ਰੋਜ਼ਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੋਜ਼ਾ [ਨਾਂਪੁ] (ਇਸਲਾਮ ਧਰਮ ਅਨੁਸਾਰ ਰੱਖਿਆ) ਵਰਤ; ਫ਼ਾਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰੋਜ਼ਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰੋਜ਼ਾ : ਵੇਖੋ ‘ਇਸਲਾਮ’

ਇਸਲਾਮ : ਮੁਸਲਮਾਨਾਂ ਦੇ ਧਾਰਮਿਕ ਮੱਤ ਨੂੰ ‘ਇਸਲਾਮ’ ਕਿਹਾ ਜਾਂਦਾ ਹੈ। ਇਸਲਾਮ ਦਾ ਜਨਮ ਅਰਬ ਦੇਸ਼ ਵਿਚ ਹੋਇਆ। ਅਰਬ ਦੇਸ਼ ਜਾਂ ਖ਼ਿੱਤਾ ਏਸ਼ੀਆ ਮਹਾਦੀਪ ਦੇ ਦੱਖਣ ਪੱਛਮ ਵਿਚ ਸਥਿਤ ਇਕ ਅਜਿਹਾ ਟਾਪੂਹਾਰ (Peninsula) ਹੈ ਜਿਸ ਦੇ ਤਿੰਨਾਂ ਪਾਸਿਆਂ ਤੇ ਪਾਣੀ ਅਤੇ ਇਕ ਪਾਸੇ ਖੁਸ਼ਕੀ ਹੈ। ਇਸ ਦੇ ਪੱਛਮੀ ਭਾਗ ਨੂੰ ਤਿਹਾਮਾ ਅਤੇ ਪੂਰਬੀ ਹਿੱਸੇ ਨੂੰ ਨਜਦ ਕਹਿੰਦੇ ਹਨ। ਇਨ੍ਹਾਂ ਦੋਹਾਂ ਭਾਗਾਂ ਦੇ ਵਿਚਲੇ ਟੁਕੜੇ ਨੂੰ ਹਿਜਾਜ਼ ਆਖਦੇ ਹਨ ਜਿਸ ਵਿਚ ਮੁਸਲਮਾਨਾਂ ਦੇ ਦੋ ਪਵਿੱਤਰ ਨਗਰ ਮੱਕਾ ਤੇ ਮਦੀਨ ਹਨ। ਅਰਬਾਂ ਦਾ ਸੰਬੰਧ ਸਾਮੀ (Semitic) ਨਸਲ ਨਾਲ ਹੈ। ਅਰਬ ਵਿਚ ਇਸਲਾਮ ਦੇ ਉਦੈ ਹੋਣ ਦੇ ਸਮੇਂ ਤੋਂ ਪਹਿਲੇ ਯੁੱਗ ਨੂੰ ਜਾਹਲੀਅਤ ਜਾਂ ਅਗਿਆਨਤਾ ਦਾ ਯੁੱਗ ਜਾਂ ਕਾਲ ਆਖਿਆ ਜਾਂਦਾ ਹੈ। ਇਸ ਕਾਲ ਵਿਚ ਅਰਬਾਂ ਦਾ ਜੀਵਨ ਵਿਵਸਥਿਤ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦਾ ਕੋਈ ਸਾਂਝਾ ਧਰਮ ਸੀ। ਉਹ ਇਕ ਰੱਬ ਨੂੰ ਮੰਨਣ ਦੀ ਥਾਂ ਤੇ ਭਿੰਨ ਭਿੰਨ ਦੇਵਤਿਆਂ ਦੀਆਂ ਮੂਰਤੀਆਂ ਨੂੰ ਪੂਜਦੇ ਸਨ। ਕਾਅਬਾ ਕਈ ਮੂਰਤੀਆਂ ਦਾ ਪੂਜਾ–ਸਥਾਨ ਸੀ ਅਤੇ ਇਸ ਉਪਰ ਕੁਰੈਸ਼ ਕਬੀਲੇ ਦੀ ਸਰਦਾਰੀ ਸੀ।

          ਮੁੱਕੇ ਦੇ ਇਕ ਹੋਰ ਬਲਵਾਨ ਕਬੀਲੇ (ਹਾਸ਼ਿਮੀ) ਵਿਚ ਹਜ਼ਰਤ ਮੁਹੰਮਦ (571–632) ਦਾ ਜਨਮ ਹੋਇਆ ਜਿਨ੍ਹਾਂ ਨੇ ਰੱਬੀ ਪ੍ਰੇਰਣਾ ਨਾਲ ਇਸਲਾਮ ਦਾ ਪ੍ਰਚਾਰ ਕੀਤਾ। ਅਰਬੀ ਭਾਸ਼ਾ ਵਿਚ ‘ਇਸਲਾਮ’ ਦੇ ਅਰਥ ਆਗਿਆ ਦਾ ਪਾਲਣ ਕਰਨਾ ਜਾਂ ਫ਼ਰਮਾਂਬਦਾਰ ਹੋਣਾ ਹੈ। ਇਸ ਧਰਮ ਦਾ ਨਾਮ ਇਸਲਾਮ ਇਸ ਲਈ ਰੱਖਿਆ ਗਿਆ ਕਿਉਂ ਜੋ ਇਹ ਪਰਮਾਤਮਾ ਜਾਂ ਅੱਲਾਹ ਦੀ ਫ਼ਰਮਾਂਬਰਦਾਰੀ ਤੇ ਬਲ ਦਿੰਦਾ ਹੈ। ਇਸਲਾਮ ਧਰਮ ਨੂੰ ਜਾਣਨ ਦੇ ਚਾਰ ਵੱਡੇ ਸੋਮੇ ਹਨ :

          (1) ਕੁਰਾਨ ਸ਼ਰੀਫ : ਇਸ ਵਿਚ ਉਹ ਰੱਬੀ ਕਲਾਮ ਦਰਜ ਹੈ ਜਿਹੜਾ ਜਬਰੀਲ ਫ਼ਰਿਸ਼ਤੇ ਰਾਹੀਂ ਹਜ਼ਰਤ ਮੁਹੰਮਦ ’ਤੇ ਨਾਜ਼ਿਲ ਹੋਇਆ ਮੰਨਿਆ ਜਾਂਦਾ ਹੈ। ਇਸ ਵਿਚ 114 ਸੂਰੇ ਜਾ ਸੂਰਤਾਂ (ਕਾਂਡ) ਹਨ ਜਿਨ੍ਹਾਂ ਵਿਚੋਂ 93 ਸੂਰਿਆਂ ਦਾ ਆਵੇਸ਼ ਮੱਕੇ ਅਤੇ 21 ਦਾ ਮਦੀਨੇ ਵਿਚ ਹੋਇਆ ਦਸਿਆ ਜਾਂਦਾ ਹੈ। ਇਸ ਵਿਚ ਤਤਕਾਲੀਨ ਮੁਸਲਮਾਨਾਂ ਦੇ ਜੀਵਨ ਦੇ ਲਗਭਗ ਸਾਰੇ ਪਹਿਲੂਆਂ ਨੂੰ ਵਿਉਂਤਬੱਧ ਕੀਤਾ ਗਿਆ ਹੈ ਅਤੇ ਚੰਗੇ ਤੋਂ ਮੰਦੇ ਅਮਲਾਂ ਦੇ ਇਨਾਮ ਅਤੇ ਦੰਡ ਵੀ ਬਿਆਨੇ ਗਏ ਹਨ।

