ਸਥਾਨਿਕ ਪੌਣਾਂ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Local winds (ਲਅਉਕਲ ਵਿਨਡਜ਼) ਸਥਾਨਿਕ ਪੌਣਾਂ: ਇਹ ਪੌਣਾਂ ਸਥਾਈ ਪੌਣਾਂ (planetary winds) ਦੇ ਮੁਕਾਬਲੇ ਛੋਟੇ ਖੇਤਰ ਤੱਕ ਹੀ ਸੀਮਿਤ ਹੁੰਦੀਆਂ ਹਨ ਅਤੇ ਸਮਿਆਈ ਅਵਧੀ ਵੀ ਛੋਟੀ ਹੁੰਦੀ ਹੈ। ਇਹ ਗਰਮ ਜਾਂ ਠੰਢੀਆਂ ਹੁੰਦੀਆਂ ਹਨ ਜੋ ਨਿਰਭਰ ਕਰਦਾ ਹੈ ਕਿ ਇਹਨਾਂ ਦੀ ਉਤਪਤੀ ਕਿੱਥੋਂ ਹੈ ਤਪਤ ਮਾਰੂਥਲ ਜਾਂ ਪਹਾੜ ਤੇ ਬਰਫ਼ਾਨੀ ਖੇਤਰ। ਇਹਨਾਂ ਦੀਆਂ ਅਨੇਕਾਂ ਉਦਾਹਰਨਾਂ ਹਨ ਜਿਵੇਂ ਸਾਂਤਾ ਆਨਾ (ਕੈਲੀਫੋਰਨੀਆ), ਸਿਰੋਕੋ (ਰੂਮ ਸਾਗਰੀ ਖੇਤਰ), ਖਾਮਸਿਨ (ਮਿਸਰ), ਚਿਨੂਕ (ਰਾਕੀ ਪ੍ਰਬਤ), ਫੋਹਨ (ਯੂਰਪ), ਆਦਿ ਉਲੇਖਣਯੋਗ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸਥਾਨਿਕ ਪੌਣਾਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਥਾਨਿਕ ਪੌਣਾਂ [ਨਾਂਇ] (ਭੂਗੋ) ਇੱਕ ਖੇਤਰ ਵਿੱਚ ਹੀ ਸੀਮਿਤ ਰਹਿਣ ਵਾਲ਼ੀਆਂ ਪੌਣਾਂ, ਸੀਮਿਤ ਪੌਣਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਥਾਨਿਕ ਪੌਣਾਂ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸਥਾਨਿਕ ਪੌਣਾਂ : ਪ੍ਰਿਥਵੀ ਉੱਤੇ ਤਾਪਮਾਨ ਅਤੇ ਹਵਾ ਦੇ ਦਬਾਅ ਦਾ ਆਪਸ ਵਿੱਚ ਉਲਟਾ ਸੰਬੰਧ ਹੈ, ਅਰਥਾਤ ਜੇਕਰ ਕਿਸੇ ਥਾਂ ਉੱਤੇ ਤਾਪਮਾਨ ਵੱਧ ਜਾਵੇ ਤਾਂ ਹਵਾ ਦਾ ਦਬਾਅ ਵੱਧ ਜਾਂਦਾ ਹੈ। ਇਸੇ ਕਰਕੇ ਭੂਮਧ-ਰੇਖਾ ਖੇਤਰ ਵਿੱਚ ਤਾਪਮਾਨ ਵੱਧ ਹੋਣ ਕਰਕੇ ਹਵਾ ਦਾ ਦਬਾਅ ਹਮੇਸ਼ਾਂ ਘੱਟ ਹੁੰਦਾ ਹੈ ਅਤੇ ਇਸਦੇ ਉਲਟ ਧਰੁਵੀ ਖੇਤਰਾਂ ਵਿੱਚ ਜਿੱਥੇ ਸਦਾ ਬਰਫ਼ ਜੰਮੀ ਰਹਿੰਦੀ ਹੈ, ਹਵਾ ਦਾ ਦਬਾਅ ਹਮੇਸ਼ਾਂ ਵੱਧ ਹੁੰਦਾ ਹੈ। ਹਵਾ ਸਦਾ ਵੱਧ ਵਾਯੂ ਦਬਾਅ ਖੇਤਰ ਤੋਂ ਘੱਟ ਵਾਯੂ ਦਬਾਅ ਖੇਤਰ ਵੱਲ ਚੱਲਦੀ ਹੈ। ਵੱਧ ਅਤੇ ਘੱਟ ਵਾਯੂ ਦਬਾਅ ਖੇਤਰਾਂ ਦੇ ਵਾਯੂ ਦਬਾਅ ਵਿੱਚ ਜਿੰਨਾ ਵੱਧ ਅੰਤਰ ਹੋਵੇ, ਹਵਾ ਦੀ ਰਫ਼ਤਾਰ ਓਨੀ ਵੱਧ ਹੁੰਦੀ ਹੈ। ਇਸੇ ਕਰਕੇ ਗਰਮੀਆਂ ਵਿੱਚ ਹਨ੍ਹੇਰੀਆਂ ਆਉਂਦੀਆਂ ਹਨ।

ਜਿਹੜੀਆਂ ਪੌਣਾਂ ਪ੍ਰਿਥਵੀ ਉੱਤੇ ਪਾਈਆਂ ਜਾਣ ਵਾਲੀਆਂ ਵੱਧ ਅਤੇ ਘੱਟ ਵਾਯੂ ਦਬਾਅ ਪੇਟੀਆਂ ਕਰਕੇ ਉਤਪੰਨ ਹੁੰਦੀਆਂ ਹਨ, ਉਹਨਾਂ ਨੂੰ ਸਥਾਈ ਜਾਂ ਪ੍ਰਚਲਿਤ ਪੌਣਾਂ ਕਿਹਾ ਜਾਂਦਾ ਹੈ। ਜਿਨ੍ਹਾਂ ਪੌਣਾਂ ਦਾ ਜਨਮ ਸਥਾਨਿਕ ਤਾਪਮਾਨ ਵਿੱਚ ਆਏ ਅੰਤਰ ਅਤੇ ਇਸ ਨਾਲ ਸੰਬੰਧਿਤ ਹਵਾ ਦੇ ਦਬਾਅ ਵਿੱਚ ਆਈ ਤਬਦੀਲੀ ਕਰਕੇ ਹੋਵੇ, ਉਹਨਾਂ ਨੂੰ ਸਥਾਨਿਕ ਪੌਣਾਂ ਕਿਹਾ ਜਾਂਦਾ ਹੈ। ਸਥਾਨਿਕ ਪੌਣਾਂ ਦਾ ਪ੍ਰਵਾਹ ਖੇਤਰ ਸੀਮਿਤ ਹੁੰਦਾ ਹੈ ਅਤੇ ਇਹ ਧਰਾਤਲੀ ਵਿਸ਼ੇਸ਼ਤਾਵਾਂ ਤੋਂ ਬਹੁਤ ਪ੍ਰਭਾਵਿਤ ਹੁੰਦੀਆਂ ਹਨ। ਇਹ ਜ਼ਿਆਦਾਤਰ ਉਹਨਾਂ ਖੇਤਰਾਂ ਵਿੱਚ ਚੱਲਦੀਆਂ ਹਨ, ਜਿੱਥੇ ਪ੍ਰਚਲਿਤ ਪੌਣਾਂ ਜਾਂ ਸਥਾਈ ਪੌਣਾਂ : ਕਮਜ਼ੋਰ ਜਾਂ ਘੱਟ ਪ੍ਰਭਾਵਿਤ ਹੁੰਦੀਆਂ ਹਨ। ਇਹ ਪੌਣਾਂ ਗਰਮ ਅਤੇ ਠੰਢੀਆਂ ਦੋਨੋਂ ਤਰ੍ਹਾਂ ਦੀਆਂ ਹੁੰਦੀਆਂ ਹਨ। ਸਥਾਨਿਕ ਪੌਣਾਂ ਉੱਤੇ ਧਰਤੀ ਤੇ ਪਾਈਆਂ ਜਾਣ ਵਾਲੀਆਂ ਸਥਾਈ ਹਵਾ ਦਬਾਅ ਪੇਟੀਆਂ ਦਾ ਕੋਈ ਅਸਰ ਨਹੀਂ ਹੁੰਦਾ। ਇਹ ਸਿਰਫ਼ ਸਥਾਨਿਕ ਕਾਰਨਾਂ ਕਰਕੇ ਤਾਪਮਾਨ ਅਤੇ ਹਵਾ ਦੇ ਦਬਾਅ ਵਿੱਚ ਆਈ ਤਬਦੀਲੀ ਕਰਕੇ ਹੀ ਜਨਮ ਲੈਂਦੀਆਂ ਹਨ। ਇਹ ਪੌਣਾਂ ਅਕਸਰ ਥੋੜ੍ਹੇ ਖੇਤਰ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਵਾਯੂ-ਮੰਡਲ ਦੀ ਹੇਠਲੀ ਸਤਾ ਤੱਕ ਹੀ ਸੀਮਿਤ ਰਹਿੰਦੀਆਂ ਹਨ। ਸਥਾਨਿਕ ਪੌਣਾਂ ਦੇ ਪ੍ਰਵਾਹ ਖੇਤਰ ਅਨੁਸਾਰ ਇਹਨਾਂ ਨੂੰ ਕਈ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਵਿੱਚੋਂ ਪ੍ਰਮੁਖ ਕਿਸਮਾਂ ਹੇਠ ਲਿਖੇ ਅਨੁਸਾਰ ਹਨ:

1.        ਥਲ ਅਤੇ ਸਾਗਰੀ ਸਮੀਰਾਂ (Land and sea breezes) : ਥਲ ਅਤੇ ਸਾਗਰੀ ਸਮੀਰਾਂ ਸਮੁੰਦਰ ਅਤੇ ਇਸਦੇ ਨਾਲ ਲਗਵੇਂ ਥਲ ਖੇਤਰਾਂ ਉੱਤੇ ਚੱਲਦੀਆਂ ਹਨ। ਅਜਿਹੀਆਂ ਪੌਣਾਂ ਵੱਡੀਆਂ-ਵੱਡੀਆਂ ਝੀਲਾਂ ਅਤੇ ਉਹਨਾਂ ਦੇ ਨਾਲ ਲਗਵੇਂ ਖੇਤਰਾਂ ਵਿੱਚ ਵੀ ਚੱਲਦੀਆਂ ਹਨ ਪਰ ਇਹਨਾਂ ਦਾ ਪ੍ਰਭਾਵ ਖੇਤਰ ਘੱਟ ਹੁੰਦਾ ਹੈ। ਇਹਨਾਂ ਦੇ ਪੈਦਾ ਹੋਣ ਦਾ ਮੁੱਖ ਕਾਰਨ ਥਲ ਅਤੇ ਜਲ ਭਾਗਾਂ ਦਾ ਆਪਸੀ ਤਾਪ ਅੰਤਰ ਹੁੰਦਾ ਹੈ, ਜੋ ਇਹਨਾਂ ਦੋਵਾਂ ਭਾਗਾਂ ਦੇ ਅਰਥਾਤ ਥਲ ਅਤੇ ਜਲ ਦੇ ਤਾਪ ਗ੍ਰਹਿਣ ਕਰਨ ਦੀ ਕਿਰਿਆ ਦੇ ਵਖਰੇਵੇਂ ਉੱਤੇ ਨਿਰਭਰ ਕਰਦਾ ਹੈ। (ਰੇਖਾ-ਚਿੱਤਰ : 1)

