ਸਰਾਧ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਾਧ (ਨਾਂ,ਪੁ) ਪਿੱਤਰਾਂ ਨਿਮਿੱਤ ਸ਼ਰਧਾ ਭਾਵ ਨਾਲ ਕੀਤਾ ਅੰਨ ਭੋਜਨ ਵਸਤਰ ਆਦਿ ਦਾ ਦਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਰਾਧ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਾਧ. ਸੰ. श्राद्ध—ਸ਼੍ਰਾੱਧ. ਸੰਗ੍ਯਾ—ਸ਼੍ਰੱਧਾ ਨਾਲ ਕੀਤਾ ਹੋਇਆ ਕਰਮ । ੨ ਪਿਤਰਾਂ ਵਾਸਤੇ ਸ਼੍ਰੱਧਾ ਨਾਲ ਕੀਤਾ ਅੰਨ ਵਸਤ੍ਰ ਆਦਿ ਦਾਨ.1 ਹਿੰਦੂਮਤ ਵਿੱਚ ਸ਼੍ਰੱਾਧ ਦੇ ਚਾਰ ਭੇਦ ਹਨ:—
(ੳ) ਨਿਤ੍ਯ ਸ਼੍ਰਾੱਧ, ਜੋ ਨਿੱਤ ਹੀ ਦੇਵਤਾ ਪਿਤਰਾਂ ਨੂੰ ਜਲ ਆਦਿ ਦੇਣਾ.
(ਅ) ਪਾਰਵਣ. ਜੋ ਅਮਾਵਸ ਆਦਿ ਪਰਵਾਂ ਪੁਰ ਕਰਨਾ.
(ੲ) ਯਾਹ, ਜੋ ਮੋਏ ਹੋਏ ਪਿਤਰ ਦੇ ਦੇਹਾਂਤ ਵਾਲੇ ਦਿਨ ਕਰਨਾ.
(ਸ) ਮਹਾਲਯ, ਜੋ ਅੱਸੂ ਦੇ ਪਹਿਲੇ ਪੱਖ ਵਿੱਚ ਕਰਨਾ. ਸਿੱਖ ਧਰਮ ਵਿੱਚ ਸ਼ਰਾਧ ਬਾਬਤ ਲਿਖਿਆ ਹੈ. “ਆਇਆ ਗਇਆ ਮੁਇਆ ਨਾਉ। ਪਿਛੈ ਪਤਲਿ ਸਦਿਹੁ ਕਾਉ। ਨਾਨਕ ਮਨਮੁਖ ਅੰਧ ਪਿਆਰੁ। ਬਾਝੁ ਗੁਰੂ ਡੁਬਾ ਸੰਸਾਰ.” (ਮ: ੧, ਵਾਰ ਮਾਝ)
“ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਹੀ । ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ? ਕਊਆ ਕੂਕਰ ਖਾਹੀ.” (ਗਉ ਕਬੀਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਰਾਧ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਰਾਧ : ਹਿੰਦੂ ਪੁਰਾਣਾਂ ਅਤੇ ਸਿਮ੍ਰਿਤੀਆਂ ਅਨੁਸਾਰ ਮ੍ਰਿਤ ਪਿਤਾ, ਪਿਤਾਮਾ ਜਾਂ ਬਜ਼ੁਰਗਾਂ ਨੂੰ ਤ੍ਰਿਪਤ ਅਤੇ ਪ੍ਰਸੰਨ ਕਰਨ ਲਈ ਬ੍ਰਾਹਮਣਾਂ ਨੂੰ ਭੋਜਨ ਕਰਾਇਆ ਜਾਂਦਾ ਹੈ ਅਤੇ ਅੰਨ, ਕਪੜੇ ਆਦਿ ਦਾਨ ਵਜੋਂ ਦਿੱਤੇ ਜਾਂਦੇ ਹਨ। ਇਸ ਨੂੰ ਸ਼ਰਾਧ ਜਾਂ ਸਰਾਧ ਕਹਿੰਦੇ ਹਨ। ਇਸ ਦੇ ਸ਼ਾਬਦਿਕ ਅਰਥ ਹਨ ਸ਼ਰਧਾ ਨਾਲ ਕੀਤਾ ਕਰਮ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਰ ਹਿੰਦੂ ਮਤ ਵਿਚ ਸਰਾਧ ਦੀਆਂ ਚਾਰ ਕਿਸਮਾਂ ਹਨ :-
