਰ੍ਹਾਂ ਮਜ਼ਦੂਰ ਵਾਫ਼ਰ ਮੁੱਲ (surplus value) ਪੈਦਾ ਕਰਦਾ ਹੈ। ਇਸ ਆਧਾਰ ਤੇ ਮਜ਼ਦੂਰ ਇਕੋ ਹੀ ਉਤਪਾਦਨ ਦਾ ਕਾਰਕ ਹੈ ਜਿਸ ਦਾ ਵਾਫ਼ਰ ਮੁੱਲ ਤੇ ਅਧਿਕਾਰ ਹੈ।

 ਮਾਰਕਸ ਅਨੁਸਾਰ ਮਾਨਵ ਇਤਿਹਾਸ ਜਮਾਤੀ ਸੰਘਰਸ਼ਾਂ ਦੀ ਇਕ ਲੜੀ ਹੈ ਅਤੇ ਹਰ ਕਾਲ ਦੌਰਾਨ ਇਕ ਪ੍ਰਧਾਨ ਆਰਥਿਕ ਜਮਾਤ ਰਹੀ ਹੈ। ਸਮੇਂ ਦੌਰਾਨ ਪ੍ਰਧਾਨ ਜਮਾਤ (dominant class) ਅਤੇ ਜਾਗਰਿਤ ਜਮਾਤ (rising class) ਵਿਚਕਾਰ ਜੱਦੋ-ਜਹਿਦ ਦਾ ਸੰਘਰਸ਼ ਛਿੜਿਆ ਰਿਹਾ ਹੈ। ਇਸ ਤਰ੍ਹਾਂ ਪੁਰਾਤਨ ਰਾਜ-ਸ਼ਾਹੀ ਜਮਾਤ (old ruling class) ਦੀਆਂ ਜੜਾਂ ਉਖਾੜ ਦਿੱਤੀਆਂ ਗਈਆਂ ਅਤੇ ਨਵੀਂ ਪ੍ਰਧਾਨ ਜਮਾਤ (new dominant class) ਸਥਾਪਿਤ ਹੋ ਗਈ। ਇਸ ਢੰਗ ਨਾਲ ਵਿਸ਼ੇਸ਼ ਕਰਕੇ ਪੱਛਮ ਵਿੱਚ ਸਾਮੰਤਵਾਦੀ ਕੁਲੀਨਵਰਗ (feudal aris-tocracy) ਨੂੰ ਪੂੰਜੀਪਤੀ ਜਮਾਤ (capitalist class) ਨੇ ਬਦਲ ਦਿੱਤਾ। ਉਹਨਾਂ ਨੇ ਕਿਹਾ ਕਿ ਅਜਿਹਾ ਸੰਘਰਸ਼ ਇਕ ਸਦੀਵੀ ਪ੍ਰਕਿਰਿਆ ਹੈ। ਉਹ ਇਹਨਾਂ ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਦੱਸਦੇ ਹਨ ਕਿ ਉਨ੍ਹੀਵੀਂ ਸ਼ਤਾਬਦੀ ਵਿੱਚ ਉਦਯੋਗੀ ਪੂੰਜੀਪਤੀ ਸਮਾਜ ਦੋ ਜਮਾਤਾਂ ਵਿੱਚ ਅਲੱਗ ਹੋ ਗਏ, ਇਕ ਪ੍ਰਧਾਨ ਪੂੰਜੀਪਤੀ ਜਮਾਤ (bou-rgeoisie) ਅਤੇ ਦੂਜੀ ਕਾਮਾ ਜਮਾਤਾਂ (prole-tariate)। ਉਹਨਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਕਾਮਾ ਜਮਾਤ (working class) ਹੀ ਪੂੰਜੀਪਤੀ ਜਮਾਤ ਦਾ ਤਖ਼ਤਾ ਪਲਟੇਗੀ ਅਤੇ ਜਮਾਤ-ਰਹਿਤ ਸਮਾਜ (classless society) ਸਥਾਪਿਤ ਕਰੇਗੀ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਮਾਰਕਸਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਰਕਸਵਾਦ [ਨਾਂਪੁ] ਕਾਰਲ ਮਾਰਕਸ ਦੁਆਰਾ ਪ੍ਰਸਤੁਤ ਕੀਤਾ ਜੀਵਨ ਫ਼ਲਸਫ਼ਾ, ਵਿਰੋਧ ਵਿਕਾਸੀ ਪਦਾਰਥਵਾਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਾਰਕਸਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਾਰਕਸਵਾਦ  : ‘ਮਾਰਕਸਵਾਦ’ ਮਨੁੱਖੀ ਸਮਾਜ ਨੂੰ ਸਮਝਣ, ਘੋਖਣ ਤੇ ਬਦਲਣ ਲਈ ਇਕ ਵਿਗਿਆਨਕ ਵਿਚਾਰਧਾਰਾ ਹੈ। ਇਹ ਕ੍ਰਾਂਤੀਕਾਰੀ ਮਿਹਨਤਕਸ਼ ਮਜ਼ਦੂਰ ਲਹਿਰ ਦਾ ਸਿਧਾਂਤ ਅਤੇ ਅਮਲ ਹੈ ਜੋ ਦਾਰਸ਼ਨਿਕ, ਆਰਥਿਕ, ਸਮਾਜਕ ਤੇ ਰਾਜਨੀਤਿਕ ਚੇਤਨਤਾ ਦੀ ਗੱਠਵੀਂ ਤੇ ਇਕਸੁਰ ਪ੍ਰਣਾਲੀ ਹੈ। ਇਹ ਦ੍ਵੰਦਾਤਮਕ ਇਤਿਹਾਸਕ ਪਦਾਰਥਵਾਦ ਦਾ ਸਿਧਾਂਤ ਹੈ। ਮਾਰਕਸਵਾਦ ਨੇ ਉਨ੍ਹੀਵੀਂ ਸਦੀ ਦੇ ਮੱਧ ਅਤੇ ਉੱਤਰ–ਅੱਧ ਵਿਚ ਜਨਮ ਲਿਆ ਅਤੇ ਇਸ ਦਾ ਨਾਮਕਰਣ ਇਸ ਸਿਧਾਂਤ ਦੇ ਮੋਢੀ ਕਾਰਲ ਮਾਰਕਸ (1818–83 ਈ.) ਦੇ ਨਾਂ ਉੱਤੇ ਹੋਇਆ। ਪ੍ਰੋਲਤਾਰੀ ਆਗੂ ਤੇ ਮਾਰਕਸ ਦੇ ਪਰਮ ਮਿੱਤਰ ਫ਼੍ਰੈਡਰਿਕ ਏਂਗਲਜ਼ (1820–95 ਈ.) ਨੇ ਇਸ ਸਿਧਾਂਤ ਨੂੰ ਨਿਖਾਰਨ ਵਿਚ ਅਹਿਮ ਹਿੱਸਾ ਪਾਇਆ। ਇਸ ਚਿੰਤਨ ਨੂੰ ਅਮਲੀ ਰੂਪ ਦੇ ਕੇ ਵਲਾਦੀਮੀਰ ਇਲੀਇਚ ਲੈਨਿਨ (1870–1924) ਨੇ ਰੂਸ ਵਿਚ ਅਕਤੂਬਰ, 1917 ਵਿਚ ਇਨਕਲਾਬ ਲਿਆਂਦਾ ਤੇ ਸਾਮਰਾਜਵਾਦੀ ਤੇ ਪੂੰਜੀਵਾਦੀ ਸ਼ਕਤੀਆਂ ਨੂੰ ਹਾਰ ਦੇ ਕੇ ਸਮਾਜਵਾਦ ਦੀ ਸਥਾਪਨਾ ਕੀਤੀ। ਲੈਨਿਨ ਦੇ ਮਾਰਕਸਵਾਦ ਵਿਚ ਇਤਿਹਾਸਕ ਵਿਕਾਸ ਨੂੰ ਵਿਕਸਿਤ ਕਰਕੇ ਅਗਲੀ ਮੰਜ਼ਿਲ ਉੱਤੇ ਪਹੁੰਚਾਇਆ, ਇਸੇ ਲਈ ਮਾਰਕਸਵਾਦ ਨੂੰ ‘ਮਾਰਕਸਵਾਦ–ਲੈਨਿਨਵਾਦ’ ਵੀ ਕਿਹਾ ਜਾਂਦਾ ਹੈ। ਸਟਾਲਿਨ ਅਨੁਸਾਰ ‘ਲੈਨਿਨਵਾਦ ਪੂੰਜੀਵਾਦੀ ਦੀ ਯੁੱਗ ਵਿਚ ਮਾਰਕਸਵਾਦ ਹੈ’ ਮਾਉ–ਜੇ–ਤੁੰਗ ਨੇ ਇਸ ਦਰਸ਼ਨ ਨੂੰ ਚੀਨ ਦੀਆਂ ਇਤਿਹਾਸਕ ਪਰਿਸਥਿਤੀਆਂ ਅਨੁਸਾਰ ਢਾਲ ਕੇ ਪ੍ਰੋਲਤਾਰੀ ਵਰਗ ਦੀ ਹਕੂਮਤ ਕਾਇਮ ਕੀਤੀ ਅਤੇ ਇਸ ਵਿਚਾਰਧਾਰਾ ਨੂੰ ਇਕ ਨਵਾਂ ਦਿਸਹੱਦਾ ਪ੍ਰਦਾਨ ਕੀਤਾ, ਜਿਸ ਅਨੁਸਾਰ ਪਛੜੇ ਹੋਏ ਦੇਸ਼ਾਂ ਵਿਚ ਇਨਕਲਾਬ ਲਿਆਉਣ ਨਾਲ ਮਜ਼ਬੂਰ ਜਮਾਤ ਦੇ ਨਾਲ ਨਾਲ ਕਾਸ਼ਤਕਾਰ ਵਰਗ ਦੇ ਰੋਲ ਨੂੰ ਵੀ ਭਾਰੀ ਅਹਿਮੀਅਤ ਦਿੱਤੀ ਗਈ।

          ਮਾਰਕਸਵਾਦ ਦਾ ਜਨਮ ਮਨੁੱਖੀ ਚਿੰਤਨ ਦੇ ਇਤਿਹਾਸ ਵਿਚ ਯੁੱਗ ਪਲਟਾਊ ਅਤੇ ਇਨਕਲਾਬੀ ਘਟਨਾ ਹੈ ਕਿਉਂਕਿ ਇਸ ਦਾ ਮਨੋਰਥ ਇਸ ਦੁਨੀਆ ਦੀ ਸਹੀ ਵਿਆਖਿਆ ਕਰਨਾ ਹੀ ਨਹੀਂ ਸਗੋਂ ਇਸ ਨੂੰ ਹੋਰ ਚੰਗੇਰਾ ਬਣਾਉਣ ਲਈ ਬਦਲਣਾ ਵੀ ਹੈ। ਮਾਰਕਸਵਾਦ ਅਨੁਸਾਰ ਮਨੁੱਖੀ ਸਮਾਜ ਦਾ ਆਧਾਰ ‘ਵਿਚਾਰ’ ਨਹੀਂ ਸਗੋਂ ਪਦਾਰਥ ਹੈ। ਸਮਾਜ ਵਿਚ ਵਿਚਾਰਾਂ ਦੀ ਆਪਣੀ ਸੁਤੰਤਰ ਹੋਂਦ ਨਹੀਂ ਸਗੋਂ ਇਹ ਦ੍ਵੰਦਾਤਮਕ ਇਤਿਹਾਸਕ ਪਦਾਰਥਵਾਦ ਦੇ ਪ੍ਰਭਾਵ ਹੇਠ ਮਨੁੱਖੀ ਅਮਲ ਦੇ ਵਰਤਾਰੇ ਵਿਚ ਜਨਮਦੇ, ਫੈਲਦੇ ਤੇ ਖ਼ਤਮ ਹੋ ਜਾਂਦੇ ਹਨ। ਜਿਸ ਸ਼੍ਰੇਣੀ ਦਾ ਆਰਥਿਕ ਉਪਜਾਊ ਸ਼ਕਤੀਆਂ ਉੱਤੇ ਕਬਜ਼ਾ ਹੁੰਦਾ ਹੈ, ਉਸ ਸ਼੍ਰੇਣੀ ਦਾ ਵਿਚਾਰ ਉਸ ਸਮੇਂ ਦਾ ਪ੍ਰਧਾਨ ਵਿਚਾਰ ਹੁੰਦਾ ਹੈ। ਮਾਰਕਸਵਾਦ ਹੰਢ ਚੁੱਕੀ ਵਸਤੂ ਨਹੀਂ ਸਗੋਂ ਇਹ ਸਮਾਜ ਦੇ ਇਤਿਹਾਸਕ ਵਿਕਾਸ ਨੂੰ ਸਮਝਣ ਲਈ ਵਿਗਿਆਨਕ ਵਿਧੀ ਹੈ ਜੋ ਧੑਰੂਹ ਤਾਰੇ ਵਾਂਗ ਸਦਾ ਸੇਧ ਦੇਣ ਦੀ ਸਮਰੱਥਾ ਰੱਖਦੀ ਹੈ। ਮਾਰਕਸ ਨੇ ਸਮਾਜ ਅਤੇ ਸਮਾਜਕ–ਇਤਿਹਾਸ ਦਾ ਵਿਗਿਆਨਕ ਵਿਧੀ ਨਾਲ ਡੂੰਘਾ ਅਤੇ ਗੰਭੀਰ ਵਿਸ਼ਲੇਸ਼ਣ ਕੀਤਾ ਅਤੇ ਇਸ ਪਰਖ–ਪੜਚੋਲ ਅਤੇ ਤੱਥਾਂ ਤੇ ਆਧਾਰ ਉੱਤੇ ਆਪਣੇ ਨਵੇਂ ਦਰਸ਼ਨ ਦੀ ਨੀਂਹ ਰੱਖੀ। ਮਾਰਕਸਵਾਦ ਮਨੁੱਖੀ ਸਮਾਜ ਵਿਚ ਵਿਚਾਰਾਂ ਦੇ ਰੋਲ ਤੋਂ ਬਿਲਕੁਲ ਮੁਨਕਰ ਨਹੀਂ ਹੈ ਪਰ ਇਹ ‘ਵਿਚਾਰ’ ਨੂੰ ਮਨੁੱਖੀ ਸਮਾਜ ਦੀ ਕੇਂਦਰੀ ਚੂਲ ਨਹੀਂ ਮੰਨਦਾ। ਮਾਰਕਸਵਾਦ ਰਾਜਨੀਤੀ, ਅਰਥ ਸ਼ਾਸਤ੍ਰ ਤੇ ਦਾਰਸ਼ਨਿਕ ਸਿਧਾਂਤਾਂ ਦਾ ਸਮਨਵੈ ਹੈ। ਮਾਰਕਸ ਨੇ ਹੇਗਲ ਦੇ ਦ੍ਵੰਦਾਤਮਕ–ਭੌਤਿਕਵਾਦ ਦੇ ਸਿਧਾਂਤ ਨੂੰ, ਜੋ ਉਸ ਦੇ ਕਥਨ ਅਨੁਸਾਰ ਸਿਰ ਪਰਣੇ ਚਲ ਰਿਹਾ ਸੀ, ਪੈਰਾਂ ਉੱਤੇ ਖੜਾ ਕੀਤਾ।

          ਮਾਰਕਸਵਾਦ ਸਮਾਜ ਦੇ ਨਿਰੰਤਰ ਵਿਕਾਸ ਨੂੰ ਇਕ ਵਿਗਿਆਨਕ ਨਿਯਮ ਵਿਚ ਬੱਝਿਆ ਹੋਇਆ ਵੇਖਦਾ ਹੈ ਅਤੇ ਇਨ੍ਹਾਂ ਨੇਮਾਂ ਨੂੰ ਭਲੀ–ਭਾਂਤ ਤਰਕ–ਪੂਰਣ ਉਜਾਗਰ ਕਰਦਾ ਹੈ। ਇਸੇ ਲਈ ਇਹ ਇਕ ਪ੍ਰਗਤੀਸ਼ੀਲ ਵਿਚਾਰਧਾਰਾ ਹੈ। ਮਾਰਕਸਵਾਦ ਅਮੂਰਤ ਖ਼ਿਆਲਾ ਦੀ ਥਾਂ ਪਦਾਰਥਕ ਸ਼ਕਤੀਆਂ ਨੂੰ ਪ੍ਰਧਾਨ ਸਮਝਦਾ ਹੈ, ਇਸ ਲਈ ਇਹ ਜਿਹੜਾ ਸਮਾਜ ਚਿੱਤਰਦਾ ਹੈ ਉਹ ਸੁਪਨਿਕ ਨਹੀਂ , ਯਥਾਰਥ ਹੁੰਦਾ ਹੈ।

