ਯੋਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਯੋਗ (ਨਾਂ,ਪੁ) 1 ਗ੍ਰਹਿਆਂ ਦਾ ਮੇਲ; ਚੰਗਾ ਮਹੂਰਤ 2 ਭਗਤੀ; ਧਿਆਨ; ਅਭਿਆਸ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਯੋਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਯੋਗ [ਵਿਸ਼ੇ] ਲਾਇਕ , ਕਾਬਲ, ਸਮਰੱਥ; ਅਨੁਕੂਲ, ਵਾਜਬ , ਸਹੀ [ਨਾਂਪੁ] ਚੰਗਾ ਮਹੂਰਤ , ਸਹੀ ਮੇਲ; ਸਰੀਰਕ ਆਸਣਾਂ ਦਾ ਅਭਿਆਸ; ਉਪਾਸਨਾ , ਸਮਾਧੀ , ਤਪ , ਬੰਦਗੀ [ਪਿਛੇ] ਇੱਕ ਪਿਛੇਤਰ ਜਿਵੇਂ ਜ਼ਿਕਰਯੋਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਯੋਗ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਯੋਗ : ਇਹ ਭਾਰਤੀ ਦਰਸ਼ਨ ਦੀਆਂ ਛੇ ਪੁਰਾਣੀਆਂ ਪ੍ਰਣਾਲੀਆਂ ਵਿੱਚੋਂ ਇਕ ਹੈ ਜਿਸ ਦਾ ਮੋਢੀ ਯਜਨਵਲਕਯਾ ਰਿਸ਼ੀ ਸੀ। ਬਾਅਦ ਵਿਚ ਪਤੰਜਲੀ ਨੂੰ ਇਸ ਦਾ ਮੋਢੀ ਮੰਨਿਆ ਗਿਆ। ਯੋਗ ਮਾਨਸਿਕ ਅਤੇ ਸਰੀਰਕ ਅਨੁਸ਼ਾਸਨ ਦੀ ਅਵਸਥਾ ਨੂੰ ਕਿਹਾ ਜਾਂਦਾ ਹੈ। ਇਸ ਦਾ ਆਰੰਭ ਆਰੀਆ ਲੋਕਾਂ ਤੋਂ ਪਹਿਲੇ ਹੋਇਆ ਸੀ। ਯੋਗ ਦਾ ਸਮਾਂ ਸਿੰਧੂ ਘਾਟੀ ਸਭਿਅਤਾ ਵੇਲੇ ਦਾ ਵੀ ਮੰਨਿਆ ਜਾਂਦਾ ਰਿਹਾ ਹੈ। ਯੋਗ ਜੀਵਨ ਦੀ ਵਿਚਾਰ ਪ੍ਰਣਾਲੀ ਦੀ ਕਾਰਜਸ਼ੀਲ ਅਭਿਵਿਅਕਤੀ ਹੈ ਜਿਸ ਦਾ ਆਧਾਰ ਸਾਂਖਯ ਮਤ ਦਾ ਕਿਰਿਆਤਮਕ ਅਤੇ ਅਧਿਆਤਮਕ ਰੂਪ ਹੈ। ਇਹ ਹਿੰਦੂ ਸਾਧਨਾ ਦਾ ਵਿਸ਼ੇਸ਼ ਗੁਣ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਕ ਦੇਵਤਾ ਵੀ ਯੋਗ ਤੋਂ ਬਿਨਾਂ ਮੁਕਤੀ ਨਹੀਂ ਪਾ ਸਕਦਾ। ਯੋਗ ਸਾਂਖਯ ਦੇ 25 ਨਿਯਮਾਂ ਨੂੰ ਸਵੀਕਾਰ ਕਰਦਾ ਹੈ। ਕਈ ਮਤਾਂ ਵਿਚ ਇਕ ਨਿਯਮ ਵੱਧ ਹੈ ਜਿਸ ਦਾ ਨਾਂ ਈਸ਼ਵਰ ਜਾਂ ਪਰਮਾਤਮਾ ਹੈ ਅਤੇ ਜੋ ਕੇਵਲ ਨਿਰਮਾਤਾ ਅਤੇ ਸੰਹਾਰਕਰਤਾ ਹੀ ਨਹੀਂ ਬਲਕਿ ਉਹ ਹੈ ਜਿਸ ਲਈ ਆਤਮਾ ਸਾਧਨਾ ਕਰਦੀ ਹੈ।

ਯੋਗ ਸ਼ਬਦ ਯੁਜ ਤੋਂ ਬਣਿਆ ਹੈ ਜਿਸਦਾ ਅਰਥ ਹੈ ਯੋਗ ਜਾਂ ਜੁੜਨਾ ਜਿਸ ਰਾਹੀਂ ਕਿ ਮਨੁੱਖ ਦੀ ਆਤਮਾ ਦਾ ਪਰਮਾਤਮਾ ਨਾਲ ਜੁੜਨਾ ਜਾਣਿਆ ਜਾਂਦਾ ਹੈ । ਯੋਗ ਧਾਰਨ ਕਰਨ ਵਾਲੇ ਨੂੰ ਯੋਗੀ ਕਿਹਾ ਜਾਂਦਾ ਹੈ। ਯੋਗ ਦੀਆਂ ਸਭ ਕਲਾਵਾਂ ਨੂੰ ਜੋ ਜਾਣਦਾ ਹੈ ਉਸ ਨੂੰ ‘ਯੋਗਾਰੁੱਧ’ ਕਿਹਾ ਜਾਂਦਾ ਹੈ। ਯੋਗ ਦੇ ਕਈ ਰੂਪ ਹਨ ਜਿਵੇਂ ਸਮਾਧੀ, ਸਿੱਧੀ ਆਦਿ। ਇਨ੍ਹਾਂ ਸ਼ਕਤੀਆਂ ਨੂੰ ਪ੍ਰਾਪਤ ਕਰਨ ਲਈ ‘ਪਥ’ ਜਾਂ ‘ਮਾਰਗ’ ਅਪਣਾਏ ਜਾਂਦੇ ਹਨ। ਇਨ੍ਹਾਂ ਅਵਸਥਾਵਾਂ ਨੂੰ ਪ੍ਰਾਪਤ ਕਰਨ ਉਪਰੰਤ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਰਾਜਯੋਗ ਦੀਆਂ 15 ਅਵਸਥਾਵਾਂ ਹਨ, ਮੰਤਰ ਯੋਗ ਦੀਆਂ 16 ਅਵਸਥਾਵਾਂ ਹਨ, 9 ਭਗਤੀ ਯੋਗ ਦੀਆਂ, 10 ਲੈਅ ਯੋਗ ਦੀਆਂ, ਹੱਠ ਯੋਗ ਦੀਆਂ ਅਵਸਥਾਵਾਂ ਅੱਠ ਹਨ। ਯੋਗ ਦੇ ਰੂਪਾਂ ਵਿੱਚੋਂ ਕਰਮਯੋਗ ਮੁੱਖ ਹੈ। ਇਸ ਅਨੁਸਾਰ ਕਿਹਾ ਗਿਆ ਹੈ ਕਿ ਮੁਕਤੀ ਦਾ ਸਾਧਨ ਕਰਮ ਹੈ। ਭਗਤੀ ਯੋਗ ਅਨੁਸਾਰ ਰੱਬ ਦੀ ਹੋਂਦ ਉੱਤੇ ਵਿਸ਼ਵਾਸ ਕਰਨ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ। ਜਨਨ ਯੋਗ ਵਿਚ ਗਿਆਨ ਦੁਆਰਾ, ਲੈਅ ਯੋਗ ਵਿਚ ਚੱਕਰਾਂ ਦੀ ਕਾਰਜਸ਼ੀਲਤਾ ਦੇ ਪ੍ਰਭਾਵ ਦੁਆਰਾ ਮੁਕਤੀ ਮਿਲਦੀ ਹੈ। ਹਠ ਯੋਗ ਵਿਚ ਸਰੀਰਕ ਅਤੇ ਰਾਜਯੋਗ ਵਿਚ ਅਧਿਆਤਮਕ ਸਥਿਤੀ ਦੁਆਰਾ ਮੁਕਤੀ ਮਿਲਣ ਬਾਰੇ ਦੱਸਿਆ ਗਿਆ ਹੈ। ਹਠ ਯੋਗ ਅਨੁਸਾਰ ਸਰੀਰ ਅਤੇ ਇਸ ਦੀਆਂ ਸ਼ਕਤੀਆਂ ਦੀ ਕਾਰਜਸ਼ੀਲਤਾ ਨੂੰ ਸਰੀਰਕ ਸਾਧਨਾ ਦਾ ਹਿੱਸਾ ਦਸਿਆ ਗਿਆ ਹੈ। ਹਠ ਵਿਚ ‘ਹ’ ਅੱਖਰ ਸੂਰਜ ਅਤੇ ‘ਠ’ ਚੰਦਰਮਾ ਨੂੰ ਪ੍ਰਗਟ ਕਰਦਾ ਹੈ ਅਤੇ ਇਹ ਦੋਵੇਂ ਮਨੁੱਖੀ ਸਰੀਰ ਵਿਚ ਪਾਏ ਜਾਂਦੇ ਹਨ। ਹਰ ਵਿਅਕਤੀ ਦੋ ਨਾਸਿਕਾਵਾਂ ਤੋਂ ਸਾਹ ਲੈਂਦਾ ਹੈ। ਸਰੀਰ ਵਿਚ ਸੂਰਜ ਅਤੇ ਚੰਦਰਮਾ ਦੇ ਮੇਲ ਦੀ ਵਿਆਖਿਆ ਕਈ ਤਰ੍ਹਾਂ ਕੀਤੀ ਗਈ ਹੈ। ਹਠ ਯੋਗ ਵਿਚ ਕਈ ਤਰ੍ਹਾਂ ਦੇ ਵਿਯਾਯਾਮ ਅਤੇ ਆਸਣ ਹਨ। ਉਦੇਸ਼ ਦੀ ਪ੍ਰਾਪਤੀ ਲਈ ਹਠ ਯੋਗ ਵਿਚ ਅੱਠ ਅਵਸਥਾਵਾਂ ਹਨ– 1. ਯਮ: ਰੋਕ, ਬਾਹਰੀ ਕੰਟਰੋਲ ਜਿਵੇਂ ਕਿ ਸੰਤੋਖ। 2. ਨਿਯਮ: ਆਂਤਰਿਕ ਕੰਟਰੋਲ, ਜਿਵੇਂ ਕਿ ਤਪੱਸਿਆ। 3. ਆਸਣ:- ਸਰੀਰਕ ਅਵਸਥਾ। 4.ਪ੍ਰਾਣਾਯਮ:- ਸਾਹ ਦਾ ਕੰਟਰੋਲ। 5. ਪ੍ਰਤਿਆਹਾਰ:-ਇੰਦਰੀਆਂ ਦਾ ਕੰਟਰੋਲ। 6. ਧਰਨਾ-ਤਪੱਸਿਆ। 7. ਧਿਆਨ :- ਚਿੰਤਨ। 8. ਸਮਾਧੀ:-ਪਰਾਚੇਤਨਾ ਦੀ ਅਵਸਥਾ। ਪਤੰਜਲੀ ਦੇ ਯੋਗ ਸੂਤਰ ਤੋਂ ਇਲਾਵਾ ਗੋਰਖਨਾਥ ਦੇ ‘ਗੋਰਕਸ਼ਾ ਸਤਾਕਾ’ ਵਿਚ ਵੀ ਇਸ ਦੀਆਂ ਸਿੱਖਿਆਵਾਂ ਦਾ ਵਰਣਨ ਹੈ। ਸਵਾਤਮਰਾਮਾ ਸਵਾਮੀ ਦੇ ‘ਹਠ ਯੋਗ ਪ੍ਰਦੀਪਿਕਾ’ ਵਿਚ ਹਠ ਯੋਗ ਦਾ ਵਿਸਥਾਰ ਪੂਰਵਕ ਵਰਣਨ ਹੈ। ਯੋਗ ਦੇ ਅਸਲੀ ਅਭਿਲਾਸ਼ੀ ਨੂੰ ਰਾਜ ਯੋਗੀ ਅਤੇ ਅਸਲ ਰੂਪ ਵਿਚ ਯੋਗ ਨੂੰ ਰਾਜਯੋਗ ਕਿਹਾ ਜਾਂਦਾ ਹੈ। ਇਸ ਵਿਚ ਮਾਨਸਿਕ ਅਤੇ ਅਧਿਆਤਮਕ ਪੱਖ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਸਰੀਰਕ ਅਵਸਥਾ ਵੱਲ ਧਿਆਨ ਘੱਟ ਦਿੱਤਾ ਜਾਂਦਾ ਹੈ। ਇਸ ਦਾ ਉਦੇਸ਼ ਮਨੁੱਖ ਨੂੰ ਆਪਣੀ ਆਤਮਾ ਅਤੇ ਸਰੀਰ ਦਾ ਸ਼ਾਸਕ ਬਣਾਉਣਾ ਹੈ। ਇਹ ਅਵਸਥਾ ਉੱਤੇ ਪਹੁੰਚਣ ਲਈ ਹਠ ਯੋਗ ਦੀਆਂ ਅੱਠ ਅਵਸਥਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਅਸਲੀ ਅਭਿਲਾਸ਼ੀਆਂ ਵੱਲੋਂ ਚਾਹਿਆ ਜਾਣ ਵਾਲਾ ਯੋਗ ਹੀ ਰਾਜ-ਯੋਗ ਹੈ ਜੋ ਸਰੀਰ ਦੀ ਬਜਾਇ ਮਾਨਸਿਕ ਅਤੇ ਅਧਿਆਤਮਕ ਅਵਸਥਾ ਉੱਤੇ ਜ਼ੋਰ ਦਿੰਦਾ ਹੈ। ਯੋਗ ਦੀ ਸਭ ਤੋਂ ਉੱਚ ਅਵਸਥਾ ਰਾਜ ਅਧਿਰਾਜ ਯੋਗ ਹੈ ਜਿਸ ਨੂੰ ਰਾਜ ਯੋਗ ਦਾ ਰਾਜਾ ਜਾਂ ਮਹਾਂਯੋਗ ਕਿਹਾ ਜਾਂਦਾ ਹੈ। ਇਸ ਦਾ ਬਾਹਰੀ ਰੂਪ ਕੋਈ ਨਹੀਂ। ਦੂਜੇ ਸਾਰੇ ਯੋਗ ਮਿਲਾ ਕੇ ਵੀ ਇਸ ਦੇ ਬਰਾਬਰ ਨਹੀਂ ਹੋ ਸਕਦੇ। ਇਹ ਮਨ ਦੀ ਸਭ ਤੋਂ ਉੱਚੀ, ਪਵਿੱਤਰ ਅਵਸਥਾ ਹੈ ਜਿਸ ਰਾਹੀਂ ਮਨ ਕ੍ਰੋਧ, ਡਰ, ਲੋਭ, ਮੋਹ, ਈਰਖਾ ਅਤੇ ਉਦਾਸੀ ਤੋਂ ਦੂਰ ਹੋ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-12-35-32, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵ. ਕੋ. : 618. ; ਅੇਨ. ਰਿ. ਐਥਿ. : 531

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.