ਵਰਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਰਤ [ਨਾਂਪੁ] ਭੋਜਨ ਆਦਿ ਨਾ ਖਾਣ ਦਾ ਭਾਵ, ਰੋਜ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਰਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਤ: ਇਸ ਦਾ ਸ਼ਾਬਦਿਕ ਅਰਥ ਹੈ ਪ੍ਰਣ, ਪ੍ਰਤਿਗਿਆ। ਇਸ ਨੂੰ ‘ਉਪਵਾਸ’ ਵੀ ਕਿਹਾ ਜਾਂਦਾ ਹੈ। ਇਸ ਤੋਂ ਭਾਵ ਹੈ ਕਿਸੇ ਖ਼ਾਸ ਦਿਨ ਜਾਂ ਸਮੇਂ ਲਈ ਭੋਜਨ ਦਾ ਤਿਆਗ ਕਰਨ ਦੀ ਪ੍ਰਤਿਗਿਆ। ਉਂਜ ਤਾਂ ਹੋਰਨਾਂ ਧਰਮਾਂ ਵਿਚ ਵੀ ਵਰਤ ਰਖਣ ਦੀਆਂ ਪਰੰਪਰਾਵਾਂ ਮੌਜੂਦ ਹਨ, ਪਰ ਹਿੰਦੂ ਸੰਸਕ੍ਰਿਤੀ ਵਿਚ ਵਰਤ ਰਖਣ ਪ੍ਰਤਿ ਬਹੁਤ ਉਲਾਰ ਹੈ। ਸਭ ਤੋਂ ਅਧਿਕ ਮਹਾਤਮ ‘ਏਕਾਦਸੀ ’ (ਵੇਖੋ) ਵਰਤ ਦਾ ਦਸਿਆ ਗਿਆ ਹੈ।

ਗੁਰਮਤਿ ਵਿਚ ਵਰਤ ਰਖਣ ਦਾ ਨਿਖੇਧ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਰਾਮਕਲੀ ਰਾਗ ਵਿਚ ਕਿਹਾ ਹੈ—ਅੰਨੁ ਖਾਹਿ ਦੇਹੀ ਦੁਖੁ ਦੀਜੈ ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ (ਗੁ.ਗ੍ਰੰ.905)। ਸਾਰੰਗ ਰਾਗ ਦੀ ਵਾਰ ਦੇ ਇਕ ਸ਼ਲੋਕ ਵਿਚ ਅਨੁਸ਼ਠਾਨਾਂ ਅਥਵਾ ਨਿਯਮਾਂ ਦਾ ਭਾਵੀਕਰਣ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ—ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ (ਗੁ.ਗ੍ਰੰ.1245)। ਸੰਤ ਕਬੀਰ ਨੇ ਵਰਤ ਨੂੰ ਪਾਖੰਡ ਕਹਿੰਦਿਆਂ ਸਥਾਪਨਾ ਕੀਤੀ ਹੈ—ਛੋਡਹਿ ਅੰਨੁ ਕਰਹਿ ਪਾਖੰਡ ਨਾ ਸੋਹਾਗਨਿ ਨਾ ਉਹਿ ਰੰਡ ਜਗ ਮਹਿ ਬਕਤੇ ਦੂਧਾਧਾਰੀ ਗੁਪਤੀ ਖਾਵਹਿ ਵਟਿਕਾ ਸਾਰੀ ਅੰਨੈ ਬਿਨਾ ਹੋਇ ਸੁਕਾਲੁ ਤਜਿਐ ਅੰਨਿ ਮਿਲੈ ਗੁਪਾਲੁ (ਗੁ.ਗ੍ਰੰ.873)।

