ਸ਼ਰੀਂਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਰੀਂਹ (ਨਾਂ,ਪੁ) ਬਰੀਕ ਰੇਸ਼ਿਆਂ ਜਿਹੇ ਪੱਤਿਆਂ ਵਾਲਾ ਰੁੱਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ਰੀਂਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਰੀਂਹ [ਨਾਂਪੁ] ਇੱਕ ਰੁੱਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਰੀਂਹ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸ਼ਰੀਂਹ : ਇਹ ਲੈਗਿਊਮਿਨੋਸੀ (Leguminosae) ਕੁਲ ਅਤੇ ਮਾਈਮੋਸਾਇਡੀ ਉਪ-ਕੁਲ ਦਾ ਉੱਚਾ ਲੰਮਾ ਅਤੇ ਘਣੀ ਛਾਂ ਵਾਲਾ ਰੁੱਖ ਹੈ। ਕਾਲੇ ਸ਼ਰੀਂਹ ਦਾ ਬਨਸਪਤੀ ਵਿਗਿਆਨਕ ਨਾਂ ਐਲਬੀਜੀਆ ਲੈਬੈਂਕ (Albizzia lebeek) ਅਤੇ ਚਿੱਟੇ ਸ਼ਰੀਂਹ ਦਾ ਨਾਂ ਐਲਬੀਜ਼ੀਆ ਪਰੋਸੈਰਾ (Albizzia procera) ਹੈ।

          ਸ਼ਰੀਂਹ ਦੀ ਛਿੱਲ ਸਲੇਟੀ ਅਤੇ ਤਰੇੜਾਂ (flecked) ਵਾਲੀ ਹੁੰਦੀ ਹੈ। ਇਸ ਦੀਆਂ ਟਾਹਣੀਆਂ ਲੰਮੀਆਂ ਅਤੇ ਖਲਾਰ ਵਾਲੀਆਂ ਹੁੰਦੀਆਂ ਹਨ। ਇਹ ਰੁੱਖ ਅਪ੍ਰੈਲ ਦੇ ਮਹੀਨੇ ਰੂੰਦਾਰ, ਖ਼ੁਸ਼ਬੂ ਵਾਲੇ, ਚਿੱਟੀ ਭਾਹ ਮਾਰਦੇ ਹਰੇ ਰੰਗ ਦੇ ਬਹੁਤ ਜ਼ਿਆਦਾ ਫੁੱਲ ਪੈਦਾ ਕਰਦਾ ਹੈ। ਹਰ ਇਕ ਪੱਤਾ ਦੋ ਵੇਰ ਨਿਕੀਆਂ ਪੱਤੀਆਂ ਵਿਚ ਵੰਡਿਆ ਹੁੰਦਾ ਹੈ। ਪੱਤਝੜ ਦੀ ਰੁੱਤ ਵਿਚ ਇਸ ਦੇ ਪੱਤੇ ਝੜ ਜਾਂਦੇ ਹਨ। ਪੱਤੇ ਝੜਨ ਤੋਂ ਬਾਅਦ ਰੁੱਖ ਉਤੇ ਸਿਰਫ਼ ਲੰਮੀਆਂ ਤੇ ਚਪਟੀਆਂ ਪੀਲੇ ਰੰਗ ਦੀਆਂ ਫਲੀਆਂ ਰਹਿ ਜਾਂਦੀਆਂ ਹਨ। ਇਸ ਰੁੱਖ ਦੀ ਲਕੜੀ ਸਖ਼ਤ ਅਤੇ ਹੰਢਣਸਾਰ ਹੁੰਦੀ ਹੈ। ਦਵਾਈਆਂ ਦੇ ਪੱਖੋਂ ਵੀ ਇਸ ਰੁੱਤ ਦੀ ਬਹੁਤ ਮਹਾਨਤਾ ਹੈ। ਇਸ ਰੁੱਖ ਦੇ ਫੁੱਲ ਠੰਢਿਆਈ ਵਜੋਂ ਲੋਕੀਂ ਖਾਂਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਫੁੱਲ ਵੀਰਜ ਰਸ ਨੂੰ ਰੋਕ ਕੇ ਰੱਖਣ ਵਿਚ ਬੜੇ ਸਹਾਈ ਹੁੰਦੇ ਹਨ। ਫਿਨਸੀਆਂ, ਗੰਭੀਰ ਫੋੜਿਆਂ, ਉਠਾਅ ਆਦਿ ਦੇ ਫੁੱਲਾਂ ਦਾ ਲੇਪ ਕਰਦੇ ਹਨ।