          (2) ਹਦੀਸ :  ਹਜਰਤ ਮੁਹੰਮਦ ਦੇ ਅਮਲਾਂ ਅਤੇ ਕਥਨਾਂ ਨੂੰ ਹਦੀਸ ਆਖਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਨਾਲ ਵਿਚਰਣ ਵਾਲੇ ਲੋਕਾਂ ਜਾਂ ਹੋਰ ਸਮਕਾਲੀਆਂ ਨੇ ਬਿਆਨਿਆ ਹੈ। ਕੁਰਾਨ ਸ਼ਰੀਫ਼ ਦੀ ਸਾਮਗ੍ਰੀ ਤੋਂ ਇਲਾਵਾ ਇਨ੍ਹਾਂ ਹਦੀਸਾਂ ਦੀ ਰੋਸ਼ਨੀ ਵਿਚ ਵੀ ਇਸਲਾਮ ਦੇ ਬਹੁਤ ਸਾਰੇ ਪੂਜਾ–ਪਾਠ, ਰਹਿਣੀ–ਬਹਿਣੀ ਅਤੇ ਹੋਰ ਕਾਰਜਾਂ ਨਾਲ ਸੰਬੰਧਿਤ ਨੇਮ ਬਣਾਏ ਗਏ ਹਨ। ਸੁਨੰਤ ਹਜ਼ਰਤ ਮੁਹੰਮਦ ਦੇ ਕਾਰਜਾਂ ਤੇ ਕਥਨਾਂ ਨੂੰ ਕਹਿੰਦੇ ਹਨ ਅਤੇ ਹਦੀਸ ਉਨ੍ਹਾਂ ਦੇ ਕਾਰਜਾਂ ਦੇ ਕਥਨਾਂ ਦੇ ਬਿਆਨ ਨੂੰ। ਪ੍ਰਮਾਣਿਕਤਾ ਦੇ ਲਿਹਾਜ਼ ਨਾਲ ਹਦੀਸ ਦੀਆਂ ਕਈ ਕਿਸਮਾਂ ਹਨ– (ੳ) ਸਹੀ : ਜਿਹੜੀਆਂ ਹਦੀਸਾਂ ਹਜ਼ਰਤ ਮੁਹੰਮਦ ਦੇ ਨਿਕਟਵਰਤੀ ਧਾਰਮਿਕ ਵਿਅਕਤੀਆਂ ਜਾਂ ਹੋਰ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈਆਂ ਹੋਣ, (ਅ) ਹਸਨ: ਦੂਜੇ ਦਰਜੇ ਦੀਆਂ ਹਦੀਸਾਂ ਜਿਹੜੀਆਂ ਚੰਗੀਆਂ ਤੇ ਹਨ ਪਰੰਤੂ ਸਹੀ ਹਦੀਸਾਂ ਵਰਗੀਆਂ ਪ੍ਰਮਾਣਿਕ ਨਹੀਂ ਹਨ, (ੲ) ਜ਼ਅਈਫ਼ : ਇਹ ਹਸਨ ਨਾਮਕ ਹਦੀਸਾਂ ਤੋਂ ਵੀ ਘੱਟ ਭਰੋਸੇਯੋਗ ਹਨ।

          ਹਦੀਆਂ ਦੀਆਂ ਪੁਸਤਕਾਂ ਵਿਚੋਂ ਸਭ ਤੇ ਪ੍ਰਸਿੱਧ ਇਮਾਮ ਬੁਖਾਰੀ ਦੀ ‘ਸਹੀ–ਉਲ–ਬੁਖਾਰੀ’ ਹੈ ਜਿਸ ਵਿਚ ਛੇ ਲੱਖ ਹਦੀਸਾਂ ਵਿਚੋਂ ਨੌਂ ਹਜ਼ਾਰ ਸਹੀ ਹਦੀਸਾ ਚੁਣ ਕੇ ਸ਼ਾਮਲ ਕੀਤੀਆਂ ਗਈਆਂ ਹਨ।

          (3) ਇਸਲਾਮੀ ਕਾਨੂੰਨ ਜਾਂ ਨੇਮ ਬਣਾਉਣ ਲਈ ਕੁਰਾਨ ਜਾਂ ਹਦੀਸਾਂ ਤੋਂ ਇਲਾਵਾ ਇਜਮਾਅ (ਇਸਲਾਮੀ ਵਿਦਵਾਨਾਂ ਦਾ ਸਰਵ ਸੰਮਤੀ ਨਾਲ ਕੀਤਾ ਗਿਆ ਨਿਰਣਾ।

          (4) ਕਿਆਸ (ਪਹਿਲਾਂ ਮਿਲਦੇ ਜਾਂਦੇ ਨੇਮਾਂ ਦੇ ਅੰਦਾਜ਼ੇ ਤੇ ਨਵੇਂ ਨੇਮ ਘੜਨਾ) ਤੋਂ ਕੰਮ ਵੀ ਲਿਆ ਜਾਂਦਾ ਹੈ।

          ਇਸਲਾਮ ਦੇ ਬੁਨਿਆਦੀ ਤੱਤ ਹੇਠ ਲਿਖੇ ਹਨ :

          (1) ਕਲਮਾ ਸ਼ਹਾਦਤ : ਇਕ ਵਾਕ ਉਚਰਨਾ ਕਿ ਇਕ ਅੱਲਾਹ ਦੇ ਸਿਵਾਏ ਹੋਰ ਕੋਈ ਰੱਬ ਨਹੀਂ ਹੈ ਅਤੇ ਮੁਹੰਮਦ ਅੱਲਾਹ ਦ ਸੰਦੇਸ਼–ਵਾਹਕ ਹੈ।

          (2) ਨਮਾਜ਼ : ਇਹ ਦਿਨ ਵਿਚ ਪੰਜ ਸਮਿਆਂ ਤੇ ਪੜ੍ਹੀ ਜਾਂਦੀ ਹੈ। ਇਹ ਸਮੇਂ ਹਨ –ਫ਼ਜਰ (ਸੁਬਹ ਸਵੇਰੇ), ਜ਼ੁਹਰ (ਦੁਪਹਿਰ), ਅਸਰ (ਬਾਅਦ ਦੁਪਹਿਰ), ਮਗ਼ਰਿਬ (ਸੂਰਜ ਡੁੱਬਣ ਦਾ ਸਮਾਂ)  ਅਤੇ ਇਸ਼ਾ (ਰਾਤ)।

          (3) ਰੋਜ਼ਾ : ਹਿੰਦੂਆਂ ਵਾਂਗ ਮੁਸਲਮਾਨਾਂ ਵਿਚ ਵੀ ਧਾਰਮਿਕ ਵਰਤ ਰੱਖਣ ਦੀ ਪ੍ਰਥਾ ਹੈ। ਇਹ ਵਰਤ ਜਾਂ ਰੋਜ਼ੋ ਅਜ਼ਾਨ ਦੇ ਪਵਿੱਤਰ ਮਹੀਨੇ ਵਿਚ ਰੱਖੇ ਜਾਂਦਾ ਹਨ ਜਿਸ ਮਹੀਨੇ ਵਿਚ ਹਜ਼ਰਮ ਮੁਹੰਮਦ ਨੂੰ ਆਕਾਸ਼ ਤੇ ਰੱਬੀ ਦਰਸ਼ਨ ਹੋਏ ਸਨ। ਇਸ ਘਟਨਾ ਨੂੰ ‘ਮਿਅਰਾਜ’ ਆਖਿਆ ਜਾਂਦਾ ਹੈ।

          (4) ਜ਼ਕਾਤ : ਖਾਂਦੇ ਪੀਂਦੇ ਜਾਂ ਅਮੀਰ ਮੁਸਲਮਾਨਾਂ ਨੂੰ ਆਪਣੀ ਕਮਾਈ ਜਾਂ ਪੂੰਜੀ ਵਿਚੋਂ ਗ਼ਰੀਬ ਮੁਸਲਮਾਨਾਂ ਨੂੰ ਜ਼ਕਾਤ ਜਾਂ ਨੀਅਤ ਦਾਨ ਰਾਸ਼ੀ ਦੇਣ ਦਾ ਹੁਕਮ ਹੈ।

          (5) ਹੱਜ : ਦੁਨੀਆਂ ਭਰ ਦੇ ਮੁਸਲਮਾਨਾਂ (ਜਿਨ੍ਹਾਂ ਦੀ ਸਮਰਥਾ ਹੋਵੇ) ਨੂੰ ਜੀਵਨ ਵਿਚ ਘੱਟੋ ਘੱਟ ਇਕ ਵਾਰ ਮੱਕੇ ਵਿਚ ਸਥਿਤ ਖ਼ਾਨੇ ਕਾਅਬੇ ਦਾ ਹੱਜ (ਯਾਤ੍ਰਾ) ਕਰਨ ਦਾ ਵੀ ਆਦੇਸ਼ ਹੈ।

          (6) ਹਸ਼ਰ : ਇਸ ਨੂੰ ਕਿਆਮਤ ਦਾ ਦਿਹਾੜਾ ਵੀ ਕਹਿੰਦੇ ਹਨ। ਇਸ ਦਿਨ ਸਾਰੇ ਜੀਵ ਮਰ ਜਾਣਗੇ ਅਤੇ ਪਹਿਲਾਂ ਮਰੇ ਹੋਏ ਲੋਕ ਇਸਰਾਫ਼ੀਲ ਦੇ ਸੰਖ ਦੀ ਕੰਨ–ਚੀਰਵੀਂ ਆਵਾਜ਼ ਸੁਣ ਕੇ ਕਬਰਾਂ ਤੋਂ ਉਠ ਪੈਣਗੇ ਅਤੇ ਸਭ (ਜਾਂ ਉਨ੍ਹਾਂ ਦੀਆਂ ਆਤਮਾਵਾਂ) ਮਿਲ ਕੇ ਰੱਬੀ ਦਰਬਾਰ ਵਿਚ ਜਾਣਗੇ, ਜਿੱਥੇ ਉਨ੍ਹਾਂ ਦੇ ਚੰਗੇ ਮੰਦੇ ਅਮਲਾਂ ਅਨੁਸਾਰ ਉਨ੍ਹਾਂ ਨੂੰ ਸਵਰਗ ਜਾਂ ਨਰਕ ਵਿਚ ਘੱਲਿਆ ਜਾਵੇਗਾ। ਉੱਥੇ ਹਜ਼ਰਤ ਮੁੰਹਮਦ ਦੀ ਸਿਫ਼ਾਰਿਸ਼ ਤੇ ਉਨ੍ਹਾਂ ਤੇ ਉਮੱਤੀ ਬਖ਼ਸ਼ੇ ਵੀ ਜਾ ਸਕਦੇ ਹਨ ਅਤੇ ਉਨ੍ਹਾਂ ਦੇ ਦੰਡ ਦੀ ਮਾਤ੍ਰਾ ਘਟਾਈ ਜਾਂ ਇਨਾਮ ਦੀ ਮਾਤ੍ਰਾ ਵਧਾਈ ਵੀ ਜਾ ਸਕਦੀ ਹੈ।

          (7) ਜਿਹਾਦ : ਇਸਲਾਮ ਦੇ ਪ੍ਰਚਾਰ, ਪ੍ਰਸਾਰ ਜਾਂ ਪ੍ਰਤਿ–ਰੱਖਿਆ ਲਈ ਕਾਫ਼ਿਰਾਂ ਨਾਲ ਲੜੇ ਗਏ ਧਰਮ–ਯੁੱਧ ਨੂੰ ਜਿਹਾਦ ਆਖਦੇ ਹਨ। ਇਸ ਵਿਚ ਭਾਗ ਲੈਣ ਵਾਲੇ ਮੁਜਾਹਿਦ (ਇਸਤ੍ਰੀ–ਲਿੰਗ ਮੁਜਾਹਿਦਾ) ਅਖਵਾਉਂਦੇ ਹਨ।

          ਇਸਲਾਮ ਵਿਚ ਇਕ ਨਿਰਾਕਾਰ ਰੱਬ ਦਾ ਸੰਕਲਪ ਹੈ। ਇਸ ਇਕਰੱਬਤਾ ਨੂੰ ਤੌਹੀਦ ਆਖਿਆ ਜਾਂਦਾ ਹੈ। ਇਸ ਰੱਬ ਦਾ ਅੱਲਾਹ ਦੇ ਦਰਸ਼ਨ ਇਕ ਨੂਰ ਦੀ ਸ਼ਕਲ ਵਿਚ ਹੋ ਸਕਦੇ ਹਨ। ਹਜ਼ਰਤ ਮੂਸਾ ਇਸੇ ਰੱਬੀ ਨੂਰ ਨੂੰ ਤੂਰ ਪਹਾੜ ਤੇ ਵੇਖ ਕੇ ਬੇਹੋਸ਼ ਹੋਏ ਸਨ। ਇਸਲਾਮ ਵਿਚ ਫ਼ਰਿਸ਼ਤਿਆਂ ਦੀ ਹੋਂਦ ਨੂੰ ਸਵੀਕਾਰਿਆ ਜਾਂਦਾ ਹੈ। ਫ਼ਾਰਿਸ਼ਤਿਆਂ ਵਿਚੋਂ ਉੱਘੇ ਨਾਮ ਹਨ :

          (1) ਜਬਰੀਲ– ਇਸ ਨੂੰ ‘ਰੂਹ–ਉਲ–ਕਦਸ’ ਤੇ ‘ਮਲਕ–ਉਲ–ਵਹੀ’ ਵੀ ਆਖਿਆ ਜਾਂਦਾ ਹੈ। ਇਸ ਦਾ ਕਾਰਜ ਪੈਗ਼ੰਬਰਾਂ ਨੂੰ ਰੱਬੀ ਸੁਨੇਹੇ ਪਹੁੰਚਾਣਾ ਹੈ। (2) ਮੇਕਾਈਲ–ਇਹ ਜੀਵਾਂ ਨੂੰ ਰੋਜ਼ੀ ਪਹੁੰਚਾਂਦਾ ਹੈ। (3) ਇਸ਼ਰਾਫੀਲ–ਇਹ ਹਸ਼ਰ ਦੇ ਦਿਹਾੜੇ ਸੰਖ ਵਜਾਉਣ ਵਾਲਾ ਫ਼ਾਰਿਸ਼ਤਾ ਹੈ। (4) ਇਜ਼ਰਾਈਲ–ਇਹ ਲੋਕਾਂ ਦੇ ਜਿਸਮਾਂ ਵਿਚੋਂ ਮਿੱਥੇ ਸਮੇਂ ਤੇ ਰੂਹਾਂ ਕੱਢਣ ਵਾਲਾ ਫ਼ਰਿਸ਼ਤਾ ਹੈ, ਇਸ ਨੂੰ ‘ਮਲਕ–ਉਲ–ਮੌਤ’ ਵੀ ਆਖਦੇ ਹਨ। (5) ਅਜ਼ਾਜੀਲ– ਇਸ ਨੂੰ ਸ਼ੈਤਾਨ ਜਾਂ ਇਬਲੀਸ ਵੀ ਆਖਦੇ ਹਨ। ਇਸ ਫ਼ਰਿਸ਼ਤੇ ਨੇ ਰੱਬ ਦੇ ਕਹਿਣ ਤੇ ਆਦਮ ਨੂੰ ਸਜਦਾ ਨਹੀਂ ਸੀ ਕੀਤਾ ਇਸ ਲਈ ਇਹ ਰੱਬੀ ਦਰਗਾਹ ਤੋਂ ਧੁਤਕਾਰਿਆ ਗਿਆ ਸੀ। ਇਸ ਨੇ ਹੀ ਆਦਮ ਤੇ ਹਵਾ ਤੋਂ ਕਣਕ ਦਾ ਦਾਣਾ ਚੱਖਣ ਦਾ ਵਰਜਿਤ ਕੰਮ ਕਰਵਾ ਕੇ ਉਨ੍ਹਾਂ ਨੂੰ ਜੱਨਤ ਵਿਚੋਂ ਕਢਵਾ ਦਿੱਤਾ ਸੀ। ਮੁਸਲਮਾਨਾਂ ਅਨੁਸਾਰ ਇਹ ਅੱਜ ਵੀ ਜੀਵਾਂ ਨੂੰ ਕੁਰਾਹੇ ਪਾ ਕੇ ਉਨ੍ਹਾਂ ਤੋਂ ਮੰਦੇ ਕੰਮ ਕਰਵਾਉਂਦਾ ਹੈ।

          ਮੁਸਲਮਾਨ ਹਜ਼ਰਤ ਮੁਹੰਮਦ ਤੋਂ ਪਹਿਲਾਂ ਹੋਏ ਪੈਗ਼ੰਬਰਾਂ ਅਤੇ ਉਨ੍ਹਾਂ ਦੀਆਂ ਪਵਿੱਤਰ ਪੁਸਤਕਾਂ ਤੇ ਵਿਸ਼ਵਾਸ ਵੀ ਰੱਖਦੇ ਹਨ, ਜਿਵੇਂ ਹਜ਼ਰਤ ਮੂਸਾ ਦੀ ‘ਤੋਰਾਤ’, ਹਜ਼ਰਤ ਦਾਊਦ ਦੀ ‘ਜ਼ਬਰ’ ਅਤੇ ਹਜ਼ਰਤ ਈਸਾ ਦੀ ‘ਇੰਜੀਲ’ ਆਦਿ। ਕੁਰਾਨ ਸ਼ਰੀਫ਼ ਦੀ ਇਕ ਆਇਤ ਅਨੁਸਾਰ ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਹਜ਼ਰਤ ਮੁਹੰਮਦ ਸੰਸਾਰ ਵਿਚ ਵਿਚਰਨ ਵਾਲੇ ਅੰਤਿਮ ਨੱਬੀ, ਰਸੂਲ ਜਾਂ ਪੈਗ਼ੰਬਰ ਹਨ। ਇਨ੍ਹਾਂ ਤੋਂ ਬਾਅਦ ਦੁਨੀਆਂ ਵਿਚ ਹੋਰ ਕੋਈ ਪੈਗ਼ੰਬਰ ਪੈਦਾ ਨਹੀਂ ਹੋਵੇਗਾ।

          ਕੁਰਾਨ ਸ਼ਰੀਫ ਅਤੇ ਹਦੀਸਾਂ ਦੀ ਸਿੱਖਿਆ ਅਨੁਸਾਰ ਮੁਸਲਮਾਨਾਂ ਦੇ ਅਧਿਆਤਮਿਕ ਨਹੀਂ, ਸਗੋਂ ਸਮੁੱਚੇ ਭੌਤਿਕ ਜੀਵਨ ਨੂੰ ਵੀ ਅਨੁਸ਼ਾਸਿਤ ਕੀਤਾ ਗਿਆ ਹੈ ਅਤੇ ਜਨਮ ਤੋਂ ਲੈ ਕੇ ਮਰਨ ਤਕ ਅਤੇ ਉਨ੍ਹਾਂ ਦੇ ਹਰ ਕਾਰਜ ਨੂੰ ਸ਼ਰ੍ਹਾਂ ਅਨੁਕੂਲ ਵਿਉਂਤ–ਬੱਧ ਕੀਤਾ ਗਿਆ ਹੈ।

