ਸਮਾਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਣਾ. ਵਿ—ਸਮਾਇਆ. ਮਿਲਿਆ. “ਸਰਬੇ ਸਮਾਣਾ ਆਪਿ.” (ਵਡ ਮ: ੧) ੨ ਸੰ. ਸੰ—ਮਾਨਿਤ. ਆਦਰ ਕੀਤਾ ਗਿਆ. “ਜਜਿ ਕਾਜ ਵੀਆਹਿ ਸੁਹਾਵੈ ਓਥੈ ਮਾਸ ਸਮਾਣਾ.” (ਮ: ੧ ਵਾਰ ਮਲਾ) ੩ ਦੇਖੋ, ਸਮਾਨਾ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਮਾਣਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮਾਣਾ : ਪਟਿਆਲਾ ਤੋਂ ਦੱਖਣ-ਪੱਛਮ ਵਲ 30 ਕਿਲੋਮੀਟਰ ਤੇ ਇਕ ਪੁਰਾਣਾ ਇਤਿਹਾਸਿਕ ਨਗਰ ਹੈ। ਗੁਰੂ ਤੇਗ਼ ਬਹਾਦੁਰ ਜੀ ਇਥੇ ਸੈਫ਼ਾਬਾਦ (ਵਰਤਮਾਨ ਨਾਂ ਬਹਾਦਰਗੜ੍ਹ) ਤੋਂ ਆਏ ਸਨ। ਸ਼ਾਹੀ ਫ਼ੌਜਾਂ ਦਾ ਇਕ ਦਸਤਾ ਗੁਰੂ ਜੀ ਦਾ ਪਿੱਛਾ ਕਰ ਰਿਹਾ ਸੀ। ਗੁਰੂ ਸਾਹਿਬ ਨੂੰ ਸੁਰਖਿਅਤ ਟਿਕਾਣਾ ਦੇਣ ਲਈ ਸਥਾਨਿਕ ਸੂਫ਼ੀ ਮੁਸਲਮਾਨ ਆਗੂ ਮੁਹੰਮਦ ਬਖ਼ਸ਼ ਤਿੰਨ ਕਿਲੋਮੀਟਰ ਦੀ ਦੂਰੀ ਤੇ ਗੜ੍ਹੀ ਨਜ਼ੀਰ ਵਿਖੇ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ। ਕਿਹਾ ਜਾਂਦਾ ਹੈ ਕਿ ਮੁਹੰਮਦ ਬਖ਼ਸ਼ ਦਾ ਗੁਰੂ ਜੀ ਨਾਲ ਮੇਲ ਪਹਿਲਾਂ ਸੈਫ਼ਾਬਾਦ ਵਿਖੇ ਹੋਇਆ ਸੀ। ਗੁਰੂ ਜੀ ਖਾਸ ਸਮਾਣਾ ਨਗਰ ਵਿਚ ਬਹੁਤ ਘਟ ਸਮਾਂ ਰੁਕੇ ਸਨ। 1709 ਵਿਚ ਬੰਦਾ ਸਿੰਘ ਬਹਾਦੁਰ ਨੇ ਬਦਲਾ ਲੈਣ ਦੀ ਭਾਵਨਾ ਨਾਲ ਇਸ ਨਗਰ ਉੱਤੇ ਹਮਲਾ ਕੀਤਾ ਅਤੇ ਇਸ ਨੂੰ ਤਹਿਸ-ਨਹਿਸ ਕਰ ਦਿੱਤਾ ਸੀ। ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਇਥੋਂ ਦੇ ਜੱਲਾਦਾਂ ਨੇ ਹੀ ਸ਼ਹੀਦ ਕੀਤਾ ਸੀ। ਪਿੱਛਲੇ ਕੁਝ ਦਹਾਕਿਆਂ ਵਿਚ ਸਮਾਣੇ ਵਿਖੇ ਇਕ ਗੁਰਦੁਆਰਾ ਬਣਾਇਆ ਗਿਆ ਹੈ ਜਿਸ ਨੂੰ ਥੜ੍ਹਾ ਸਾਹਿਬ ਕਿਹਾ ਜਾਂਦਾ ਹੈ। ਪਰੰਪਰਾ ਅਨੁਸਾਰ ਇਹ ਉਹ ਥਾਂ ਮੰਨੀ ਜਾਂਦੀ ਹੈ ਜਿਥੇ ਗੁਰੂ ਤੇਗ਼ ਬਹਾਦੁਰ ਸਾਹਿਬ ਗੜ੍ਹੀ ਨਜ਼ੀਰ ਜਾਣ ਤੋਂ ਪਹਿਲਾਂ ਬਿਰਾਜੇ ਸਨ।

    ਗੁਰਦੁਆਰਾ ਇਕ ਆਧੁਨਿਕ ਭਾਂਤ ਦੀ ਸਮਤਲ ਛੱਤ ਵਾਲੀ ਇਮਾਰਤ ਹੈ ਜਿਸ ਦੇ ਨਾਲ ਹੀ ਇਕ ਛੋਟਾ ਜਿਹਾ ਸਰੋਵਰ ਹੈ ਅਤੇ ਇਸ ਦੀ ਸੇਵਾ-ਸੰਭਾਲ ਨਿਹੰਗ ਸਿੰਘ ਕਰਦੇ ਹਨ।


ਲੇਖਕ : ਮ.ਗ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਮਾਣਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਮਾਣਾ : ਇਹ ਪੰਜਾਬ (ਭਾਰਤ) ਦੇ ਪਟਿਆਲਾ ਜ਼ਿਲ੍ਹੇ ਦਾ ਇਕ ਕਸਬਾ ਹੈ ਜੋ ਪਟਿਆਲੇ ਤੋਂ 27 ਕਿ. ਮੀ. ਦੱਖਣ-ਪੱਛਮ ਵਲ ਅਤੇ ਸੁਨਾਮ ਤੋਂ 36 ਕਿ. ਮੀ. ਉੱਤਰ-ਪੂਰਬ ਵੱਲ ਝੰਬੋ ਨਾਂ ਦੇ ਚੋਏ ਦੇ ਕੰਢੇ ਉੱਤੇ ਸਥਿਤ ਹੈ। ਇਥੇ ਇਕ ਪ੍ਰਾਈਵੇਟ ਕਾਲਜ, ਦੋ ਲੜਕੀਆਂ ਅਤੇ ਲੜਕਿਆਂ ਦੇ ਸਰਕਾਰੀ ਹਾਈ ਸਕੂਲ, ਸਿਵਲ ਹਸਪਤਾਲ, ਪੰਚਾਇਤ ਸੰਮਤੀ ਦਾ ਦਫਤਰ ਅਤੇ ਰੇਲਵੇ ਆਊਟ ਏਜੰਸੀ ਹੈ। ਇਥੋਂ ਹਰ ਪਾਸੇ ਨੂੰ ਬਸਾਂ ਚਲਦੀਆਂ ਹਨ। ਸਮਾਣਾ ਮਿਰਚਾਂ ਦਾ ਇਕ ਭਾਰੀ ਮੰਡੀ ਹੈ। ਇਥੇ ਪਾਵੇ, ਤਸਲੇ, ਕੁਹਾੜੇ, ਬਹੋਲੇ, ਸੁਰਾਹੀਆਂ ਅਤੇ ਚਰਖੇ ਬਣਦੇ ਹਨ। ਇਥੋਂ ਦਾ ਪ੍ਰਬੰਧ ਇਕ ਮਿਉਂਸਪਲ ਕਮੇਟੀ ਕਰਦੀ ਹੈ।

          ਸਮਾਣਾ ਇਕ ਪੁਰਾਣਾ ਇਤਿਹਾਸਕ ਕਸਬਾ ਹੈ। ਪਰੰਪਰਾ ਤੋਂ ਚਲੀ ਆ ਰਹੀ ਕਥਾ ਅਨੁਸਾਰ ਇਥੇ ਇਮਾਮਗੜ੍ਹ ਦੇ ਅਸਥਾਨ ਤੇ ਪੁਰਾਣੀ ਆਬਾਦੀ ਹੁੰਦੀ ਸੀ। ਜਦੋਂ ਈਰਾਨ ਦੇ ਸਮਾਨਵੀ ਘਰਾਣੇ ਦੇ ਕੁਝ ਲੋਕ ਉਥੋਂ ਉਠਕੇ ਇਥੇ ਆ ਕੇ ਵਸੇ ਤਾਂ ਇਸਦਾ ਨਾਉਂ ਉਨ੍ਹਾਂ ਦੇ ਨਾਉਂ ਤੇ ਸਮਾਣਾ ਪੈ ਗਿਆ। ਇਤਿਹਾਸ ਵਿਚ ਸਮਾਣਾ ਦਿੱਲੀ ਦੀ ਇਕ ਫ਼ੌਜੀ ਜਾਗੀਰ ਦੇ ਤੌਰ ਤੇ ਹੀ ਆਉਂਦਾ ਹੈ।