ਸਪੱਸ਼ਟ ਹੈ ਕਿ ਗੁਰਮਤਿ ਵਰਤ ਰਖਣ ਦੇ ਵਿਰੁੱਧ ਹੈ। ਹਾਂ, ਸਹਿਜ ਸੰਜਮ ਰਖਦੇ ਹੋਇਆਂ ਅਲਪ ਆਹਾਰ ਕਰਨਾ ਉਚਿਤ ਹੈ—ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ (ਗੁ.ਗ੍ਰੰ.467)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਰਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਤ (ਸੰ.। ਸੰਸਕ੍ਰਿਤ ਵ੍ਰਤ) ਬਰਤ। ਵਰਤ, ਫਾਕਾ ਰੱਖਣਾ, ਯਾ ਕਿਸੇ ਸੰਜਮ ਦਾ ਖਾਣਾ। ਯਥਾ-‘ਵਰਤ ਨ ਰਹਉ ਨ ਮਹ ਰਮਦਾਨਾ’।

ਦੇਖੋ, ‘ਬਰਤ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਰਤ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਵਰਤ : ਖਾਣਪੀਣ ਸਬੰਧੀ ਜ਼ਾਬਤਾ ਰੱਖਣ ਨੂੰ ਵਰਤ ਕਹਿੰਦੇ ਹਨ। ਵਰਤ ਦਾ ਲਫਜ਼ੀ ਅਰਥ ਪ੍ਰਣ ਹੈ। ਕੋਈ ਵਿਅਕਤੀ ਜਦੋਂ ਇਹ ਪ੍ਰਤਿਗਿਆ ਕਰਦਾ ਹੈ ਕਿ ਮੈਂ ਇੰਨੇ ਸਮੇਂ ਲਈ ਇਹ ਚੀਜ਼ ਨਹੀਂ ਖਾਵਾਂ ਪੀਵਾਂਗਾ ਤਾਂ ਉਹ ‘ਵਰਤ’ ਕਹਾਉਂਦਾ ਹੈ। ਹਿੰਦੂ ਮਤ ਵਿਚ ਵਰਤ ਦਾ ਬਹੁਤ ਵਿਧਾਨ ਹੈ, ਕੋਈ ਤਿਥੀ ਜਾਂ ਮਹੀਨਾ ਐਸਾ ਨਹੀਂ ਜਿਸ ਵਿਚ ਵਰਤ ਨਾ ਹੋਵੇ। ਯਹੂਦੀਆਂ ਵਿਚ 40 ਅਤੇ ਮੁਸਲਮਾਨਾਂ ਵਿਚ ਰਮਜ਼ਾਨ ਦੇ ਮਹੀਨੇ 30 ਰੋਜ਼ੇ ਰੱਖਣ ਦਾ ਰਿਵਾਜ ਹੈ। ਇਸੇ ਤਰ੍ਹਾਂ ਹਿੰਦੂ ਕਈ ਪ੍ਰਕਾਰ ਦੇ ਵਰਤ ਰੱਖਦੇ ਹਨ ਜਿਨ੍ਹਾਂ ਵਿਚ ਏਕਾਦਸ਼ੀ ਵਰਤ ਵਧੇਰੇ ਪ੍ਰਧਾਨ ਹੈ। ਸਿੱਖ ਧਰਮ ਵਿਚ ਵਰਤ ਰੀਤ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਗੁਰਮਤਿ ਅਨੁਸਾਰ ਸਰੀਰ ਨੂੰ ਖ਼ੁਰਾਕ ਦੀ ਲੋੜ ਹੈ। ਇਸ ਲਈ ਇਨ੍ਹਾਂ ਪਾਬੰਦੀਆਂ ਨੂੰ ਛੱਡ ਕੇ ਸੰਜਮ ਵਿਚ ਖਾਣਾ ਹੀ ਠੀਕ ਹੈ। ਮਨ ਦੀ ਸਾਧਨਾ ਲਈ ਬੁਰਾਈ ਦਾ ਤਿਆਗ ਅਤੇ ਸ਼ੁਭ ਗੁਣਾਂ ਦਾ ਗ੍ਰਹਿਣ ਹੀ ਸੱਚਾ ਵਰਤ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-04-23-17, ਹਵਾਲੇ/ਟਿੱਪਣੀਆਂ: ਹ. ਪੁ. –ਗੁ. ਗ੍ਰੰ. ਸੰ. ਕੋ. :297

ਵਰਤ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵਰਤ : ‘ਵਰਤ’ ਸ਼ਬਦ ਦੀ ਵਰਤੋਂ ਧਾਰਮਿਕ ਵਿਧੀਆਂ ਵਿੱਚ ਕੀਤੀ ਜਾਂਦੀ ਹੈ। ਆਮ ਤੌਰ ਤੇ ਲੋਕ ਭੁੱਖੇ ਰਹਿ ਕੇ ਵਰਤ ਰੱਖਦੇ ਹਨ। ਕੁਝ ਲੋਕ ਹਫ਼ਤੇ ਵਿੱਚ ਇੱਕ ਦਿਨ ਵਰਤ ਰੱਖਦੇ ਹਨ, ਜਿਵੇਂ ਕੋਈ ਸੋਮਵਾਰ ਦਾ ਵਰਤ ਰੱਖਦਾ ਹੈ, ਕੋਈ ਮੰਗਲਵਾਰ ਦਾ ਵਰਤ ਰੱਖਦਾ ਹੈ ਜਾਂ ਕੋਈ ਵਿਅਕਤੀ ਕਿਸੇ ਹੋਰ ਦਿਨ ਦਾ ਵਰਤ ਰੱਖਦੇ ਹਨ। ਕੁਝ ਲੋਕ ਹਰੇਕ ਪੂਰਨਮਾਸੀ ਨੂੰ ਵਰਤ ਰੱਖਦੇ, ਕੁਝ ਨਾਰੀਆਂ ਏਕਾਦਸ਼ੀ ਦਾ ਵਰਤ ਰੱਖਦੀਆਂ ਹਨ। ਕੁਝ ਵਰਤ ਸਾਲ ਵਿੱਚ ਇੱਕ ਵਾਰੀ ਆਉਂਦੇ ਹਨ ਅਤੇ ਇਹਨਾਂ ਦਾ ਸੰਬੰਧ ਤਿਉਹਾਰਾਂ ਨਾਲ ਹੁੰਦਾ ਹੈ ਜਿਵੇਂ ਰਾਮ ਦੇ ਭਗਤ ਰਾਮਨੌਮੀ ਵਾਲੇ ਦਿਨ ਵਰਤ ਰੱਖਦੇ ਹਨ, ਕੁਝ ਕ੍ਰਿਸ਼ਣ ਦੇ ਭਗਤ ਕ੍ਰਿਸ਼ਣ-ਜਨਮਅਸ਼ਟਮੀ ਤੇ ਵਰਤ ਰੱਖਦੇ ਹਨ। ਇਸੇ ਤਰ੍ਹਾਂ ਉੱਤਰੀ ਭਾਰਤ ਵਿੱਚ ਨਾਰੀਆਂ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ ਅਤੇ ਸੋਚਦੀਆਂ ਹਨ ਕਿ ਇਸ ਨਾਲ ਉਹਨਾਂ ਦੇ ਪਤੀ ਦੀ ਉਮਰ ਵੱਧਦੀ ਹੈ।