          ਹਰ ਮੁਸਲਮਾਨ ਨੂੰ ਰੱਬੀ ਹੁਕਮ ਜਾਂ ਭਾਣਾ ਮੰਨਣ ਦਾ ਆਦੇਸ਼ ਹੈ ਅਤੇ ਹੇਠ–ਲਿਖਿਤ ਗੁਨਾਹਾਂ ਜਾਂ ਜੁਰਮਾਂ ਜਿਹੇ ਕਾਰਜ ਕਰਨੇ ਵਰਜਿਤ ਹਨ–(1) ਦ੍ਵੈਤਵਾਦ ਜਾਂ ਇਕ ਰੱਬ ਦੀ ਥਾਂ ਤੇ ਦੋ ਯਾ ਬਹੁਤੇ ਰੱਬਾਂ ਦੀ ਹੋਂਦ ਨੂੰ ਮੰਨਣਾ, (2) ਜਾਦੂ ਟੂਣੇ ਉੱਤੇ ਵਿਸ਼ਵਾਸ ਕਰਨਾ, (3) ਅਕਾਰਣ ਕਿਸੇ ਪ੍ਰਾਣੀ ਦੀ ਹੱਤਿਆ ਕਰਨਾ, (4) ਸੂਦ–ਖ਼ੋਰੀ ਕਰਨਾ, (5) ਯਤੀਮਾਂ ਦੀ ਜਾਇਦਾਦ ਹਥਿਆਣਾ, (6) ਜ਼ਨਾ ਕਰਨਾ,         (7) ਮਾਪਿਆਂ ਦੀ ਆਗਿਆ ਦਾ ਪਾਲਣ ਨਾ ਕਰਨਾ, (8) ਯੁੱਧ ਖੇਤਰ ਵਿਚੋਂ ਨੱਸ ਜਾਣਾ, (9) ਸ਼ਰਾਬ ਪੀਣਾ ਅਤੇ ਚੋਰੀ ਕਰਨਾ ਆਦਿ। ਇਨ੍ਹਾਂ ਭੈੜੇ ਕੰਮਾਂ ਦੇ ਦੰਡ ਵੀ ਨੀਅਤ ਹਨ। ਸੁੰਨਤਾਂ ਜਾਂ ਖ਼ਤਨੇ (ਗੁਪਤ ਅੰਗ ਦੇ ਉਪਰਲੇ ਮਾਸ ਦਾ ਕੁਛ ਭਾਗ ਕੱਟਣਾ) ਦਾ ਰਿਵਾਜ ਵੀ ਸਾਰੀ ਇਸਲਾਮੀ ਦੁਨੀਆਂ ਵਿਚ ਪ੍ਰਚੱਲਿਤ ਹੈ। ਸਾਰੇ ਇਸਲਾਮੀ ਜਗਤ ਵਿਚ ਈਦ ਤੇ ਬਕਰੀਦ ਦੇ ਤਿਉਹਾਰ ਬੜੀ ਖੁਸ਼ੀ ਤੇ ਉਤਸਾਹ ਨਾਲ ਮਨਾਏ ਜਾਂਦੇ ਹਨ। ਮੁਹੱਰਮ ਦੇ ਮਹੀਨੇ ਵਿਚ ਹਜ਼ਰਤ ਅਲੀ ਦੇ ਪੁੱਤਰ ਇਮਾਮ ਹੁਸੈਨ ਦੀ ਸ਼ਹਾਦਤ ਦਾ ਸੋਗ ਵੀ ਮਨਾਇਆ ਜਾਂਦਾ ਹੈ। ਮੁਸਲਮਾਨ ਆਵਾਗਵਨ ਨੂੰ ਬਿਲਕੁਲ ਨਹੀਂ ਮੰਨਦੇ। ਅਰਬੀ ਵਿਚ ਵਿਆਹ ਨੂੰ ਨਿਕਾਹ ਜਾਂ ਅਕਦ ਆਖਿਆ ਜਾਂਦਾ ਹੈ। ਨਿਕਾਹ ਦੀਆਂ ਕੁਝ ਕਿਸਮਾਂ ਹੇਠ–ਲਿਖਤ ਹਨ :

          (1) ਨਿਕਾਹ–ਉਲ–ਕਾਇਮ–ਕਾਨੂੰਨੀ ਤੇ ਸਥਾਈ ਵਿਆਹ,

(2) ਨਿਕਾਹ–ਉਲ–ਮੁੱਤਾਅ–ਆਰਜ਼ੀ ਜਾਂ ਅਸਥਾਈ ਤੌਰ ਤੇ ਕੀਤਾ ਗਿਆ ਵਿਆਹ। ਸੁੰਨੀ ਲੋਕ ਇਸ ਨੂੰ ਚੰਗਾ ਨਹੀਂ ਮੰਨਦੇ

          (3) ਨਿਕਾਹ–ਉਲ–ਅੱਮਤ–ਦਾਸੀ ਨਾਲ ਕੀਤਾ ਗਿਆ ਨਿਕਾਹ।

          ਪੁਰਖ ਇਕੋ ਵਕਤ ਚਾਰ ਤੀਵੀਆਂ ਨਾਲ ਨਿਕਾਹ ਕਰਵਾ ਸਕਦਾ ਹੈ ਪਰੰਤੂ ਤੀਵੀਆਂ ਨੂੰ ਅਜਿਹੀ ਕੋਈ ਖੁੱਲ੍ਹ ਨਹੀਂ ਹੈ। ਤਲਾਕ, ਅਹਿਦਨਾਮਿਆਂ ਦੀ ਪਾਲਣਾ ਗਵਾਹੀਆਂ ਜਾਂ ਸਾਖੀਆਂ, ਖ਼ਰੀਦ ਫ਼ਰੋਖ਼ਤ ਅਤੇ ਖਾਣ ਪੀਣ ਬਾਰੇ ਵੀ ਮੁਸਲਮਾਨਾਂ ਨੂੰ ਸ਼ਰ੍ਹਾ ਵੱਲੋਂ ਆਦੇਸ਼ ਹਨ। ਤੀਵੀਂ ਦੀ ਗਵਾਹੀ ਨੂੰ ਬਹੁਤ ਮਹੱਤਵ ਨਹੀਂ ਦਿੱਤਾ ਜਾਂਦਾ। ਸੂਰ (ਗੰਦਾ ਜੀਵ ਹੋਣ ਕਾਰਣ) ਅਤੇ ਸ਼ਰਾਬ (ਮੱਤ ਮਾਰਨ ਵਾਲਾ ਤਰਲ ਪਦਾਰਥ ਹੋਣ ਕਾਰਣ) ਦਾ ਖਾਣਾ ਪੀਣਾ ਵਰਜਿਤ ਹੈ।

          ਇਸ ਤੋਂ ਇਲਾਵਾ ਕੁਰਾਨ ਸ਼ਰੀਫ਼ ਅਤੇ ਹਦੀਸਾਂ ਆਦਿ ਦੀ ਰੋਸ਼ਨੀ ਵਿਚ ਮੁਸਲਿਮ ਸਮਾਜ ਜਾਂ ਰਹਿਣੀ ਬਹਿਣੀ ਦੇ ਹੋਰ ਵੀ ਕਈ ਪੱਖ ਨੀਅਤ ਹਨ, ਜਿਵੇਂ ਅਮਾਨਤ ਰੱਖਣੀ, ਜ਼ਮੀਨ ਜਾਂ ਜਾਇਦਾਦ ਦਾ ਉੱਤਰ–ਅਧਿਕਾਰੀ ਬਣਨਾ, ਗੁਆਂਢੀਆਂ, ਮਾਪਿਆਂ ਤੇ ਦਾਸਾਂ ਨਾਲ ਚੰਗਾ ਸਲੂਕ ਕਰਨਾ, ਵਸੀਅਤ ਕਰਨੀ, ਵਕਫ਼ ਬਣਾਉਣਾ ਅਤੇ ਜਨਮ ਮਰਨ ਤੇ ਵਿਆਹ ਸ਼ਾਦੀ ਦੀਆਂ ਰਸਮਾਂ ਆਦਿ।