(ੳ) ਸਾਗਰੀ ਸਮੀਰ (Sea Breeze) : ਪਾਣੀ ਦਾ ਇਹ ਸੁਭਾਅ ਹੈ ਕਿ ਉਹ ਮਿੱਟੀ ਨਾਲੋਂ ਦੇਰ ਨਾਲ ਗਰਮ ਹੁੰਦਾ ਹੈ ਅਤੇ ਦੇਰ ਨਾਲ ਹੀ ਠੰਢਾ ਹੁੰਦਾ ਹੈ। ਇਸ ਤਰ੍ਹਾਂ ਦਿਨ ਦੇ ਸਮੇਂ ਸਾਗਰਾਂ ਦੇ ਤੱਟਾਂ ਦੇ ਨੇੜੇ ਵਾਲੇ ਥਲ ਭਾਗ ਸਾਗਰ ਦੇ ਪਾਣੀ ਨਾਲੋਂ ਜ਼ਿਆਦਾ ਗਰਮ ਹੋ ਜਾਂਦੇ ਹਨ। ਨਤੀਜੇ ਵਜੋਂ ਇੱਥੇ ਘੱਟ ਹਵਾ ਦਬਾਅ ਦੀ ਹਾਲਤ ਪੈਦਾ ਹੋ ਜਾਂਦੀ ਹੈ। ਦੂਸਰੇ ਪਾਸੇ ਸਮੁੰਦਰੀ ਖੇਤਰ ਦਾ ਤਾਪਮਾਨ ਥਲ ਭਾਗਾਂ ਦੇ ਮੁਕਾਬਲੇ ਘੱਟ ਹੁੰਦਾ ਹੈ, ਜਿਸ ਕਰਕੇ ਸਾਗਰ ਉੱਤੇ ਹਵਾ ਦਾ ਵੱਧ ਦਬਾਅ ਖੇਤਰ ਹੱਦ ਵਿੱਚ ਆ ਜਾਂਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੌਣਾਂ ਆਪਣੇ ਸੁਭਾਅ ਮੁਤਾਬਕ ਵੱਧ ਹਵਾ ਦਬਾਅ ਤੋਂ ਘੱਟ ਹਵਾ ਦਬਾਅ ਵੱਲ ਚੱਲਦੀਆਂ ਹਨ, ਇਸ ਕਰਕੇ ਦਿਨ ਸਮੇਂ ਪੌਣਾਂ ਸਮੁੰਦਰ ਤੋਂ ਥਲ ਵੱਲ ਚੱਲਣ ਲੱਗ ਪੈਂਦੀਆਂ ਹਨ। ਇਹਨਾਂ ਨੂੰ ਸਾਗਰੀ ਸਮੀਰ ਕਿਹਾ ਜਾਂਦਾ ਹੈ। ਇਹ ਪੌਣਾਂ ਸਵੇਰੇ 10-11 ਵਜੇ ਸ਼ੁਰੂ ਹੋ ਕੇ ਸ਼ਾਮ ਸੂਰਜ ਡੁੱਬਣ ਦੇ ਨਾਲ ਹੀ ਖ਼ਤਮ ਹੋ ਜਾਂਦੀਆਂ ਹਨ। ਸਾਗਰੀ ਸਮੀਰ ਥਲੀ ਭਾਗ ਵਿੱਚ ਵੱਧ ਤੋਂ ਵੱਧ 50 ਕਿਲੋਮੀਟਰ ਅੰਦਰ ਤੱਕ ਹੀ ਜਾ ਸਕਦੀ ਹੈ ਅਤੇ ਇਹ ਪੌਣਾਂ ਸਮੁੰਦਰੀ ਸਤਾ ਤੋਂ 1000 ਮੀਟਰ ਤੋਂ ਉੱਚੀਆਂ ਨਹੀਂ ਚੱਲਦੀਆਂ। ਕਿਉਂਕਿ ਇਹ ਪੌਣਾਂ ਸਮੁੰਦਰ ਤੋਂ ਆਉਂਦੀਆਂ ਹਨ ਇਸ ਕਰਕੇ ਇਹਨਾਂ ਵਿੱਚ ਨਮੀ ਹੁੰਦੀ ਹੈ, ਜਿਸ ਕਰਕੇ ਤੱਟਵਰਤੀ ਭਾਗਾਂ ਦਾ ਤਾਪਮਾਨ ਘੱਟ ਜਾਂਦਾ ਹੈ ਅਤੇ ਕਈ ਵਾਰੀ ਹਲਕੀ ਵਰਖਾ ਵੀ ਹੁੰਦੀ ਹੈ।

(ਅ) ਥਲ ਸਮੀਰ (Land Breeze) : ਰਾਤ ਦੇ ਸਮੇਂ ਹਾਲਤ ਦਿਨ ਦੇ ਬਿਲਕੁਲ ਉਲਟ ਹੁੰਦੀ ਹੈ। ਸੂਰਜ ਦੇ ਡੁੱਬਣ ਸਾਰ ਹੀ ਵਿਕਰਨ ਕਿਰਿਆ ਦੁਆਰਾ ਥਲ ਭਾਗ ਬਹੁਤ ਜਲਦੀ ਠੰਢੇ ਹੋ ਜਾਂਦੇ ਹਨ ਪਰ ਸਮੁੰਦਰ ਦਾ ਪਾਣੀ ਅਜੇ ਗਰਮ ਹੁੰਦਾ ਹੈ ਇਸਦੇ ਸਿੱਟੇ ਵਜੋਂ ਹਵਾ ਦਾ ਦਬਾਅ ਥਲ ਭਾਗ ਉੱਤੇ ਵੱਧ ਅਤੇ ਸਮੁੰਦਰੀ ਖੇਤਰ ਉੱਤੇ ਘੱਟ ਹੁੰਦਾ ਹੈ। ਇਸ ਲਈ ਹਵਾਵਾਂ ਥਲ ਤੋਂ ਸਮੁੰਦਰ ਵੱਲ ਚੱਲਣਾ ਸ਼ੁਰੂ ਕਰ ਦਿੰਦੀਆਂ ਹਨ, ਜਿਨ੍ਹਾਂ ਨੂੰ ਥਲ ਸਮੀਰ ਕਿਹਾ ਜਾਂਦਾ ਹੈ। ਥਲ ਸਮੀਰ ਸਾਗਰੀ ਸਮੀਰ ਦੇ ਮੁਕਾਬਲੇ ਘੱਟ ਤੀਬਰ ਹੁੰਦੀ ਹੈ ਕਿਉਂਕਿ ਰਾਤ ਦੇ ਸਮੇਂ ਥਲ ਅਤੇ ਜਲ ਭਾਗਾਂ ਦੇ ਤਾਪਮਾਨ ਵਿੱਚ ਅੰਤਰ ਦਿਨ ਦੇ ਮੁਕਾਬਲੇ ਘੱਟ ਹੁੰਦਾ ਹੈ, ਜਿਸ ਕਰਕੇ ਹਵਾ ਦੇ ਦਬਾਅ ਵਿੱਚ ਅੰਤਰ ਵੀ ਘੱਟ ਹੁੰਦਾ ਹੈ। ਸਿੱਟੇ ਵਜੋਂ ਥਲ ਸਮੀਰ ਘਟ ਤੀਬਰ ਅਤੇ ਹਲਕੀ ਹੁੰਦੀ ਹੈ। ਇਹ ਪੌਣਾਂ ਖ਼ੁਸ਼ਕ ਹੁੰਦੀਆਂ ਹਨ ਕਿਉਂਕਿ ਥਲ ਤੋਂ ਸਮੁੰਦਰ ਵੱਲ ਚੱਲਦੀਆਂ ਹਨ।