(1) ਨਿਤਯ : ਭਾਵ ਨਿੱਤ ਹੀ ਦੇਵਤਾ, ਪਿਤਰਾਂ ਨੂੰ ਜਲ ਆਦਿ ਦੇਣਾ।
(2) ਪਾਰਵਣ : ਜੋ ਪੂਰਨਮਾਸ਼ੀ ਤੇ ਅਮਾਵਸ ਆਦਿ ਪੁਰਬਾਂ ਤੇ ਪਿਤਾ ਪਿਤਾਮਾ ਲਈ ਕੀਤਾ ਜਾਵੇ।
(3) ਕਯਾਹ : ਜੋ ਮ੍ਰਿਤ ਪਿਤਰ ਦੇ ਦੇਹਾਂਤ ਦੇ ਮਹੀਨੇ ਤੇ ਤਿਥਿ ਨੂੰ ਕੀਤਾ ਜਾਵੇ।
(4) ਮਹਾਲਯ : ਅਸੂ ਮਹੀਨੇ ਦੇ ਹਨੇਰੇ ਪੱਖ ਵਿਚ ਕੀਤਾ ਸਰਾਧ।
ਵੱਖ ਵੱਖ ਸਿਮ੍ਰਿਤੀਆਂ ਵਿਚ ਸਰਾਧ ਕਰਨ, ਪਿਤਰਾਂ ਨੂੰ ਤ੍ਰਿਪਤ ਅਤੇ ਖੁਸ਼ ਕਰਨ ਲਈ ਵੱਖ ਵੱਖ ਦਾਨ ਤੇ ਉਪਾਅ ਦੱਸੇ ਗਏ ਹਨ ਅਤੇ ਉਨ੍ਹਾਂ ਦੇ ਵੱਖ ਵੱਖ ਮਹਾਤਮ ਵੀ ਦਰਸਾਏ ਗਏ ਹਨ। ਕਾਫੀ ਥਾਈਂ ਸਰਾਧਾਂ ਦੇ ਮੌਕੇ ਤੇ ਕਾਵਾਂ ਨੂੰ ਭੋਜਨ ਪਾਉਣ ਦਾ ਮਹਾਤਮ ਲਿਖਿਆ ਹੈ ਇਸ ਲਈ ਕਾਵਾਂ ਨੂੰ ਬੁਲਾ ਕੇ ਭੋਜਨ ਵੀ ਦਿੰਦੇ ਹਨ।
ਭਗਤ ਕਬੀਰ ਜੀ ਅਤੇ ਗੁਰੂ ਨਾਨਕ ਦੇਵ ਜੀ ਨੇ ਸਰਾਧਾਂ ਦੀ ਕਰੜੀ ਨੁਕਤਾਚੀਨੀ ਕੀਤੀ ਹੈ ਅਤੇ ਅਜਿਹੀਆਂ ਧਾਰਮਿਕ ਰਸਮਾਂ ਦਾ ਵਿਰੋਧ ਕੀਤਾ ਹੈ। ਇਸ ਸਬੰਧੀ ਸ੍ਰੀ ਗੁਰੂ ਨਾਨਕ ਦੇਵ ਦਾ ਮਤ ਇਹ ਹੈ :-
“ਆਇਆ ਗਇਆ ਮੁਇਆ ਨਾਉ॥
ਪਿਛੈ ਪਤਲਿ ਸਦਿਹੁ ਕਾਵ॥
ਨਾਨਕ ਮਨਮੁਖਿ ਅੰਧੁ ਪਿਆਰੁ॥
ਬਾਝ ਗੁਰੂ ਡੁਬਾ ਸੰਸਾਰੁ॥
ਸਪਸ਼ਟ ਹੈ ਕਿ ਗੁਰੂ ਜੀ ਕਾਵਾਂ ਨੂੰ ਭੋਜਨ ਪਾਉਣ ਦੀ ਰਸਮ ਉਪਰ ਕਟਾਖ਼ਸ਼ ਕਰ ਰਹੇ ਹਨ।
ਜਗਨਨਾਥ ਦੀ ਯਾਤਰਾ ਸਮੇਂ ਜਦ ਉਥੋਂ ਦੇ ਪੰਡਤਾਂ ਨੇ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਪਿਤਰਾਂ ਦਾ ਉਧਾਰ ਕਰਨ ਬਾਰੇ ਕਿਹਾ ਤਾਂ ਉਨ੍ਹਾਂ ਨੇ ਇਹ ਸ਼ਬਦ ਉਚਾਰਣ ਕੀਤਾ :-
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚ ਪਾਇਆ ਤੇਲੁ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥੧॥
ਲੋਕ ਮਤ ਕੋ ਫਕੜਿ ਪਾਇ॥
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ॥
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮ ਕਰਤਾਰ॥
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥੨॥
ਗੰਗ ਬਨਾਰਸਿ ਸਿਫਤਿ ਤੁਮਾਰੀ, ਨਾਵੈ ਆਤਮ ਰਾਉ॥
ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ॥੩॥
