ਮਿਲਟਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਿਲਟਨ : ਅੰਗਰੇਜ਼ੀ ਕਵੀ ਜਾਨ ਮਿਲਟਨ (John Milton) ਆਪਣੇ ਵਿਸ਼ਵ-ਪ੍ਰਸਿੱਧ ਮਹਾਂਕਾਵਿ ਪੈਰਾਡਾਈਜ਼ ਲਾਸਟ ਲਈ ਪ੍ਰਸਿੱਧ ਹੈ। ਆਪਣੇ ਜੀਵਨ ਦੌਰਾਨ ਉਹ ਆਪਣੇ ਵਿਚਾਰਾਂ ਕਰ ਕੇ ਵਾਦ-ਵਿਵਾਦ ਦਾ ਵਿਸ਼ਾ ਬਣਿਆ ਰਿਹਾ। ਉਹ ਸੁਤੰਤਰਤਾ ਦਾ ਹਾਮੀ ਅਤੇ ਪਿਆਰ- ਆਧਾਰਿਤ ਵਿਆਹ ਜਾਂ ਪ੍ਰੇਮ-ਵਿਆਹ ਦਾ ਵੀ ਹਾਮੀ ਸੀ। ਉਸ ਦਾ ਮੱਤ ਸੀ ਕਿ ਲੇਖਕ ਨੂੰ ਆਪਣੀਆਂ ਰਚਨਾਵਾਂ ਬਿਨਾਂ ਕਿਸੇ ਡਰ ਜਾਂ ਭੈਅ ਦੇ ਛਾਪਣ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ। ਮਿਲਟਨ ਦਾ ਜੀਵਨ- ਕਾਲ ਵੱਡੇ ਪਰਿਵਰਤਨਾਂ ਦਾ ਸਮਾਂ ਸੀ। ਜੀਵਨ ਵਿੱਚ ਤਬਦੀਲੀਆਂ ਵਾਪਰ ਰਹੀਆਂ ਸਨ ਅਤੇ ਹਵਾ ਵਿੱਚ ਇਨਕਲਾਬ ਸੀ। ਬੇਕਨ, ਸ਼ੇਕਸਪੀਅਰ ਆਦਿ ਬੜੀ ਉੱਚੀ ਪੱਧਰ ਦੀ ਸਾਹਿਤਿਕ ਰਚਨਾ ਕਰ ਰਹੇ ਸਨ। ਇਜ਼ਾਕ ਨਿਊਟਨ ਵਿਗਿਆਨ ਦੇ ਖੇਤਰ ਵਿੱਚ ਮੱਲਾਂ ਮਾਰ ਰਿਹਾ ਸੀ, ਪੂੰਜੀਵਾਦ ਨੇ ਪੈਰ ਜਮਾਉਣੇ ਅਰੰਭ ਕਰ ਦਿੱਤੇ ਸਨ। ਬਰਤਾਨਵੀ ਸਾਮਰਾਜ ਦੀ ਨੀਂਹ ਰੱਖ ਦਿੱਤੀ ਗਈ ਸੀ ਅਤੇ ਬਰਤਾਨੀਆ ਇੱਕ ਸਮੁੰਦਰੀ ਸ਼ਕਤੀ ਵਜੋਂ ਉੱਭਰਨ ਲੱਗ ਪਿਆ ਸੀ।
ਜਾਨ ਮਿਲਟਨ ਦਾ ਪਿਤਾ ਕਈ ਕੰਮ ਕਰਦਾ ਸੀ। ਉਹ ਸ਼ਾਹੂਕਾਰ, ਅਰਜ਼ੀ-ਨਵੀਸੀ ਅਤੇ ਵਕਾਲਤ ਕਰਦਾ ਸੀ ਅਤੇ ਇੱਕ ਨਿਪੁੰਨ ਸੰਗੀਤਕਾਰ ਵੀ ਸੀ। ਜਾਨ ਮਿਲਟਨ ਨੇ ਆਪਣੇ ਪਿਤਾ ਤੋਂ ਹੀ ਸੰਗੀਤ ਸਿੱਖਿਆ ਲਈ ਅਤੇ ਇਸ ਸਿਖਲਾਈ ਕਾਰਨ ਉਸ ਦੀ ਕਵਿਤਾ ਉੱਤੇ ਸੰਗੀਤ ਦਾ ਡੂੰਘਾ ਪ੍ਰਭਾਵ ਹੈ। ਪਿਤਾ ਚਾਹੁੰਦਾ ਸੀ ਕਿ ਮਿਲਟਨ ਇੱਕ ਵਿਦਵਾਨ ਬਣੇ ਅਤੇ ਉਹ ਬਚਪਨ ਵਿੱਚ ਹੀ ਅੱਧੀ-ਅੱਧੀ ਰਾਤ ਪੜ੍ਹਨ ਲੱਗ ਪਿਆ।ਬੜੀ ਛੋਟੀ ਉਮਰ ਵਿੱਚ ਹੀ ਉਸ ਨੇ ਲਾਤੀਨੀ ਅਤੇ ਯੂਨਾਨੀ ਭਾਸ਼ਾ ਦੇ ਪ੍ਰਸਿੱਧ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਲਈਆਂ ਸਨ। ਮਿਲਟਨ ਲਿਖਦਾ ਹੈ ਕਿ ਜਦੋਂ ਉਸ ਨੇ ਕਈ ਭਾਸ਼ਾਵਾਂ ਸਿੱਖ ਲਈਆਂ ਤਾਂ ਫ਼ਿਲਾਸਫ਼ੀ ਵਿੱਚ ਵੀ ਮੁਹਾਰਤ ਪ੍ਰਾਪਤ ਕਰ ਲਈ। ਪੰਦਰ੍ਹਾਂ ਸਾਲਾਂ ਦੀ ਉਮਰ ਵਿੱਚ ਉਸ ਨੂੰ ਕੈਂਬ੍ਰਿਜ ਦੇ ਕਰਾਈਸਟ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੇ ਚਰਚ ਦਾ ਪਾਦਰੀ ਬਣਨ ਨੂੰ ਆਪਣਾ ਜੀਵਨ-ਉਦੇਸ਼ ਮਿਥਿਆ। ਆਪਣੇ ਅਧਿਆਪਕ ਨਾਲ ਮੱਤ-ਭੇਦਾਂ ਕਾਰਨ ਉਸ ਨੂੰ 1626 ਵਿੱਚ ਕੁਝ ਚਿਰ ਲਈ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਇਸ ਸਮੇਂ ਨੂੰ ਉਸ ਨੇ ਡੂੰਘੇ ਅਧਿਐਨ ਲਈ ਵਰਤਿਆ। ਕਾਲਜ ਵਿੱਚ ਮੁੜ ਦਾਖ਼ਲ ਕੀਤੇ ਜਾਣ ਉਪਰੰਤ ਉਸ ਨੇ ਤਰਕ-ਸ਼ਾਸਤਰ, ਨੈਤਿਕਤਾ, ਯੂਨਾਨੀ, ਲਾਤੀਨੀ ਅਤੇ ਹੀਬਰਿਊ ਦਾ ਅਧਿਐਨ ਕੀਤਾ। ਵਿਸ਼ੇਸ਼ ਵਿਅਕਤੀਆਂ ਦੇ ਮਰਨ ਉੱਤੇ ਉਹ ਲਾਤੀਨੀ ਭਾਸ਼ਾ ਵਿੱਚ ਕਵਿਤਾਵਾਂ ਲਿਖਣ ਲੱਗ ਪਿਆ। ਕੈਂਬ੍ਰਿਜ ਵਿੱਚ ਰਹਿੰਦਿਆਂ ਹੀ ਉਸ ਨੇ ਅੰਗਰੇਜ਼ੀ ਕਵਿਤਾ ਲਿਖਣੀ ਅਰੰਭ ਕੀਤੀ। ਇੱਥੇ ਹੀ ਉਸ ਨੇ ਲ-ਅਲੈਗਰੋ ਅਤੇ ਇਲ-ਪੈਨਸਰੋਸੋ ਲਿਖੀਆਂ ਜਿਨ੍ਹਾਂ ਵਿੱਚ ਪ੍ਰਸੰਨ ਵਿਅਕਤੀ ਅਤੇ ਗੰਭੀਰ ਵਿਅਕਤੀਆਂ ਦੇ ਚਰਿੱਤਰਾਂ ਨੂੰ ਉਘਾੜਿਆ। ਇਹ ਦੋਵੇਂ ਸਥਿਤੀਆਂ ਵਾਸਤਵ ਵਿੱਚ ਮਿਲਟਨ ਦੇ ਆਪਣੇ ਚਰਿੱਤਰ ਦੇ ਪੱਖ ਸਨ।