2.       ਪਰਬਤੀ ਅਤੇ ਘਾਟੀ ਸਮੀਰਾਂ (Mountain and Valley Breezes): (ਦੇਖੋ ਰੇਖਾ-ਚਿੱਤਰ : 2) : ਥਲ ਅਤੇ ਸਾਗਰੀ ਸਮੀਰਾਂ ਵਾਂਗ ਪਰਬਤੀ ਅਤੇ ਘਾਟੀ ਸਮੀਰਾਂ ਵੀ ਦਿਨ ਅਤੇ ਰਾਤ ਸਮੇਂ ਘਾਟੀਆਂ ਅਤੇ ਪਰਬਤੀ ਚੋਟੀਆਂ ਦੇ ਆਪਸੀ ਤਾਪਮਾਨ ਵਿੱਚ ਅੰਤਰ ਹੋਣ ਕਰਕੇ ਪੈਦਾ ਹੁੰਦੀਆਂ ਹਨ। ਇਹ ਪੌਣਾਂ ਵੀ ਦਿਨ ਅਤੇ ਰਾਤ ਸਮੇਂ ਆਪਣੀ ਦਿਸ਼ਾ ਬਦਲ ਲੈਂਦੀਆਂ ਹਨ। ਕਿਉਂਕਿ ਇਹ ਪੌਣਾਂ ਜਾਂ ਘਾਟੀ ਵਿੱਚ ਉਤਰਦੀਆਂ ਹਨ ਜਾਂ ਘਾਟੀ ਤੋਂ ਉੱਪਰ ਉਠਦੀਆਂ ਹਨ ਇਸ ਲਈ ਇਹਨਾਂ ਨੂੰ ਉੱਪਰ ਉਠਦੀਆਂ ਘਾਟੀ ਪੌਣਾਂ (Valley Breezes) ਅਤੇ ਥੱਲੇ ਉੱਤਰੀਆਂ ਪਰਬਤੀ ਪੌਣਾਂ (Mountain Breezes) ਵੀ ਕਿਹਾ ਜਾਂਦਾ ਹੈ।

(ੳ) ਪਰਬਤੀ ਸਮੀਰ (Mountain Breeze) : ਪਰਬਤੀ ਖੇਤਰਾਂ ਵਿੱਚ ਸਾਫ਼ ਰਾਤ ਨੂੰ ਪਹਾੜੀ ਚੋਟੀਆਂ ਵਿਕਰਨ ਕਿਰਿਆ ਕਰਕੇ ਅਕਸਰ ਛੇਤੀ ਠੰਢੀਆਂ ਹੋ ਜਾਂਦੀਆਂ ਹਨ ਅਤੇ ਇਹਨਾਂ ਨਾਲ ਲਗਵੀਂ ਹਵਾ ਵੀ ਠੰਢੀ ਹੋ ਕੇ ਭਾਰੀ ਹੋ ਜਾਂਦੀ ਹੈ। ਇਹ ਠੰਢੀ ਅਤੇ ਭਾਰੀ ਹਵਾ ਪਹਾੜੀ ਢਲਾਨਾਂ ਦੇ ਨਾਲ-ਨਾਲ ਵਾਦੀਆਂ ਵਿੱਚ ਉਤਰਨਾ ਸ਼ੁਰੂ ਕਰ ਦਿੰਦੀ ਹੈ। ਜਿੱਥੇ ਤਾਪਮਾਨ ਅਜੇ ਵੱਧ ਹੁੰਦਾ ਹੈ, ਇਸ ਤਰ੍ਹਾਂ ਰਾਤ ਦੇ ਸਮੇਂ ਪਹਾੜੀ ਚੋਟੀਆਂ ਤੋਂ ਘਾਟੀਆਂ ਵਿੱਚ ਉਤਰਦੀਆਂ ਠੰਢੀਆਂ ਪੌਣਾਂ ਨੂੰ ਪਰਬਤੀ ਸਮੀਰ ਕਿਹਾ ਜਾਂਦਾ ਹੈ। ਪਰਬਤੀ ਸਮੀਰ ਦੇ ਘਾਟੀ ਵਿੱਚ ਭਰ ਜਾਣ ਨਾਲ ਘਾਟੀ ਦੀ ਗਰਮ ਹਵਾ ਉੱਪਰ ਉਠ ਜਾਂਦੀ ਹੈ। ਇਸ ਤਰ੍ਹਾਂ ਰਾਤ ਦੇ ਸਮੇਂ ਘਾਟੀ ਵਿੱਚ ਉਲਟ ਤਾਪਮਾਨ ਦੀ ਕਿਰਿਆ ਉਤਪੰਨ ਹੋ ਜਾਂਦੀ ਹੈ ਅਰਥਾਤ ਘਾਟੀ ਵਿੱਚ ਉੱਪਰ ਜਾਂਦਿਆਂ ਤਾਪਮਾਨ ਘਟਣ ਦੀ ਬਜਾਏ ਵਧਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਘਾਟੀ ਵਿੱਚ ਹਵਾ ਦੀਆਂ ਹੇਠਲੀਆਂ ਤਹਿਆਂ ਠੰਢੀਆਂ ਅਤੇ ਉੱਪਰਲੀਆਂ ਗਰਮ ਹੁੰਦੀਆਂ ਹਨ।

(ਅ) ਘਾਟੀ ਸਮੀਰ (Valley Breeze) : ਦਿਨ ਦੇ ਸਮੇਂ ਕਿਰਿਆ ਰਾਤ ਨਾਲੋਂ ਉਲਟ ਹੁੰਦੀ ਹੈ। ਦਿਨ ਸਮੇਂ ਸੂਰਜ ਦੀਆਂ ਕਿਰਨਾਂ ਪਹਿਲਾਂ ਪਹਾੜੀ ਚੋਟੀਆਂ ਉੱਤੇ ਪੈਂਦੀਆਂ ਹਨ ਅਤੇ ਵਾਦੀਆਂ ਛਾਂ ਹੇਠ ਰਹਿੰਦੀਆਂ ਹਨ। ਇਸ ਤਰ੍ਹਾਂ ਪਹਾੜੀ ਢਲਾਨਾਂ ਤੋਂ ਹਵਾ ਗਰਮ ਹੋ ਕੇ ਉੱਪਰ ਉੱਠਦੀ ਹੈ, ਜਿਸ ਦੀ ਥਾਂ ਲੈਣ ਵਾਸਤੇ ਵਾਦੀ ਦੀ ਹਵਾ ਪਹਾੜੀ ਢਲਾਨਾਂ ਵੱਲ ਚੱਲਣਾ ਸ਼ੁਰੂ ਕਰ ਦਿੰਦੀ ਹੈ ਜਿਸ ਨੂੰ ਵਾਦੀ ਸਮੀਰ ਕਿਹਾ ਜਾਂਦਾ ਹੈ। ਕਿਉਂਕਿ ਇਹ ਹਵਾ ਠੰਢੀ ਹੁੰਦੀ ਹੈ, ਇਸ ਲਈ ਇਹ ਪਹਾੜੀ ਢਲਾਨਾਂ ਦੇ ਤਾਪਮਾਨ ਨੂੰ ਬਹੁਤ ਜ਼ਿਆਦਾ ਵਧਣ ਤੋਂ ਰੋਕਦੀ ਹੈ। ਥਲ ਪੌਣ ਵਾਂਗ ਘਾਟੀ ਪੌਣ ਵੀ ਪਰਬਤੀ ਪੌਣ ਨਾਲੋਂ ਘੱਟ ਤੀਬਰ ਹੁੰਦੀ ਹੈ। ਅਰਥਾਤ ਘਾਟੀ ਪੌਣ ਪਰਬਤੀ ਪੌਣਾਂ ਨਾਲੋਂ ਹਲਕੀ ਅਤੇ ਹੌਲੀ ਚੱਲਦੀ ਹੈ।