          ਇਸ ਰੁੱਖ ਦੇ ਬੀਜਾਂ ਨੂੰ ਪੀਹ ਕੇ ਹੰਜ਼ੀਰਾਂ ਨੂੰ ਰੋਕਣ ਲਈ ਦਵਾਈ ਬਣਾਈ ਜਾਂਦੀ ਹੈ। ਪੀਠੇ ਹੋਏ ਬੀਜਾਂ ਤੋਂ ਬਣਾਈ ਹੋਈ ਮਲ੍ਹਮ ਅੱਖਾਂ ਦੇ ਰੋਗਾਂ ਲਈ ਵਰਤੀ ਜਾਂਦੀ ਹੈ। ਕੋੜ੍ਹ ਵਰਗੀ ਭਿਆਨਕ ਬਿਮਾਰੀ ਦਾ ਇਲਾਜ ਇਸ ਰੁੱਖ ਦੇ ਬੀਜਾਂ ਦੇ ਤੇਲ ਤੋਂ ਕੀਤਾ ਜਾਂਦਾ ਹੈ ਅਤੇ ਕਾਫ਼ੀ ਲਾਭਵੰਦ ਸਿੱਧ ਹੁੰਦਾ ਹੈ। ਇਸ ਰੁੱਖ ਦੀ ਛਿੱਲ ਨੂੰ ਉਬਾਲ ਕੇ ਫੁੱਲੇ ਹੋਏ ਮਸੂੜਿਆਂ ਲਈ ਗਰਾਰੇ ਅਤੇ ਕੁਰਲੀਆਂ ਕੀਤੀਆਂ ਜਾਂਦੀਆਂ ਹਨ। ਅੱਖਾਂ ਉੱਤੇ ਸੱਟ ਲਗ ਜਾਵੇ ਤਾਂ ਵੀ ਛਿੱਲ ਨੂੰ ਪੀਹ ਕੇ ਅੱਖਾਂ ਉੱਤੇ ਲੇਪ ਕਰਦੇ ਹਨ। ਜੜ੍ਹਾਂ ਦੀ ਛਿੱਲ ਨੂੰ ਬਰੀਕ ਪੀਹ ਕੇ ਦੰਦਾਂ ਲਈ ਚੰਗਾਂ, ਲਾਭਵੰਦ ਮੰਜਨ ਤਿਆਰ ਕੀਤਾ ਜਾਂਦਾ ਹੈ। ਇਹ ਮੰਜਨ ਸੁੱਜੇ ਹੋਏ ਤੇ ਜ਼ਖ਼ਮੀ ਮਸੂੜਿਆਂ ਲਈ ਲਾਭਵੰਦ ਸਿੱਧ ਹੁੰਦਾ ਹੈ।

          ਜੇ ਸੱਪ ਕੱਟ ਜਾਵੇ ਤਾਂ ਕੱਟੇ ਹੋਏ ਥਾਂ ਤੇ ਇਸ ਰੁੱਖ ਦੀਆਂ ਕਰੂੰਬਲਾਂ, ਪੱਤਿਆਂ, ਫੁੱਲਾਂ, ਫਲੀਆਂ, ਬੀਜਾਂ, ਜੜ੍ਹਾਂ ਅਤੇ ਛਿੱਲ ਦਾ ਦਰੜਾ ਕਰਕੇ ਲੇਪ ਕਰਦੇ ਹਨ। ਇਸ ਤੋਂ ਕਾਫ਼ੀ ਫ਼ਾਈਦਾ ਹੁੰਦਾ ਹੈ।

          ਸ਼ਰੀਂਹ ਸਾਰੇ ਭਾਰਤ ਵਿਚ ਮਿਲਦਾ ਹੈ ਪਰ ਹਿਮਾਲੀਆ ਪਰਬਤ ਤੇ ਸਿਰਫ਼ 1500 ਮੀ. ਦੀ ਉਚਾਈ ਤਕ ਦੀ ਸੀਮਤ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਸ਼ਰੀਂਹ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ਰੀਂਹ : ਮਾਈਮੋਸੇਸੀ (Mimosaceae) ਕੁਲ ਨਾਲ ਸੰਬੰਧਤ ਇਸ ਰੁੱਖ ਦਾ ਵਿਗਿਆਨਕ ਨਾਂ ਅਲਬੀਜ਼ੀਆ ਲੇਬੈੱਕ (Albizia lebbeck) ਹੈ। ਇਹ ਵੱਡੇ ਕਦ ਦਾ ਪਤਝੜੀ ਦਰਖ਼ਤ ਹੈ ਜਿਸ ਦੀ ਗੂੜ੍ਹੇ ਸਲੇਟੀ ਰੰਗ ਦੀ ਛਿੱਲ ਉੱਪਰ ਬੇਤਰਤੀਬ ਤ੍ਰੇੜਾਂ ਪਈਆਂ ਹੁੰਦੀਆਂ ਹਨ। ਸੰਯੁਕਤ ਪੱਤੇ ਵਿਚ ਖੰਭੜੇ ਹੁੰਦੇ ਹਨ ਅਤੇ ਇਕ ਖੰਭੜੇ ਵਿਚ 3-9 ਜੋੜੇ ਪੱਤੀਆਂ ਦੇ ਹੁੰਦੇ ਹਨ। ਚਿੱਟੇ ਖੁਸ਼ਬੂਦਾਰ ਫੁੱਲ ਗੋਲ, ਡੰਡੀਦਾਰ ਗੁੱਛਿਆਂ ਵਿਚ ਅਪਰੈਲ ਤੋਂ ਅਗਸਤ ਤੱਕ ਖਿੜੇ ਰਹਿੰਦੇ ਹਨ। ਇਸ ਦੀਆਂ 15 ਤੋਂ 30 ਸੈਂ. ਮੀ. ਤੱਕ ਲੰਬੀਆਂ ਚਪਟੇ ਫ਼ੀਤੇ ਵਰਗੀਆਂ ਫਲੀਆਂ ਸਤੰਬਰ ਤੋਂ ਨਵੰਬਰ ਤੱਕ ਲਗਦੀਆਂ ਹਨ ਅਤੇ ਪੱਕਣ ਤੋਂ ਬਾਅਦ ਵੀ ਨਾਲ ਲਟਕਦੀਆਂ ਰਹਿੰਦੀਆਂ ਹਨ। ਇਕ ਫਲੀ ਵਿਚ 6 ਤੋਂ 10 ਬੀਜ ਹੁੰਦੇ ਹਨ।