          ਸੰਨ 1192 ਵਿਚ ਪ੍ਰਿਥਵੀ ਰਾਜ ਚੌਹਾਨ ਦੀ ਹਾਰ ਪਿਛੋਂ ਸਮਾਣਾ, ਘੜਾਮ ਸਮੇਤ ਮੁਹੰਮਦ ਗ਼ੌਰੀ ਦੇ ਕਬਜ਼ੇ ਵਿਚ ਆ ਗਿਆ। ਉਹ ਗਜ਼ਨੀ ਵਾਪਸ ਜਾਣ ਸਮੇਂ ਇਹ ਇਲਾਕੇ ਕੁੱਤਬੁੱਦੀਨ ਐਬਕ ਨੂੰ ਦੇ ਗਿਆ। ਅਲਾਉੱਦੀਨ ਖਿਲਜੀ ਦੇ ਰਾਜ ਵਿਚ ਸਮਾਣਾ ਇਕ ਵੱਖਰਾ ਸੂਬਾ ਸੀ ਜੋ ਜਫ਼ਰ ਖ਼ਾਂ ਦੀ ਸਰਕਾਰ ਵਿਚ ਸ਼ਾਮਲ ਸੀ। ਸੰਨ 1266 ਤੋਂ 1286 ਤੀਕ ਸਮਾਦਾ ਦਿੱਲੀ ਦੇ ਸੁਲਤਾਨ ਗ਼ਿਆਸੁੱਦੀਨ ਬਲਬਨ ਦੇ ਭਤੀਜੇ ਸ਼ੇਰ ਖ਼ਾਨ ਦੀ ਜਾਗੀਰ ਵਿਚ ਸੀ। ਸੰਨ 1321 ਵਿਚ ਗਿਆਸੁੱਦੀਨ ਤੁਗ਼ਲਕ ਨੇ ਸਮਾਣਾ ਆਪਣੇ ਭਾਣਜੇ ਮਲਿਕ ਬਹਾਉੱਦੀਨ ਨੂੰ ਉਸਦੀ ਸਹਾਇਤਾ ਬਦਲੇ ਦੇ ਦਿੱਤਾ।

          ਮੁਹੰਮਦ ਤੁਗ਼ਲਕ ਦੇ ਸਮੇਂ ਸਰਕਾਰੀ ਉਗਰਾਹੀਆਂ ਤੋਂ ਤੰਗ ਆ ਕੇ ਇਥੋਂ ਦੇ ਲੋਕ ਜੰਗਲਾਂ ਵਿਚ ਜਾ ਲੁਕੇ ਸਨ ਪਰ ਇਹ ਲੋਕ ਫ਼ੀਰੋਜ਼ ਤੁਗ਼ਲਕ ਦੇ ਚੰਗੇ ਰਾਜ ਵਿਚ ਫਿਰ ਵਾਪਸ ਆ ਗਏ ਸਨ। ਸੰਨ 1389 ਵਿਚ ਇਥੋਂ ਦੇ ਸਦਰ ਅਮੀਰਾਂ ਨੇ ਸੂਬੇਦਾਰ ਮਲਿਕ ਸੁਲਤਾਨ ਸ਼ਾਹ ਖੁਸ਼ਦਿਲ ਨੂੰ ਤਲਾਅ ਤੇ ਸੱਦ ਕੇ ਧੋਖੇ ਨਾਲ ਕਤਲ ਕਰ ਕੇ ਸਮਾਣੇ ਉੱਤੇ ਕਬਜ਼ਾ ਕਰ ਲਿਆ। ‘ਤਾਰੀਖ਼ਿ ਮੁਬਾਰਕ ਸ਼ਾਹੀ’ ਅਨੁਸਾਰ 1398 ਵਿਚ ਤੈਮੂਰ ਨੇ ਸਮਾਣੇ ਤੇ ਹਮਲਾ ਕੀਤਾ ਤੇ ਇਥੇ ਆਏ ਦੀਪਾਲਪੁਰ, ਪਾਕ ਪਟਨ ਤੇ ਸਰਸਤੀ ਦੇ ਪਨਾਹਗੀਰ ਲੋਕਾਂ ਦਾ ਕਤਲੇ-ਆਮ ਕੀਤਾ ਅਤੇ ਕੁਝ ਨੂੰ ਕੈਦੀ ਬਣਾ ਗਿਆ।

