ਯੁੱਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਯੁੱਗ [ਨਾਂਪੁ] ਕਾਲ , ਦੌਰ, ਜ਼ਮਾਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਯੁੱਗ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਯੁੱਗ : ਹਿੰਦੂ ਧਰਮ ਵਿੱਚ ਸਮੇਂ ਨੂੰ ਚਾਰ ਯੁੱਗਾਂ ਵਿੱਚ ਵੰਡਿਆ ਹੈ ਜਿਨ੍ਹਾਂ ਨੂੰ ਯੁੱਗ ਆਖਿਆ ਹੈ। ਯੁੱਗ ਦੇ ਅਰੰਭ ਦਾ ਸਮਾਂ ਸੰਧਯਾ ਤੇ ਸਮਾਪਤੀ ਦਾ ਸਮਾਂ ਸੰਧਯਾਂਸ ਅਖਵਾਉਂਦਾ ਹੈ। ਇਹਨਾਂ ਦੋਹਾਂ ਦਾ ਪ੍ਰਮਾਣ ਹਰ ਇੱਕ ਯੁੱਗ ਦਾ ਦਸਵਾਂ-ਦਸਵਾਂ ਭਾਗ ਹੁੰਦਾ ਹੈ। ਚਾਰ ਯੁੱਗਾਂ ਦੀ ਗਿਣਤੀ ਦੇਵਤਿਆਂ ਦੇ ਵਰ੍ਹਿਆਂ ਅਨੁਸਾਰ ਇਸ ਤਰ੍ਹਾਂ ਹੈ: ਸਤਿਯੁੱਗ: 4000, ਸੰਧਯਾ 400 ਤੇ ਸੰਧਯਾਂਸ 400 (ਕੁੱਲ 4800); ਤ੍ਰੇਤਾ ਯੁੱਗ: 3000, ਸੰਧਯਾਂਸ  : 300 ਸੰਧਯਾਂਸ : 300  (ਕੁੱਲ 3600) ; ਦੁਆਪਰ :  2000,  ਸੰਧਯਾ : 200, ਸੰਧਯਾਂਸ : 200 (ਕੁੱਲ 2400) ; ਕਲਯੁੱਗ : 1000, ਸੰਧਯਾ : 100, ਸੰਧਯਾਂਸ : 100 (ਕੁੱਲ 1200। ਦੇਵਤਿਆਂ ਦਾ ਇੱਕ ਵਰ੍ਹਾ ਲੋਕਾਂ ਦੇ 360 ਵਰ੍ਹਿਆਂ ਦੇ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਮਨੁੱਖ ਦੇ ਵਰ੍ਹਿਆਂ ਅਨੁਸਾਰ ਯੁੱਗਾਂ ਦੀ ਉਮਰ ਇਸ ਪ੍ਰਕਾਰ ਹੈ-ਸਤਿਯੁੱਗ : 1, 728,000; ਤ੍ਰੇਤਾ ਯੁੱਗ : 1,296,000 ; ਦੁਆਪਰ : 864,000; ਕਲਯੁੱਗ:  432,000 ਸਾਲ ਤੇ ਇਹਨਾਂ ਚਾਰ ਯੁੱਗਾਂ ਦਾ ਸਮਾਂ ਹੈ 4320,000 ਵਰ੍ਹੇ।

ਯੁੱਗਾਂ ਦੀ ਇੱਕ ਚੌਕੜੀ ਦਾ ਨਾਮ ਮਹਾਂ ਯੁੱਗ ਹੈ। ਦੋ ਹਜ਼ਾਰ ਵਰ੍ਹਿਆਂ ਦਾ ਇੱਕ ਕਲਪ ਹੁੰਦਾ ਹੈ ਜੋ ਬ੍ਰਹਮਾ ਦੇ ਇੱਕ ਦਿਨ ਅਤੇ ਇੱਕ ਰਾਤ ਦੇ ਬਰਾਬਰ ਮੰਨਿਆ ਜਾਂਦਾ ਹੈ।

