ਰਾਮਗੜ੍ਹੀਆ ਮਿਸਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾਮਗੜ੍ਹੀਆ ਮਿਸਲ: ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿਚੋਂ ਇਕ, ਜਿਸ ਦੀ ਸਥਾਪਨਾ ਲਾਹੌਰ ਜ਼ਿਲ੍ਹੇ ਦੇ ਸੈਦਬੇਗ ਪਿੰਡ ਦੇ ਨਿਵਾਸੀ ਸ. ਭਗਵਾਨ ਸਿੰਘ ਤਖਾਣ ਦੇ ਪੁੱਤਰ ਸ. ਜੱਸਾ ਸਿੰਘ ਨੇ ਕੀਤੀ। ਸ਼ੁਰੂ ਤੋਂ ਹੀ ਜੱਸਾ ਸਿੰਘ ਬੜਾ ਬਹਾਦਰ ਅਤੇ ਨਿਡਰ ਯੋਧਾ ਸੀ। ਆਪਣੇ ਪਿਤਾ ਦੀ ਮ੍ਰਿਤੂ ਤੋਂ ਬਾਦ ਇਸ ਨੇ ਸ. ਨੰਦ ਸਿੰਘ ਦੇ ਜੱਥੇ ਵਿਚ ਸ਼ਾਮਲ ਹੋ ਕੇ ਪੰਥ ਦੇ ਗੌਰਵ ਨੂੰ ਵਧਾਉਣ ਲਈ ਯੁੱਧਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਬਾਦ ਵਿਚ ਖ਼ੁਦ ਇਸ ਜੱਥੇ ਦਾ ਮੁਖੀ ਬਣਿਆ। ਸੰਨ 1748 ਈ. ਵਿਚ ਦਲ ਖ਼ਾਲਸੇ ਦੀ ਸਥਾਪਨਾ ਨਾਲ ਇਸ ਦੇ ਜੱਥੇ ਨੂੰ ਰਾਮਗੜ੍ਹੀਆ ਮਿਸਲ ਦਾ ਨਾਂ ਦਿੱਤਾ ਗਿਆ। ਇਸ ਮਿਸਲ ਨੂੰ ਤਰੁਣਾ ਦਲ ਵਿਚ ਸ਼ਾਮਲ ਕੀਤਾ ਗਿਆ। ਸੰਨ 1748 ਈ. ਵਿਚ ਆਪਣੀ ਸੁਰਖਿਆ ਲਈ ਖ਼ਾਲਸੇ ਨੇ ਅੰਮ੍ਰਿਤਸਰ ਵਿਚ ਇਕ ਕੱਚੀ ਵਲਗਣ ਤਿਆਰ ਕੀਤੀ ਅਤੇ ਉਸ ਦਾ ਨਾਂ ਰਾਮਰਾਉਣੀ ਰਖਿਆ। ਫਿਰ ਰਾਮਰਾਉਣੀ ਵਾਲੇ ਸਥਾਨ ਉਤੇ ਇਕ ਕਿਲ੍ਹਾ ਉਸਾਰਿਆ ਗਿਆ ਅਤੇ ਗੁਰੂ ਰਾਮਾਦਸ ਜੀ ਦੇ ਨਾਂ ਉਤੇ ਉਸ ਦਾ ਨਾਂ ‘ਰਾਮਗੜ੍ਹ ’ ਰਖਿਆ ਗਿਆ। ਕਿਉਂਕਿ ਪੰਥ ਨੇ ਇਹ ਕਿਲ੍ਹਾ ਸ. ਜੱਸਾ ਸਿੰਘ ਦੇ ਹਵਾਲੇ ਕੀਤਾ ਸੀ, ਇਸ ਲਈ ਇਸ ਦੇ ਜੱਥੇ ਅਥਵਾ ਮਿਸਲ ਦਾ ਨਾਂ ‘ਰਾਮਗੜ੍ਹੀਆ ਮਿਸਲ’ ਪ੍ਰਚਲਿਤ ਹੋ ਗਿਆ।

ਸ. ਜੱਸਾ ਸਿੰਘ ਨੇ ਕਨ੍ਹੀਆ ਮਿਸਲ ਦੇ ਸਰਦਾਰ ਜੈ ਸਿੰਘ ਨਾਲ ਮਿਲ ਕੇ ਗੁਰਦਾਸਪੁਰ ਜ਼ਿਲ੍ਹੇ ਦਾ ਬਹੁਤ ਇਲਾਕਾ ਜਿਤਿਆ ਅਤੇ ਆਪਣੀ ਮਿਸਲ ਦੀ ਰਿਆਸਤ ਕਾਇਮ ਕੀਤੀ। ਆਪਣੀ ਬਹਾਦਰੀ ਕਾਰਣ ਦਲ ਖ਼ਾਲਸਾ ਵਿਚ ਇਸ ਦਾ ਵਿਸ਼ੇਸ਼ ਸਥਾਨ ਬਣ ਗਿਆ। ਇਸ ਨੇ ਸੰਨ 1770 ਈ. ਵਿਚ ਕਾਂਗੜਾ ਦੇ ਪਹਾੜੀ ਰਾਜਿਆਂ ਤੋਂ ਖ਼ਿਰਾਜ ਵਸੂਲ ਕੀਤਾ। ਹੋਰਨਾਂ ਮਿਸਲਦਾਰਾਂ ਨਾਲ ਮਿਲ ਕੇ ਇਸ ਨੇ ਅਹਿਮਦਸ਼ਾਹ ਦੁਰਾਨੀ ਨਾਲ ਕਈ ਲੜਾਈਆਂ ਲੜੀਆਂ। ਸੰਨ 1775 ਈ. ਵਿਚ ਦੀਨਾਨਗਰ ਦੀ ਲੜਾਈ ਵੇਲੇ ਇਸ ਨੇ ਭੰਗੀਆਂ ਦੀ ਮਿਸਲ ਦੇ ਸਰਦਾਰਾਂ ਨਾਲ ਰਲ ਕੇ ਕਨ੍ਹੀਆ ਅਤੇ ਸੁਕਰਚਕੀਆ ਮਿਸਲਾਂ ਵਾਲਿਆਂ ਦਾ ਵਿਰੋਧ ਕੀਤਾ ਪਰ ਜੱਸਾ ਸਿੰਘ ਆਹਲੂਵਾਲੀਆ ਨੇ ਇਸ ਨੂੰ ਹਾਂਸੀ, ਹਿਸਾਰ ਵਲ ਖਦੇੜ ਦਿੱਤਾ। ਇਸ ਨੇ ਦਿੱਲੀ ਤਕ ਦਾ ਇਲਾਕਾ ਗਾਹ ਮਾਰਿਆ ਅਤੇ ਸ਼ਹੀਦਾਂ ਵਾਲੀ ਮਿਸਲ ਦੇ ਸ. ਕਰਮ ਸਿੰਘ ਨਾਲ ਮਿਲ ਕੇ ਤੀਹ ਹਜ਼ਾਰ ਘੋੜਚੜ੍ਹਿਆਂ ਨਾਲ ਸਹਾਰਨਪੁਰ ਉਤੇ ਹਮਲਾ ਕੀਤਾ ਅਤੇ ਖ਼ੂਬ ਲੁਟਿਆ।

ਸੰਨ 1783 ਈ. ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਦੇ ਮਰਨ ਉਪਰੰਤ ਇਹ ਪੰਜਾਬ ਵਲ ਪਰਤ ਆਇਆ ਅਤੇ ਸੁਕਰਚਕੀਆ ਮਿਸਲ ਨਾਲ ਰਲ ਕੇ ਕਨ੍ਹੀਆ ਮਿਸਲ ਦੀ ਸ਼ਕਤੀ ਨੂੰ ਦਬੋਚ ਲਿਆ। ਇਸ ਮਿਸਲ ਨੇ ਗੁਰਦਾਸਪੁਰ, ਜਲੰਧਰ ਜ਼ਿਲ੍ਹਿਆਂ ਦੇ ਬਹੁਤ ਸਾਰੇ ਇਲਾਕੇ ਆਪਣੇ ਕਬਜ਼ੇ ਵਿਚ ਕਰ ਲਏ ਅਤੇ ਕਾਂਗੜਾ, ਨੂਰਪੁਰ, ਮੰਡੀ ਅਤੇ ਚੰਬਾ ਦੇ ਪਹਾੜੀ ਰਾਜਿਆਂ ਤੋਂ ਖ਼ਿਰਾਜ ਵਸੂਲ ਕੀਤਾ।

ਸੰਨ 1803 ਈ. ਵਿਚ ਜੱਸਾ ਸਿੰਘ ਦੇ ਦੇਹਾਂਤ ਤੋਂ ਬਾਦ ਇਸ ਦਾ ਲੜਕਾ ਜੋਧ ਸਿੰਘ ਮਿਸਲਦਾਰ ਬਣਿਆ। ਇਸ ਨੇ ਅੰਮ੍ਰਿਤਸਰ ਵਿਚ ਹਰਿਮੰਦਿਰ ਦੇ ਪਰਿਸਰ ਵਿਚ ਰਾਮਗੜ੍ਹੀਆਂ ਦਾ ਬੁੰਗਾ ਉਸਰਵਾਇਆ। ਇਸ ਦੇ ਚਚੇਰੇ ਭਰਾ ਦੀਵਾਨ ਸਿੰਘ ਨੇ ਇਸ ਮਿਸਲ ਦੇ ਕੁਝ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ। ਸੰਨ 1808 ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਮਿਸਲ ਦੀ ਸਾਰੀ ਰਿਆਸਤ ਨੂੰ ਆਪਣੇ ਅਧੀਨ ਕਰ ਲਿਆ ਅਤੇ ਜੋਧ ਸਿੰਘ ਤੇ ਦੀਵਾਨ ਸਿੰਘ ਨੂੰ ਜਾਗੀਰਾਂ ਬਖ਼ਸ਼ ਦਿੱਤੀਆਂ। ਇਸ ਤਰ੍ਹਾਂ ਇਸ ਮਿਸਲ ਦਾ ਅੰਤ ਹੋ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਰਾਮਗੜ੍ਹੀਆ ਮਿਸਲ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰਾਮਗੜ੍ਹੀਆ ਮਿਸਲ : ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ਤੇ ਪ੍ਰਸਿੱਧ ਹੋਈ ਇਸ ਮਿਸਲ ਦੇ ਮੁੱਢ ਵਿਚ ਸ. ਖੁਸ਼ਹਾਲ ਸਿੰਘ ਦਾ ਨਾਉਂ ਆਉਂਦਾ ਹੈ। ਸ. ਖੁਸ਼ਹਾਲ ਸਿੰਘ ਪਿੰਡ ਗੱਗੋ ਬੂਹਾ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਜੱਟ ਸਿੱਖ ਸੀ। ਉਹ ਬਾਬਾ ਬੰਦਾ ਸਿੰਘ ਬਹਾਦਰ ਤੋਂ ਅੰਮ੍ਰਿਤ ਛਕ ਕੇ ਉਨ੍ਹਾਂ ਨਾਲ ਲੜਾਈਆਂ ਵਿਚ ਸ਼ਾਮਲ ਹੁੰਦਾ ਰਿਹਾ। ਇਕ ਜੰਗ ਦੌਰਾਨ ਜਦ ਸ. ਖੁਸ਼ਹਾਲ ਸਿੰਘ ਸ਼ਹੀਦ ਹੋ ਗਿਆ ਤਾਂ ਸ. ਨੰਦ ਸਿੰਘ ਜੱਟ ਸਿੱਖ, ਵਾਸੀ ਪਿੰਡ ਸਾਂਘਣਾ, ਜ਼ਿਲ੍ਹਾ ਅੰਮ੍ਰਿਤਸਰ ਇਸ ਜੱਥੇ ਦਾ ਮੁਖੀ ਬਣਿਆ। ਮਿਸਲਾਂ ਬਣੀਆਂ ਤਾਂ ਸ. ਨੰਦ ਸਿੰਘ ਨੇ ਵੀ ਆਪਣੀ ਵੱਖਰੀ ਮਿਸਲ ਬਣਾ ਲਈ ਜਿਸ ਦਾ ਨਾਮ ਜਥੇਦਾਰ ਦੇ ਪਿੰਡ ਸਾਂਘਣਾ ਦੇ ਨਾਂ ਤੇ ਮਿਸਲ ਸਾਂਘਣੀਆਂ ਰੱਖਿਆ ਗਿਆ। ਸ. ਜੱਸਾ ਸਿੰਘ ਆਪਣੇ ਹੋਰ ਦੋ ਭਰਾਵਾਂ-ਸ. ਤਾਰਾ ਸਿੰਘ ਤੇ ਸ. ਨੰਦ ਸਿੰਘ ਨੇ ਸ. ਜੱਸਾ ਸਿੰਘ ਨੂੰ ਆਪਣੀ ਮਿਸਲ ਦਾ ਸੈਨਾਪਤੀ ਬਣਾ ਲਿਆ।

ਸ. ਜੱਸਾ ਸਿੰਘ ਦਾ ਦਾਦਾ ਸ. ਹਰਦਾਸ ਸਿੰਘ ਜਾਤ ਦਾ ਤਰਖਾਣ ਅਤੇ ਪਿੰਡ ਸੁਰ ਸਿੰਘ ਵਾਲਾ, ਜ਼ਿਲ੍ਹਾ ਅੰਮ੍ਰਿਤਸਰ (ਉਦੋਂ ਜ਼ਿਲ੍ਹਾ ਲਾਹੌਰ) ਦਾ ਬਾਸ਼ਿੰਦਾ ਸੀ ਤੇ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਹੋਇਆ ਸੀ। ਸ. ਹਰਦਾਸ ਸਿੰਘ ਦਾ ਪੁੱਤਰ ਭਗਵਾਨ ਸਿੰਘ ਇੱਛੋਗਿਲ ਵਿਖੇ ਜਾ ਕੇ ਵਸ ਗਿਆ। ਸ. ਭਗਵਾਨ ਸਿੰਘ ਦੇ ਪੰਜ ਪੁੱਤਰ-ਜੈ ਸਿੰਘ, ਜੱਸਾ, ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ ਸਨ। ਸ. ਨੰਦ ਸਿੰਘ ਦੇ ਸਵਰਗ ਸਿਧਾਰਨ ਪਿੱਛੋਂ ਜੱਸਾ ਸਿੰਘ ਮਿਸਲ ਦਾ ਜਥੇਦਾਰ ਬਣਿਆ।

