ਸ਼ਰਬਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਰਬਤ (ਨਾਂ,ਪੁ) ਖੰਡ ਜਾਂ ਗੁੜ ਖੋਰ ਕੇ ਬਣਾਇਆ ਪਾਣੀ ਦਾ ਮਿੱਠਾ ਘੋਲ; ਮਿੱਠੀ ਚਾਸ਼ਨੀ ਵਿੱਚ ਰਲਾਏ ਫ਼ਲ ਦਾ ਰਸ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸ਼ਰਬਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਰਬਤ [ਨਾਂਪੁ] ਪੀਣ ਲਈ ਬਣਾਇਆ ਠੰਢਾ ਮਿੱਠਾ ਪਾਣੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2468, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ਰਬਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਰਬਤ. ਅ਼ ਸ਼ੁਰਬ (ਪੀਣ) ਯੋਗ ਪਦਾਰਥ। ੨ ਦੇਖੋ, ਸਰਬਤ੍ਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸ਼ਰਬਤ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸ਼ਰਬਤ : ਇਹ ਅਰਬੀ ਸ਼ਬਦ ਹੈ, ਜਿਸਦੇ ਅਰਥ ਹਨ ‘ਪੀਣਾ’, ਪ੍ਰੰਤੂ ਹਿਕਮਤ ਦੀ ਪਰਿਭਾਸ਼ਾ ਅਨੁਸਾਰ ਮੇਵਿਆਂ ਦੇ ਰਸ ਜਾਂ ਤਾਜ਼ਾ ਜਾਂ ਸੁੱਕਿਆਂ ਦਵਾਈਆਂ ਨੂੰ ਉਬਾਲ ਕੇ ਜਾਂ ਭਿਉਂ ਕੇ ਕੱਢੇ ਪਾਣੀ ਨੂੰ ਕਾੜ੍ਹ ਕੇ, ਮਿਸਰੀ, ਖੰਡ ਜਾਂ ਸ਼ਹਿਦ ਨਾਲ ਪਕਾ ਕੇ ਤਿਆਰ ਕੀਤੀ ਚਾਸ਼ਨੀ ਨੂੰ ਸ਼ਰਬਤ ਆਖਦੇ ਹਨ।
ਸ਼ਰਬਤ ਯੂਨਾਨੀ ਹਿਕਮਤ ਵਾਲਿਆਂ ਦੀ ਕਾਢ ਹੈ। ਯੂਨਾਨੀਆਂ ਨੇ ਕੌੜੀਆਂ-ਕੁਸੈਲੀਆਂ ਦਵਾਈਆਂ ਦੀ ਬਦਮੱਜ਼ਗੀ ਤੋਂ ਬਚਣ ਲਈ ਜਾਂ ਛੇਤੀ ਖ਼ਰਾਬ ਹੋ ਜਾਣ ਵਾਲੇ ਫਲਾਂ ਜਾਂ ਦਵਾਈਆਂ ਦੀ ਸੰਭਾਲ ਲਈ ਅਤੇ ਬੀਮਾਰ ਦੀ ਤਬੀਅਤ ਖ਼ੁਸ ਰੱਖਣ ਲਈ ਸ਼ਰਬਤ ਦੀ ਕਾਢ ਕੱਢੀ ਸੀ।