ਇਹਨਾਂ ਤੋਂ ਇਲਾਵਾ ਅਨੇਕ ਪ੍ਰਕਾਰ ਦੇ ਵਰਤ ਪੰਚਾਂਗਾਂ ਵਿੱਚ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਰੋਹਿਣੀ ਵਰਤ, ਪ੍ਰਦੋਸ਼ ਵਰਤ, ਗਣੇਸ਼ ਚਤੁਰਥੀ ਵਰਤ, ਪੌਸ਼ੀ ਸੱਤਿਆ ਵਰਤ, ਪੁਤ੍ਰਦਾ ਏਕਾਦਸ਼ੀ ਵਰਤ, ਭੌਮ ਪ੍ਰਦੋਸ਼ ਵਰਤ, ਅਵਿਘਨਕਰ ਵਰਤ, ਮਹਾਂਸ਼ਿਵਰਾਤ੍ਰੀ ਵਰਤ, ਆਮਲਾ ਏਕਾਦਸ਼ੀ ਵਰਤ, ਚੰਡਿਕਾ ਨਵਮੀ ਵਰਤ, ਸ਼ਨੀ ਪ੍ਰਦੋਸ਼ ਵਰਤ, ਵਟ-ਸਾਵਿਤ੍ਰੀ ਵਰਤ, ਮੋਹਿਨੀ ਏਕਾਦਸ਼ੀ, ਰਮਾ ਤੀਜ ਵਰਤ, ਯੋਗਿਨੀ ਏਕਾਦਸ਼ੀ ਵਰਤ, ਦੇਵਸ਼ਯਨੀ ਏਕਾਦਸ਼ੀ ਵਰਤ, ਚਤੁਰਥੀ ਵਰਤ, ਸਪਤਮੀ ਵਰਤ, ਵਿਵਸਵਤ ਸਪਤਮੀ ਵਰਤ, ਸਵਰਣ ਗੌਰੀ ਵਰਤ, ਕਾਮਿਕਾ ਏਕਾਦਸ਼ੀ ਵਰਤ, ਕਮਲਾ ਪੁਰੁਸ਼ੋਤੱਮ ਏਕਾਦਸ਼ੀ ਵਰਤ, ਕਾਲਾਸ਼ਟਮੀ ਵਰਤ, ਪਵਿਤ੍ਰਾ ਏਕਾਦਸ਼ੀ ਵਰਤ, ਬਹੁਲਾ ਚਤੁਰਥੀ ਵਰਤ, ਪਦਮਾ ਏਕਾਦਸ਼ੀ ਵਰਤ, ਅਜਾ ਏਕਾਦਸ਼ੀ ਵਰਤ, ਚੰਦ੍ਰ ਸ਼ਸ਼ਠੀ ਵਰਤ, ਇੰਦਿਰਾ ਏਕਾਦਸ਼ੀ ਵਰਤ ਆਦਿ ਕਿਹਾ ਗਿਆ ਹੈ। ਇਹਨਾਂ ਵਰਤਾਂ ਵਿੱਚ ਕਈ ਵਰਤ ਹਰ ਮਹੀਨੇ ਆ ਜਾਂਦੇ ਹਨ ਅਤੇ ਅਨੇਕ ਤਿਥੀਆਂ ਨਾਲ ਸੰਬੰਧਿਤ ਹੋਰ ਵੀ ਕਈ ਵਰਤ ਦੱਸੇ ਗਏ ਹਨ। ਜਿਸ ਦਿਨ ਨਾਲ ਇਹਨਾਂ ਵਰਤਾਂ ਦਾ ਸੰਬੰਧ ਹੁੰਦਾ ਹੈ, ਉਸ ਦਿਨ ਵਰਤਧਾਰੀ ਭੁੱਖੇ ਰਹਿ ਕੇ ਦੇਵ-ਪੂਜਾ ਆਦਿ ਕਾਰਜ ਕਰਦੇ ਹਨ। ਅਜਿਹੇ ਵਰਤ ਭਾਰਤੀ ਸਮਾਜ ਵਿੱਚ ਹੀ ਮਿਲਦੇ ਹਨ।