          ਦਿੱਲੀ ਜਿੱਤਣ ਵਿਚ ਅਸਫਲ ਰਹਿਣ ਉਪਰੰਤ ਸੰਨ 1405 ਵਿਚ ਮਲੂ ਇਕਬਾਲ ਖ਼ਾਂ ਨੇ ਸਮਾਣੇ ਤੇ ਚੜ੍ਹਾਈ ਕਰ ਦਿੱਤੀ। ਇਥੋਂ ਦਾ ਹਾਕਮ ਬਹਿਰਮ ਖ਼ਾਂ, ਜੋ ਖਿਜ਼ਰ ਖ਼ਾਂ ਵਲੋਂ ਨਿਯਤ ਸੀ, ਡਰਦਾ ਪਹਾੜਾਂ ਵਲ ਭੱਜ ਗਿਆ ਪਰ ਮਲੂ ਖ਼ਾਂ ਵੀ ਮੁਲਤਾਨ ਦੀ ਮੁਹਿੰਮ ਵਿਚ ਖ਼ਿਜ਼ਰ ਖ਼ਾਂ ਹੱਥੋਂ ਮਾਰਿਆ ਗਿਆ। ਬਹਿਰਾਮ ਖ਼ਾਂ ਪਿਛੋਂ ਖਿਜਰ ਖ਼ਾਂ ਰਾਹੀਂ ਬੈਰਮ ਖ਼ਾਂ ਸਮਾਣੇ ਦਾ ਹਾਕਮ ਬਣਿਆ ਪਰ ਇਸ ਦੇ ਮੁਕਾਬਲੇ ਵਿਚ ਮਹਿਮੂਦ ਤੁਗ਼ਲਕ ਨੇ ਦੌਲਤ ਖ਼ਾਂ ਲੋਧੀ ਨੂੰ 1406 ਈ. ਵਿਚ ਭੇਜ ਦਿੱਤਾ। ਬੈਰਮ ਖ਼ਾਂ ਅਤੇ ਦੌਲਤ ਖ਼ਾਂ ਵਿਚਕਾਰ ਲੜਾਈ ਹੋਈ ਤੇ ਜਿਸ ਵਿਚ ਬੈਰਮ ਖ਼ਾਂ ਨੂੰ ਸ਼ਿਕਸ਼ਤ ਹੋਈ। ਥੋੜ੍ਹੇ ਚਿਰ ਪਿਛੋਂ ਹੀ ਖਿਜ਼ਰ ਖ਼ਾਂ ਦੇ ਦੌਲਤ ਖ਼ਾਂ ਨੂੰ ਹਰਾ ਕੇ ਜ਼ੀਰਕ ਖ਼ਾਂ ਨੂੰ ਸਮਾਣੇ ਦਾ ਹਾਕਮ ਬਣਾ ਦਿੱਤਾ। ਸੱਯਣ ਖਿਜ਼ਰ ਖ਼ਾਂ ਦੇ ਸਮੇਂ 1414 ਤੋਂ 1421 ਤੀਕ ਸਮਾਣਾ ਜ਼ੀਰਕ ਖ਼ਾਂ ਦੇ ਹਵਾਲੇ ਰਿਹਾ। ਸੰਨ 1428 ਵਿਚ ਜ਼ੀਰਕ ਖ਼ਾਂ ਹੀ ਸਮਾਣੇ ਦਾ ਗਵਰਨਰ ਸੀ ਅਤੇ 1434 ਈ. ਵਿਚ ਇਸ ਦੀ ਮੌਤ ਪਿਛੋਂ ਇਥੋਂ ਦਾ ਹਾਕਮ ਇਸ ਦਾ ਵੱਡਾ ਪੁੱਤਰ ਮਹਿਮੂਦ ਖ਼ਾਂ ਬਣਿਆ।

          ਸੰਨ 1434 ਵਿਚ ਮੁਹੰਮਦ ਸ਼ਾਹ ਬਿਨ ਫਰੀਦ ਦਿੱਲੀ ਦੇ ਤਖ਼ਤ ਉੱਤੇ ਬੈਠਣ ਤੇ, ਸਰਹੰਦ ਦੇ ਗਵਰਨਰ ਬਹਿਲੋਲ ਲੋਧੀ ਨੇ ਲਾਹੌਰ ਤੋਂ ਪਾਣੀਪਤ ਤੀਕ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ ਅਤੇ ਸਮਾਣਾ ਵੀ ਇਸੇ ਦੇ ਅਧੀਨ ਆ ਗਿਆ।

          ਸੰਨ 1530 ਵਿਚ, ਜਦੋਂ ਬਾਬਰ ਬਾਦਸ਼ਾਹ ਲਾਹੋਰੋਂ ਦਿੱਲੀ ਨੂੰ ਮੁੜ ਰਿਹਾ ਸੀ, ਸਮਾਣੇ ਦੇ ਕਾਜ਼ੀ ਨੇ ਮੋਹਨ ਮਡਾਹਰ ਰਾਜਪੂਤ ਵਿਰੁੱਧ ਸ਼ਕਾਇਤ ਕੀਤੀ। ਬਾਬਰ ਦੀਆਂ ਫ਼ੌਜਾਂ ਨੇ ਉਸ ਨੂੰ ਕੈਥਲ ਜਾ ਕੇ ਫੜ ਲਿਆ ਅਤੇ ਲੱਕ ਤੀਕ ਧਰਤੀ ਵਿਚ ਗੱਡ ਕੇ ਤੀਰ ਮਾਰ ਮਾਰ ਕੇ ਮਰਵਾ ਦਿੱਤਾ। ਅਕਬਰ ਅਤੇ ਉਸ ਤੋਂ ਬਾਅਦ ਦੇ ਮੁਗ਼ਲ ਬਾਦਸ਼ਾਹਾਂ ਦਾ ਧਿਆਨ ਸਰਹੰਦ ਵਲ ਹੋ ਜਾਣ ਕਰ ਕੇ ਸਮਾਣੇ ਦੀ ਕਦਰ ਘੱਟਦੀ ਗਈ। ਅਕਬਰ ਸਮੇਂ ਸਮਾਣਾ ਸਰਹੰਦ ਦੀ ਸੂਬੇਦਾਰੀ ਦੇ ਅਧੀਨ ਸੀ।

          ਇਨ੍ਹਾਂ ਮੁਗ਼ਲਾਂ ਦੇ ਜ਼ਮਾਨੇ ਵਿਚ ਸਮਾਣਾ ਜਿੱਥੇ ਰੱਬ ਦੇ ਪਿਆਰੇ ਫ਼ਕੀਰਾਂ, ਦਰਵੇਸ਼ਾਂ ਅਤੇ ਇਸਲਾਮੀ ਵਿਦਵਾਨਾਂ ਦਾ ਇਕ ਉਘਾ ਕੇਂਦਰ ਸੀ, ਉਥੇ ਇਹ ਜਲਾਦ ਘਰਾਣਿਆਂ ਕਰ ਕੇ ਕਾਫ਼ੀ ਬਦਨਾਮ ਵੀ ਸੀ। ਸੱਯਦ ਜਲਾਲੁੱਦੀਨ, ਜਿਸ ਨੇ 1675 ਵਿਚ ਦਿੱਲੀ ਦੇ ਚਾਂਦਨੀਚੌਕ ਵਿਚ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕੀਤਾ ਸੀ, ਸਮਾਣੇ ਦਾ ਹੀ ਰਹਿਣ ਵਾਲਾ ਸੀ। ਇਥੋਂ ਦੇ ਹੀ ਵਸਨੀਕ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਦੋ ਭਰਾ ਸਨ ਜਿਨ੍ਹਾਂ ਨੇ ਸੰਨ 1704 ਦੇ ਸਿਆਲੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਹੁਕਮ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੱਠ ਅਤੇ ਛੇ ਸਾਲ ਦੇ ਮਾਸੂਮ ਸਾਹਿਬਜ਼ਾਦਿਆਂ ਨੂੰ ਜ਼ਿਬਾਹ ਕੀਤਾ ਸੀ। ਇਸੇ ਕਾਰਨ ਨਵੰਬਰ, 1709 ਵਿਚ ਸਿੰਘਾਂ ਦੇ ਆਗੂ ਬੰਦਾ ਸਿੰਘ ਬਹਾਦਰ ਨੇ ਇਸ ਸ਼ਹਿਰ ਤੇ ਹੱਲਾ ਕਰ ਕੇ ਇਸ ਨੂੰ ਖੇਰੂੰ ਖੇਰੂੰ ਕਰ ਦਿੱਤਾ। ਭਾਈ ਫਤਿਹ ਸਿੰਘ ਇੱਥੋਂ ਦਾ ਪਹਿਲਾ ਸਿੱਖ ਫ਼ੌਜ਼ਦਾਰ ਸੀ ਪਰ ਸਿੱਖ ਇਥੇ ਬਹੁਤ ਚਿਰ ਨਾ ਠਹਿਰ ਸਕੇ ਕਿਉਂਕਿ ਬਹਾਦਰ ਸ਼ਾਹ ਬਾਦਸ਼ਾਹ ਖੁਦ ਫ਼ੌਜਾਂ ਲੈ ਕੇ ਸਿੰਘਾਂ ਦੇ ਵਿਰੁੱਧ ਆ ਚੜ੍ਹਿਆ ਅਤੇ ਅੰਤ 1710 ਈ. ਵਿਚ ਸਿੰਘਾਂ ਨੂੰ ਸਮਾਣਾ ਖਾਲੀ ਕਰਨਾ ਪਿਆ। ਸੰਨ 1742 ਵਿਚ ਬਾਬਾ ਆਲਾ ਸਿੰਘ ਫੂਲਕੇ ਦੀ ਸਰਕਾਰ ਨੇ ਇਸ ਨੂੰ ਆਪਣੇ ਤਹਿਤ ਵਿਚ ਲੈ ਲਿਆ ਅਤੇ ਸੰਨ 1761 ਵਿਚ ਅਹਿਮਦ ਸ਼ਾਹ ਦੁੱਰਾਨੀ ਨੇ ਬਾਬਾ ਆਲਾ ਸਿੰਘ ਦਾ ਇਥੇ ਕਬਜ਼ਾ ਪਰਵਾਨ ਕਰ ਲਿਆ। ਉਸ ਵੇਲੇ ਸਮਾਣੇ ਦੇ ਪਰਗਨੇ ਨਾਲ 224 ਪਿੰਡ ਸਨ। ਉਦੋਂ ਤੋਂ 207 ਸਾਲ ਤਕ ਇਹ ਪਟਿਆਲਾ ਰਾਜ ਵਿਚ ਰਿਹਾ। ਸੰਨ 1948 ਵਿਚ ਇਹ ਪਟਿਆਲਾ ਯੂਨੀਅਨ ਵਿਚ ਆ ਗਿਆ ਅਤੇ ਸੰਨ 1956 ਤੋਂ ਇਹ ਪੰਜਾਬ ਰਾਜ ਵਿਚ ਹੈ।