ਸੰਨ 1748 ਵਿਚ ਸ. ਜੱਸਾ ਸਿੰਘ ਦੀ ਸਿੰਘਣੀ ਨੇ ਆਪਣੀ ਕੰਨਿਆ ਮਾਰ ਦਿੱਤੀ। ਸਿੱਖ ਧਰਮ ਵਿਚ ਔਰਤ ਜਾਤੀ ਨੂੰ ਬਹੁਤ ਆਦਰ ਦਿੱਤਾ ਜਾਂਦਾ ਹੈ। ‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ’ ਇਸ ਲਈ ਪਛੜੇ ਹੋਏ ਸੰਸਕਾਰਾਂ ਦਾ ਸ਼ਿਕਾਰ ਹੋ ਕੇ, ਕੁੜੀਆਂ ਜੰਮਣ ਨੂੰ ਚੰਗਾ ਨਾ ਸਮਝ ਕੇ ਜੰਮਦੀਆਂ ਦਾ ਗਲ ਘੁੱਟ ਦੇਣ ਵਾਲੇ ਲੋਕਾਂ ਨਾਲੋਂ ਸਮਾਜ ਸਾਰੇ ਸਬੰਧ ਤੋੜ ਲੈਂਦਾ ਹੈ। ਸ. ਜੱਸਾ ਸਿੰਘ ਦੀ ਸਿੰਘਣੀ ਵੱਲੋਂ ਕੰਨਿਆ ਨੂੰ ਮਾਰਨ ਦੇ ਬਜਰ ਗੁਨਾਹ ਕਾਰਨ ਪੰਥ ਨੇ ਸ. ਜੱਸਾ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ। ਛੇਕੇ ਜਾਣ ਉਪਰੰਤ ਉਹ ਆਪਣੇ ਤਿੰਨ ਭਰਾਵਾਂ ਸ. ਜੈ ਸਿੰਘ, ਸ. ਖੁਸ਼ਹਾਲ ਸਿੰਘ, ਸ. ਮਾਲੀ ਸਿੰਘ ਅਤੇ ਸੌ ਸਿਪਾਹੀਆਂ ਸਮੇਤ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ਼ ਕੋਲ ਜਾ ਕੇ ਨੌਕਰ ਹੋ ਗਿਆ। ਉਸ ਦਾ ਪੰਜਵਾਂ ਭਰਾ ਸ. ਤਾਰਾ ਸਿੰਘ ਸਦਾ ਪੰਥ ਦੇ ਨਾਲ ਰਿਹਾ, ਉਸ ਨੇ ਕਿਸੇ ਮੁਸਲਮਾਨ ਹਾਕਮ ਦੀ ਨੌਕਰੀ ਨਹੀਂ ਕੀਤੀ।

ਸੰਨ 1748 ਦੇ ਅਕਤੂਬਰ ਮਹੀਨੇ ਵਿਚ ਸਿੰਘ ਦੀਵਾਲੀ ਦੇ ਸ਼ੁਭ ਅਵਸਰ ਸਮੇਂ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਤਾਂ ਮੀਰ ਮਨੂੰ ਦੀਆਂ ਫ਼ੌਜਾਂ ਨੇ ਅੰਮ੍ਰਿਤਸਰ ਨੂੰ ਘੇਰਾ ਆਣ ਘੱਤਿਆ। ਪੰਜ ਸੌ ਸਿੰਘ ਤਾਂ ਕੱਚੇ ਕਿਲ੍ਹੇ ਰਾਮ ਰਾਉਣੀ ਵਿਖੇ ਮੁਕਾਬਲੇ ਲਈ ਡਟ ਬੈਠੇ ਤੇ ਬਾਕੀ ਨਜ਼ਦੀਕ ਦੇ ਜੰਗਲ ਵਿਚ ਜਾ ਲੁਕੇ। ਕੱਚੀ ਗੜ੍ਹੀ ਰਾਮ ਰਾਉਣੀ ਨੂੰ ਘੇਰਾ ਘੱਤਕੇ ਵਿਰੋਧੀ ਫ਼ੌਜਾਂ ਨੇ ਚਾਰ-ਚੁਫੇਰਿਓਂ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਘੇਰਾ ਪਏ ਨੂੰ ਦੋ ਮਹੀਨੇ ਬੀਤ ਗਏ। ਗੜ੍ਹੀ ਦੇ ਅੰਦਰੋਂ ਦਾਣਾ-ਪੱਠਾ ਸਾਰਾ ਮੁੱਕ ਗਿਆ ਤੇ ਸਿੰਘ ਅਤੇ ਘੋੜੇ ਭੁੱਖ ਨਾਲ ਮਰਨ ਲੱਗੇ। ਦੋ ਮਹੀਨੇ ਦੇ ਮੁਕਾਬਲੇ ਦੌਰਾਨ ਦੋ ਸੌ ਸਿੰਘ ਸ਼ਹੀਦ ਹੋ ਚੁੱਕੇ ਸਨ ਤੇ ਬਾਕੀ ਬਚਦੇ ਤਿੰਨ ਸੌ ਸਿੰਘਾਂ ਨੇ ਮਤਾ ਪਕਾਇਆ ਕਿ ਭੁੱਖਿਆਂ ਮਰਨ ਨਾਲੋਂ ਚੰਗਾ ਹੈ ਕਿ ਇਕੋ ਦਿਨ ਹੀ ਵੈਰੀ ਨੂੰ ਦੋ-ਦੋ ਹੱਥ ਦਿਖਾ ਕੇ, ਬੀਰਤਾ ਨਾਲ ਲੜਦੇ ਹੋਏ ਸ਼ਹੀਦ ਹੋ ਜਾਈਏ।

ਇਸ ਘੇਰੇ ਦੀ ਕਮਾਂਡ ਮੀਰ ਮਨੂੰ ਦੇ ਦੋ ਵੱਡੇ ਅਫ਼ਸਰਾਂ ਕੌੜਾ ਮੱਲ ਤੇ ਅਦੀਨਾ ਬੇਗ਼ ਦੇ ਹੱਥ ਸੀ। ਅਦੀਨਾ ਬੇਗ਼ ਦੀ ਫ਼ੌਜ ਵਿਚ ਸ. ਜੱਸਾ ਸਿੰਘ ਇੱਛੋਗਿਲ ਵੀ ਆਪਣੇ ਤਿੰਨ ਭਰਾਵਾਂ ਅਤੇ ਸੌ ਸਿਪਾਹੀਆਂ ਸਮੇਤ ਸ਼ਾਮਲ ਸੀ।

ਬਾਹਰ ਨਿਕਲਕੇ ਧਾਵਾ ਬੋਲਣ ਤੋਂ ਪਹਿਲਾਂ ਕਿਲ੍ਹੇ ਅੰਦਰਲੇ ਸਿੰਘਾਂ ਨੇ ਘੇਰਾ ਘੱਤੀ ਬੈਠੀ ਬਾਹਰਲੀ ਫ਼ੌਜ ਦੀ ਸ਼ਕਤੀ ਦਾ ਪਤਾ ਲੈਣਾ ਜ਼ਰੂਰੀ ਸਮਝਿਆ।  ਇਕ ਸਿੰਘ ਸਿਪਾਹੀ ਭੇਸ ਬਦਲ ਕੇ ਕਿਲੇ ਤੋਂ ਬਾਹਰ ਨਿਕਲਿਆ। ਉਸ ਦੇ ਜਦ ਵਿਰੋਧੀ ਫ਼ੌਜ ਵਿਚ ਸ. ਜੱਸਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਦੇਖਿਆ ਤਾਂ ਬੋਲਿਆ, ‘‘ਅੱਛਾ ਤੁਸੀਂ ਹੋ ਰਾਮ ਰਾਉਣੀ ਦੇ ਸਿੰਘਾਂ ਦੇ ਕਾਤਿਲ?’’ ਸਿੰਘ ਸਿਪਾਹੀ ਦੇ ਉਪਰੋਕਤ ਬੋਲ ਸੁਣ ਕੇ ਸ. ਜੱਸਾ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਅੱਖਾਂ ਭਰ ਆਈਆਂ। ਸ. ਜੱਸਾ ਸਿੰਘ ਨੇ ਉਸ ਸਿੰਘ ਨੂੰ ਕਿਹਾ, ‘‘ਕੋਈ ਚਾਰਾ ਕਰੋ, ਜਿਵੇਂ ਜਾਣੇ ਪੰਥ ਸਾਨੂੰ ਵਿਛੜਿਆਂ ਨੂੰ ਮਿਲਾ ਲਵੇ।’’ ਅੱਗੋਂ ਸਿੰਘ ਸਿਪਾਹੀ ਨੇ ਉੱਤਰ ਦਿੱਤਾ, ‘‘ਅੰਦਰ ਦਾਣਾ ਪੱਠਾ ਸਭ ਮੁੱਕ ਚੁੱਕਾ ਹੈ ਤੇ ਸਿੰਘ ਤੇ ਘੋੜੇ ਭੁੱਖੇ ਮਰ ਰਹੇ ਨੇ। ਅਸੀਂ ਭਲਕੇ ਵੈਰੀ ਉੱਤੇ ਹਮਲਾ ਕਰ ਕੇ ਸ਼ਹੀਦ ਹੋ ਜਾਵਾਂਗੇ। ਜੇ ਤੁਸੀਂ ਵੀ ਸਾਡੇ ਨਾਲ ਸ਼ਹੀਦੀ ਵਿਚ ਹਿੱਸੇਦਾਰ ਬਣਨਾ ਚਾਹੋ ਤਾਂ ਇਸ ਦਾ ਫਲ਼ ਤੁਹਾਨੂੰ ਗੁਰੂ ਮਹਾਰਾਜ ਦੇਣਗੇ।’’

ਰਾਮ ਰਾਉਣੀ ਅੰਦਰਲੇ ਸਿੰਘਾਂ ਦੇ ਸ਼ਹੀਦੀਆਂ ਪ੍ਰਾਪਤ ਕਰਨ ਦੇ ਉਪਰੋਕਤ ਫ਼ੈਸਲੇ ਦੀ ਖ਼ਬਰ ਸੁਣ ਕੇ ਸ. ਜੱਸਾ ਸਿੰਘ ਦੇ ਦਿਲ ਨੂੰ ਭਾਰੀ ਦੁੱਖ ਪਹੁੰਚਿਆ। ਉਸ ਨੇ ਤੀਰ ਨਾਲ ਚਿੱਠੀ ਬੰਨ੍ਹ ਕੇ ਗੜ੍ਹੀ ਦੇ ਅੰਦਰ ਭੇਜੀ, ‘‘ਪੰਥ ਮੇਰੀ ਪਿਛਲੀ ਭੁੱਲ ਬਖ਼ਸ਼ ਕੇ ਅੰਦਰ ਆਉਣ ਦੀ ਆਗਿਆ ਬਖ਼ਸ਼ੇ, ਮੈਂ ਵੈਰੀ ਦਾ ਸਾਥ ਛੱਡ ਕੇ ਆਉਣ ਨੂੰ ਤਿਆਰ ਹਾਂ।’’ ਸਿੰਘਾਂ ਨੇ ਗੜ੍ਹੀ ਦੇ ਅੰਦਰੋਂ ਤੀਰ ਨਾਲ ਬੰਨ੍ਹ ਕੇ ਹੀ ਜਵਾਬੀ ਚਿੱਠੀ ਘੱਲੀ, ‘‘ਪੰਥ ਸਦਾ ਬਖਸ਼ਣਹਾਰ ਏ; ਤੂੰ ਚਾਹਵੇਂ ਤਾਂ ਇਸ ਵੇਲੇ ਪੰਥ ਦੀ ਸ਼ਰਨ ਆ ਸਕਦਾ ਏ।’’ ਸਿੰਘਾਂ ਦਾ ਇਹ ਉੱਤਰ ਪੜ੍ਹਕੇ ਸ. ਜੱਸਾ ਸਿੰਘ ਸਾਥੀਆਂ ਸਮੇਤ, ਬਹੁਤ ਸਾਰਾ ਸਾਮਾਨ, ਖ਼ੁਰਾਕ ਤੇ ਦਾਰੂ ਸਿੱਕਾ ਆਦਿ ਨਾਲ ਲੈ ਕੇ ਰਾਤੋਂ ਰਾਤ ਰਾਮ ਰਾਉਣੀ ਵਿਚ ਜਾ ਵੜਿਆ। ਇਸ ਨਾਲ ਗੜ੍ਹੀ ਅੰਦਰਲੇ ਸਿੰਘਾਂ ਨੂੰ ਕਾਫ਼ੀ ਹੌਸਲਾ ਮਿਲਿਆ ਤੇ ਉਹ ਕੁਝ ਸਮਾਂ ਹੋਰ ਲੜਾਈ ਜਾਰੀ ਰੱਖਣ ਦੇ ਯੋਗ ਹੋ ਗਏ। 

ਸ. ਜੱਸਾ ਸਿੰਘ ਇੱਛੋਗਿਲ ਨੇ ਗੜ੍ਹੀ ਦੇ ਅੰਦਰੋਂ ਦੀਵਾਨ ਕੌੜਾ ਮੱਲ ਨੂੰ ਸੁਨੇਹਾ ਭੇਜਿਆ ਕਿ ਰਾਮ ਰਾਉਣੀ ਵਿਚ ਘਿਰੇ ਹੋਏ ਸਿੰਘਾਂ ਦੀ ਜਾਨ ਬਚਾਉਣ ਵਾਸਤੇ ਕੋਈ ਚਾਰਾ ਕਰੋ। ਏਸੇ ਵੇਲੇ ਹੀ ਇਹ ਖ਼ਬਰ ਆਈ ਕਿ ਅਬਦਾਲੀ ਚੜ੍ਹਾਈ ਕਰੀ ਆ ਰਿਹਾ ਹੈ। ਇਸ ਦੇ ਨਾਲ ਦਿੱਲੀ ਤੋਂ ਖ਼ਬਰ ਆਈ ਕਿ ਵਜ਼ੀਰ ਸਫ਼ਦਰ ਜੰਗ, ਸ਼ਾਹ ਨਵਾਜ਼ ਨੂੰ ਮੁਲਤਾਨ ਦਾ ਗਵਰਨਰ ਬਣਾ ਕੇ ਭੇਜ ਰਿਹਾ ਹੈ। ਇਨ੍ਹਾਂ ਖ਼ਬਰਾਂ ਦੀ ਰੌਸ਼ਨੀ ਵਿਚ ਦੀਵਾਨ ਕੌੜਾ ਮੱਲ ਨੇ ਮੀਰ ਮੰਨੂੰ ਨੂੰ ਸਲਾਹ ਦਿੱਤੀ ਕਿ ਰਾਮ ਰਾਉਣੀ ਦਾ ਘੇਰਾ ਚੁੱਕ ਕੇ ਸਿੰਘਾਂ ਨਾਲ ਸੁਲ੍ਹਾ ਕਰ ਕੇ ਆਉਣ ਵਾਲੀਆਂ ਔਕੜਾਂ ਵਿਚ ਇਨ੍ਹਾਂ ਦੀ ਮਦਦ ਹਾਸਲ ਕੀਤੀ ਜਾਵੇ। ਮੀਰ ਮਨੂੰ ਨੇ ਕੌੜਾ ਮੱਲ ਦੀ ਇਹ ਸਲਾਹ ਮੰਨ ਕੇ ਰਾਮ ਰਾਉਣੀ ਦਾ ਘੇਰਾ ਚੁੱਕ ਲਿਆ ਤੇ ਪਰਗਨਾ ਪੱਟੀ ਦੇ ਮਾਮਲੇ ਵਿੱਚੋਂ ਅੱਧਾ ਸਿੱਖਾਂ ਨੂੰ ਦੇਣਾ ਮੰਨ ਲਿਆ ਤੇ ਨਾਲ ਹੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਪੁਰਾਣੇ ਬਾਰਾਂ ਪਿੰਡਾਂ ਦਾ ਜ਼ਬਤ ਹੋਇਆ ਮਾਮਲਾ ਬਹਾਲ ਕਰ ਦਿੱਤਾ।