          ਇਸਲਾਮੀ ਸ਼ਰ੍ਹਾ ਦੇ ਨੇਮਾਂ ਨੂੰ ‘ਫਿਕਹ’ ਆਖਦੇ ਹਨ ਅਤੇ ਇਨ੍ਹਾਂ ਨੇਮਾਂ ਜਾਂ ਕਾਨੂੰਨਾਂ ਅਨੁਸਾਰ ਕਿਸੇ ਵਸਤੂ ਜਾਂ ਕਾਰਜ ਨੂੰ ਚੰਗਾ ਜਾਂ ਮੰਦਾ (ਹਲਾਲ ਜਾਂ ਹਰਾਮ) ਘੋਸ਼ਿਤ ਕਰਨਾ ‘ਫ਼ਤਵਾ ਦੇਣਾ’ ਅਖਵਾਉਂਦਾ ਹੈ।

          ਆਤਮਾ ਪਰਮਾਤਮਾ ਦੇ ਮਿਲਣ ਤੇ ਵਿਛੋੜੇ ਜਾਂ ਰਹੱਸਵਾਦ ਆਦਿ ਦੀ ਗੱਲ ਵਲ ਸ਼ਰ੍ਹਾ ਬਹੁਤਾ ਧਿਆਨ ਨਹੀਂ ਦਿੰਦੀ। ਇਸ ਘਾਟ  ਨੂੰ ਇਸਲਾਮੀ ਤਸੱਵੁਫ਼ ਨੇ ਪੂਰਾ ਕੀਤਾ ਹੈ।

[ਸਹਾ. ਗ੍ਰੰਥ–ਮੁਹੰਮਦ ਫ਼ਾਰੂਕ ਤੇ ਮੌਲਾਨਾ ਫ਼ਤਹ ਮੁਹੰਮਦ (ਅਨੁ. ਤੇ ਸੰਪ.) : ‘ਕੁਰਾਨ ਮਜੀਦ’ : (ਉਰਦੂ); Alfred Guillaume : The Tradition of Islam; F.A. Klein : The Religion of Islam; Ameer Ali : The Spirit of Islam]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no

ਰੋਜ਼ਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਰੋਜ਼ਾ : ਰੋਜ਼ਾ, ਫ਼ਾਰਸੀ ਜ਼ਬਾਨ ਦਾ ਇੱਕ ਸ਼ਬਦ ਜਿਸ ਦਾ ਸੰਬੰਧ ਪਾਰਸੀ ਮਜ਼੍ਹਬ ਨਾਲ ਹੈ। ਇਸ ਸ਼ਬਦ ਦਾ ਅਰਥ ਹੈ ਵਰਤ ਰੱਖਣਾ। ਕੁਰਾਨ ਵਿੱਚ ਰੋਜ਼ੇ ਦਾ ਅਸਲ ਨਾਂ ਸੋਮ ਹੈ, ਜਿਸ ਦਾ ਅਰਥ ਕਿਸੇ ਚੀਜ਼ ਨੂੰ ਛੱਡ ਦੇਣਾ ਅਤੇ ਕਿਸੇ ਚੀਜ਼ ਤੋਂ ਰੁਕ ਜਾਣਾ ਹੈ। ਮੁਸਲਮਾਨਾਂ ਲਈ ਰੋਜ਼ਾ ਸਿਰਫ਼ ਰਸਮੀ ਭੁੱਖ-ਪਿਆਸ ਦਾ ਨਾਮ ਨਹੀਂ ਬਲਕਿ ਉਹਨਾਂ ਲਈ ਰੋਜ਼ਾ ਇੱਕ ਰੂਹਾਨੀ ਖ਼ੁਰਾਕ, ਦਿਲ ਤੇ ਆਤਮਾ ਦੀ ਸੁੱਧੀ ਅਤੇ ਸੰਤੁਸ਼ਟੀ ਦਾ ਵਸੀਲਾ ਹੈ। ਇਹ ਮਾਤਮ ਤੇ ਗਮ ਦੀ ਨਿਸ਼ਾਨੀ ਨਹੀਂ ਹੈ ਅਤੇ ਇਹ ਨਾ ਹੀ ਇੱਕ ਸੰਨਿਆਸੀ ਵਾਂਗ ਰੱਬ ਨੂੰ ਰਾਜ਼ੀ ਕਰਨ ਲਈ ਆਪਣੇ ਸਰੀਰ ਨੂੰ ਕਸ਼ਟ ਦੇਣ ਦਾ ਨਾਮ ਹੈ ਸਗੋਂ ਇਹ ਤਾਂ ਉੱਚੇ ਦਰਜੇ ਦੀ ਇੱਕ ਸਰੀਰਕ, ਇਖ਼ਲਾਕੀ ਅਤੇ ਰੂਹਾਨੀ ਉੱਨਤੀ ਦਾ ਜ਼ਰੀਆ ਹੈ, ਜਿਸ ਵਿੱਚ ਬਹੁਤ ਸਾਰੀਆਂ ਨਿੱਜੀ ਅਤੇ ਸਮਾਜਿਕ ਭਲਾਈਆਂ ਮੌਜੂਦ ਹਨ। ਇਸ ਸੰਬੰਧ ਵਿੱਚ ਇਸਲਾਮ ਦਾ ਵਿਸ਼ਵਾਸ ਹੈ ਕਿ ਅੱਲਾ ਨੇ ਇਮਾਨ ਵਾਲਿਆਂ ਲਈ ਰੋਜ਼ੇ ਰੱਖਣ ਦੀ ਹਿਦਾਇਤ ਇਸ ਲਈ ਦਿੱਤੀ ਸੀ ਕਿ ਉਹ ਆਪਣੀਆਂ ਵਾਸ਼ਨਾਵਾਂ ਉੱਤੇ ਕਾਬੂ ਪਾ ਕੇ ਨੇਕ ਅਤੇ ਪ੍ਰਹੇਜ਼ਗਾਰ ਬਣਨ ਦੀ ਕੋਸ਼ਿਸ਼ ਕਰਨ (ਕੁਰਾਨ, 2:183)।

