ਸਠਿਆਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਠਿਆਲਾ. ਇੱਕ ਪਿੰਡ , ਜੋ ਜਿਲਾ ਤਸੀਲ ਅਮ੍ਰਿਤਸਰ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਗੋਬਿੰਦ ਜੀ ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਵਿਰਾਜਣ ਦੇ ਦੋ ਪਵਿਤ੍ਰ ਅਸਥਾਨ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1431, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਠਿਆਲਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਠਿਆਲਾ : ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਬਾਬਾ ਬਕਾਲਾ ਦੇ 4 ਕਿਲੋਮੀਟਰ ਉੱਤਰ ਪੂਰਬ ਵਿਚ ਇਕ ਪਿੰਡ ਹੈ ਜਿੱਥੇ ਤਿੰਨ ਗੁਰੂ ਵਿਅਕਤੀ -ਗੁਰੂ ਨਾਨਕ , ਗੁਰੂ ਹਰਗੋਬਿੰਦ ਅਤੇ ਗੁਰੂ ਤੇਗ਼ ਬਹਾਦਰ ਜੀ ਪਧਾਰੇ ਹਨ। ਇਹਨਾਂ ਦੇ ਇਸ ਪਿੰਡ ਪਧਾਰਨ ਦੀ ਯਾਦ ਵਿਚ ਤਿੰਨ ਵਖਰੇ ਵਖਰੇ ਗੁਰਦੁਆਰੇ ਇਥੇ ਸਥਿਤ ਹਨ।

ਗੁਰਦੁਆਰਾ ਨਾਨਕਸਰ ਪਾਤਸ਼ਾਹੀ ਪਹਿਲੀ-ਉਸ ਜਗ੍ਹਾ ਤੇ ਬਣਿਆ ਹੋਇਆ ਹੈ ਜਿਥੇ ਗੁਰੂ ਨਾਨਕ ਧਰਮ ਦਾ ਉਪਦੇਸ਼ ਦੇਣ ਲਈ ਇਕ ਛੋਟੇ ਜਿਹੇ ਤਲਾਬ ਦੇ ਨੇੜੇ ਬੈਠੇ ਸਨ। ਇਹਨਾਂ ਦਾ ਉਪਦੇਸ਼ ਸੁਣਨ ਵਾਲਿਆਂ ਵਿਚੋਂ ਬਹੁਤੀਆਂ ਮੁਸਲਿਮ ਇਸਤਰੀਆਂ ਸਨ। ਇਹਨਾਂ ਇਸਤਰੀਆਂ ਨੇ ਗੁਰੂ ਜੀ ਨੂੰ ਪਿੰਡ ਵਿਚ ਫੈਲੀ ਹੋਈ ਚਮੜੀ ਦੀ ਬੀਮਾਰੀ ਅਤੇ ਪੋਲੀਓ ਬਾਰੇ ਦੱਸਿਆ ਜਿਹੜੀਆਂ ਇਸ ਪਿੰਡ ਵਾਸਤੇ ਘਾਤਕ ਸਨ। ਗੁਰੂ ਜੀ ਨੇ ਇਹਨਾਂ ਨੂੰ ਸਲਾਹ ਦਿੱਤੀ ਕਿ ਆਪਣੇ ਬੱਚਿਆਂ ਨੂੰ ਨੇਮ ਨਾਲ ਇਸ ਤਲਾਬ ਵਿਚ ਇਸ਼ਨਾਨ ਕਰਾਉ। ਇਸ ਤਰ੍ਹਾਂ ਕਰਨ ਨਾਲ ਬਿਮਾਰੀ ਤੋਂ ਰਾਹਤ ਮਿਲੀ ਅਤੇ ਪਿੰਡ ਦੇ ਲੋਕਾਂ ਨੇ ਗੁਰੂ ਨਾਨਕ ਦੇ ਸਨਮਾਨ ਵਿਚ ਇਕ ਯਾਦਗਾਰ ਸਥਾਪਿਤ ਕਰ ਦਿੱਤੀ। ਹੁਣੇ ਜਿਹੇ ਇਸ ਜਗ੍ਹਾ ਤੇ ਗੁਰਦੁਆਰਾ ਨਾਨਕਸਰ ਦੀ ਇਮਾਰਤ ਬਣਾਈ ਗਈ ਹੈ। ਇਸ ਇਮਾਰਤ ਦਾ ਇਕ ਆਇਤਾਕਾਰ ਹਾਲ ਹੈ ਜਿਸ ਵਿਚ ਇਕ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਜਿਸ ਉਤੇ ਚਿੱਟੀਆਂ ਚਮਕੀਲੀਆਂ ਟਾਈਲਾਂ ਲੱਗੀਆਂ ਹੋਈਆਂ ਹਨ। ਪੁਰਾਣੇ ਤਲਾਬ ਨੂੰ ਅੱਜ-ਕੱਲ੍ਹ ਇਕ ਛੋਟੇ ਅੱਠਕੋਣੇ ਸਰੋਵਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਲੋਕ ਅੱਜ ਵੀ ਇਸ ਦੇ ਜਲ ਦੇ ਇਲਾਜ ਵਾਲੇ ਗੁਣ ਵਿਚ ਵਿਸ਼ਵਾਸ ਰਖਦੇ ਹਨ। ਇਸ ਗੁਰਦੁਆਰੇ ਦਾ ਪ੍ਰਬੰਧ ਪਿੰਡ ਦੀ ਸੰਗਤ ਦੁਆਰਾ ਕੀਤਾ ਜਾਂਦਾ ਹੈ।

ਗੁਰਦੁਆਰਾ ਬੁੰਗਾ ਸਾਹਿਬ : ਗੁਰੂ ਹਰਗੋਬਿੰਦ ਜੀ ਨੂੰ ਸਮਰਪਿਤ ਪਿੰਡ ਦੀ ਫਿਰਨੀ ਦੇ ਪੂਰਬ ਵਲ ਨੂੰ ਪੱਧਰੀ ਛੱਤ ਵਾਲਾ ਇਕ ਆਇਤਾਕਾਰ ਕਮਰਾ ਹੈ। ਇਸ ਦਾ ਪ੍ਰਬੰਧ ਨਿਹੰਗ ਸਿੱਖਾਂ ਦੁਆਰਾ ਕੀਤਾ ਜਾਂਦਾ ਹੈ।

ਗੁਰਦੁਆਰਾ ਡੇਰਾ ਸਾਹਿਬ ਪਾਤਸ਼ਾਹੀ ਨੌਵੀਂ: ਗੁਰੂ ਤੇਗ਼ ਬਹਾਦਰ ਦੀ ਯਾਦ ਵਿਚ ਬਣਾਇਆ ਗਿਆ ਹੈ ਜੋ ਇਥੇ ਬਾਬਾ ਬਕਾਲਾ ਤੋਂ ਆਏ ਸਨ ਅਤੇ ਇਕ ਪਿੱਪਲ ਦੇ ਦਰਖ਼ਤ ਹੇਠ ਬੈਠੇ ਸਨ। ਇਹ ਪਿੱਪਲ ਅੱਜ ਤਕ ਵੀ ਪ੍ਰਕਾਸ਼ ਅਸਥਾਨ ਦੇ ਪਿਛਲੇ ਪਾਸੇ ਖੜ੍ਹਾ ਹੈ। ਪਿੰਡ ਦੇ ਵਿਚ ਇਹ ਗੁਰਦੁਆਰਾ 1939 ਵਿਚ ਬਣਾਇਆ ਗਿਆ ਸੀ ਅਤੇ ਇਸ ਵਿਚ ਦੋ ਮੰਜਲੀ ਡਿਉੜੀ ਰਾਹੀਂ ਦਾਖਲ ਹੋਈਦਾ ਹੈ। ਅੰਦਰ ਸੰਗਮਰਮਰ ਦੇ ਹਾਲ ਵਿਚ ਇਕ ਵਰਗਾਕਾਰ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਅਤੇ ਇਸ ਉੱਪਰ ਇਕ ਛੱਜੇ ਵਾਲਾ ਗੁੰਬਦ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦੀ ਦੇਖ-ਭਾਲ ਭਿੰਡਰਾਵਾਲੇ ਸੰਤਾਂ ਦਾ ਇਕ ਪੈਰੋਕਾਰ ਕਰਦਾ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਠਿਆਲਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਠਿਆਲਾ : ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਪਿੰਡ ਹੈ ਜੋ ਅੰਮ੍ਰਿਤਸਰ ਸ਼ਹਿਰ ਤੋਂ ਤਕਰੀਬਨ 40 ਕਿ. ਮੀ. ਤੇ ਬਟਾਲੇ ਤੋਂ ਲਗਭਗ 24 ਕਿ. ਮੀ. ਦੀ ਦੂਰੀ ਉੱਤੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇਸ ਪਿੰਡ ਵਿਚ ਗੁਰੂ ਹਰਿਗੋਬਿੰਦ ਜੀ ਤੇ ਗੁਰੂ ਤੇਗ਼ ਬਹਾਦਰ ਜੀ ਬਿਰਾਜੇ ਸਨ। ਉਨ੍ਹਾਂ ਦੀ ਯਾਦ ਵਿਚ ਇਥੇ ਦੋ ਗੁਰਦੁਆਰੇ ਮੌਜੂਦ ਹਨ। ਇਥੇ ਇਕ ਸਰਕਾਰੀ ਕਾਲਜ ਵੀ ਹੈ।

        ਇਸ ਪਿੰਡ ਤੋਂ ਜੀਂਦ ਜੀ. ਟੀ. ਰੋਡ ਵੱਲ ਲਗਭਗ 5 ਕਿ. ਮੀ. ਦੂਰ ਇਕ ਇਤਿਹਾਸਕ ਪਿੰਡ ਬਾਬਾ ਬਕਾਲਾ ਹੈ ਜੋ ਬਿਆਸ ਸਟੇਸ਼ਨ ਤੋਂ 14 ਕਿ. ਮੀ. ਦੂਰ ਹੈ। ਇਥੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵਾਲੇ ਦਿਨ (ਮਘਰ ਸੁਦੀ 5 ਨੂੰ) ਅਤੇ ਸਾਵਣ ਸੁਦੀ ਪੂਰਨਮਾਸ਼ੀ ਨੂੰ ਭਾਰੀ ਮੇਲਾ ਲਗਦਾ ਹੈ।

        ਆਬਾਦੀ – 7,020 (1981)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-04-57-18, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ. 3.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.