ਮਈ, 1749 ਵਿਚ ਸ਼ਾਹ ਨਵਾਜ਼ ਨੇ ਮੁਲਤਾਨ ਉੱਤੇ ਕਬਜ਼ਾ ਕਰ ਲਿਆ। ਉੱਧਰ ਮੀਰ ਮਨੂੰ ਨੇ ਸਿੱਖਾਂ ਦੇ ਹਮਦਰਦ ਤੇ ਸਿੱਖਾਂ ਵਿਚ ਮਿੱਠਾ ਮੱਲ ਦੇ ਨਾਂ ਨਾਲ ਪ੍ਰਸਿੱਧ ਦੀਵਾਨ ਕੌੜਾ ਮੱਲ ਰਾਹੀਂ ਸਿੱਖਾਂ ਦੀ ਮਦਦ ਹਾਸਲ ਕਰ ਲਈ। ਦਸ ਹਜ਼ਾਰ ਸਿੰਘ ਸਿਪਾਹੀ ਕੌੜਾ ਮੱਲ ਦੇ ਨਾਲ ਮੁਲਤਾਨ ਫ਼ਤਹਿ ਕਰਨ ਵਾਸਤੇ ਗਏ। ਸ. ਜੱਸਾ ਸਿੰਘ ਆਹਲੂਵਾਲੀਆ ਦੀ ਗੋਲੀ ਨਾਲ ਸ਼ਾਹ ਨਵਾਜ਼ ਮਾਰਿਆ ਗਿਆ।

ਸ. ਜੱਸਾ ਸਿੰਘ ਇੱਛੋਗਿਲ ਉਪਰੋਕਤ ਜੰਗ ਸਮੇਂ ਬੀਮਾਰ ਹੋਣ ਕਰ ਕੇ ਪਿੱਛੇ ਗੜ੍ਹੀ ਰਾਮ ਰਾਉਣੀ ਵਿਖੇ ਹੀ ਰਿਹਾ। ਕੁੱਝ ਸਾਲਾਂ ਪਿੱਛੋਂ ਸ. ਜੱਸਾ ਸਿੰਘ ਨੇ ਗੜ੍ਹੀ ਰਾਮ ਰਾਉਣੀ ਨੂੰ ਨਵੇਂ ਸਿਰਿਓਂ ਬਣਵਾ ਕੇ ਇਸ ਦਾ ਨਾਮ ‘ਰਾਮਗੜ੍ਹ’ ਰੱਖਿਆ। ਕਿਲਾ ‘ਰਾਮਗੜ੍ਹ’ ਕਰ ਕੇ ਉਸ ਨੂੰ ਸ. ਜੱਸਾ ਸਿੰਘ ਰਾਮਗੜ੍ਹੀਆ ਆਖਿਆ ਜਾਣ ਲੱਗਾ ਤੇ ਮਿਸਲ ਸਾਂਘਣੀਆਂ ਦਾ ਨਾਂ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ਉੱਤੇ ‘ਰਾਮਗੜ੍ਹੀਆ ਮਿਸਲ’ ਪ੍ਰਚਲਿਤ ਹੋ ਗਿਆ। ਸ. ਜੱਸਾ ਸਿੰਘ ਦੇ ਆਪਣੇ ਨਾਂ ਨਾਲ ‘ਰਾਮਗੜ੍ਹੀਆ’ ਲਾਉਣ ਤੋਂ ਬਾਅਦ ਸਮੂਹ ਤਰਖਾਣ - ਸਿੱਖ ਆਪਣੇ ਆਪ ਨੂੰ ਰਾਮਗੜ੍ਹੀਆ ਸਿੱਖ ਅਖਵਾ ਕੇ ਮਾਣ ਮਹਿਸੂਸ ਕਰਨ ਲੱਗੇ।

ਸ. ਜੈ ਸਿੰਘ ਪਠਾਣਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਤੇ ਬਾਕੀ ਚਾਰ ਭਰਾ (ਸ. ਜੱਸਾ ਸਿੰਘ, ਸ. ਖੁਸ਼ਹਾਲ ਸਿੰਘ, ਸ. ਮਾਲੀ ਸਿੰਘ, ਸ. ਤਾਰਾ ਸਿੰਘ) ਰਾਮਗੜ੍ਹੀਏ ਮਸ਼ਹੂਰ ਹੋਏ।

ਜਿਸ ਸਮੇਂ ਬੁੱਢਾ ਦਲ ਅਤੇ ਤਰੁਨਾ ਦਲ ਬਣੇ ਤਾਂ ਰਾਮਗੜ੍ਹੀਏ ਸਰਦਾਰ ਤਰੁਨਾ ਦਲ ਵਿਚ ਸ਼ਾਮਲ ਹੋ ਗਏ। ਕਸੂਰ ਦੇ ਹਾਕਮ ਉਸਮਾਨ ਖ਼ਾਂ ਨੇ ਇਕ ਪੰਡਤ ਦੀ ਪਤਨੀ ਖੋਹ ਲਈ। ਉਸ ਨੇ ਅੰਮ੍ਰਿਤਸਰ ਪਹੁੰਚ ਕੇ ਸਿੱਖਾਂ ਸਾਹਮਣੇ ਫ਼ਰਿਆਦ ਕੀਤੀ। ਤਰੁਨਾ ਦਲ ਨੇ ਉਸ ਉੱਪਰ ਮਈ, 1763 ਵਿਚ ਹਮਲਾ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਉਸਮਾਨ ਖ਼ਾਂ ਕਤਲ ਹੋ ਗਿਆ। ਕਸੂਰ ਨੂੰ ਲੁੱਟਣ ਨਾਲ ਸਿੱਖਾਂ ਦੇ ਲੱਖਾਂ ਰੁਪਏ ਦਾ ਧਨ ਮਾਲ ਹੱਥ ਲਗਿਆ। ਰਾਮਗੜ੍ਹੀਏ ਤੇ ਕਨ੍ਹਈਏ ਉਸ ਵੇਲੇ ਇਕੱਠੇ ਰਹਿੰਦੇ ਸਨ ਤੇ ਲੁੱਟਮਾਰ ਦੇ ਮਾਲ ਨੂੰ ਆਪੋ ਵਿਚ ਬਰਾਬਰ ਵੰਡ ਲੈਂਦੇ ਸਨ। ਉਪਰੋਕਤ ਲੁੱਟਮਾਰ ਸਮੇਂ ਕਸੂਰ ਦੇ ਪ੍ਰਸਿੱਧ ਧਨਾਢ ਦਿਲੇ ਰਾਮ ਦੇ ਪੋਤਰੇ ਹਿਰਦੇ ਰਾਮ ਕੋਲੋਂ ਸ. ਮਾਲੀ ਸਿੰਘ (ਜੱਸਾ ਸਿੰਘ ਦੇ ਭਾਈ) ਨੇ ਪੰਜਾਹ ਲੱਖ ਦਾ ਮਾਲ ਲੁੱਟਿਆ। ਕਨ੍ਹਈਆ ਨੂੰ ਪਤਾ ਲੱਗਾ ਤਾਂ ਉਨ੍ਹਾਂ ਕੀਤੇ ਹੋਏ ਵਾਅਦੇ ਮੁਤਾਬਕ ਸ. ਮਾਲੀ ਸਿੰਘ ਕੋਲੋਂ ਉਸ ਧਨ ਵਿੱਚੋਂ ਅੱਧ ਮੰਗਿਆ। ਸ. ਮਾਲੀ ਸਿੰਘ ਨੇ ਹਿੱਸਾ ਦੇਣੋਂ ਇਨਕਾਰ ਕੀਤਾ ਤਾਂ ਦੋਵੇਂ ਧਿਰਾਂ ਲੜਣ ਮਰਨ ਲਈ ਤਿਆਰ ਹੋ ਗਈਆਂ। ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਨੇ ਵਿਚ ਪੈ ਕੇ ਕੁੱਝ ਹਿੱਸਾ ਕਨ੍ਹਈਆ ਨੂੰ ਦੁਆ ਕੇ ਦੋਹਾਂ ਧਿਰਾਂ ਦੀ ਸੁਲ੍ਹਾ ਕਰਵਾ ਦਿੱਤੀ ਪਰ ਦਿਲਾਂ ਵਿਚ ਬੀਜੇ ਗਏ ਨਫ਼ਰਤ ਦੇ ਬੀਜ਼ ਜੜ੍ਹਾਂ ਲਾ ਚੁੱਕੇ ਸਨ ਜੋ ਬਾਅਦ ਵਿਚ ਦੋਨਾਂ ਮਿਸਲਾਂ ਦੀਆਂ ਲੜਾਈਆਂ ਦਾ ਕਾਰਨ ਬਣਦੇ ਰਹੇ।