ਇਸਲਾਮ ਦੇ ਪੰਜ ਥੰਮ੍ਹ ਮੰਨੇ ਗਏ ਹਨ-ਕਲਮਾ, ਨਮਾਜ਼, ਜ਼ਕਾਤ, ਰੋਜ਼ਾ ਤੇ ਹੱਜ। ਇਹਨਾਂ ਵਿੱਚ ਰੋਜ਼ਾ ਇੱਕ ਮਹੱਤਵਪੂਰਨ ਥੰਮ੍ਹ ਹੈ। ਇਸਲਾਮ ਦਾ ਅਰਥ ਹੈ ਰੱਬ ਦੀ ਅਧੀਨਤਾ ਸ੍ਵੀਕਾਰ ਕਰਨਾ। ਇਸ ਵਿਚਾਰ ਦੇ ਮੁਤਾਬਕ ਮੁਸਲਮਾਨ ਰੋਜ਼ੇ ਵਿੱਚ ਖ਼ਾਸ ਸਮੇਂ ਲਈ ਖਾਂਦੇ-ਪੀਂਦੇ ਹਨ। ਉਹ ਆਪਣੇ-ਆਪ ਨੂੰ ਭੁੱਖ ਨਾਲ ਮਾਰਦੇ ਨਹੀਂ ਸਗੋਂ ਆਪਣੇ ਜੀਵਨ ਵਿੱਚ ਸਬਰ-ਸੰਤੋਖ ਪੈਦਾ ਕਰਨ ਦਾ ਉਪਰਾਲਾ ਕਰਦੇ ਹਨ। ਰੋਜ਼ਾ ਰੱਖਣ ਲਈ ਰਮਜ਼ਾਨ ਦਾ ਮਹੀਨਾ ਨਿਸ਼ਚਿਤ ਹੈ। ਇਹ ਮਹੀਨਾ ਕਮਰੀ ਕੈਲੰਡਰ ਭਾਵ ਚੰਨ ਦੇ ਹਿਸਾਬ ਨਾਲ ਸਾਲ ਦੇ ਹਰ ਇੱਕ ਮੌਸਮ ਵਿੱਚ ਆਉਂਦਾ ਹੈ। ਇਸ ਤਰ੍ਹਾਂ ਸਿਹਤ ਦੀ ਹਰ ਮੌਸਮ ਵਿੱਚ ਸੰਭਾਲ ਹੁੰਦੀ ਹੈ। ਕੁਰਾਨ ਸ਼ਰੀਫ ਵੀ ਇਸੇ ਮਹੀਨੇ ਵਿੱਚ ਨਾਜ਼ਲ ਹੋਣਾ ਸ਼ੁਰੂ ਹੋਇਆ ਸੀ। ਇਸ ਕਰਕੇ ਇਸ ਮਹੀਨੇ ਦੇ ਦਿਨ ਤੇ ਰਾਤਾਂ ਬਹੁਤ ਬਰਕਤਾਂ ਵਾਲੀਆਂ ਮੰਨੀਆਂ ਜਾਂਦੀਆਂ ਹਨ। ਸਾਰੀ ਦੁਨੀਆ ਦੇ ਮੁਸਲਮਾਨ ਇਸ ਮਹੀਨੇ ਦਾ ਚੰਨ ਵੇਖ ਕੇ ਰੋਜ਼ਾ ਰੱਖਣਾ ਸ਼ੁਰੂ ਕਰ ਦਿੰਦੇ ਹਨ। ਉਹ ਸਵੇਰੇ ਪਹੁ-ਫੁਟਾਲੇ ਤੋਂ ਪਹਿਲਾਂ ਕੁਝ ਖਾ-ਪੀ ਲੈਂਦੇ ਹਨ, ਜਿਸ ਨੂੰ ਸਹਿਰੀ ਕਰਨਾ ਆਖਦੇ ਹਨ। ਇਸ ਤੋਂ ਬਾਅਦ ਸੂਰਜ ਛਿਪਣ ਤੋਂ ਪਹਿਲਾਂ ਕੁਝ ਨਹੀਂ ਖਾਂਦੇ-ਪੀਂਦੇ। ਆਪਣੇ ਦਿਨ ਦੇ ਕੰਮਾਂ ਤੋਂ ਇਲਾਵਾ ਜ਼ਿਆਦਾ ਸਮਾਂ ਰੱਬ ਦੀ ਇਬਾਦਤ ਵਿੱਚ ਗੁਜ਼ਾਰਦੇ ਹਨ। ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਸਾਰੇ ਲੋਕ ਇਕੱਠੇ ਬੈਠ ਕੇ ਖਾਂਦੇ-ਪੀਂਦੇ ਹਨ, ਜਿਸ ਨੂੰ ਰੋਜ਼ਾ ਇਫਤਾਰ ਭਾਵ ਰੋਜ਼ਾ ਖੋਲ੍ਹਣਾ ਆਖਦੇ ਹਨ। ਇਸ ਵੇਲੇ ਮਸਜਿਦਾਂ ਵਿੱਚ ਮੁਸਲਮਾਨ ਪੰਗਤੀਆਂ ਵਿੱਚ ਵੱਖਰੇ-ਵੱਖਰੇ ਕਿਸਮਾਂ ਦੇ ਖਾਣੇ ਸਾਮ੍ਹਣੇ ਰੱਖ ਕੇ ਬੈਠੇ ਹੋਏ ਸੂਰਜ ਛਿਪਣ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ। ਇਸ ਵੇਲੇ ਉਹ ਰੱਬ ਦੇ ਸਾਮ੍ਹਣੇ ਹੱਥ ਫੈਲਾ ਕੇ ਦੁਆਵਾਂ ਕਰਦੇ ਹਨ ਅਤੇ ਕੁਰਾਨ ਦੀ ਇਸ ਆਇਤ ਉੱਤੇ ਅਮਲ ਕਰਦੇ ਹਨ, ਜਿਸ ਵਿੱਚ ਪੈਗ਼ੰਬਰ ਨੂੰ ਸੰਬੋਧਿਤ ਕਰਕੇ ਆਖਿਆ ਗਿਆ ਹੈ :

ਜਦ ਮੇਰੇ ਬੰਦੇ ਮੇਰੇ ਬਾਰੇ ਪੁੱਛਦੇ ਹਨ ਤਾਂ ਤੂੰ ਉਹਨਾਂ ਨੂੰ ਦੱਸ ਕੇ ਮੈਂ ਉਹਨਾਂ ਦੇ ਬਹੁਤ ਨੇੜੇ ਹਾਂ, ਮੈਂ ਦੁਆ ਕਰਨ ਵਾਲਿਆਂ ਦੀਆਂ ਦੁਆਵਾਂ ਨੂੰ, ਜਦ ਉਹ ਮੈਨੂੰ ਪੁਕਾਰਦੇ ਹਨ, ਕਬੂਲ ਕਰਦਾ ਹਾਂ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮੇਰੀ ਆਗਿਆ ਦਾ ਪਾਲਣ ਕਰਨ ਤੇ ਮੇਰੇ ਉੱਤੇ ਇਮਾਨ ਲਿਆਉਣ ਤਾਂ ਜੋ ਉਹ ਨੇਕ ਰਾਹ ਉੱਤੇ ਚਲ ਸਕਣ (2:186)।

