ਵਰੁਣ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Neptune (ਨੈਪਟਯੂਨ) ਵਰੁਣ: ਸੂਰਜ ਤੋਂ ਦੂਰੀ ਦੇ ਆਧਾਰ ਤੇ ਇਹ ਸੂਰਜ ਪਰਿਵਾਰ ਦਾ ਅੱਠਵਾਂ ਗ੍ਰਹਿ ਹੈ। ਇਹ ਸੂਰਜ ਤੋਂ 44966 ਲੱਖ ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਆਪਣੀ ਧੁਰੀ ਦੁਆਲੇ 16 ਘੰਟੇ ਵਿੱਚ ਚੱਕਰ ਪੂਰਾ ਕਰ ਲੈਂਦਾ ਹੈ। ਸੂਰਜ ਦੀ ਪਰਿਕਰਮਾ ਲਗਪਗ 165 ਵਰ੍ਹਿਆਂ ਵਿੱਚ ਕਰਦਾ ਹੈ। ਇਸ ਦਾ ਵਿਆਸ ਤਕਰੀਬਨ 49500 ਕਿਲੋਮੀਟਰ ਹੈ। ਇਸ ਦੇ ਚਾਰ ਉਪ-ਗ੍ਰਹਿ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਰੁਣ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਵਰੁਣ :ਇਕ ਦੇਵਤਾ ਦਾ ਨਾਂ, ਵੈਦਿਕ ਸਾਹਿਤ ਵਿਚ ਇਸ ਨੂੰ ਆਕਾਸ਼ ਦਾ ਤੇ ਪੁਰਾਣਾਂ ਵਿਚ ਸਮੁੰਦਰ ਦਾ ਮਾਲਕ ਮੰਨਿਆ ਗਿਆ ਹੈ। ਰਿਗ ਵੇਦ ਵਿਚ ਇਸ ਨੂੰ ਅੱਗ ਦੇ ਸਮਾਨ ਤੇਜੱਸਵੀ ਅਤੇ ਸਹਸਤ੍ਰ ਨੇਤ੍ਰਾਂ ਵਾਲਾ ਮੰਨਿਆ ਗਿਆ ਹੈ। ਇਹ ਸੁੰਦਰ ਪਰਿਧਾਨਾਂ ਨਾਲ ਯੁਕਤ ਸੌਮਯ ਹੱਥਾਂ ਵਾਲਾ ਅਤੇ ਪ੍ਰਕਾਸ਼ਮਾਨ ਹੈ। ਇਹ ਇੰਦਰ ਅਤੇ ਸੂਰਜ ਦੀ ਕੋਟੀ ਦਾ ਦੇਵਤਾ ਹੈ ਅਤੇ ਨੈਤਿਕ ਤੇ ਭੌਤਿਕ ਨਿਯਮਾਂ ਦਾ ਸੰਚਾਲਕ ਮੰਨਿਆ ਜਾਂਦਾ ਹੈ। ਇਹ ਸੋਨੇ ਦੇ ਬਣੇ ਘਰ ਵਿਚ ਪਾਤਾਲ ਤੇ ਨਿਵਾਸ ਕਰਦਾ ਹੈ। ਇਥੇ ਰਹਿ ਕੇ ਹੀ ਇਹ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ। ਇਹ ਪ੍ਰਿਥਵੀ ਲੋਕ ਅਤੇ ਪਾਤਾਲ ਲੋਕ ਦਾ ਸਵਾਮੀ ਹੈ। ਇਨ੍ਹਾਂ ਦੋਹਾਂ ਲੋਕਾਂ ਦੇ ਨਿਯਮਾਂ ਦਾ ਸੰਚਾਲਨ ਵੀ ਇਹੀ ਕਰਦਾ ਹੈ। ਇਸ ਦੇ ਕਾਰਨ ਹੀ ਰਾਤ ਤੇ ਦਿਨ ਦਾ ਨਿਯਮ ਸਥਿਰ ਹੈ। ਆਲੌਕਿਕ ਸ਼ਕਤੀਆਂ ਦਾ ਮਾਲਕ ਹੋਣ ਦੇ ਕਾਰਣ ਦੇਵਤਿਆਂ ਅਤੇ ਮਨੁੱਖਾਂ ਦਾ ਬਾਦਸ਼ਾਹ ਹੈ। ਇਹ ਨਦੀਆਂ ਦਾ ਮਾਲਕ ਹੈ ਅਤੇ ਪਾਣੀ ਦੇ ਪ੍ਰਵਾਹ ਨੂੰ ਨਿਯਮਾਂ ਅਨੁਸਾਰ ਚਲਾਉਂਦਾ ਹੈ। ਇਸ ਦੀ ਪਹਿਲੀ ਪਤਨੀ ਦੇਵੀ ਸ਼ੁਕਰਾਚਾਰਯ ਦੀ ਬੇਟੀ ਸੀ ਜਿਸ ਦੇ ਉਦਰ ਤੋਂ ਬਲ, ਅਧਰਮ ਅਤੇ ਪੁਸ਼ਕਰ ਨਾਮੀ ਤਿੰਨ ਪੁੱਤਰ ਅਤੇ ਸੁਰਾ ਨਾਮਕ ਇਕ ਕੰਨਿਆ ਉਤਪੰਨ ਹੋਈ। ਇਸ ਦੀ ਦੂਸਰੀ ਪਤਨੀ ਵਾਰੁਣੀ (ਗੌਰੀ) ਨੇ ਗੋ ਨਾਮੀਂ ਇਕ ਪੁੱਤਰ ਨੂੰ ਜਨਮ ਦਿੱਤਾ। ਇਸ ਦੀ ਤੀਜੀ ਪਤਨੀ ਸ਼ੀਤਤੋਯਾ ਤੋਂ ਸ਼ਰੁਨਾਯੁਧ ਨਾਮੀਂ ਪੁੱਤਰ ਪੈਦਾ ਹੋਇਆ। ਇਨ੍ਹਾਂ ਤੋਂ ਬਿਨਾਂ ਇਸ ਨੇ ਰਿਸ਼ੀ ਵੰਦਿਨ ਅਤੇ ਮਹਾਰਿਸ਼ੀ ਭ੍ਰਿਗੂ ਨੂੰ ਵੀ ਆਪਣੇ ਪੁੱਤਰਾਂ ਦੇ ਰੂਪ ਵਿਚ ਸਵੀਕਾਰ ਕੀਤਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-04-24-50, ਹਵਾਲੇ/ਟਿੱਪਣੀਆਂ: ਹ. ਪੁ. –ਚ. ਕੋ.
ਵਿਚਾਰ / ਸੁਝਾਅ
Please Login First