ਸਤਿਯੁੱਗ ਨੂੰ ਉੱਤਮ ਯੁੱਗ ਮੰਨਿਆ ਹੈ ਕਿਉਂਕਿ ਇਸ ਵਿੱਚ ਲੋਕ ਸ਼ੁੱਭ ਕਰਮ ਕਰਦੇ ਹਨ। ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਹੁੰਦਾ ਤੇ ਇੱਛਾਵਾਂ ਵੀ ਬਹੁਤ ਘੱਟ ਹੁੰਦੀਆਂ ਸਨ ਤੇ ਉਹ ਵੀ ਥੋੜ੍ਹੇ ਜਿਹੇ ਯਤਨ ਨਾਲ ਪੂਰੀਆਂ ਹੋ ਜਾਂਦੀਆਂ ਸਨ। ਕਲ-ਕਲੇਸ਼, ਸੰਕਟ, ਈਰਖਾ, ਹਉਮੈ, ਅਹੰਕਾਰ, ਅਭਿਮਾਨ ਦੁੱਖ ਆਦਿ ਸ਼ਬਦ ਇਸ ਯੁੱਗ ਵਿੱਚ ਹੈ ਹੀ ਨਹੀਂ ਸਨ। ਪੂਰਨ ਧਰਮ ਦੇ ਇਸ ਯੁੱਗ ਵਿੱਚ ਸਭ ਕਾਰਜ ਸੁੱਖ ਸ਼ਾਂਤੀ ਨਾਲ ਨਿਪਟ ਜਾਂਦੇ ਹਨ। ਹਰ ਇੱਕ ਜਾਤ ਦੇ ਮਨੁੱਖ ਆਪੋ-ਆਪਣਾ ਨੇਮ ਤੇ ਧਰਮ ਨਿਭਾਈ ਜਾ ਰਹੇ ਸਨ। ਸਾਰੇ ਮਨੁੱਖਾਂ ਦਾ ਧਰਮ ਇੱਕ ਹੀ ਸੀ। ਇਸ ਯੁੱਗ ਵਿੱਚ ਧਰਮ ਦੇ ਚਾਰ ਪੈਰ ਸਨ। ਇਸ ਯੁੱਗ ਨੂੰ ਸੋਨੇ ਦਾ ਯੁੱਗ ਕਿਹਾ ਜਾਂਦਾ ਹੈ।