ਸੰਨ 1764 ਵਿਚ ਜ਼ੈਨ ਖ਼ਾਂ ਨੂੰ ਮਾਰ ਕੇ ਸਿੱਖਾਂ ਨੇ ਸੂਬਾ ਸਰਹਿੰਦ ਵੰਡਿਆ ਤਾਂ ਰਾਮਗੜ੍ਹੀਏ ਸਰਦਾਰਾਂ ਨੇ ਉਸ ਵਿੱਚੋਂ ਇਲਾਕਾ ਨਾ ਮੱਲਿਆ ਸਗੋਂ ਉਨ੍ਹਾਂ ਰਿਆੜਕੀ ਤੇ ਬਿਆਸ ਦੇ ਦੋਹੀਂ-ਪਾਸੀਂ ਇਲਾਕਾ ਆਣ ਮੱਲਿਆ। ਸੰਨ 1769 ਵਿਚ ਉਨ੍ਹਾਂ ਦੇ ਕਬਜ਼ੇ ਵਿਚ 10 ਲੱਖ ਦਾ ਇਲਾਕਾ ਸੀ ਜਿਸ ਦਾ ਵੇਰਵਾ ਇਉਂ ਹੈ : ਮਿਆਣੀ, ਸਿਹਰੀ, ਮਰਾਲਾ, ਉੜਮੁੜ ਟਾਂਡਾ, ਮੋਘੇਵਾਲ, ਮਨੀਵਾਲ, ਦਬਵਨ, ਝੋੜਾ, ਮੁਕੰਦਪੁਰ, ਸਰੀਹਾ, (ਦੁਆਬ/ਜਲੰਧਰ ਵਿਚ) ਬਟਾਲਾ, ਦੀਨਾ ਨਗਰ, ਕਲਾਨੌਰ, ਕਾਦੀਆਂ, ਸ੍ਰੀ ਹਰਿਗੋਬਿੰਦਪੁਰਾ, ਮੱਤੇਵਾਲ, ਘੁਮਾਣ ਆਦਿ (ਬਾਰੀ ਦੁਆਬ ਵਿਚ)। ਇਹ ਦਸ ਹਜ਼ਾਰ ਫ਼ੌਜ ਮੈਦਾਨ ਵਿਚ ਲੈ ਜਾ ਸਕਦੇ ਸਨ।

ਬਾਅਦ ਵਿਚ ਰਾਮਗੜ੍ਹੀਆ ਭਰਾਵਾਂ ਨੇ ਆਪੋ ਵਿਚ ਇਲਾਕੇ ਵੰਡ ਲਏ। ਬਟਾਲੇ ਦਾ ਇਲਾਕਾ ਸ. ਮਾਲੀ ਸਿੰਘ ਨੂੰ ਕਲਾਨੌਰ ਦਾ ਇਲਾਕਾ ਸ. ਤਾਰਾ ਸਿੰਘ ਨੂੰ ਦੇ ਕੇ ਬਾਕੀ ਇਲਾਕਾ ਸ. ਜੱਸਾ ਸਿੰਘ ਨੇ ਆਪਣੇ ਕੋਲ ਰੱਖ ਲਿਆ।

ਸੰਨ 1770 ਵਿਚ ਜੱਸਵਾਂ, ਨੂਰਪੁਰ, ਚੰਬਾ, ਹਰੀਪੁਰ, ਕਟੋਚ ਆਦਿ ਦੇ ਰਾਜਿਆਂ ਨੇ ਰਾਮਗੜ੍ਹੀਆਂ ਦੀ ਈਨ ਮੰਨ ਕੇ ਸਾਲਾਨਾ ਖ਼ਰਾਜ ਦੇਣਾ ਪਰਵਾਨ ਕਰ ਲਿਆ। ਸ. ਜੱਸਾ ਸਿੰਘ ਰਾਮਗੜ੍ਹੀਆ ਨੇ ਇਨ੍ਹਾਂ ਪਹਾੜੀ ਇਲਾਕਿਆਂ ਦੀ ਰਾਖੀ ਲਈ ਕਿਲਾ ਹਲਵਾਰਾ ਬਣਾ ਕੇ ਸ. ਮਾਲੀ ਸਿੰਘ ਨੂੰ ਚਾਰ ਹਜ਼ਾਰ ਫ਼ੌਜ ਸਮੇਤ ਇਥੋਂ ਦਾ ਹਾਕਮ ਬਣਾ ਦਿੱਤਾ ਪਰ 1775 ਈ. ਵਿਚ ਸ. ਜੈ ਸਿੰਘ ਕਨ੍ਹਈਆ ਨੇ ਇਨ੍ਹਾਂ ਪਹਾੜੀ ਰਿਆਸਤਾਂ ਤੋਂ ਰਾਮਗੜ੍ਹੀਆਂ ਦੀ ਸਰਦਾਰੀ ਤੋੜ ਕੇ ਆਪਣੀ ਹਕੂਮਤ ਕਾਇਮ ਕਰ ਲਈ।

