ਰੋਹਤਾਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰੋਹਤਾਸ (ਨਗਰ): ਪੱਛਮੀ ਪੰਜਾਬ ਦੇ ਜੇਹਲਮ ਜ਼ਿਲ੍ਹੇ ਦਾ ਇਕ ਨਗਰ ਜਿਥੇ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਪਧਾਰੇ ਸਨ। ਸ਼ੇਰ ਸ਼ਾਹ ਸੂਰੀ ਨੇ ਇਸ ਦੀ ਪੁਰਾਣੀ ਵਸੋਂ ਦੇ ਇਰਦ-ਗਿਰਦ ਇਕ ਮਜ਼ਬੂਤ ਕਿਲ੍ਹਾ ਬਣਵਾਇਆ ਅਤੇ ਉਸ ਦਾ ਨਾਂ ਬਿਹਾਰ ਵਿਚਲੇ ਰੋਹਤਾਸ ਕਿਲ੍ਹੇ ਦੇ ਨਾਂ ਉਤੇ ਰਖਿਆ। ਇਥੇ ਭਾਈ ਭਗਤੂ ਦੀ ਬੇਨਤੀ’ਤੇ ਜਲ ਦਾ ਸੰਕਟ ਦੂਰ ਕਰਨ ਲਈ ਗੁਰੂ ਜੀ ਨੇ ਇਕ ਪੱਥਰ ਚੁਕ ਕੇ ਜਲ ਦਾ ਸਰੋਤ ਪ੍ਰਵਾਹਮਾਨ ਕੀਤਾ ਸੀ। ਇਸ ਸਰੋਤ ਦੇ ਨਾਲ ਹੀ ਇਕ ਸਰੋਵਰ ਵੀ ਬਣਿਆ ਹੋਇਆ ਹੈ ਜਿਸ ਨੂੰ ‘ਚਸ਼ਮਾ ਸਾਹਿਬ’ ਵੀ ਕਹਿੰਦੇ ਹਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਬਣਾਏ ਗਏ ਗੁਰੂ-ਧਾਮ ਨੂੰ ‘ਗੁਰਦੁਆਰਾ ਚੋਹਾ ਸਾਹਿਬ’ ਕਿਹਾ ਜਾਂਦਾ ਹੈ। ਇਸ ਦੇ ਪਰਿਸਰ ਵਿਚ ਨਿਰਮਲ ਜਲ ਦਾ ਸਰੋਵਰ ਬਣਿਆ ਹੋਇਆ ਹੈ। ਲੋਕੀਂ ਦੂਰੋਂ ਦੂਰੋਂ ਇਸ ਸਰੋਵਰ ਵਿਚ ਇਸ਼ਨਾਨ ਕਰਨ ਆਉਂਦੇ ਹਨ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ। ਦੇਸ਼-ਵੰਡ ਵੇਲੇ ਇਹ ਪਾਕਿਸਤਾਨ ਵਿਚ ਰਹਿ ਗਿਆ ਹੈ।