ਤ੍ਰੇਤਾ ਯੁੱਗ : ਦੇਖਿਆ ਜਾਵੇ ਤਾਂ ਸਤਿਯੁੱਗ ਮਗਰੋਂ ਦੁਆਪਰ ਭਾਵ ਦੂਸਰਾ ਯੁੱਗ ਆਉਣਾ ਚਾਹੀਦਾ ਸੀ ਪਰ ਆਇਆ ਤ੍ਰੇਤਾ ਭਾਵ ਤੀਸਰਾ ਯੁੱਗ। ਇਸ ਪਰਿਵਰਤਨ ਦਾ ਕਾਰਨ ਪੁਰਾਣਿਕ ਸਾਹਿਤ ਵਿੱਚ ਇਹ ਦੱਸਿਆ ਹੈ ਕਿ ਜਦੋਂ ਚੰਦਰਮਾ ਨੇ ਗੌਤਮ ਰਿਸ਼ੀ ਦਾ ਸਰੂਪ ਧਾਰਨ ਕਰਕੇ ਅਹਲਿਆ ਦਾ ਸਤ ਭੰਗ ਕਰ ਦਿੱਤਾ ਤਾਂ ਰਿਸ਼ੀ ਨੇ ਅਹਲਿਆ ਨੂੰ ਸ੍ਰਾਪ ਦੇ ਦਿੱਤਾ ਕਿ ਤ੍ਰੇਤੇ ਯੁੱਗ ਤੱਕ ਤੂੰ ਪੱਥਰ ਦੀ ਸਿਲ ਬਣੀ ਰਹਿ। ਤ੍ਰੇਤੇ ਯੁੱਗ ਵਿੱਚ ਸ੍ਰੀ ਰਾਮ ਚੰਦਰ ਦੀ ਚਰਨ ਛੁਹ ਨਾਲ ਤੇਰੀ ਮੁਕਤੀ ਹੋਵੇਗੀ। ਸਤਿਯੁੱਗ ਵਿੱਚ ਮਿਲੇ ਸ੍ਰਾਪ ਨੂੰ ਦੋ ਯੁੱਗ ਤੱਕ ਸਹਿਨ ਤੋਂ ਬਚਾਣ ਲਈ ਅਹਲਿਆ ਨੇ ਪ੍ਰਭੂ ਅੱਗੇ ਅਰਦਾਸ ਕੀਤੀ ਕਿ ਮੈਂ ਨਿਰਦੋਸ਼ ਹਾਂ। ਜੋ ਹੋਇਆ ਹੈ ਉਹ ਧੋਖੇ ਨਾਲ ਹੋਇਆ ਹੈ। ਮੇਰੀ ਮੁਕਤੀ ਜਲਦੀ ਕਰੋ ਤਾਂ ਭਗਵਾਨ ਨੇ ਦੁਆਪਰ ਦੀ ਥਾਂ ਪਹਿਲਾਂ ਤ੍ਰੇਤੇ ਯੁੱਗ ਨੂੰ ਆਉਣ ਦਾ ਹੁਕਮ ਦਿੱਤਾ ਜਿਸ ਕਾਰਨ ਇਹ ਦੁਆਪਰ ਤੋਂ ਪਹਿਲਾਂ ਵਰਤ ਗਿਆ ਸੀ। ਇਹ ਯੁੱਗ ਯੱਗ ਪ੍ਰਧਾਨ ਸੀ। ਹਰ ਪਾਸੇ ਯੱਗ ਕੀਤੇ ਜਾਂਦੇ ਸਨ। ਨਰ ਬਲੀ ਵੀ ਦਿੱਤੀ ਜਾਂਦੀ ਸੀ ਤੇ ਪਸ਼ੂ ਬਲੀ ਵੀ। ਹੋਮ ਪੂਜਨ, ਕਰਮਕਾਂਡ ਆਦਿ ਅਰੰਭ ਹੋ ਗਏ ਸਨ। ਲੋਕ ਸੱਚ ਤਾਂ ਬੋਲਦੇ ਸਨ ਪਰ ਆਪਣੇ ਹਿਤ ਦਾ ਧਿਆਨ ਰੱਖ ਕੇ ਕੰਮ ਕਰਦੇ ਸਨ। ਧਰਮ ਦੇ ਤਿੰਨ ਪੈਰ ਰਹਿ ਗਏ ਸਨ। ਲੋਕ ਭਗਤੀ ਵੀ ਕਿਸੇ ਕਾਮਨਾ ਜਾਂ ਮਨੋਰਥ ਦੀ ਪੂਰਤੀ ਲਈ ਕਰਦੇ ਸਨ। ਤ੍ਰੇਤੇ ਨੂੰ ਚਾਂਦੀ ਦਾ ਯੁੱਗ ਆਖਿਆ ਜਾਂਦਾ ਹੈ।

ਦੁਆਪਰ ਯੁੱਗ : ਇਸ ਵਿੱਚ ਨੇਕੀ ਅੱਧੀ ਰਹਿ ਗਈ ਸੀ ਅਤੇ ਇਸ ਯੁੱਗ ਵਿੱਚ ਚਾਰ ਵੇਦ ਹੋ ਗਏ ਸਨ। ਕੋਈ ਚਾਰ ਵੇਦਾਂ ਦਾ ਪਾਠ ਕਰਨ ਲਈ ਆਖਦਾ, ਕੋਈ ਤਿੰਨ, ਕੋਈ ਦੋ, ਕੋਈ ਇੱਕ ਵੇਦ ਦਾ। ਲੋਕ ਝੂਠ ਬੋਲਣ ਲੱਗ ਪਏ ਸਨ। ਕਰਮਕਾਂਡ ਬਹੁਤ ਵੱਧ ਗਿਆ ਸੀ। ਕੁਝ ਭਵਿੱਖ ਦਰਸੀ ਸਾਧੂ ਦੀ ਆਮਦ ਨੂੰ ਦੇਖ ਕੇ ਤਪ ਤੇ ਯੱਗ ਕਰਨ ਲੱਗ ਪਏ ਸਨ। ਸ੍ਵਰਗ ਦੀ ਪ੍ਰਾਪਤੀ ਲਈ ਭਗਤੀ ਕੀਤੀ ਜਾਂਦੀ ਸੀ। ਬਹੁਤ ਲੋਕ ਸਤਿ ਮਾਰਗ ਤੋਂ ਪਰ੍ਹੇ ਹੋ ਗਏ ਸਨ ਜਿਸ ਕਾਰਨ ਕਈ ਵਿਆਧੀਆਂ ਤੇ ਉਪਾਧੀਆਂ ਕਰਮਾਂ ਅਨੁਸਾਰ ਆ ਰਹੀਆਂ ਸਨ, ਜਿਸ ਨਾਲ ਸੰਤਾਪ ਭੋਗਣ ਵਾਲੇ ਲੋਕ ਤਪ ਕਰਨ ਲੱਗ ਪਏ ਸਨ। ਕਈ ਸ੍ਵਰਗ ਦੇ ਸੁੱਖ ਪ੍ਰਾਪਤ ਕਰਨ ਲਈ ਯੱਗ ਕਰ ਰਹੇ ਸਨ ਪਰ ਲੋਕਾਂ ਦੀ ਬੁੱਧੀ ਮਲੀਨ ਹੁੰਦੀ ਚਲੀ ਗਈ ਸੀ। ਦੁਆਪਰ ਨੂੰ ਤਾਂਬੇ ਦਾ ਯੁੱਗ ਕਿਹਾ ਜਾਂਦਾ ਹੈ।