ਰਾਮਗੜ੍ਹੀਆਂ ਦੀ ਕਨ੍ਹਈਆਂ ਅਤੇ ਆਹਲੂਵਾਲੀਆਂ ਨਾਲ ਲੜਾਈ ਨਿੱਤ ਦਾ ਕੰਮ ਬਣ ਗਈ ਸੀ। ਸੰਨ 1775 ਵਿਚ ਬਿਆਸ ਕੰਢੇ ਪਿੰਡ ਜ਼ਹੂਰਾ ਕੋਲ ਸ. ਜੱਸਾ ਸਿੰਘ ਰਾਮਗੜ੍ਹੀਆ ਤੇ ਸ. ਜੱਸਾ ਸਿੰਘ ਆਹਲੂਵਾਲੀਆ ਵਿਚਕਾਰ ਯੁੱਧ ਛਿੜ ਪਿਆ। ਸ. ਜੱਸਾ ਸਿੰਘ ਰਾਮਗੜ੍ਹੀਆ ਗੋਲੀ ਨਾਲ ਜ਼ਖ਼ਮੀ ਹੋ ਕੇ ਮੈਦਾਨ ਛੱਡ ਆਇਆ ਤੇ ਸ. ਆਹਲੂਵਾਲੀਆ ਨੇ ਪਿੰਡ ਜ਼ਹੂਰਾ, ਸ. ਬਘੇਲ ਸਿੰਘ ਮਿਸਲ ਕਰੋੜਾ ਸਿੰਘੀਆਂ ਨੂੰ ਦੇ ਦਿੱਤਾ। ਇਸ ਗੱਲ ਤੋਂ ਵੱਟ ਖਾ ਕੇ 1776 ਈ. ਵਿਚ ਅਚਲ ਸਾਹਿਬ ਵਿਖੇ ਇਸ਼ਨਾਨ ਕਰਨ ਗਏ ਸ. ਜੱਸਾ ਸਿੰਘ ਆਹਲੂਵਾਲੀਆ ਨੂੰ, ਰਾਮਗੜ੍ਹੀਏ ਭਰਾਵਾਂ ( ਸ. ਤਾਰਾ ਸਿੰਘ, ਸ. ਮਾਲੀ ਸਿੰਘ, ਸ. ਖੁਸ਼ਹਾਲ ਸਿੰਘ) ਨੇ ਜ਼ਖ਼ਮੀ ਕਰ ਕੇ ਗ੍ਰਿਫ਼ਤਾਰ ਕਰ ਲਿਆ। ਇਸ ਉਪਰੰਤ ਉਸ ਨੂੰ ਪਾਲਕੀ ਵਿਚ ਪਾ ਕੇ ਸ੍ਰੀ ਹਰਿਗੋਬਿੰਦਪੁਰ ਲੈ ਗਏ ਜੋ ਰਾਮਗੜ੍ਹੀਆਂ ਦੀ ਰਾਜਧਾਨੀ ਸੀ ਪਰ ਉਸ ਦਾ ਨਿਰਾਦਰ ਕਰਨ ਦੀ ਬਜਾਏ, ਸ. ਜੱਸਾ ਸਿੰਘ ਰਾਮਗੜ੍ਹੀਆ ਆਦਰ ਨਾਲ ਪੇਸ਼ ਆਇਆ ਤੇ ਸਤਿਕਾਰ ਵੱਜੋਂ ਆਹਲੂਵਾਲੀਏ ਸਰਦਾਰ ਨੂੰ ਘੋੜਾ, ਦੁਸ਼ਾਲੇ ਆਦਿ ਦੇ ਕੇ ਉਸ ਦੀ ਰਾਜਧਾਨੀ ਫਤਹਿਆਬਾਦ ਪਹੁੰਚਾ ਦਿੱਤਾ। 

ਰਾਮਗੜ੍ਹੀਆ ਮਿਸਲ ਦੀ ਵਧਦੀ ਹੋਈ ਤਾਕਤ ਨੂੰ ਢਹਿ-ਢੇਰੀ ਕਰਨ ਲਈ 1776 ਈ. ਵਿਚ, ਸ. ਜੈ ਸਿੰਘ,  ਸ. ਹਕੀਕਤ ਸਿੰਘ ਤੇ ਸ. ਗੁਰਬਖ਼ਸ਼ ਸਿੰਘ ਕਨ੍ਹਈਏ, ਸ. ਜੱਸਾ ਸਿੰਘ ਆਹਲੂਵਾਲੀਆ, ਸ. ਮਹਾਂ ਸਿੰਘ ਸ਼ੁਕਰਚੱਕੀਆ ਤੇ ਰਾਜਾ ਸੰਸਾਰ ਚੰਦ ਆਦਿ ਨੇ ਰਲ ਕੇ ਰਾਮਗੜ੍ਹੀਏ ਸਰਦਾਰਾਂ ਉੱਤੇ ਹੱਲਾ ਬੋਲ ਦਿੱਤਾ। ਸ੍ਰੀ ਹਰਿਗੋਬਿੰਦਪੁਰਾ, ਕਲਾਨੌਰ ਤੇ ਬਟਾਲਾ ਵਿਖੇ ਬੜੀਆਂ ਸਖ਼ਤ ਲੜਾਈਆਂ ਹੋਈਆਂ ਪਰ ਇਕੱਠੇ ਹੋਏ ਅਨੇਕਾਂ ਵਿਰੋਧੀਆਂ ਦੇ ਸਾਹਮਣੇ ਇਕੱਲੇ ਰਾਮਗੜ੍ਹੀਏ ਟਿਕ ਨਾ ਸਕੇ ਤੇ ਆਪਣਾ ਇਲਾਕਾ ਛੱਡ ਕੇ ਹਿਸਾਰ ਨੂੰ ਚਲੇ ਗਏ। ਇਸ ਯੁੱਧ ਵਿਚ ਸ. ਤਾਰਾ ਸਿੰਘ ਰਾਮਗੜ੍ਹੀਆ ਮਾਰਿਆ ਗਿਆ ਅਤੇ ਸ. ਜੱਸਾ ਸਿੰਘ ਦਾ ਇਕ ਹੋਰ ਭਰਾ ਸ. ਖੁਸ਼ਹਾਲ ਸਿੰਘ ਰਾਮਗੜ੍ਹੀਆ ਸਖ਼ਤ ਜ਼ਖ਼ਮੀ ਹੋ ਗਿਆ।

ਹਿਸਾਰ ਦੇ ਇਲਾਕੇ ਵਿਚ ਪਹੁੰਚ ਕੇ ਰਾਮਗੜ੍ਹੀਏ ਸਰਦਾਰ ਲੁੱਟਮਾਰ ਕਰ ਕੇ ਆਪਣਾ ਗੁਜ਼ਾਰਾ ਕਰਨ ਲੱਗੇ। ਸ. ਜੱਸਾ ਸਿੰਘ ਨੇ ਹਿਸਾਰ ਦੇ ਹਾਕਮ ਨੂੰ ਕਤਲ ਕਰ ਕੇ ਉਸ ਪਾਸੋਂ ਇਕ ਪੰਡਿਤ ਦੀਆਂ ਜਬਰੀ ਉਧਾਲੀਆਂ ਹੋਈਆਂ ਲੜਕੀਆਂ ਛੁਡਾਈਆਂ। ਉਸ ਨੇ ਮੇਰਠ ਤੱਕ ਧਾਵਾ ਬੋਲ ਕੇ ਨਜ਼ਰਾਨਾ ਲਿਆ ਤੇ ਇਕ ਵਾਰੀ ਦਿੱਲੀ ਤੇ ਹਮਲਾ ਕਰਕੇ ਮੁਗ਼ਲਾਂ ਦੀਆਂ ਚਾਰ ਤੋਪਾਂ ਖੋਹ ਲਿਆਇਆ।

ਜੰਮੂ ਦੀ ਲੁੱਟ ਦੇ ਵੰਡ-ਵੰਡਾਰੇ ਤੋਂ ਸ਼ਕਰਚੱਕੀਆਂ ਤੇ ਕਨ੍ਹਈਆਂ ਵਿਚ ਅਣ-ਬਣ ਹੋ ਗਈ (1782)। ਸ. ਮਹਾਂ ਸਿੰਘ ਸ਼ੁਕਰਚੱਕੀਏ ਨੇ ਸ. ਜੱਸਾ ਸਿੰਘ ਰਾਮਗੜ੍ਹੀਏ ਨੂੰ ਬੁਲਾਵਾ ਭੇਜਿਆ, ‘‘ਮੈਂ ਤੁਹਾਡੇ ਇਲਾਕੇ ਵਾਪਸ ਕਰਾਉਣ ਵਿਚ ਮਦਦ ਕਰ ਸਕਦਾ ਹਾਂ।’’ ਇਹ ਸੁਨੇਹਾ ਮਿਲਦਿਆਂ ਹੀ ਰਾਮਗੜ੍ਹੀਏ ਧਾਈ ਕਰ ਕੇ ਆਏ।