ਪੜ੍ਹਾਈ ਉਪਰੰਤ ਉਹ ਟਿਕ ਕੇ ਧਰਮ, ਇਤਿਹਾਸ, ਗਣਿਤ ਅਤੇ ਸਾਹਿਤ ਦਾ ਡੂੰਘਾ ਅਧਿਐਨ ਕਰਨ ਲੱਗ ਪਿਆ। ਉਹ ਨਾਟਕ ਨਾਲ ਵੀ ਜੁੜਿਆ ਹੋਇਆ ਸੀ। ਆਪਣੀ ਕਵਿਤਾ ਲਿਸੀਡਸ (1637) ਵਿੱਚ ਮਿਲਟਨ ਪੁੱਛਦਾ ਹੈ ਕਿ ਪਰਮਾਤਮਾ ਚੰਗੇ ਬੰਦਿਆਂ ਨੂੰ ਕਿਉਂ ਅਤੇ ਕਿਵੇਂ ਜਲਦੀ ਮਾਰ ਦਿੰਦਾ ਹੈ। ਭਾਵੇਂ ਉਸ ਨੇ ਪਾਦਰੀ ਬਣਨ ਦਾ ਵਿਚਾਰ ਤਿਆਗ ਦਿੱਤਾ ਸੀ ਪਰ ਉਹ ਪ੍ਰੋਟੈਸਟੈਂਟ ਮਤ ਨੂੰ ਪੱਕੇ ਪੈਰੀਂ ਸਥਾਪਿਤ ਕਰਨ ਲਈ ਸਦਾ ਹੀ ਯਤਨਸ਼ੀਲ ਰਿਹਾ।
1638-39 ਵਿੱਚ ਮਿਲਟਨ ਫ਼੍ਰਾਂਸ ਅਤੇ ਇਟਲੀ ਦੀ ਯਾਤਰਾ ਤੇ ਨਿਕਲਿਆ। ਉਹ ਭਰਵੇਂ ਸਰੀਰ ਵਾਲਾ ਸੋਹਣਾ ਜਵਾਨ ਅਤੇ ਡੂੰਘੀ ਤੱਕਣੀ ਵਾਲਾ ਨਿਪੁੰਨ ਵਿਦਵਾਨ ਸੀ। ਉਹ ਯੂਨਾਨ ਵੀ ਜਾਣਾ ਚਾਹੁੰਦਾ ਸੀ ਪਰ ਇੰਗਲੈਂਡ ਵਿੱਚ ਸਥਿਤੀ ਵਿਗੜਨ ਕਰ ਕੇ ਉਹ ਇਸ ਉਦੇਸ਼ ਨਾਲ ਵਾਪਸ ਆ ਗਿਆ ਕਿ ਰਾਜਸੀ ਉਥਲ-ਪੁਥਲ ਵਿੱਚ ਉਹ ਸੁਤੰਤਰਤਾ ਦਾ ਪੱਖ ਪੂਰ ਸਕੇ।
1640 ਤੋਂ 1660 ਦਾ ਦੋ ਦਹਾਕਿਆਂ ਦਾ ਸਮਾਂ ਮਿਲਟਨ ਦੇ ਜੀਵਨ ਦਾ ਫ਼ੈਸਲਾਕੁੰਨ ਸਮਾਂ ਸੀ। ਉਸ ਨੇ ਪਰਮਾਤਮਾ ਅਤੇ ਆਪਣੇ ਦੇਸ ਪ੍ਰਤਿ ਆਪਣਾ ਜੀਵਨ ਅਰਪਨ ਕਰਨ ਦਾ ਨਿਸ਼ਚਾ ਕੀਤਾ। ਮਿਲਟਨ ਆਪਣੇ ਸਮੇਂ ਦਾ ਅਗਾਂਹ ਵਧੂ ਚਿੰਤਕ ਸੀ। ਉਹ ਪਾਦਰੀਆਂ ਦੇ ਸਮਾਜ ਉੱਤੇ ਕੰਟਰੋਲ ਵਿਰੁੱਧ ਸੀ, ਪ੍ਰੇਮ-ਵਿਆਹ ਦੇ ਪੱਖ ਵਿੱਚ ਸੀ ਅਤੇ ਤਲਾਕ ਦੇ ਹੱਕ ਵਿੱਚ ਸੀ। ਉਹ ਚਾਹੁੰਦਾ ਸੀ ਕਿ ਸਿੱਖਿਆ ਦੇ ਖੇਤਰ ਵਿੱਚ ਸੋਚਣ ਅਤੇ ਆਪਣੇ ਵਿਚਾਰ-ਪ੍ਰਗਟਾਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਮਿਲਟਨ ਪ੍ਰਗਟਾਵੇ ਦੀ ਅਜ਼ਾਦੀ ਦਾ ਹਿਮਾਇਤੀ ਸੀ।
ਉਸ ਦੇ ਵਿਚਾਰ ਉਸ ਵੇਲੇ ਦੇ ਪਰੰਪਰਾਗਤ ਸਮਾਜ ਵਿੱਚ ਪ੍ਰਵਾਨ ਹੋਣ ਵਾਲੇ ਨਹੀਂ ਸਨ ਸੋ ਉਸ ਨੂੰ ਆਪਣੇ ਵਿਚਾਰਾਂ ਦੀ ਭੰਡੀ ਦਾ ਸਾਮ੍ਹਣਾ ਕਰਨਾ ਪਿਆ। ਉਹ ਸ਼ਹਿਰੀਆਂ ਦੇ ਹੱਕਾਂ, ਅਧਿਕਾਰਾਂ ਅਤੇ ਸ਼ਕਤੀਆਂ ਦੀ ਵਕਾਲਤ ਕਰਦਾ ਸੀ। ਕੁਝ ਅਰਸੇ ਤੋਂ ਮਿਲਟਨ ਦੀ ਨਜ਼ਰ ਕਮਜ਼ੋਰ ਹੋ ਰਹੀ ਸੀ ਅਤੇ 1652 ਵਿੱਚ ਉਹ ਪੂਰੀ ਤਰ੍ਹਾਂ ਅੰਨ੍ਹਾ ਹੋ ਗਿਆ ਸੀ। ਉਸ ਨੇ ਸੋਚਿਆ ਸ਼ਾਇਦ ਪਰਮਾਤਮਾ ਨੂੰ ਉਸ ਦੀ ਸੇਵਾ ਪ੍ਰਵਾਨ ਨਹੀਂ ਸੀ। ਇਸ ਸਮੇਂ ਉਸ ਨੇ ਇੱਕ ਕਵਿਤਾ ਲਿਖੀ ਅਤੇ ਇਸ ਕਵਿਤਾ ਦੀ ਲਾਈਨ, ‘ਜਿਹੜੇ ਸਬਰ ਨਾਲ ਉਡੀਕਦੇ ਹਨ, ਉਹ ਵੀ ਪਰਮਾਤਮਾ ਦੀ ਸੇਵਾ ਹੀ ਕਰਦੇ ਹਨ`, ਵਿਸ਼ਵ ਭਰ ਵਿੱਚ ਪ੍ਰਸਿੱਧ ਹੋਈ।
ਆਪਣੇ ਰਾਜਨੀਤਿਕ ਵਿਚਾਰਾਂ ਕਰ ਕੇ ਮਿਲਟਨ ਨੂੰ ਤੰਗ ਕੀਤਾ ਗਿਆ ਅਤੇ ਕੈਦ ਵੀ ਰੱਖਿਆ ਗਿਆ। 1663 ਵਿੱਚ ਉਸ ਨੇ ਐਲਿਜ਼ਾਬੈੱਥ ਮਿਨਸ਼ੈਲ ਨਾਲ ਵਿਆਹ ਕੀਤਾ ਅਤੇ 1667 ਵਿੱਚ ਉਸ ਦਾ ਮਹਾਂਕਾਵਿ ਪੈਰਾਡਾਈਜ਼ ਲਾਸਟ ਛਪਿਆ ਜਿਸ ਵਿੱਚ ਮਨੁੱਖ ਦੇ ਬਹਿਸ਼ਤ ਵਿੱਚੋਂ ਕੱਢੇ ਜਾਣ ਦੀ ਈਸਾਈ ਧਰਮ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਚਾਰ ਸਾਲ ਮਗਰੋਂ ਮਹਾਂਕਾਵਿ ਪੈਰਾਡਾਈਜ਼ ਰੀਗੇਨਡ ਪ੍ਰਕਾਸ਼ਿਤ ਹੋਇਆ। ਪੈਰਾਡਾਈਜ਼ ਲਾਸਟ ਨਾਲ ਮਿਲਟਨ ਨੂੰ ਇੱਕ ਮਹਾਨ ਕਵੀ ਵਜੋਂ ਸਵੀਕਾਰ ਕੀਤਾ ਗਿਆ। ਕਿਉਂਕਿ ਇਸ ਮਹਾਂਕਾਵਿ ਵਿੱਚ ਸ਼ੈਤਾਨ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ ਸੋ ਮਿਲਟਨ ਤੇ ਦੋਸ਼ ਲੱਗਿਆ ਕਿ ਉਹ ਰੱਬ ਦੇ ਪੱਖ ਵਿੱਚ ਨਹੀਂ ਸਗੋਂ ਸ਼ੈਤਾਨ ਦੇ ਹੱਕ ਵਿੱਚ ਖਲੋਤਾ ਹੋਇਆ ਸੀ। ਇਸ ਮਹਾਂਕਾਵਿ ਵਿੱਚ ਬੜੀ ਵਿਸ਼ਾਲ ਪੱਧਰ ਤੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪਰਮਾਤਮਾ ਅਤੇ ਸ਼ੈਤਾਨ ਦੇ ਵਿਰੋਧਾਂ ਨੂੰ ਪੇਸ਼ ਕਰ ਕੇ, ਅੰਤ ਵਿੱਚ ਪਰਮਾਤਮਾ ਦੀ ਜਿੱਤ ਅਤੇ ਈਸਾ ਦੀ ਬਾਦਸ਼ਾਹਤ ਨੂੰ ਉਸਰਦੇ ਵਿਖਾਇਆ ਹੈ। ਇਹ ਮਹਾਂਕਾਵਿ ਕਾਵਿ-ਕਲਾ ਦਾ ਵੀ ਉਚਤਮ ਨਮੂਨਾ ਹੈ। ਇਸ ਮਹਾਂਕਾਵਿ ਵਿੱਚ ਕਵੀ ਨੇ ਆਪਣੇ ਵਿਸ਼ਾਲ ਗਿਆਨ ਅਤੇ ਡੂੰਘੇ ਅਨੁਭਵ ਦੇ ਦਰਸ਼ਨ ਕਰਵਾਏ ਹਨ। ਪੈਰਾਡਾਈਜ਼ ਲਾਸਟ ਇੱਕ ਛੋਟੇ ਆਕਾਰ ਦੀ ਰਚਨਾ ਹੈ ਜਿਸ ਵਿੱਚ ਕਵੀ ਦੱਸਦਾ ਹੈ ਕਿ ਸੱਚਾ ਨਾਇਕ ਤਾਕਤ ਨਾਲ ਨਹੀਂ ਨਿਮਰਤਾ ਨਾਲ ਜਿੱਤਦਾ ਹੈ।
ਕੁਝ ਅਰਸਾ ਮਿਲਟਨ ਦੀ ਇੱਕ ਵਿਦਰੋਹੀ ਅਤੇ ਤਲਾਕ-ਸ਼ੁਦਾ ਪਤੀ ਵਜੋਂ ਭੰਡੀ ਵੀ ਹੋਈ ਪਰ ਉਸ ਦਾ ਸਮਕਾਲੀ ਕਵੀਆਂ ਉੱਤੇ ਡੂੰਘਾ ਪ੍ਰਭਾਵ ਪਿਆ।ਅਠਾਰ੍ਹਵੀਂ ਸਦੀ ਦੇ ਕਵੀਆਂ ਨੇ ਉਸ ਦੀ ਮਹਾਨਤਾ ਨੂੰ ਸਥਾਪਿਤ ਕੀਤਾ। ਵਰਡਜ਼ਵਰਥ ਅਤੇ ਕਾਲਰਿਜ ਨੇ ਮਿਲਟਨ ਨੂੰ ਸਰਬੋਤਮ ਕਵੀ ਦੱਸਿਆ। ਅੰਗਰੇਜ਼ੀ ਕਾਵਿ-ਖੇਤਰ ਵਿੱਚ ਟੀ.ਐਸ.ਈਲੀਅਟ ਦੇ ਆਉਣ ਤੱਕ, ਲਗਪਗ 1920 ਤੱਕ ਮਿਲਟਨ ਦਾ ਮਹੱਤਵ ਨਿਰਵਿਵਾਦ ਬਣਿਆ ਰਿਹਾ ਪਰ ਫਿਰ ਆਲੋਚਕਾਂ ਨੇ ਉਸ ਦਾ ਪੱਖ ਪੂਰਿਆ ਅਤੇ ਉਸ ਨੂੰ ਮਹਾਨ ਕਵੀ ਵਜੋਂ ਮੁੜ ਸਥਾਪਿਤ ਕੀਤਾ। ਨਿਰਸੰਦੇਹ ਅਨੇਕ ਵਿਵਾਦਾਂ ਦੇ ਬਾਵਜੂਦ ਮਿਲਟਨ ਇੱਕ ਮਹਾਨ ਕਵੀ ਹੋਇਆ ਹੈ।
ਲੇਖਕ : ਹਰਗੁਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First