ਇਸ ਵੇਲੇ ਰੋਜ਼ੇਦਾਰ ਅਮਲੀ ਤੌਰ ’ਤੇ ਗਰੀਬਾਂ ਅਤੇ ਭੁੱਖਿਆਂ ਦੀਆਂ ਪਰੇਸ਼ਾਨੀਆਂ ਦਾ ਅਹਿਸਾਸ ਕਰਦੇ ਹਨ। ਇਸ ਲਈ ਇਸ ਮਹੀਨੇ ਵਿੱਚ ਉਹਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਦਾਨ-ਪੁੰਨ ਬਹੁਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਈਦ ਦੀ ਨਮਾਜ਼ ਤੋਂ ਪਹਿਲਾਂ ਹਰ ਮੁਸਲਮਾਨ ਲਈ ਵਾਜ਼ਬ ਹੈ ਕਿ ਉਹ ਨਿਯਤ ਕੀਤੀ ਮਾਤਰਾ ਵਿੱਚ ਅਨਾਜ ਜਾਂ ਇਸ ਦੇ ਬਰਾਬਰ ਰਕਮ ਗ਼ਰੀਬਾਂ ਨੂੰ ਦੇਵੇ। ਇਸ ਨੂੰ ਸਦਕਾ-ਇ-ਫਿਤਰ ਆਖਦੇ ਹਨ। ਉਹ ਰੋਗੀ ਅਤੇ ਬਿਰਧ ਜਿਹੜੇ ਰੋਜ਼ਾ ਰੱਖਣ ਦੀ ਸਮਰੱਥਾ ਨਹੀਂ ਰੱਖਦੇ ਪਰ ਉਹਨਾਂ ਦੀ ਮਾਲੀ-ਹਾਲਤ ਚੰਗੀ ਹੈ ਤਾਂ ਉਹ ਗ਼ਰੀਬਾਂ ਨੂੰ ਖ਼ੈਰਾਤ ਵੰਡਦੇ ਹਨ। ਬੱਚਿਆਂ ਨੂੰ ਰੋਜ਼ਾ ਮਾਫ਼ ਹੈ, ਪਰ ਉਹਨਾਂ ਦੇ ਹੱਥਾਂ ਨਾਲ ਦਾਨ-ਪੁੰਨ ਕਰਵਾਏ ਜਾਂਦੇ ਹਨ ਤਾਂ ਜੋ ਉਹਨਾਂ ਦੇ ਮਨ ਵਿੱਚ ਹਮਦਰਦੀ ਦੀ ਭਾਵਨਾ ਬਣੀ ਰਹੇ।

ਰੋਜ਼ੇ ਹਰ ਮੁਸਲਮਾਨ ਮਰਦ-ਔਰਤ ਲਈ ਜ਼ਰੂਰੀ ਮੰਨੇ ਗਏ ਹਨ, ਪਰ ਅਤਿਅੰਤ ਮਜ਼ਬੂਰੀ ਦੀ ਹਾਲਤ ਵਿੱਚ ਇਸ ਨੂੰ ਛੱਡ ਸਕਦੇ ਹਨ। ਜਿਸ ਦੀ ਕਮੀ ਦੂਜੇ ਦਿਨਾਂ ਵਿੱਚ ਪੂਰੀ ਕਰ ਲਈ ਜਾਂਦੀ ਹੈ। ਰੋਜ਼ਿਆਂ ਵਿੱਚ ਪੰਜਾਂ ਨਮਾਜ਼ਾਂ ਤੋਂ ਛੁੱਟ ਤਰਾਵੀਹ ਦੀ ਨਮਾਜ਼ ਵੀ ਪੜ੍ਹੀ ਜਾਂਦੀ ਹੈ। ਜਿਸ ਵਿੱਚ ਸਭ ਲੋਕ ਮਿਲ ਕੇ ਕੁਰਾਨ ਪੜ੍ਹਦੇ ਅਤੇ ਸਮਝਦੇ ਹਨ। ਇਸ ਤਰ੍ਹਾਂ ਰੋਜ਼ੇ ਦੇ ਦਿਨਾਂ ਵਿੱਚ ਘੱਟ ਤੋਂ ਘੱਟ ਇੱਕ ਵਾਰ ਪੂਰੇ ਕੁਰਾਨ ਨੂੰ ਜ਼ਰੂਰ ਪੜ੍ਹਿਆ ਜਾਂਦਾ ਹੈ। ਆਪਸੀ ਪ੍ਰੇਮ ਅਤੇ ਮਿਲਵਰਤਣ ਨੂੰ ਹੋਰ ਵਧਾਉਣ ਲਈ ਦਾਵਤ-ਇ-ਇਫਤਾਰ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਲੋਕਾਂ ਦਾ ਭਾਰੀ ਇਕੱਠ ਹੁੰਦਾ ਹੈ। ਇਮਾਮ ਗਜ਼ਾਲੀ ਨੇ ਆਪਣੀ ਕਿਤਾਬ ਅਹਿਯਾ-ਉਲ-ਉਲੂਮ ਵਿੱਚ ਰੋਜ਼ਿਆਂ ਦੇ ਸੈਂਕੜੇ ਲਾਭ ਦੱਸਦਿਆਂ ਕਿਹਾ ਹੈ ਕਿ ਇਨਸਾਨ ਦਾ ਦਿਲ ਚਾਰੇ ਪਾਸਿਉਂ ਵਾਸ਼ਨਾਵਾਂ ਨਾਲ ਘਿਰਿਆ ਹੋਇਆ ਹੈ। ਇਸ ਨੂੰ ਸਾਫ਼ ਤੇ ਸੰਤੁਸ਼ਟ ਰੱਖਣ ਲਈ ਰੋਜ਼ਾ ਸਭ ਤੋਂ ਵੱਧ ਲਾਹੇਵੰਦ ਹੈ। ਬਹੁਤ ਖਾਣ ਨਾਲ ਦਿਲ ਤੇ ਦਿਮਾਗ਼ ਉੱਤੇ ਭਾਰ ਪੈਂਦਾ ਹੈ ਜਦੋਂ ਕਿ ਨਿਯਮਿਤ ਵਕਫ਼ਿਆਂ ਉੱਪਰ ਭੁੱਖ ਦਾ ਅਭਿਆਸ ਕਰਨ ਵਾਲਾ ਵਿਅਕਤੀ ਰੋਗਾਂ ਤੋਂ ਮੁਕਤ ਰਹਿੰਦਾ ਹੈ। ਭੁੱਖ ਨਾਲ ਦਿਲ ਸਾਫ਼ ਰਹਿੰਦਾ ਹੈ। ਦਿਲ ਵਿੱਚ ਨਰਮੀ ਪੈਦਾ ਹੁੰਦੀ ਹੈ ਅਤੇ ਵਿਵੇਕ ਸ਼ਕਤੀ ਵਧ ਜਾਂਦੀ ਹੈ। ਪੇਟ ਭਰਿਆ ਵਿਅਕਤੀ ਦੂਜਿਆਂ ਦਾ ਦੁੱਖ-ਦਰਦ ਨਹੀਂ ਸਮਝ ਸਕਦਾ ਜਦੋਂ ਤੱਕ ਕਿ ਉਸ ਨੂੰ ਖ਼ੁਦ ਭੁੱਖ ਦਾ ਅਹਿਸਾਸ ਨਾ ਹੋਇਆ ਹੋਵੇ। ਹਰ ਵੇਲੇ ਖਾਂਦੇ ਰਹਿਣਾ ਪਸ਼ੂਆਂ ਦਾ ਕੰਮ ਹੈ। ਇਨਸਾਨ ਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜਿਨ੍ਹਾਂ ਦੇ ਆਧਾਰ ਤੇ ਉਹ ਮਾਨਵੀ ਗੌਰਵ ਨੂੰ ਜ਼ਾਹਰ ਕਰ ਸਕੇ।


ਲੇਖਕ : ਮੁਹੰਮਦ ਹਬੀਬ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 4876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-06-03-29-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.