ਸੰਨ 1784 ਵਿਚ ਸ. ਜੱਸਾ ਸਿੰਘ ਰਾਮਗੜ੍ਹੀਏ, ਸ. ਮਹਾਂ ਸਿੰਘ ਸ਼ੁਕਰਚੱਕੀਏ ਤੇ ਰਾਜਾ ਸੰਸਾਰ ਚੰਦ ਨੇ ਮਿਲ ਕੇ ਕਨ੍ਹਈਆਂ ਤੇ ਹਮਲਾ ਕਰ ਦਿੱਤਾ। ਅਚਲ ਦੇ ਕੋਲ ਸਖ਼ਤ ਲੜਾਈ ਹੋਈ। ਸ. ਜੈ ਸਿੰਘ ਕਨ੍ਹਈਆ ਦਾ ਪੁੱਤਰ ਸ. ਗੁਰਬਖ਼ਸ਼ ਸਿੰਘ ਯੁੱਧ ਮੈਦਾਨ ਵਿਚ ਮਾਰਿਆ ਗਿਆ। ਕਨ੍ਹਈਏ ਹਾਰ ਗਏ ਤੇ ਰਾਮਗੜ੍ਹੀਏ ਸਰਦਾਰਾਂ ਨੇ  ਆਪਣੇ ਇਲਾਕੇ ਉੱਤੇ ਕਬਜ਼ਾ ਕਰ ਲਿਆ। ਕਾਂਗੜਾ ਰਾਜਾ ਸੰਸਾਰ ਚੰਦ ਨੂੰ ਮਿਲ ਗਿਆ।

ਕਨ੍ਹਈਆਂ ਤੇ ਰਾਮਗੜ੍ਹੀਆਂ ਦੀ ਦੁਸ਼ਮਣੀ ਖ਼ਤਮ ਨਾ ਹੋਈ। ਸ. ਜੱਸਾ ਸਿੰਘ ਰਾਮਗੜ੍ਹੀਆ ਆਏ ਦਿਨ ਸਰਦਾਰਨੀ ਸਦਾ ਕੌਰ ਕਨ੍ਹਈਆ ਦੇ ਇਲਾਕੇ ਉੱਤੇ ਹਮਲਾ ਕਰਦਾ ਰਹਿੰਦਾ। ਸੰਨ 1796 ਵਿਚ ਸਦਾ ਕੌਰ ਨੇ (ਮਹਾਰਾਜਾ) ਰਣਜੀਤ ਸਿੰਘ ਦੀ ਮਦਦ ਨਾਲ ਬਿਆਸ ਦੇ ਕੰਢੇ ਕਿਲਾ ਮਿਆਣੀ ਵਿਚ ਸ. ਜੱਸਾ ਸਿੰਘ ਨੂੰ ਘੇਰਾ ਪਾ ਲਿਆ ਪਰ ਦਰਿਆ ਵਿਚ ਹੜ੍ਹ ਆ ਜਾਣ ਦੇ ਕਾਰਨ ਬਿਨਾਂ ਕਿਸੇ ਫ਼ੈਸਲੇ ਦੇ ਹੀ ਘੇਰਾ ਚੁੱਕ ਲਿਆ।

ਭਸੀਨ ਦੀ ਜੰਗ ਸਮੇਂ ਰਾਮਗੜ੍ਹੀਏ ਸਰਦਾਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਵਿਰੋਧੀ ਧੜੇ ਵਿਚ ਸਨ। ਏੇਸੇ ਸਾਲ ਦੇ ਅੰਤ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆਂ ਉੱਤੇ ਹਮਲਾ ਕਰ ਦਿੱਤਾ ਤੇ ਬਟਾਲੇ ਦੀ ਲੜਾਈ ਵਿਚ ਰਾਮਗੜ੍ਹੀਏ ਸਰਦਾਰ ਹਾਰ ਗਏ। ਉਨ੍ਹਾਂ ਦਾ ਬਹੁਤ ਸਾਰਾ ਇਲਾਕਾ ਸਰਦਾਰਨੀ ਸਦਾ ਕੌਰ ਦੇ ਕਬਜ਼ੇ ਵਿਚ ਆ ਗਿਆ। ਇਸ ਪਿੱਛੋਂ ਮਿਸਲ ਰਾਮਗੜ੍ਹੀਆ ਅਸਲੋਂ ਹੀ ਕਮਜ਼ੋਰ ਹੋ ਗਈ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ 1803 ਈ. ਵਿਚ ਸਵਰਗਵਾਸ ਹੋ ਗਿਆ ਤਾਂ ਉਸ ਦਾ ਲੜਕਾ ਸ. ਜੋਧ ਸਿੰਘ ਮਿਸਲ ਦਾ ਮੁਖੀ ਬਣਿਆ। ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਕਰ ਲਈ। ਸ਼ੇਰੇ-ਪੰਜਾਬ ਉਸ ਦੀ ਬੜੀ ਇੱਜ਼ਤ ਕਰਦਾ ਸੀ ਤੇ ਉਸ ਨੂੰ ਸਤਿਕਾਰ ਵੱਜੋਂ ਬਾਬਾ ਜੀ ਕਿਹਾ ਕਰਦਾ ਸੀ।

ਸੰਨ 1815 ਵਿਚ ਸ. ਜੋਧ ਸਿੰਘ ਚਲਾਣਾ ਕਰ ਗਿਆ ਤਾਂ ਉਸ ਦੇ ਵਾਰਸ ਪਿੱਛੋਂ ਆਪੋ ਵਿਚ ਲੜਣ ਝਗੜਨ ਲੱਗ ਪਏ। ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਮਿਸਲ ਦਾ ਸਾਰਾ ਇਲਾਕਾ ਜ਼ਬਤ ਕਰਕੇ ਸ. ਜੋਧ ਸਿੰਘ ਦੀ ਵਿਧਵਾ, ਸ. ਵੀਰ ਸਿੰਘ (ਸ. ਜੋਧ ਸਿੰਘ ਦਾ ਭਾਈ) ਤੇ ਦੀਵਾਨ ਸਿੰਘ (ਸ. ਤਾਰਾ ਸਿੰਘ ਦਾ ਪੁੱਤਰ) ਨੂੰ ਜਾਗੀਰ ਦੇ ਦਿੱਤੀ। ਇਸ ਤਰ੍ਹਾਂ ਨਾਲ ਇਹ ਮਿਸਲ ਬੀਤੇ ਦੀ ਕਹਾਣੀ ਬਣ ਕੇ ਰਹਿ ਗਈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-12-17-40, ਹਵਾਲੇ/ਟਿੱਪਣੀਆਂ: ਹ. ਪੁ. –ਸਿ. ਮਿ. - ਸੋਹਣ ਸਿੰਘ ਸੀਤਲ : ਹਿ. ਸਿ. -ਕਨਿੰਘਮ; ਹਿ. ਸਿ-ਗੁਪਤਾ; ਹਿ. ਸਿ-ਖੁਸ਼ਵੰਤ ਸਿੰਘ : ਮ. ਕੋ. : ਪੰ. ਇ. ਡਾ. ਭਗਤ ਸਿੰਘ; ਰਾਜ ਖ਼ਾਲਸਾ–ਗਿਆਨੀ ਗਿਆਨ ਸਿੰਘ; ਪੰਥ ਪ੍ਰਕਾਸ਼-ਗਿਆਨੀ ਗਿਆਨ ਸਿੰਘ; ਹਿ. ਪੰ. –ਲਤੀਫ਼

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.