ਯੁੱਧ ਕਰਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Waging war_ਯੁੱਧ ਕਰਨਾ: ਭਾਰਤੀ ਦੰਡ ਸੰਘਤਾ , 1860 ਦੀ ਧਾਰਾ 121 ਅਨੁਸਾਰ ‘‘ਜੋ ਕੋਈ ਭਾਰਤ ਸਰਕਾਰ ਦੇ ਵਿਰੁਧ ਯੁੱਧ ਕਰੇਗਾ, ਅਜਿਹਾ ਯੁੱਧ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਅਜਿਹਾ ਯੁੱਧ ਕਰਨ ਦੀ ਸ਼ਹਿ ਦੇਵੇਗਾ, ਉਸ ਨੂੰ ਮੌਤ ਦੀ ਜਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਉਹ ਜੁਰਮਾਨੇ ਦਾ ਵੀ ਭਾਗੀ ਹੋਵੇਗਾ।’’

       ਮੀਰ ਹਸਨ ਖ਼ਾਨ ਬਨਾਮ ਰਾਜ (ਏ ਆਈ ਆਰ 1951 ਪਟਨਾ 60) ਵਿਚ ਕਿਹਾ ਗਿਆ ਹੈ ਕਿ ‘‘ਯੁੱਧ ਕਰੇਗਾ’’ ਵਾਕੰਸ਼ ਦਾ ਇਕੋ ਇਕ ਮਤਲਬ ਉਸੇ ਤਰ੍ਹਾਂ ਯੁੱਧ ਕਰਨਾ ਹੈ ਜਿਵੇਂ ਯੁੱਧ ਕੀਤਾ ਜਾਂਦਾ ਹੈ। ਬੀਰੇਂਦਰ ਕੁਮਾਰ ਘੋਸ਼ ਬਨਾਮ ਸਹਿਨਸ਼ਾਹ (7 ਆਈ ਸੀ 359) ਵਿਚ ਵੀ ਕਿਹਾ ਗਿਆ ਹੈ ਕਿ ‘‘ਯੁੱਧ ਕਰੇਗਾ’’ ਸ਼ਬਦਾਂ ਦੇ ਅਰਥ ਉਨ੍ਹਾਂ ਦੇ ਸਾਧਾਰਣ ਭਾਵ ਅਨੁਸਾਰ ਲਏ ਜਾਣੇ ਚਾਹੀਦੇ ਹਨ। ਯੁੱਧ ਕਰਨ ਲਈ ਆਦਮ-ਬਲ, ਸ਼ਸਤਰ ਇਕੱਠੇ ਕਰਨ ਜਿਹੇ ਪਰਤੱਖ ਕੰਮਾਂ ਦਾ ਮਤਲਬ ਯੁੱਧ ਕਰਨਾ ਨਹੀਂ ਲਿਆ ਜਾ ਸਕਦਾ। ਮੀਰ ਹਸਨ ਦੇ ਕੇਸ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਅਸਲਾਖ਼ਾਨੇ ਤੇ ਕਬਜ਼ਾ ਕਰ ਲੈਣਾ ਅਤੇ ਸਮਰਪਣ ਕਰਨ ਲਈ ਕਹੇ ਜਾਣ ਤੇ ਉਸ ਤਰ੍ਹਾਂ ਹਾਸਲ ਕੀਤੀਆਂ ਬੰਦੂਕਾਂ ਅਤੇ ਗੋਲੀ ਸਿੱਕੇ ਦੀ ਵਰਤੋਂ ਫ਼ੌਜ ਦੇ ਵਿਰੁਧ ਕਰਨ ਨਾਲ ਵੀ ਯੁਧ ਨਹੀਂ ਗਠਤ ਹੁੰਦਾ। ਯੁੱਧ ਗਠਤ ਕਰਨ ਲਈ ਇਹ ਵਿਖਾਉਣਾ ਜ਼ਰੂਰੀ ਹੈ ਕਿ ਅਸਲਾ ਖ਼ਾਨੇ ਤੇ ਕਬਜ਼ਾ ਕਰਨਾ ਉਨ੍ਹਾਂ ਦੁਆਰਾ ਆਯੋਜਤ ਲੜਾਈ ਦਾ ਭਾਗ ਸੀ ਅਤੇ ਉਨ੍ਹਾਂ ਦਾ ਇਰਾਦਾ ਫ਼ੌਜ ਨੂੰ ਹਾਰ ਦੇ ਕੇ ਵਿਰੋਧੀਆਂ ਨੂੰ ਮਲੀਆ ਮੇਟ ਕਰਨਾ ਸੀ ਅਤੇ ਸਰਕਾਰੀ ਮਸ਼ੀਨਰੀ ਤੇ ਕਬਜ਼ਾ ਕਰਨਾ ਸੀ। ਰਾਜ ਬਨਾਮ ਨਵਜੋਤ ਸੰਧੂ (2005 ਕ੍ਰਿ ਜ3950 ਐਸ ਸੀ) ਵਿਚ ਅਤਿਵਾਦੀ ਅਤਿਅੰਤ ਵਿਕਸਿਤ ਕਿਸਮ ਦੇ ਹੱਥਿਆਰਾਂ ਨਾਲ ਲੈਸ ਹੋ ਕੇ ਸੰਸਦ ਦੇ ਸਦਨ ਵਿਚ ਉਸ ਸਮੇਂ ਜਾ ਵੜੇ ਸਨ ਜਦੋਂ ਸੰਸਦੀ ਕੰਮਕਾਰ ਚਲ ਰਿਹਾ ਸੀ। ਉਸ ਕੇਸ ਵਿਚ ਸਰਵ ਉੱਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ਮਿਰਤਕ ਆਤੰਕਵਾਦੀਆਂ ਦਾ ਇਰਾਦਾ ਬਿਲਾ-ਸ਼ਕ ਕੌਮ ਦੀ ਪ੍ਰਭੂਸੱਤਾ ਅਤੇ ਉਸ ਦੀ ਸਰਕਾਰ ਨਾਲ ਟੱਕਰ ਲੈਣਾ ਸੀ। ਇਹ ਭਾਰਤ ਸਰਕਾਰ ਦੇ ਵਿਰੁਧ ਯੁੱਧ ਕਰਨ ਅਤੇ ਯੁੱਧ ਕਰਨ ਦੀ ਕੋਸ਼ਿਸ਼ ਦੀ ਕੋਟੀ ਵਿਚ ਆਉਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.