          ਪੂੰਜੀਵਾਦੀ ਨਿਜ਼ਾਮ ਵੱਲੋਂ ਕੀਤੀ ਜਾ ਰਹੀ ਲੁੱਟ–ਖਸੁੱਟ ਵਿਚ ਸਾਰੇ ਹੱਥ–ਕੰਡਿਆਂ ਨੂੰ ਮਾਰਕਸਵਾਦ ਬੜੀ ਦਲੀਲ ਤੇ ਸੱਚਾਈ ਨਾਲ ਬਿਲਕੁਲ ਨੰਗਾ ਕਰਦਾ ਹੈ, ਭਾਵੇਂ ਇਹ ਲੁੱਟ–ਖਸੁੱਟ ਸ਼ੋਸਕ–ਵਰਗ ਵੱਲੋਂ ਬੜੀ ਲਿਸ਼ਕਾ–ਪੁਸ਼ਕਾ ਕੇ ਵੱਖਰੇ ਵੱਖਰੇ ਭ੍ਰਾਮਕ ਪਰਦਿਆਂ ਹੇਠ ਕੀਤੀ ਜਾਂਦੀ ਹੈ। ਮਾਰਕਸਵਾਦ ਪੂੰਜੀਵਾਦ ਦੇ ਅੰਤਰ–ਦ੍ਵੰਦਾਂ ਅਤੇ ਅੰਤਰ–ਵਿਰੋਧਾਂ ਨੂੰ ਵੀ ਉਘਾੜਦਾ ਹੈ ਅਤੇ ਨਾਲ ਹੀ ਮਜ਼ਦੂਰ ਜਮਾਤ ਦੀ ਜੱਥੇਬੰਦਕ ਸ਼ਕਤੀ ਦੇ ਅਜਿਤ ਹੋਣ ਦਾ ਵਿਸ਼ਵਾਸ ਜਗਾਉਂਦਾ ਹੈ।

          ਮਾਰਕਸ ਨੇ ਆਪਣੀ ਪ੍ਰਸਿੱਧ ਰਚਨਾ ‘ਸਰਮਾਇਆ’ ਵਿਚ ਪੂੰਜੀਵਾਦ ਵਿਚ ਪੈਦਾਵਾਰ ਦੀ ਪੂੰਜੀਵਾਦੀ ਵਿਧੀ ਦੇ ਨਿਯਮ ਲੱਭੇ ਹਨ ਅਤੇ ਸਮਾਜਵਾਦ ਨੂੰ ਇਕ ਵਿਗਿਆਨਕ ਆਧਾਰ ਵੀ ਦਿੱਤਾ ਹੈ। ਮਾਰਕਸ ਦੀ ਦੇਣ ਉਸ ਦੀਆਂ ਦੋ ਵੱਡੀਆਂ ਲੱਭਤਾਂ ਕਰਕੇ ਮਹਾਨ ਹੈ––ਪਹਿਲੀ, ‘ਸਮਾਜ ਦੀ ਤਬਦੀਲੀ ਦਾ ਨੇਮ’ ਅਤੇ ਦੂਜੀ ‘ਵਾਧੂ ਕਦਰ ਦਾ ਸਿਧਾਂਤ’। ਮਾਰਕਸਵਾਦ ਬੁਰਜ਼ੂਆ ਪੈਦਾਵਾਰੀ ਸੰਬੰਧਾਂ ਦੀ ਥਾਂ ਸਮਾਜਵਾਦੀ ਪੈਦਾਵਾਰੀ ਸੰਬੰਧ ਸਥਾਪਤ ਕਰਨ ਲਈ ਪ੍ਰੇਰਦਾ ਹੈ। ਮਾਰਕਸਵਾਦ ਮਜ਼ਦੂਰ ਵਰਗ ਕੋਲ ਇਕ ਸ਼ਕਤੀਸ਼ਾਲੀ ਹਥਿਆਰ ਹੈ ਜੋ ਪ੍ਰੋਲਤਾਰੀ ਜਮਾਤ ਨੂੰ ਪੂੰਜੀਵਾਦ ਦੇ ਅੰਨ੍ਹੇ ਜਬਰ ਤੋਂ ਮੁਕਤੀ ਦਿਵਾ ਸਕਦਾ ਹੈ। ਲੈਨਿਨ ਨੇ ਆਧੁਨਿਕ ਸਾਮਰਾਜਵਾਦ ਦਾ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਬਹੁਤ ਡੂੰਘਾ ਅਧਿਐਨ ਕੀਤਾ ਹੈ ਅਤੇ ਉਸ ਨੇ ਸਾਮਾਰਾਜਵਾਦ ਨੂੰ ‘ਪੂੰਜੀਵਾਦ ਦੀ ਉਚਤਮ ਅਵਸਥਾ’ ਦਾ ਨਾਂ ਦਿੱਤਾ ਹੈ।

          ਮਾਰਕਸਵਾਦ ਸਮਾਜਕ ਜੀਵਨ ਅਤੇ ਸਮਾਜਕ ਪ੍ਰਬੰਧ ਵਿਚ ਕਿਰਤ ਦੀ ਪ੍ਰਭੁਤਾ ਨੂੰ ਸਥਾਪਤ ਕਰਦਾ ਹੈ ਅਤੇ ਲੋਕਾਂ ਦੀ ਕਿਰਤ ਸਾਮੱਗਰੀ ਨੂੰ ਹੀ ਮਨੁੱਖੀ ਸਮਾਜ ਦਾ ਅਸਲ ਆਧਾਰ ਸਿੱਧ ਕਰਦਾ ਹੈ। ਇਸ ਦਾ ਨਿਸ਼ਚਾ ਹੈ ਕਿ ‘ਕਿਰਤ ਸੰਸਾਰ ਉੱਤੇ ਰਾਜ ਕਰੇਗੀ।’ ਮਾਰਕਸਵਾਦ ਇਕ ਸ਼੍ਰੇਣੀ–ਰਹਿਤ ਕਮਿਊਨਿਸਟ ਸਮਾਜ ਦੀ ਸਿਰਜਣਾ ਲਈ ਜੂਝ ਰਿਹਾ ਹੈ; ਇਸ ਘੋਲ ਦਾ ਹਰਿਆਵਲ ਦਸਤਾ ਮਜ਼ਦੂਰ ਜਮਾਤ ਹੋਵੇਗੀ। ਕਮਿਊਨਿਜ਼ਮ ਆਰਥਿਕ ਪਕਿਆਈ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਪੱਖ ਤੋ ਸਮਾਜਵਾਦ ਨਾਲੋਂ ਅਗਲੇਰੀ ਅਵਸਥਾ ਹੋਵੇਗੀ।

          ਮਾਰਕਸਵਾਦ ਕੋਈ ਅੰਧ–ਵਿਸ਼ਵਾਸ ਵਾਲਾ ਫ਼ਲਸਫ਼ਾ ਨਹੀਂ, ਸਗੋਂ ਇਹ ਤਰਕਸ਼ੀਲ ਤੇ ਵਿਗਿਆਨਕ ਹੈ ਅਤੇ ਇਸ ਨੂੰ ਵਿਕਾਸਸ਼ੀਲ ਵਿਗਿਆਨ ਵੀ ਕਿਹਾ ਜਾਂਦਾ ਹੈ। ਇਹ ਸਿਧਾਂਤ ਅਤੇ ਅਮਲ ਦੇ ਇਕਸੁਰ ਤੇ ਇਕ ਜਾਨ ਹੋ ਕੇ ਚਲਣ ਦਾ ਹਾਮੀ ਹੈ, ਇਸ ਲਈ ਇਹ ਦਰਸ਼ਨ ਹੋਰ ਸੁਧਾਰਵਾਦੀ ਤੇ ਸ਼ੋਧਵਾਦੀ ਸਿਧਾਂਤਾਂ ਨਾਲੋਂ ਨਿਖੜਿਆ ਹੋਇਆ ਹੈ। ਮਾਰਕਸਵਾਦੀ ਲੈਨਿਨਵਾਦ ਕੇਵਲ ਕਿਤਾਬੀ–ਸਿਧਾਂਤ ਹੀ ਨਹੀਂ ਸਗੋਂ ਇਹ ਸਿਧਾਂਤ ਕਰੋੜਾਂ ਲੋਕਾਂ ਦੇ ਨਿੱਤ ਦੇ ਅਮਲੀ ਜਨ–ਜੀਵਨ ਵਿਚ ਢਲਿਆ ਹੋਇਆ ਹੈ। ਇਸੇ ਲਈ ਮਾਰਕਸਵਾਦ ਨੂੰ ‘ਜ਼ਿੰਦਗੀ ਦਾ ਫ਼ਲਸਫ਼ਾ’ ਵੀ ਕਿਹਾ ਜਾਂਦਾ ਹੈ। ਇਹ ਇਕ ਕ੍ਰਿਆਤਮਕ ਦਰਸ਼ਨ ਹੈ। ਮਾਰਕਸਵਾਦ ਹੋਰ ਕਿਸੇ ਵੀ ਦਰਸ਼ਨ–ਸ਼ਾਸਤ੍ਰ ਨਾਲੋਂ ਗਿਣਾਤਮਕ ਤੇ ਗੁਣਾਤਮਕ ਪੱਖ ਤੋਂ ਵਿਸ਼ਵ ਜਨ ਸੰਖਿਆ ਨਾਲ ਸਭ ਤੋਂ ਵਧੇਰੇ ਜੁੜਿਆ ਹੋਇਆ ਹੈ।