        ਇਸ ਦੀ ਲੱਕੜ ਫ਼ਰਨੀਚਰ ਅਤੇ ਅੰਦਰੂਨੀ ਲਕੜੀ ਦੀ ਸਜਾਵਟ ਲਈ ਵਰਤੀ ਜਾਂਦੀ ਹੈ। ਇਮਾਰਤੀ ਸਮਾਨ, ਖੇਤੀਬਾੜੀ ਦੇ ਸੰਦ, ਕੋਹਲੂ, ਖੂਣ ਦੀ ਮੌਣ ਅਤੇ ਬੁੱਤਸਾਜ਼ੀ ਲਈ ਵੀ ਇਸ ਦੀ ਲੱਕੜ ਲਾਹੇਵੰਦ ਹੈ। ਇਸ ਦੀ ਗੂੰਦ ਅਕਸਰ ਕਿੱਕਰ ਦੀ ਗੂੰਦ ਨਾਲ ਮਿਲਾ ਕੇ ਵੇਚੀ ਜਾਂਦੀ ਹੈ। ਇਹ ਰੁੱਖ ਚਾਅ ਅਤੇ ਕਾਫ਼ੀ ਦੇ ਬਾਗਾਂ ਵਿਚ ਛਾਂ ਦੇਣ ਲਈ ਉਗਾਇਆ ਜਾਂਦਾ ਹੈ। ਰੁੱਖ ਦੇ ਸੱਕ ਮੱਛੀਆਂ ਫੜਨ ਵਾਲੇ ਜਾਲ ਰੰਗਣ ਲਈ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਇਹ ਸਾਹ ਨਾਲੀ ਦੀ ਸੋਜ਼ਸ, ਕੋਹੜ, ਲਕਵਾ, ਫੁੱਲੇ ਹੋਏ ਮਸੂੜ ਅਤੇ ਆਂਦਰਾਂ ਦੇ ਕੀੜਿਆਂ ਦੇ ਇਲਾਜ ਲਈ ਵੀ ਵਰਤੇ ਜਾਂਦੇ ਹਨ। ਜੜ੍ਹਾਂ ਦੀ ਛਿੱਲ ਦਾ ਚੂਰਾ ਮਸੂੜੇ ਮਜ਼ਬੂਤ ਕਰਨ ਲਈ ਵਰਤਿਆ ਜਾਂਦਾ ਹੈ। ਪੱਤੀਆਂ ਅੰਧਰਾਤੇ ਦੇ ਵਿਗਾੜ ਨੂੰ ਦੂਰ ਕਰਨ ਲਈ ਲਾਹੇਵੰਦ ਹੁੰਦੀਆਂ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-04-25-01, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ; ਪ. ਇ. ਇ. ਪੰ. -ਡਾ. ਸ਼ਰਮਾ

ਸ਼ਰੀਂਹ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ਰੀਂਹ, ਪੁਲਿੰਗ : ਇੱਕ ਪ੍ਰਸਿੱਧ ਰੁੱਖ ਜਿਸ ਨੂੰ ਲੰਮੀਆਂ ਤੇ ਚੌੜੀਆਂ ਫਲੀਆਂ ਲਗਦੀਆਂ ਹਨ। ਇਸ ਦਾ ਪਾਣੀ ਅੱਖਾਂ ਦੇ ਸੁਰਮਿਆਂ ਵਿੱਚ ਪੈਂਦਾ ਹੈ ਅਤੇ ਪਸ਼ੂਆਂ ਦੇ ਨੇਤਰਾਂ ਦਾ ਚਿੱਟਾ ਲਾਹੁਣ ਲਈ ਵੀ ਵਰਤਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-01-58-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.