ਸ਼ਾਸਤਰਾਂ ਵਿੱਚ ਮਨੁੱਖੀ ਜੀਵਨ ਦੇ ਵਿਧਾਨ ਨਾਲ ਸੰਬੰਧਿਤ ਅਨੇਕ ਵਰਤ ਦੱਸੇ ਗਏ ਹਨ। ਇਹਨਾਂ ਵਿੱਚ ਸ਼ੁੱਧੀ ਨੂੰ ਵੀ ਇੱਕ ਵਰਤ ਮੰਨਦੇ ਹੋਏ ਕਿਹਾ ਹੈ, ਕਿ ਸਰੀਰ ਜਲ ਨਾਲ ਸ਼ੁੱਧ ਹੁੰਦਾ ਹੈ, ਮਨ ਸੱਚ ਨਾਲ ਸ਼ੁੱਧ ਹੁੰਦਾ ਹੈ, ਜੀਵ ਵਿੱਦਿਆ ਤੇ ਤਪ ਨਾਲ ਸ਼ੁੱਧ ਹੁੰਦਾ ਹੈ ਅਤੇ ਬੁੱਧੀ ਗਿਆਨ ਨਾਲ ਸ਼ੁੱਧ ਹੁੰਦੀ ਹੈ। ਆਚਾਰੀਆ ਮਨੂ ਜੀ ਨੇ ਕਿਹਾ ਹੈ ਕਿ ਇਸਤਰੀਆਂ ਵਾਸਤੇ ਵੱਖਰਾ ਯੱਗ, ਵਰਤ ਜਾਂ ਉਪਵਾਸ ਦਾ ਕੋਈ ਵਿਧਾਨ ਨਹੀਂ ਹੈ ਕਿਉਂਕਿ ਜੋ ਇਸਤਰੀ ਪਤੀ ਦੀ ਸੇਵਾ ਕਰਦੀ ਹੈ, ਉਹ ਸ੍ਵਰਗ ਵਿੱਚ ਜਾਂਦੀ ਹੈ। ਇਸੇ ਗ੍ਰੰਥ ਵਿੱਚ ਸਾਧਕ ਵਿਅਕਤੀ ਵਾਸਤੇ ਕਈ ਤਰ੍ਹਾਂ ਦੇ ਵਰਤਾਂ ਦਾ ਵਿਧਾਨ ਕੀਤਾ ਗਿਆ ਹੈ ਅਤੇ ਕਿਹਾ ਹੈ ਕਿ ਉਹ ਇੱਕ ਸਮੇਂ ਭੋਜਨ ਕਰੇ ਭਾਵੇਂ ਰਾਤ ਨੂੰ ਜਾਂ ਦਿਨ ਨੂੰ ਜਾਂ ਉਹ ਚੌਥੇ ਕਾਲ ਵਿੱਚ ਜਾਂ ਅੱਠਵੇਂ ਕਾਲ ਵਿੱਚ ਭੋਜਨ ਕਰੇ। ਜੇ ਵਿਅਕਤੀ ਚਾਂਦਰਾਯਣ ਵਰਤ ਰੱਖ ਰਿਹਾ ਹੋਵੇ, ਤਾਂ ਉਹ ਸ਼ੁਕਲ ਪੱਖ ਵਿੱਚ ਜਾਂ ਕ੍ਰਿਸ਼ਣ ਪੱਖ ਵਿੱਚ ਇੱਕ ਵਾਰੀ ਭੋਜਨ ਕਰੇ। ਸਾਧਕ ਪੁਰਸ਼ ਫਲ, ਮੂਲ ਆਦਿ ਖਾਵੇ ਅਤੇ ਜੋ ਫਲ ਆਪੇ ਪੱਕ ਜਾਣ ਉਹੀ ਖਾਵੇ ਅਤੇ ਭੂਮੀ ਤੇ ਸੌਂਵੇ। ਅਜਿਹਾ ਸਾਧਕ ਹੱਥ ਵਿੱਚ ਭਿੱਖਿਆ ਲੈ ਕੇ ਭੋਜਨ ਕਰੇ ਤੇ ਸ਼ੋਕ ਤੇ ਭੈ ਤੋਂ ਮੁਕਤ ਰਹੇ; ਇਸ ਤਰ੍ਹਾਂ ਤੱਪ ਤੇ ਵਿੱਦਿਆ ਦੇ ਵਿਕਾਸ ਨਾਲ ਉਹ ਬ੍ਰਹਮਲੋਕ ਦੀ ਪ੍ਰਾਪਤੀ ਕਰਦਾ ਹੈ। ਤਿਆਗੀ ਮੁਨੀ ਵਾਸਤੇ ਕੁਝ ਵਰਤਾਂ ਦਾ ਵਿਧਾਨ ਕੀਤਾ ਗਿਆ ਹੈ ਜਿਨ੍ਹਾਂ ਅਨੁਸਾਰ ਕਿਹਾ ਹੈ ਕਿ ਉਹ ਇਕੱਲਾ ਵਿਚਰਨ ਕਰੇ, ਸਭ ਵਿੱਚ ਸਮਤਾ ਦੀ ਭਾਵਨਾ ਰੱਖੇ, ਨਾ ਮੌਤ ਦਾ ਅਤੇ ਨਾ ਜੀਵਨ ਅਭਿਨੰਦਨ ਜਾਂ ਸਤਿਕਾਰ ਕਰੇ, ਦੇਹ ਵਾਸਤੇ ਕਿਸੇ ਨਾਲ ਵੈਰ ਨਾ ਕਰੇ, ਕ੍ਰੋਧ ਨਾ ਕਰੇ, ਝੂਠ ਨਾ ਬੋਲੇ, ਇੱਕ ਸਮੇਂ ਭਿੱਖਿਆ ਲਿਆਵੇ, ਇੰਦ੍ਰੀਆਂ ਤੇ ਕਾਬੂ ਰੱਖੇ, ਕਿਸੇ ਜੀਵ ਦੀ ਹਿੰਸਾ ਨਾ ਕਰੇ ਅਤੇ ਅਧਿਆਤਮ-ਵਿੱਦਿਆ ਵਿੱਚ ਰਮਨ ਕਰੇ। ਇਸ ਤਰ੍ਹਾਂ ਧਰਮ-ਸ਼ਾਸਤਰਾਂ ਵਿੱਚ ਹਰੇਕ ਵਿਅਕਤੀ ਲਈ ਕਈ ਵਰਤਾਂ ਦਾ ਵਿਧਾਨ ਕੀਤਾ ਗਿਆ।

ਵਿਸ਼ਵ ਦੇ ਲਗਪਗ ਸਾਰੇ ਧਰਮਾਂ ਵਿੱਚ ਕਈ ਤਰ੍ਹਾਂ ਦੇ ਵਰਤ ਦੱਸੇ ਗਏ ਹਨ। ਜੈਨ ਧਰਮ ਦੇ ਆਚਾਰੀਆ ਨੇ ਪੰਜ ਮਹਾਂਵਰਤ ਦੱਸੇ ਹਨ, ਜਿਨ੍ਹਾਂ ਨੂੰ ਅਹਿੰਸਾ, ਸੱਚ, ਅਸਤੇਯ ਜਾਂ ਚੋਰੀ ਨਾ ਕਰਨਾ, ਬ੍ਰਹਮਚਰਜ ਅਤੇ ਅਪਰਿਗ੍ਰਹਿ ਜਾਂ ਪਦਾਰਥਾਂ ਦਾ ਸੰਗ੍ਰਹਿ ਨਾ ਕਰਨਾ ਕਿਹਾ ਹੈ। ਇਸਲਾਮ ਵਿੱਚ ਵਰਤਾਂ ਨੂੰ ਰੋਜ਼ੇ ਕਹਿੰਦੇ ਹਨ ਅਤੇ ਉਹ ਸਾਲ ਵਿੱਚ ਪੂਰਾ ਇੱਕ ਮਹੀਨਾ ਰੋਜ਼ੇ ਰੱਖਣ ਦਾ ਵਿਧਾਨ ਕਰਦਾ ਹੈ। ਇਸੇ ਤਰ੍ਹਾਂ ਈਸਾਈ ਜਨਤਾ ਦੀ ਸੇਵਾ ਨੂੰ ਵਿਸ਼ੇਸ਼ ਵਰਤ ਦਾ ਰੂਪ ਮੰਨਦੇ ਹਨ। ਇਸੇ ਤਰ੍ਹਾਂ ਹੋਰ ਧਰਮ ਵੀ ਕਈ ਤਰ੍ਹਾਂ ਦੇ ਵਰਤਾਂ ਦਾ ਵਿਧਾਨ ਕਰਦੇ ਹਨ, ਪਰ ਹਿੰਦੂ ਧਰਮ ਵਿੱਚ ਸਭ ਤੋਂ ਜ਼ਿਆਦਾ ਵਰਤ ਦੱਸੇ ਗਏ ਹਨ, ਜਿਨ੍ਹਾਂ ਵਿੱਚ ਕੁਝ ਇੱਥੇ ਦੱਸੇ ਗਏ ਹਨ। ਇਹ ਸਭ ਵਰਤ ਜੀਵਨ ਦੀ ਧਾਰਮਿਕ ਤੇ ਅਧਿਆਤਮਕ ਸਾਧਨਾ ਦੇ ਰੂਪ ਹਨ।


ਲੇਖਕ : ਆਰ. ਡੀ. ਨਿਰਾਕਾਰੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 9287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-07-04-03-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.