          ਆਬਾਦੀ––30,509 (1981) 30˚ 05' ਉ. ਵਿਥ.; 76˚ 10' ਪੂ. ਲੰਬ.

          ਹ. ਪੁ.––ਗਜ਼ਟੀਅਰ ਫੂਲਕੀਆਂ ਰਿਆਸਤ––1904; ਇੰਪ. ਗ. ਇੰਡ. ਤਾਰੀਖਿ ਪਟਿਆਲਾ; ਤਾਰੀਖਿ ਮੁਬਾਰਕ ਸ਼ਾਹੀ ਅਤੇ ਪੰਜਾਬ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਸਮਾਣਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਮਾਣਾ : ਇਹ ਪਟਿਆਲਾ ਜ਼ਿਲ੍ਹੇ ਦੇ ਇਸੇ ਨਾਂ ਦੀ ਤਹਿਸੀਲ ਦਾ ਇਕ ਪੁਰਾਣਾ ਇਤਿਹਾਸਕ ਕਸਬਾ ਹੈ ਜੋ ਪਟਿਆਲਾ ਤੋਂ ਲਗਭਗ 30 ਕਿ. ਮੀ. ਦੱਖਣ ਵੱਲ ਅਤੇ ਸੁਨਾਮ ਤੋਂ 36 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਸ ਦਾ ਪਹਿਲਾ ਨਾਂ ਇਮਾਮਗੜ੍ਹ ਸੀ ਪਰ ਬਾਅਦ ਵਿਚ ਫ਼ਾਰਸ ਦੇ ਸਮਾਨੀ ਖ਼ਾਨਦਾਨ ਦੇ ਕੁਝ ਲੋਕਾਂ ਦੇ ਇਥੇ ਆ ਕੇ ਵਸ ਜਾਣ ਤੇ ਇਸ ਜਗ੍ਹਾ ਦਾ ਨਾਂ ਸਮਾਣਾ ਪੈ ਗਿਆ। ਰਾਜਪੂਤ ਕਾਲ ਦੌਰਾਨ ਇਸ ਤੇ ਰਾਜਾ ਜੈਪਾਲ ਦਾ ਰਾਜ ਰਿਹਾ ਅਤੇ ਇਹ ਥਾਂ ਕੁਝ ਚਿਰ ਲਈ ਮੁਹੰਮਦ ਗ਼ੌਰੀ ਦੇ ਕਬਜ਼ੇ ਵਿਚ ਵੀ ਰਹੀ। ਮੁਹੰਮਦ ਗ਼ੌਰੀ ਨੇ ਬਾਅਦ ਵਿਚ ਇਹ ਸਾਰਾ ਖੇਤਰ ਆਪਣੇ ਗ਼ੁਲਾਮ ਕੁਤਬ-ਉੱਦ-ਦੀਨ ਐਬਕ ਨੂੰ 1192 ਈ. ਵਿਚ ਸੰਭਾਲ ਦਿੱਤਾ। ਉਸ ਸਮੇਂ ਇਹ ਖ਼ੁਰਾਸਾਨ ਦੇ ਰਸਤੇ ਤੇ ਪੈਣ ਵਾਲਾ ਮਹੱਤਵਪੂਰਨ ਪੜਾਅ ਹੁੰਦਾ ਸੀ। ਸੁਲਤਾਨ ਗ਼ਿਆਸ-ਉੱਦ-ਦੀਨ ਬਲਬਨ ਦੇ ਸਮੇਂ ਸਮਾਣਾ ਉਸ ਦੇ ਭਤੀਜੇ ਸ਼ੇਰ ਖ਼ਾਂ ਦੀ ਜਾਗੀਰ ਵਿਚ ਸੀ ਅਤੇ ਉਸ ਤੋਂ ਪਿਛੋਂ ਇਹ ਤਿਮਰ ਖ਼ਾਂ ਸ਼ਮਸੀ ਦੀ ਜਾਗੀਰ ਵਿਚ ਰਿਹਾ। ਬਾਅਦ ਵਿਚ ਇਹ ਬਲਬਨ ਦੇ ਪੁੱਤਰ ਬੁਗਰਾ ਖ਼ਾਂ ਨੂੰ ਤੁਹਫ਼ੇ ਵਿਚ ਮਿਲਿਆ। ਜਲਾਲ-ਉੱਦ-ਦੀਨ ਖ਼ਿਲਜੀ ਸੁਲਤਾਨ ਕੈਕਾਬਾਦ ਦੇ ਸਮੇਂ ਸਮਾਣੇ ਦਾ ਸੂਬੇਦਾਰ ਰਿਹਾ।

        ਸਮਾਣਾ ਵਿਚ ਕਈ ਉੱਘੇ ਦਰਵੇਸ਼, ਫ਼ਕੀਰ ਅਤੇ ਇਸਲਾਮੀ ਵਿਦਵਾਨ ਹੋਏ ਹਨ। ਮੌਲਾਨਾ ਕਮਾਲ-ਉੱਦ-ਦੀਨ ਇਨ੍ਹਾਂ ਵਿਚੋਂ ਇਕ ਸੀ ਅਤੇ ਸੁਲਤਾਨ ਫ਼ੀਰੋਜ਼ ਸ਼ਾਹ ਤੁਗ਼ਲਕ ਰਾਜ ਦੇ ਮਾਮਲਿਆਂ ਵਿਚ ਉਸ ਦੀ ਸਲਾਹ ਲੈਂਦਾ ਸੀ। ਬਿੰਦਰਾਬਨ ਦਾ ਇਕ ਫ਼ਕੀਰ ਵੀ ਇਥੇ ਰਹਿੰਦਾ ਸੀ ਜਿਸ ਨੇ ਬਹਿਲੋਲ ਲੋਧੀ ਨੂੰ ਅਸ਼ੀਰਵਾਦ ਦਿੱਤਾ ਸੀ।