ਜਿਸ ਦਵਾ ਜਾਂ ਜਿਸ ਫ਼ਲ ਦੇ ਰਸ ਨਾਲ ਸ਼ਰਬਤ ਬਣਾਇਆ ਜਾਂਦਾ ਹੈ, ਉਸੇ ਦੇ ਨਾਂ ਉੱਤੇ ਇਸ ਦਾ ਨਾਂ ਰੱਖਿਆ ਜਾਂਦਾ ਹੈ, ਜਿਵੇਂ ਕਿ ਬਦਾਮ ਦਾ ਸ਼ਰਬਤ, ਸੰਦਲ ਦਾ ਸ਼ਰਬਤ ਆਦਿ। ਸ਼ਰਬਤ ਦੀ ਤਾਸੀਰ, ਇਸ ਵਿਚਲੀ ਮੁੱਖ ਦਵਾਈ ਦੀ ਤਾਸੀਰ ਅਨੁਸਾਰ ਗਰਮ, ਠੰਢੀ, ਖ਼ੁਸ਼ਕ ਜਾਂ ਤਰ ਹੁੰਦੀ ਹੈ।
ਸ਼ਰਬਤ ਦੀ ਖ਼ੁਰਾਕ ਦੋ ਤੋਂ ਅੱਠ ਗ੍ਰਾ. ਤਕ ਹੈ, ਜੋ ਲੋੜ ਅਨੁਸਾਰ ਵਧਾਈ ਜਾਂ ਘਟਾਈ ਜਾ ਸਕਦੀ ਹੈ। ਸਖ਼ਤ ਗਰਮੀ ਦੇ ਸਮੇਂ ਠੰਢੀ ਤਾਸੀਰ ਵਾਲਾ ਸ਼ਰਬਤ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਖ਼ਾਸ ਬਿਮਾਰੀ ਨੂੰ ਦੂਰ ਕਰਨ ਲਈ ਲੋੜੀਂਦੀ ਦਵਾਈ ਦਾ ਸ਼ਰਬਤ ਤਿਆਰ ਕਰਕੇ ਹਾਲਾਤ ਦੇ ਮੁਤਾਬਕ ਮਰੀਜ਼ ਨੂੰ ਪਿਲਾਇਆ ਜਾਂਦਾ ਹੈ। ਸ਼ਰਬਤ ਨੂੰ ਪੀਣ ਸਾਰ ਹੀ ਦਵਾਈ ਮਰੀਜ਼ ਦੇ ਦਿਲ, ਜਿਗਰ ਅਤੇ ਮਿਹਦੇ ਉੱਤੇ ਆਪਣਾ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਸ ਨਾਲ ਮਰੀਜ਼ ਦਾ ਦੁੱਖ ਦੂਰ ਹੋ ਜਾਂਦਾ ਹੈ।
ਸ਼ਰਬਤਾਂ ਦੀ ਵਰਤੋਂ ਯੂਰਪ ਨਾਲੋਂ ਏਸ਼ੀਆ ਵਿਚ ਅਤੇ ਖ਼ਾਸ ਕਰਕੇ ਹਿੰਦੁਸਤਾਨ ਅਤੇ ਹੋਰ ਗਰਮ ਦੇਸ਼ਾਂ ਵਿਚ ਵਧੇਰੇ ਕੀਤੀ ਜਾਂਦੀ ਹੈ। ਇਸੇ ਲਈ ਯੂਨਾਨੀ ਹਿਕਮਤ ਵਿਚ ਸ਼ਰਬਤਾਂ ਦੀ ਖ਼ਾਸ ਮਹੱਤਤਾ ਹੈ।
ਸ਼ਰਬਤਾਂ ਦਾ ਸੰਖੇਪ ਜਿਹਾ ਵਰਣਨ ਹੇਠ ਦਿੱਤਾ ਜਾਂਦਾ ਹੈ :
ਸ਼ਰਬਤ ਗਾਉ ਜ਼ਬਾਨ ਨੂੰ ਤਾਜ਼ਗੀ ਅਤੇ ਤਾਕਤ ਦਿੰਦਾ ਹੈ ਅਤੇ ਖ਼ਫ਼ਕਾਨ ਲਈ ਲਾਭਦਾਇਕ ਹੈ। ਸ਼ਰਬਤ ਅਨਾਨਾਸ ਅਤੇ ਅਬੇਰੇਸ਼ਮ ਆਦਿ ਦਿਲ ਦਿਮਾਗ਼ ਨੂੰ ਤਾਕਤ ਦਿੰਦੇ ਹਨ। ਸੰਦਲ ਦਾ ਸ਼ਰਬਤ ਗਰਮੀਆਂ ਦੇ ਮੌਸਮ ਵਿਚ ਦਿਲ ਨੂੰ ਤਾਜ਼ਗੀ ਬਖ਼ਸ਼ਦਾ ਹੈ। ਮਿੱਠੇ ਅਨਾਰਾਂ ਦਾ ਸ਼ਰਬਤ ਦਿਲ ਤੇ ਜਿਗਰ ਨੂੰ ਤਾਕਤ ਦਿੰਦਾ ਹੈ ਅਤੇ ਲਹੂ ਦੇ ਦਸਤਾਂ ਨੂੰ ਬੰਦ ਕਰਦਾ ਹੈ। ਖੱਟੇ ਅਨਾਰਾਂ ਦਾ ਸ਼ਰਬਤ ਮਿਹਦੇ ਨੂੰ ਤਾਕਤ ਦਿੰਦਾ ਹੈ, ਉਲਟੀਆਂ ਤੇ ਦਸਤਾਂ ਨੂੰ ਬੰਦ ਕਰਦਾ ਹੈ ਅਤੇ ਭੁੱਖ ਲਗਾਉਂਦਾ ਹੈ। ਸ਼ਰਬਤ ਜੂਫ਼ਾ ਸੌਦਾ ਵੀ ਮਾਦੇ ਨੂੰ ਖਾਰਜ ਕਰਦਾ ਹੈ ਤੇ ਯਾਦ ਸ਼ਕਤੀ ਨੂੰ ਵਧਾਉਂਦਾ ਹੈ। ਫ਼ਾਲਸੇ ਦੇ ਸ਼ਰਬਤ ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਇਹ ਛਾਤੀ ਦੀਆਂ ਬਿਮਾਰੀਆਂ ਵਾਸਤੇ ਲਾਭਦਾਇਕ ਹੁੰਦਾ ਹੈ। ਬਨਫ਼ਸ਼ਾ ਦਾ ਸ਼ਰਬਤ ਗਰਮੀਆਂ ਸਰਦੀਆਂ ਵਿਚ ਇੱਕੋ ਜਿਹਾ ਲਾਭਦਾਇਕ ਹੁੰਦਾ ਹੈ ਅਤੇ ਖ਼ਾਸ ਕਰਕੇ ਨਜ਼ਲਾ, ਜ਼ੁਕਾਮ, ਸਿਰ ਦਰਦ, ਬੁਖ਼ਾਰ ਤੇ ਸੀਨੇ ਦੀਆਂ ਬਿਮਾਰੀਆਂ ਵਾਸਤੇ ਗੁਣਕਾਰੀ ਹੁੰਦਾ ਹੈ। ਬਜੂਰੀ ਦਾ ਸ਼ਰਬਤ, ਮੁਅਤਦਿਲ ਹੁੰਦਾ ਹੈ ਅਤੇ ਗਰਮੀ ਦੀਆਂ ਬਿਮਾਰੀਆਂ ਲਈ ਤੇ ਜਿਗਰ, ਗੁਰਦੇ, ਅਤੇ ਮਸਾਨੇ ਦੀਆਂ ਤਕਲੀਫਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ। ਆਲੂ ਬੁਖ਼ਾਰੇ ਦੀ ਸ਼ਰਬਤ ਗੁਰਦੇ ਅਤੇ ਮਸਾਨੇ ਦੀ ਪੱਥਰੀ ਲਈ ਗੁਣਕਾਰੀ ਹੈ। ਕਾਸਨੀ ਦਾ ਸ਼ਰਬਤ ਜਿਗਰ ਅਤੇ ਮਿਹਦੇ ਨੂੰ ਠੀਕ ਕਰਦਾ ਹੈ। ਮਿੱਠੇ ਅੰਗੂਰਾਂ ਦਾ ਸ਼ਰਬਤ ਮਿਹਦੇ ਨੂੰ ਤਾਕਤ ਬਖ਼ਸ਼ਦਾ ਹੈ। ਉਨਾਬ ਤੇ ਉਸ਼ਬ ਦਾ ਸ਼ਰਬਤ ਫੋੜੇ ਫਿਨਸੀਆਂ ਨੂੰ ਠੀਕ ਕਰਦਾ ਹੈ। ਜਿਸਮ ਦੇ ਕਿਸੇ ਵੀ ਅੰਗ ਤੋਂ ਵਗਦੇ ਲਹੂ ਨੂੰ ਬੰਦ ਕਰਨ ਲਈ ਸ਼ਰਬਤ ਅੰਜਬਾਰ ਬਹੁਤ ਗੁਣਕਾਰੀ ਹੈ। ਦਿਲ, ਦਿਮਾਗ਼ ਅਤੇ ਜਿਗਰ ਦੀ ਕਮਜ਼ੋਰੀ ਲਈ ਫ਼ੌਲਾਦ ਦਾ ਸ਼ਰਬਤ ਵਰਤਿਆ ਜਾਂਦਾ ਹੈ।