3.       ਚਿਨੂਕ ਅਤੇ ਫੋਹਨ ਪੌਣਾਂ (Chinook and Foch winds) : ਕਈ ਪਹਾੜੀ ਢਲਾਨਾਂ ਉੱਤੇ ਅਜਿਹੀ ਹਾਲਤ ਹੁੰਦੀ ਹੈ ਕਿ ਪੌਣ ਇੱਕ ਪਾਸੇ ਤੋਂ ਉੱਪਰ ਚੜ੍ਹਕੇ ਦੂਜੇ ਪਾਸੇ ਥੱਲੇ ਉਤਰਦੀ ਹੈ। ਹੇਠਾਂ ਉਤਰਦੀ ਹਵਾ ਦਬਾਅ ਕਰਕੇ ਗਰਮ ਹੋ ਜਾਂਦੀ ਹੈ। ਸਵਿਟਜ਼ਰਲੈਂਡ ਵਿੱਚ ਐਲਪਸ ਪਰਬਤਾਂ ਦੀਆਂ ਉੱਤਰੀ ਢਲਾਨਾਂ ਨਾਲ ਉਤਰਦੀ ਹੋਈ ਅਜਿਹੀ ਗਰਮ ਅਤੇ ਖ਼ੁਸ਼ਕ ਹਵਾ ਨੂੰ ਫੋਹਨ ਕਿਹਾ ਜਾਂਦਾ ਹੈ। ਯੂ.ਐੱਸ.ਏ. ਵਿੱਚ ਰਾਕੀ ਪਰਬਤਾਂ ਦੀਆਂ ਢਲਾਨਾਂ ਨਾਲ ਉਤਰਨ ਵਾਲੀ ਅਜਿਹੀ ਹਵਾ ਨੂੰ ਚਿਨੂਕ ਕਹਿ ਕੇ ਪੁਕਾਰਿਆ ਜਾਂਦਾ ਹੈ। ਇਹਨਾਂ ਹਵਾਵਾਂ ਦੇ ਚੱਲਣ ਨਾਲ, ਨਾਲ ਲਗਦੇ ਮੈਦਾਨੀ ਭਾਗਾਂ ਦਾ ਤਾਪਮਾਨ ਉੱਚਾ ਹੋ ਜਾਂਦਾ ਹੈ, ਜਿਸ ਨਾਲ ਬਰਫ਼ ਪਿਘਲ ਜਾਂਦੀ ਹੈ ਅਤੇ ਬਸੰਤ ਰੁੱਤ ਦੀ ਖੇਤੀ ਵਿੱਚ ਮਦਦ ਮਿਲਦੀ ਹੈ। ਇਹ ਪੌਣਾਂ ਜ਼ਿਆਦਾਤਰ ਸਰਦੀਆਂ ਦੀ ਰੁੱਤ ਵਿੱਚ ਚੱਲਦੀਆਂ ਹਨ।

ਇਸ ਤਰ੍ਹਾਂ ਕਿਸੇ ਖੇਤਰ ਉੱਤੇ ਸਥਾਨਿਕ ਕਾਰਨਾਂ ਕਰਕੇ ਹਵਾ ਦੇ ਦਬਾਅ ਵਿੱਚ ਆਈ ਤਬਦੀਲੀ ਕਰਕੇ ਉਤਪੰਨ ਹੋਣ ਵਾਲੀਆਂ ਪੌਣਾਂ ਨੂੰ ਸਥਾਨਿਕ ਪੌਣਾਂ ਕਿਹਾ ਜਾਂਦਾ ਹੈ। ਇਹਨਾਂ ਪੌਣਾਂ ਦੇ ਨਾਂ ਇਹਨਾਂ ਦੇ ਚੱਲਣ ਖੇਤਰ ਜਾਂ ਫਿਰ ਇਹਨਾਂ ਦੇ ਲੱਛਣਾਂ ਅਨੁਸਾਰ ਰੱਖੇ ਗਏ ਹਨ।


ਲੇਖਕ : ਲਖਵੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 1685, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-18-12-21-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.