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ॥੪॥੨॥੩੨॥
ਭਾਈ ਸੰਤੋਖ ਸਿੰਘ ਕ੍ਰਿਤ ਨਾਨਕ ਪ੍ਰਕਾਸ਼ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਨੂੰ ਸਰਾਧ ਬਾਰੇ ਜੋ ਬਚਨ ਕੀਤੇ ਉਨ੍ਹਾਂ ਦਾ ਸਾਰਾਂਸ਼ ਇਹ ਹੈ ਕਿ ਜੀਵ ਨੂੰ ਉਹ ਪ੍ਰਾਪਤ ਹੋਏਗਾ ਜੋ ਆਪਣੀ ਕਮਾਈ ਵਿਚੋਂ ਸ਼ੁਭ ਦਾਨ ਉਸ ਨੇ ਕੀਤਾ ਹੈ, ਦੂਜੇ ਦਾ ਦਿੱਤਾ ਕਿਸੇ ਨੂੰ ਨਹੀਂ ਮਿਲਦਾ ਅਤੇ ਇਸ ਯੁਗ ਵਿਚ ਜੋ ਕਮਾਉਂਦਾ ਹੈ, ਉਸ ਦਾ ਫ਼ਲ ਇਥੇ ਭੋਗਦਾ ਹੈ ਅਤੇ ਅਗੇ ਵੀ ਆਪਣੇ ਕੀਤੇ ਕਰਮ ਅਨੁਸਾਰ ਫ਼ਲ ਪ੍ਰਾਪਤ ਕਰਦਾ ਹੈ।
ਹਿੰਦੂ ਮਤ ਅਨੁਸਾਰ ਮਰੇ ਪ੍ਰਾਣੀ ਨਮਿਤ ਗਰੁੜ ਪੁਰਾਣ ਦੀ ਕਥਾ ਕੀਤੀ ਜਾਂਦੀ ਹੈ ਜਿਸ ਵਿਚ ਭਿਆਨਕ ਜਮਮਾਰਗ ਅਤੇ ਜਮਲੋਕ ਦਾ ਵਰਣਨ ਹੈ ਅਤੇ ਪ੍ਰੇਤ ਨੂੰ ਅੰਨ, ਬਸਤਰ, ਦੀਵਾ ਆਦਿ ਸਮਗਰੀ ਪਹੁੰਚਾਉਣ ਤੇ ਤਰੀਕੇ ਦੱਸੇ ਗਏ ਹਨ ਪਰ ਸਿੱਖ ਧਰਮ ਵਿਚ ਅਜਿਹੀਆਂ ਰਸਮਾਂ ਦਾ ਖੰਡਨ ਕੀਤਾ ਗਿਆ ਹੈ।
ਸਰਾਧ ਕੇਵਲ ਕਿਸੇ ਦੀ ਮੌਤ ਤੋਂ ਬਾਅਦ ਉਸ ਨਮਿਤ ਹੀ ਨਹੀਂ ਕੀਤੇ ਜਾਂਦੇ। ਵਿਸ਼ਨੂੰ ਪੁਰਾਣ ਅਨੁਸਾਰ ਇਹ ਖ਼ੁਸ਼ੀ ਦੇ ਮੌਕੇ ਤੇ ਕੀਤੇ ਜਾ ਸਕਦੇ ਹਨ। ਅਜਿਹੇ ਮੌਕੇ ਦੇਵਤਿਆਂ ਅਤੇ ਪਿਤਰਾਂ ਦੀ ਪੂਜਾ ਕੀਤੀ ਜਾਂਦੀ ਹੈ।
ਲੇਖਕ : ਪ੍ਰੋ. ਪ੍ਰਕਾਸ਼ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-04-21-58, ਹਵਾਲੇ/ਟਿੱਪਣੀਆਂ: ਹ. ਪੁ.–ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ–ਪ੍ਰੋ ਸਾਹਿਬ ਸਿੰਘ; ਵਿਸ਼ਨੂੰ ਪੁਰਾਣ; ਮ. ਕੋ.
ਸਰਾਧ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰਾਧ, (ਸੰਸਕ੍ਰਿਤ : ਸ਼੍ਰਾਧ) / ਪੁਲਿੰਗ : ਸ਼ਰਧਾ ਨਾਲ ਕੀਤਾ ਕੰਮ, ਪਿਤਰਾਂ ਨਮਿੱਤ ਛਕਾਇਆ ਭੋਜਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1888, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-01-23-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First