ਸਿੱਖ ਇਤਿਹਾਸ ਵਿਚ ਇਸ ਨਗਰ ਦੀ ਵਿਸ਼ੇਸ਼ ਮਹਾਨਤਾ ਹੈ। ਇਥੋਂ ਦੇ ਭਾਈ ਰਾਮੂ ਬਸੀ ਦੀ ਪੁੱਤਰੀ ਸਾਹਿਬ ਕੌਰ ਦਾ ਵਿਆਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ ਅਤੇ ਉਸ ਨੂੰ ਖ਼ਾਲਸੇ ਦੀ ਮਾਤਾ ਘੋਸ਼ਿਤ ਕੀਤਾ ਗਿਆ। ਇਸ ਨਗਰ ਉਤੇ ਹਮਲਾ ਕਰਕੇ ਸ. ਚੜ੍ਹਤ ਸਿੰਘ ਸੁਕਰਚਕੀਆ ਅਤੇ ਗੁੱਜਰ ਸਿੰਘ ਭੰਗੀ ਨੇ ਸੰਨ 1767 ਈ. ਵਿਚ ਜਿਤਿਆ। ਵੀਹ ਸਾਲ ਬਾਦ ਸ਼ਾਹ ਜ਼ਮਾਨ ਨੇ ਇਸ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਜਿਤ ਕੇ ਆਪਣੇ ਰਾਜ ਵਿਚ ਸ਼ਾਮਲ ਕੀਤਾ ਅਤੇ ਜੰਗੀ ਨੁਕਤੇ ਤੋਂ ਇਸ ਦੀ ਅਹਿਮੀਅਤ ਸਥਾਪਿਤ ਕੀਤੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਰੋਹਤਾਸ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰੋਹਤਾਸ : ਇਹ ਪ੍ਰਸਿੱਧ ਕਿਲਾ ਜ਼ਿਲ੍ਹਾ ਜਿਹਲਮ (ਪਾਕਿਸਤਾਨ) ਵਿਚ, ਜਿਹਲਮ ਤੋਂ 14 ਕਿ. ਮੀ. ਦੀ ਦੂਰੀ ਤੇ ਉੱਤਰ-ਪੱਛਮ ਵਾਲੇ ਪਾਸੇ ਸਥਿਤ ਹੈ। ਇਹ ਕਿਲਾ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੇ 1542 ਈ. ਵਿਚ ਸਵਾ ਚਾਲੀ ਲੱਖ ਰੁਪਏ ਖਰਚ ਕਰ ਕੇ ਬਣਵਾਇਆ ਸੀ। ‘ਤਾਰੀਖ ਦਾਊਦੀ’ ਵਿਚ ਰੋਹਤਾਸ ਕਿਲੇ ਦੀ ਲਾਗਤ 8 ਕਰੋੜ, 5 ਲੱਖ, 5 ਹਜ਼ਾਰ ਅਤੇ ਢਾਈ ਦਾਮ ਲਿਖੀ ਹੋਈ ਹੈ। ਇਹ ਕਿਲਾ ਢਾਈ ਮੀਲ ਇਲਾਕੇ ਵਿਚ ਫੈਲਿਆ ਹੋਇਆ ਹੈ। ਦੀਵਾਰ ਤੀਹ ਫੁੱਟ ਚੌੜੀ ਅਤੇ ਤੀਹ ਤੋਂ ਪੰਜਾਹ ਫੁੱਟ ਤੱਕ ਉੱਚੀ ਹੈ। ਚਾਰੇ ਪਾਸੇ ਦੇ ਬੁਰਜਾਂ ਦੀ ਗਿਣਤੀ ਅਠਾਹਠ ਅਤੇ ਦਰਵਾਜ਼ੇ ਬਾਰਾਂ ਹਨ। ਵੱਡੇ ਦਰਵਾਜ਼ੇ ਦੀ ਉਚਾਈ 70 ਫੁੱਟ ਹੈ। ਇਸ ਕਿਲੇ ਅੰਦਰ ਜੋ ਪਿੰਡ ਵਸਦਾ ਹੈ ਉਸ ਦਾ ਨਾਂ ਵੀ ਰੋਹਤਾਸ ਹੀ ਹੈ।

ਸ਼ੇਰ ਸ਼ਾਹ ਸੂਰੀ ਦਾ ਰੋਹਤਾਸ ਨਾਂ ਦਾ ਇਕ ਕਿਲਾ ਬੰਗਾਲ ਦੇ ਸ਼ਾਹਬਾਦ ਜ਼ਿਲ੍ਹੇ ਵਿਚ ਵੀ ਹੈ ਤੇ ਉਸੇ ਕਿਲੇ ਦੀ ਨਕਲ ਕਰ ਕੇ ਹੀ ਉਸ ਨੇ ਇਹ ਕਿਲਾ ਬਣਵਾਇਆ ਸੀ। ਇਥੇ ਰਾਜਾ ਹਰੀਸ਼ ਚੰਦਰ ਦੇ ਪੁੱਤਰ ਰੋਹਿਤਾਸ਼ਵ ਨੇ ਜਿਸ ਨੂੰ ਰੋਹਿਤ ਵੀ ਲਿਖਿਆ ਜਾਂਦਾ ਹੈ, ਇਸ ਨਾਮ ਦਾ ਇਕ ਨਗਰ ਵਸਾਇਆ ਸੀ।

ਹੁਣ ਇਸ ਕਿਲੇ ਵੀ ਹਾਲਤ ਖਸਤਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-02-23-45, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਇੰਪ. ਗ. ਇੰਡ. 21 :322

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.