          ਪੰਜਾਬੀ ਸਾਹਿੱਤ ਉੱਤੇ ਮਾਰਕਸਵਾਦ ਦਾ ਗੂੜ੍ਹਾ ਪ੍ਰਭਾਵ ਪਿਆ ਹੈ। ਸਿਰਜਨਾਤਮਕ ਸਾਹਿੱਤਕਾਰਾਂ ਨੇ ਵੀਹਵੀਂ ਸਦੀ ਦੀ ਪਹਿਲੀ ਚੌਥਾਈ ਤੋਂ ਪਿੱਛੋਂ ਲਗਭਗ ਸਾਹਿੱਤ ਦੇ ਹਰ ਰੂਪ ਵਿਚ ਇਸ ਸਿਧਾਂਤ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਸਾਹਿੱਤ ਆਲੋਚਨਾ ਦੇ ਖੇਤਰ ਵਿਚ ਮਾਰਕਸਵਾਦੀ ਆਲੋਚਨਾ ਇਕ ਪ੍ਰਮੁੱਖ ਪ੍ਰਣਾਲੀ ਹੈ ਜਿਸ ਦੇ ਸੰਚਾਲਕ ਪ੍ਰੋ. ਸੰਤ ਸਿੰਘ ਸੇਖੋਂ ਹਨ।

          ਮਾਰਕਸਵਾਦ ਨੂੰ ਆਧੁਨਿਕ ਯੁੱਗ ਵਿਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਤੇ ਯੁੱਗ–ਪਲਟਾਊ ਸਿਧਾਂਤ ਮੰਨਿਆ ਜਾਂਦਾ ਹੈ। ਇਹ ਪ੍ਰੋਲਤਾਰੀ ਲੋਕਾਂ ਦੇ ਜੁਝਾਰੂ ਅਮਲ ਦਾ ਸੱਚਾ ਰਾਹਨੁਮਾ ਤੇ ਸ਼ਕਤੀਸ਼ਾਲੀ ਹਥਿਆਰ ਹੈ।

          [ਸਹਾ. ਗ੍ਰੰਥ––Karl Marx : Capital (3 Volumes), German Ideology; Karl Marx and   Fredrick Engles : Selected Works; Mao Tse–Tung : Selected works of Mao Tse Tung; Emile Burns : What is Marxism; M. Cornforth :Historical Materialism; ਲੈਨਿਨ : ‘ਲੈਨਿਨ ਦੀ ਚੋਣਵੀਂ ਰਚਨਾ’ (ਦੋ ਜਿਲਦਾਂ); ਗੁਰਬਚਨ ਸਿੰਘ ਭੁੱਲਰ : ‘ਅਰਥ ਸ਼ਾਸਤਰ ਅਤੇ ਰਾਜਨੀਤੀ ਦਾ ਸ਼ਬਦਕੋਸ਼’]


ਲੇਖਕ : ਡਾ. ਅਜਮੇਰ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.