ਕਲਯੁੱਗ : ਇਸ ਵਿੱਚ ਨੇਕੀ ਕੇਵਲ ਚੌਥਾ ਹਿੱਸਾ ਹੀ ਰਹਿ ਗਈ ਸੀ। ਵੇਦਾਂ ਦੇ ਨਿਯਮ, ਸ਼ਾਸਤਰਾਂ ਦੀ ਸਿੱਖਿਆ, ਯੱਗ, ਹੋਮ ਆਦਿ ਸਭ ਬੰਦ ਹੋ ਗਏ ਸਨ। ਇਹ ਆਤਮਿਕ ਅਤੇ ਨੈਤਿਕ ਨਿਘਾਰ ਦਾ ਸਮਾਂ ਸੀ। ਰੋਗ ਸੋਗ, ਸੰਤਾਪ, ਕ੍ਰੋਧ, ਭੁੱਖ, ਭੈ ਆਦਿ ਵੱਧ ਗਏ ਸਨ। ਇਸ ਨੂੰ ਕੈਂਹੇ ਜਾਂ ਕਾਂਸੀ ਦਾ ਯੁੱਗ ਆਖਿਆ ਜਾਂਦਾ ਹੈ। ਪੁਰਾਣਾਂ ਵਿੱਚ ਉਲੇਖ ਹੈ ਕਿ ਕਲਯੁੱਗ ਇਸ ਕਰਕੇ ਚੰਗਾ ਯੁੱਗ ਹੈ ਕਿ ਇਸ ਵਿੱਚ ਪੁੰਨ ਕਰਨ ਦੇ ਸੰਕਲਪ ਮਾਤਰ ਨਾਲ ਫਲ ਮਿਲਦਾ ਹੈ ਜਦੋਂ ਕਿ ਬਦ ਕਰਮ ਕੇਵਲ ਸਰੀਰ ਨਾਲ ਹੀ ਫਲ ਦਿੰਦੇ ਹਨ। ਘੱਟ ਮਿਹਨਤ ਨਾਲ ਬਹੁਤਾ ਫਲ ਮਿਲਦਾ ਹੈ। ਇਸ ਯੁੱਗ ਵਿੱਚ ਪ੍ਰਭੂ ਸਿਮਰਨ ਕਰਨ ਵਾਲੇ ਨੂੰ ਸਹਿਜੇ ਮੁਕਤੀ ਮਿਲ ਜਾਂਦੀ ਹੈ।

ਸਤਿਯੁੱਗ ਵਿੱਚ ਬੰਦੇ ਦੀ ਉਮਰ ਚਾਰ ਹਜ਼ਾਰ ਸਾਲ; ਤ੍ਰੇਤੇ ਵਿੱਚ ਤਿੰਨ ਹਜ਼ਾਰ ਸਾਲ; ਦੁਆਪਰ ਵਿੱਚ ਦੋ ਹਜ਼ਾਰ ਸਾਲ ਰਹਿ ਗਈ ਸੀ। ਕਲਯੁੱਗ ਵਿੱਚ ਲੋਕਾਂ ਦੀ ਉਮਰ ਦਾ ਕੋਈ ਨਿਯਮ ਨਹੀਂ ਸੀ ਰਹਿ ਗਿਆ।


ਲੇਖਕ : ਬਲਜਿੰਦਰ ਕੌਰ ਜੋਸ਼ੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 9799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-06-02-38-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.