        ਜੱਲਾਦ ਘਰਾਣਿਆਂ ਕਾਰਨ ਇਹ ਥਾਂ ਕਾਫ਼ੀ ਬਦਨਾਮ ਰਹੀ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ 1675 ਈ. ਵਿਚ ਉਨ੍ਹਾਂ ਦੀ ਸ਼ਹੀਦੀ ਸਮੇਂ, ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕਰਨ ਵਾਲਾ ਜੱਲਾਦ ਸੱਯਦ ਜਲਾਲੁਦੀਨ ਸਮਾਣੇ ਦਾ ਰਹਿਣ ਵਾਲਾ ਸੀ। ਸਾਸਲ ਬੇਗ ਅਤੇ ਬਾਸਲ ਬੇਗ ਨਾਂ ਦੇ ਦੋ ਜੱਲਾਦ ਵੀ ਇਥੋਂ ਦੇ ਹੀ ਵਸਨੀਕ ਸਨ ਜਿਨ੍ਹਾਂ ਨੇ ਸੰਨ 1704 ਵਿਚ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਂ ਦੇ ਹੁਕਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਿਆ ਸੀ। ਜ਼ੁਲਮ ਦਾ ਬਦਲਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸ਼ਹਿਰ ਦੀ ਭਾਰੀ ਤਬਾਹੀ ਕੀਤੀ ਸੀ। ਭਾਈ ਫ਼ਤਹਿ ਸਿੰਘ ਇਥੋਂ ਦਾ ਪਹਿਲਾ ਸਿੱਖ ਫ਼ੌਜਦਾਰ ਸੀ। ਸੰਨ 1710 ਵਿਚ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ ਜਿਸ ਕਰ ਕੇ ਸਿੱਖਾਂ ਨੂੰ ਸਮਾਣਾ ਛੱਡਣਾ ਪਿਆ। ਸੰਨ 1742 ਵਿਚ ਬਾਬਾ ਆਲਾ ਸਿੰਘ (ਫੂਲਕੀਆਂ ਬੰਸ) ਨੇ ਸਮਾਣੇ ਉੱਪਰ ਕਬਜ਼ਾ ਕਰ ਲਿਆ। ਸੰਨ 1948 ਵਿਚ ਇਹ ਪੈਪਸੂ ਵਿਚ ਸ਼ਾਮਲ ਹੋ ਗਿਆ ਅਤੇ ਬਾਅਦ ਵਿਚ ਰਾਜਾਂ ਦੇ ਪੁਨਰਗਠਨ ਸਮੇਂ ਇਹ ਪੰਜਾਬ ਦਾ ਭਾਗ ਬਣਾ ਦਿੱਤਾ ਗਿਆ।

        ਸਮਾਣੇ ਵਿਚ ਇਕ ਪ੍ਰਾਈਵੇਟ ਕਾਲਜ, ਲੜਕੀਆਂ ਅਤੇ ਲੜਕਿਆਂ ਦੇ ਵੱਖ ਵੱਖ ਹਾਈ ਸਕੂਲ, ਸਿਵਲ ਹਸਪਤਾਲ, ਪੰਚਾਇਤ ਸੰਮਤੀ ਅਤੇ ਉਪ-ਮੰਡਲ ਦਫ਼ਤਰ ਸਥਾਪਿਤ ਹਨ। ਇਹ ਮਿਰਚਾਂ ਦੀ ਇਕ ਪ੍ਰਸਿੱਧ ਮੰਡੀ ਹੈ ਅਤੇ ਇਥੋਂ ਦੀ ਘਰੇਲੂ ਦਸਤਕਾਰੀ ਵਿਚ ਮੰਜਿਆਂ ਤੇ ਪਾਵੇ, ਤਸਲੇ, ਕੁਹਾੜੇ, ਚਰਖੇ ਆਦਿ ਤਿਆਰ ਕਰਨਾ ਸ਼ਾਮਲ ਹਨ। ਇਥੇ ਟਿਊਬਵੈਲਾਂ ਦੇ ਇੰਜਨ ਬਣਾਏ ਜਾਂਦੇ ਹਨ ਅਤੇ ਚੌਲ ਛੜਣ ਦੇ ਕਈ ਕਾਰਖ਼ਾਨੇ ਵੀ ਇਥੇ ਹਨ। ਇਥੇ ਰੂੰ ਦੀ ਪਿੰਜਾਈ ਵੀ ਹੁੰਦੀ ਹੈ।

        ਇਸਦਾ ਰਕਬਾ 512 ਵ. ਕਿ. ਮੀ. ਹੈ।

        ਆਬਾਦੀ – 36,556 (1991)

        ਸਥਿਤੀ – 30° 9' ਉ. ਵਿਥ.; 76° 15' ਪੂ. ਲੰਬ.


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-02-45-42, ਹਵਾਲੇ/ਟਿੱਪਣੀਆਂ: ਹ. ਪੁ.–ਇੰਪ. ਗ. ਇੰਡ:22; ਪੰ. ਵਿ. ਕੋ. 4; ਪੰਜਾਬ ਦੇ ਸ਼ਹਿਰ ; 97 ਬਲਬੀਰ ਸਿੰਘ ਕੰਵਲ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.