ਵੱਡਾ ਘੱਲੂਘਾਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵੱਡਾ ਘੱਲੂਘਾਰਾ: ਵੇਖੋ ‘ਘੱਲੂਘਾਰਾ ਵੱਡਾ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵੱਡਾ ਘੱਲੂਘਾਰਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਵੱਡਾ ਘੱਲੂਘਾਰਾ - 27 ਅਕਤੂਬਰ, 1761 ਨੂੰ ਦੀਵਾਲੀ ਦੇ ਉਤਸਵ ਤੇ ਸਰਬਤ ਖ਼ਾਲਸਾ ਅੰਮ੍ਰਿਤਸਰ ਇਕੱਠਾ ਹੋਇਆ ਤਾਂ ਗੁਰਮਤਾ ਕੀਤਾ ਗਿਆ ਕਿ ਅਹਿਮਦ ਸ਼ਾਹ ਅਬਦਾਲੀ ਦੇ ਸਾਰੇ ਸਾਥੀਆਂ ਅਤੇ ਸਮਰਥਕਾਂ ਦੇ ਅੱਡਿਆਂ ਉੱਤੇ ਕਬਜ਼ਾ ਕਰ ਤੇ ਮੁਲਕ ਦੀ ਆਜ਼ਾਦੀ ਦਾ ਰਾਹ ਪੱਧਰਾ ਕੀਤਾ ਜਾਵੇ। ਸਭ ਤੋਂ ਨੇੜੇ ਜੰਡਿਆਲੇ ਦੇ ਆਕਲ ਦਾਸ ਨਿਰੰਜਨੀਏ ਦਾ ਅੱਡਾ ਸੀ ਜੋ ਸਿੱਖ ਵਿਰੋਧੀ ਫ਼ਿਰਕੇ ਦਾ ਆਗੂ ਸੀ ਤੇ ਸਿੱਖਾਂ ਦੇ ਵੈਰੀਆਂ ਦੀ ਸਹਾਇਤਾ ਕਰਨ ਲਈ ਬਦਨਾਮ ਸੀ। ਜਦ ਆਕਲ ਦਾਸ ਨੂੰ ਇਸ ਗੁਰਮਤ ਬਾਰੇ ਪਤਾ ਲਗਾ ਤਾਂ ਉਸ ਨੇ ਅਬਦਾਲੀ ਨੂੰ ਚਿੱਠੀ ਲਿਖ ਕੇ ਆਪਣੀ ਸਹਾਇਤਾ ਲਈ ਸੱਦਿਆ।

ਅਬਦਾਲੀ ਜਦ ਵੀ ਭਾਰਤ ਆਇਆ ਉਸ ਦੀ ਫ਼ੌਜ ਸਿੱਖਾਂ ਹੱਥੋਂ ਲੁੱਟੀ ਜਾਂਦੀ ਰਹੀ ਸੀ। ਇਸ ਲਈ ਸਿੱਖ ਸ਼ਕਤੀ ਉਸ ਦੀਆਂ ਅੱਖਾਂ ਵਿਚ ਕੰਕਰ ਬਣ ਕੇ ਰੜਕਦੀ ਸੀ। ਉਹ ਜਦੋਂ ਭਾਰਤ ਉੱਤੇ ਆਪਣਾ ਛੇਵਾਂ ਹਮਲਾ ਕਰਨ ਲਈ ਅੱਗੇ ਵਧਿਆ ਆ ਰਿਹਾ ਸੀ ਆਕਲ ਦਾਸ ਦੇ ਏਲਚੀ ਉਸ ਨੂੰ ਰੋਹਤਾਸ ਦੇ ਸਥਾਨ ਤੇ ਮਿਲੇ। ਉਹ ਕਾਹਲੀ ਨਾਲ ਜੰਡਿਆਲੇ ਪੁੱਜਾ ਤਾਂ ਉਸ ਨੁੂੰ ਪਤਾ ਲੱਗਾ ਕਿ ਸਿੱਖ ਉਥੋਂ ਘੇਰਾ ਉਠਾ ਕੇ ਸਰਹਿੰਦ ਵੱਲ ਚਲੇ ਗਏ ਹਨ। ਦਰਅਸਲ ਸਿੱਖ ਆਪਣੇ ਪਰਿਵਾਰਾਂ ਨੂੰ ਹਮਲਾਵਰਾਂ ਦੀ ਪਹੁੰਚ ਤੋਂ ਦੂਰ ਲਿਜਾਣਾ ਚਾਹੁੰਦੇ ਸਨ। ਜਦ ਸਿੱਖਾਂ ਦੇ ਮਲੇਰਕੋਟਲੇ ਦੇ ਨੇੜੇ ਦੇ ਪਿੰਡਾਂ ਵਿਚ ਇਕੱਠੇ ਹੋਣ ਦਾ ਪਤਾ ਮਲੇਰਕੋਟਲੇ ਦੇ ਅਫ਼ਗਾਨ ਹਾਕਮ ਭੀਖਣ ਖ਼ਾਂ ਨੂੰ ਲੱਗਾ ਤਾਂ ਉਸ ਨੇ ਸਰਹਿੰਦ ਦੇ ਗਵਰਨਰ ਜ਼ੈਨ ਖ਼ਾਂ ਤੋਂ ਮਦਦ ਮੰਗੀ ਤੇ ਨਾਲ ਹੀ ਅਹਿਮਦ ਸ਼ਾਹ ਅਬਦਾਲੀ ਨੂੰ ਇਸ ਤੋਂ ਜਾਣੂ ਕਰਵਾਇਆ।

ਅਬਦਾਲੀ 3 ਫ਼ਰਵਰੀ, 1762 ਨੂੰ ਲਾਹੌਰ ਤੋਂ ਚੱਲਿਆ ਤੇ ਤੇਜ਼ ਰਫ਼ਤਾਰ ਨਾਲ ਮਾਲਵੇ ਦੇ ਇਲਾਕੇ ਵਿਚ ਆ ਵੜਿਆ। 5 ਫ਼ਰਵਰੀ ਦੀ ਸਵੇਰ ਤਕ ਉਹ ਮਲੇਰਕੋਟਲੇ ਦੇ ਨਜ਼ਦੀਕ ਪਿੰਡ ਕੁੱਪ ਵਿਚ ਪਹੁੰਚ ਗਿਆ ਜਿਥੇ ਲਗਭਗ ਤੀਹ ਹਜ਼ਾਰ ਸਿੱਖ ਆਪਣੇ ਬਾਲ ਬੱਚਿਆਂ ਅਤੇ ਸਮਾਨ ਸਮੇਤ ਡੇਰਾ ਲਾਈ ਬੈੇਠੇ ਸਨ। ਉਸ ਨੇ ਜ਼ੈਨ ਖ਼ਾਂ ਨੂੰ ਪਹਿਲਾਂ ਹੀ ਹਦਾਇਤ ਕਰ ਦਿੱਤੀ ਸੀ ਕਿ ਉਹ ਆਪਣੇ ਸਾਰੇ ਲਸ਼ਕਰ ਨਾਲ ਕੂਚ ਕਰ ਕੇ ਸਿੱਖਾਂ ਦੇ ਅਗਲੇ ਹਿੱਸੇ ਉੱਤੇ ਹਮਲਾ ਕਰੇ ਜਦ ਕਿ ਉਹ ਖ਼ੁਦ ਪਿਛਲੇ ਪਾਸਿਓਂ ਹਮਲਾ ਕਰੇਗਾ। ਉਸ ਨੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਸੀ ਕਿ ਜੋ ਵੀ ਭਾਰਤੀ ਲਿਬਾਸ ਵਿਚ ਮਿਲੇ ਉਸ ਨੂੰ ਕਤਲ ਕਰ ਦਿੱਤਾ ਜਾਵੇ। ਜ਼ੈਨ ਖ਼ਾਂ ਦੀਆਂ ਭਾਰਤੀ ਫ਼ੌਜ਼ਾਂ ਨੂੰ ਸਿੱਖਾਂ ਦੀ ਫ਼ੌਜ ਤੋਂ ਨਿਖੇੜਨ ਲਈ ਉਨ੍ਹਾਂ ਨੂੰ ਪਗੜੀਆਂ ਵਿਚ ਹਰੇ ਪੱਤੇ ਟੰਗਣ ਦੀ ਹਦਾਇਤ ਕੀਤੀ ਗਈ ਸੀ। ਸਿੱਖਾਂ ਨੂੰ ਅਚਨਚੇਤੀ ਹੀ ਘੇਰਾ ਪੈ ਗਿਆ ਸੀ। ਉਨ੍ਹਾਂ ਨੇ ਆਪੋ ਵਿਚ ਮਸ਼ਵਰਾ ਕਰ ਕੇ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਲੜ ਕੇ ਮਰਨਾ ਚਾਹੀਦਾ ਹੈ। ਉਨ੍ਹਾਂ ਨੇ ਆਪਣੀਆਂ ਇਸਤ੍ਰੀਆਂ ਅਤੇ ਬੱਚਿਆਂ ਦੁਆਲੇ ਇਕ ਘੇਰਾ ਬਣਾ ਲਿਆ ਤੇ ਲੜਦੇ ਹੋਏ ਅਗਾਂਹ ਵਧਦੇ ਗਏ। ਕਦੇ ਕਦੇ ਉਹ ਹਮਲਾਵਰਾਂ ਉੱਤੇ ਮੁੜ ਕੇ ਵਾਰ  ਕਰਦੇ ਤੇ ਉਨ੍ਹਾਂ ਦਾ ਕਾਫੀ ਨੁਕਸਾਨ ਕਰ ਦਿੰਦੇ। ਸ਼ਾਮ ਸਿੰਘ ਕਰੋੜਸਿੰਘੀਆ ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਰਚੱਕੀਆ, ਆਪਣੀ ਮੁੱਖ ਸੈਨਾ ਦੀ ਅਗਵਾਈ ਦੇ ਨਾਲ ਨਾਲ ਬੱਚਿਆ, ਬੁੱਢਿਆਂ ਅਤੇ ਔਰਤਾਂ ਦੇ ਕੂਚ ਦੀ ਨਿਗਰਾਨੀ ਵੀ ਕਰ ਰਹੇ ਸਨ। ਅਬਦਾਲੀ ਕਿਸੇ ਥਾਂ ਸਿੱਖਾਂ ਨਾਲ ਜੰਮ ਕੇ ਲੜਾਈ ਕਰਨਾ ਚਾਹੁੰਦਾ ਸੀ ਪਰ ਸਿੱਖਾਂ ਨੇ ਲੜਦੇ ਲੜਦੇ ਅੱਗੇ ਵਧੀ ਜਾਣ ਦੀ ਨੀਤੀ ਅਪਣਾਈ। ਕੁਤਬਬਾਹਮਣੀ, ਗਾਹਲ ਅਤੇ ਕਈ ਹੋਰ ਥਾਵਾਂ ਦੇ ਲੋਕਾਂ ਨੇ ਸਿੱਖਾਂ ਨੂੰ ਪਨਾਹ ਦੇਣ ਦੀ ਥਾਂ ਹਮਲਾਵਰਾਂ ਦੇ ਡਰੋਂ ਉਨ੍ਹਾਂ ਉੱਤੇ ਹਮਲਾ ਕਰ ਕੇ ਕਈਆਂ ਨੂੰ ਮਾਰ ਮੁਕਾਇਆ। ਸਿੱਖ ਕਿਵੇਂ ਨਾ ਕਿਵੇਂ ਬਰਨਾਲੇ ਪਹੁੰਚਣਾ ਚਾਹੁੰਦੇ ਸਨ ਤੇ ਉਥੇ ਬਾਬਾ ਆਲਾ ਸਿੰਘ ਦੀ ਸਹਾਇਤਾ ਨਾਲ ਕੁਝ ਬਚਾਅ ਹੋਣ ਦੀ ਆਸ ਰੱਖਦੇ ਸਨ। ਆਲਾ ਸਿੰਘ ਵੱਲੋਂ ਸਹਾਇਤਾ ਨਾ ਮਿਲਣ ਦੀ ਸੂਰਤ ਵਿਚ ਉਹ ਪਾਣੀ ਤੋਂ ਸੱਖਣੇ ਬਠਿੰਡੇ ਦੇ ਰੇਗਿਸਤਾਨ ਵਿਚ ਚਲੇ ਜਾਣਾ ਚਾਹੁੰਦੇ ਸਨ।

ਸਿੱਖਾਂ ਦੇ ਬਰਨਾਲੇ ਪਹੁੰਚਣ ਤੋਂ ਪਹਿਲਾਂ ਹੀ ਅਫ਼ਗਾਨਾਂ ਨੇ ਉਸ ਘੇਰੇ ਨੂੰ ਤੋੜ ਦਿੱਤਾ  ਜੋ ਸਿੱਖਾਂ ਨੇ ਆਪਣੀਆਂ ਔਰਤਾਂ ਤੇ ਬੱਚਿਆਂ ਦੁਆਲੇ ਪਾਇਆ ਹੋਇਆ ਸੀ। ਘੇਰਾ ਟੁੱਟਣ ਤੋਂ ਬਾਅਦ ਉਨ੍ਹਾਂ ਨੇ ਵਹਿਸ਼ੀਆਨਾ ਕਤਲੋਗਾਰਤ ਸ਼ੁਰੂ ਕਰ ਦਿੱਤੀ। ਇਕ ਅਨੁਮਾਨ ਅਨੁਸਾਰ 5 ਫ਼ਰਵਰੀ, 1762 ਨੂੰ  ਹੋਏ ਇਸ ਕਤਲੇਆਮ ਵਿਚ ਲਗਭਗ 10,000 ਸਿੱਖ ਆਦਮੀ, ਔਰਤਾਂ ਤੇ ਬੱਚੇ ਕਤਲ ਹੋਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਤਿਆਰ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜੋ ਸਿੰਘ ਕੂਚ ਦੇ ਅੱਗੇ ਅੱਗੇ ਲਿਜਾ ਰਹੇ ਸਨ ਇਸ ਘਮਸਾਨ ਵਿਚ ਗੁੰਮ ਗਈ। (ਕਈ ਇਤਿਹਾਸਕਾਰਾਂ ਨੇ ਕੁੱਪ ਪਿੰਡ ਵਿਚ ਪੰਜਾਹ ਹਜ਼ਾਰ ਸਿੱਖਾਂ ਦੇ ਇਕੱਠੇ ਹੋਣ ਤੇ ਉਨ੍ਹਾਂ ਵਿਚੋਂ ਲਗਭਗ ਤੀਹ ਹਜ਼ਾਰ ਦੇ ਕਤਲ ਹੋ ਜਾਣ ਬਾਰੇ ਵੀ ਲਿਖਿਆ ਹੈ।) ਇਸ ਲੜਾਈ ਵਿਚ ਸਿੱਖਾਂ ਦੇ ਵੱਡੇ ਨੁਕਸਾਨ ਦਾ ਮੁੱਖ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਉਨ੍ਹਾਂ ਦੇ ਨਾਲ ਹੋਣਾ ਸੀ। ਸਿੱਖਾਂ ਨੂੰ ਵੈਰੀਆਂ ਉੱਤੇ ਜਵਾਬੀ ਹਮਲੇ ਨਾਲੋਂ ਵੱਧ ਪਰਿਵਾਰਾਂ ਦੇ ਬਚਾਅ ਦੀ ਚਿੰਤਾ ਸੀ। ਉਂਜ ਵੀ ਅਬਦਾਲੀ ਦੀ ਸੈਨਾ ਸਿੱਖਾਂ ਤੋਂ ਚਾਰ ਗੁਣਾ ਸੀ ਤੇ ਉਸ ਕੋਲ ਭਾਰੀ ਤੋਪਖ਼ਾਨਾ ਸੀ ਜਿਸ ਦੀ ਸਿੱਖਾਂ ਕੋਲ ਅਸਲੋਂ ਹੀ ਅਣਹੋਂਦ ਸੀ। ਲੜਾਈ ਵਿਚੋਂ ਬਚ ਨਿਕਲੇ ਸਿੱਖ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਇਥੋਂ ਬਠਿੰਡਾ, ਕੋਟਕਪੂਰਾ ਤੇ ਫ਼ਰੀਦਕੋਟ ਦੇ ਇਲਾਕੇ ਵਿਚ ਚਲੇ ਗਏ। ਸਿੱਖ ਇਤਿਹਾਸ ਇਸ ਦਰਦਨਾਕ ਘਟਨਾ ਨੂੰ ‘ਵੱਡੇ ਘੱਲੂਘਾਰੇ’ ਦੇ ਨਾਂ ਨਾਲ ਯਾਦ ਕਰਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1984, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-05-00-09, ਹਵਾਲੇ/ਟਿੱਪਣੀਆਂ: ਹ. ਪੁ. –ਸਿੱ. ਇ.–ਪ੍ਰਿੰ. ਤੇਜਾ ਸਿੰਘ, ਗੰਡਾ ਸਿੰਘ; ਪ੍ਰਾ. ਪੰ. ਪ੍ਰ.–ਰਤਨ ਸਿੰਘ ਭੰਗੂ: ਸਿੱ ਰਾ. ਕਿ. ਬ. –ਸੀਤਲ, ਪੰਥਕ ਉਸਰੀਏ–ਤਰਲੋਕ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.