ਤਿਆਰ ਕਰਨ ਦੇ ਤਰੀਕੇ––ਖ਼ੁਸ਼ਕ ਦਵਾਈਆਂ ਨੂੰ ਭਿਉਂ ਕੇ ਪਾਣੀ ਵਿਚ ਉਬਾਲ ਲਿਆ ਜਾਂਦਾ ਹੈ। ਅੱਧਾ ਪਾਣੀ ਖ਼ੁਸ਼ਕ ਹੋ ਜਾਣ ਉੱਤੇ ਪੁਣ ਛਾਣ ਕੇ ਲੋੜ ਅਨੁਸਾਰ ਚੀਨੀ ਮਿਲਾਕੇ ਚਾਸ਼ਨੀ ਬਣਾਈ ਜਾਂਦੀ ਹੈ ਜਾਂ ਖ਼ੁਸ਼ਕ ਦਵਾਈਆਂ ਦਾ ਅਰਕ ਕੱਢ ਕੇ ਆਮ ਤਰੀਕੇ ਅਨੁਸਾਰ ਸ਼ਰਬਤ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਤਾਜ਼ੀ ਜੜੀ ਬੂਟੀ ਇਸਦੇ ਫਲਾਂ ਅਤੇ ਫੁੱਲਾਂ ਨੂੰ ਉਬਾਲ ਕੇ ਤੇ ਪੁਣ ਕੇ ਨੁਸਖ਼ੇ ਅਨੁਸਾਰ ਹੋਰ ਦਵਾਈਆਂ ਮਿਲਾ ਕੇ ਅਤੇ ਚੀਨੀ ਜਾਂ ਸ਼ਹਿਦ ਲੋੜ ਅਨੁਸਾਰ ਮਿਲਾ ਕੇ ਚਾਸ਼ਨੀ ਬਣਾਈ ਜਾਂਦੀ ਹੈ। ਚਾਸ਼ਨੀ ਵਿਚੋਂ ਜਦੋਂ ਤਾਰ ਨਿਕਲਣ ਲਗ ਜਾਵੇ ਤਾ ਸ਼ਰਬਤ ਤਿਆਰ ਸਮਝਿਆ ਜਾਂਦਾ ਹੈ। ਉਸਨੂੰ ਸ਼ੀਸ਼ੇ ਜਾਂ ਚੀਨੀ ਦੇ ਬਰਤਨ ਵਿਚ ਪਾ ਲਿਆ ਜਾਂਦਾ ਹੈ। ਖੱਟੀਆਂ ਚੀਜ਼ਾਂ ਦੇ ਸ਼ਰਬਤਾਂ ਨੂੰ ਕਲੀ ਕੀਤੇ ਹੋਏ ਬਰਤਨਾਂ ਵਿਚ ਪਕਾਇਆ ਜਾਂਦਾ ਹੈ।
ਲੇਖਕ : ਦਿਆ ਸਿੰਘ ਹਕੀਮ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no
ਸ਼ਰਬਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ਰਬਤ, ਪੁਲਿੰਗ : ੧. ਮਿੱਠਾ ਪਾਣੀ, ਮਿੱਠਾ ਮਿਲਾ ਕੇ ਪਕਾਇਆ ਹੋਇਆ ਗਾੜ੍ਹਾ ਪਾਣੀ ਜੋ ਪਾਣੀ ਵਿਚ ਪਾ ਕੇ ਪੀਤਾ ਜਾਂਦਾ ਹੈ; ੨. ਪਾਣੀ ਵਿਚ ਘੋਲੀ ਹੋਈ ਖੰਡ ਜਾਂ ਗੁੜ; ੩. ਕਿਸੇ ਦਵਾਈ ਦਾ ਰਸ ਜਿਸ ਵਿੱਚ ਮਿੱਠਾ ਹੋਣ ਤੇ ਸ਼ਰਬਤ ਕਹਿ ਦਿੰਦੇ ਹਨ ਜਿਵੇਂ ਸ਼ਰਬਤ ਸੰਦਲ ਆਦਿ
–ਸ਼ਰਬਤੀ, ਵਿਸ਼ੇਸ਼ਣ : ਸ਼ਰਬਤ ਦੇ ਰੰਗ ਦਾ, ਰਸ ਵਾਲਾ, ਸ਼ਰਬਤ ਸਬੰਧੀ, ਸ਼ਰਬਤ ਨਾਲ ਸਬੰਧਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-11-16-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First