ਸਾਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਗ (ਨਾਂ,ਪੁ) ਸਰ੍ਹੋਂ, ਪਾਲਕ, ਚਿਲਾਈ, ਆਦਿ ਪੱਤਰਾਂ ਦੀ ਰਿੰਨ੍ਹੀ ਸਬਜ਼ੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਗ [ਨਾਂਪੁ] ਪਾਲਕ/ਸਰੋਂ ਜਾਂ ਚਲ੍ਹਾਈ ਆਦਿ ਦੇ ਪੱਤਿਆਂ ਨੂੰ ਰਿੰਨ੍ਹ ਕੇ ਬਣਾਈ ਜਾਂਦੀ ਸਬਜ਼ੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਗ. ਸੰ. ਸ਼ਾਕ. ਸੰਗ੍ਯਾ—ਸਬਜ਼ੀ. ਨਬਾਤ। ੨ ਸਰ੍ਹੋਂ ਪਾਲਕ ਆਦਿ ਦੀ ਭਾਜੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਾਗ : ਹਰੇ ਪੱਤੇ, ਜਿਹੜੇ ਸਬਜ਼ੀ ਵਜੋਂ ਰਿੰਨ੍ਹ ਕੇ ਖਾਧੇ ਜਾਣ, ਜਿਵੇਂ ਕਿ ਸਰ੍ਹੋਂ , ਪਾਲਕ, ਚੁਲਾਈ, ਬਾਯੂ ਆਦਿ ਸਾਗ ਅਖਵਾਉਂਦੇ ਹਨ। ਇਹ ਪੰਜਾਬੀਆਂ ਦੇ ਖਾਣੇ ਵਿਚੋਂ ਸਭ ਤੋਂ ਪ੍ਰਸਿੱਧ ਵਸਤ ਹੈ। ਕੋਈ ਵਿਅਕਤੀ, ਦੁਨੀਆਂ ਦੇ ਕਿਸੇ ਕੋਨੇ ਵਿਚ ਹੀ ਕਿਉਂ ਨਾ ਬੈਠਾ ਹੋਵੇ ਸਾਗ ਦਾ ਨਾਂ ਲੈਂਦਿਆਂ ਹੀ ਪੰਜਾਬ ਨੂੰ ਯਾਦ ਕਰਦਾ ਹੈ। ਸਰਦੀਆਂ ਵਿਚ ਸਾਗ ਤੇ ਮੱਕੀ ਦੀ ਰੋਟੀ ਹਰ ਪੰਜਾਬੀ ਦੀ ਮਨ ਭਾਉਂਦੀ ਖ਼ੁਰਾਕ ਹੁੰਦੀ ਹੈ। ਇਥੋਂ ਤਕ ਕਿ ਪੰਜਾਬੀਆਂ ਦੇ ਲੋਕ ਗੀਤਾਂ ਵਿਚ ਵੀ ਗੰਦਲਾਂ ਤੋੜੀਆਂ ਮੁਟਿਆਰਾਂ, ਸਰ੍ਹੋਂ ਦੇ ਖੇਤਾਂ ਅਤੇ ਸਾਗ ਦਾ ਕਈ ਥਾਵਾਂ ਤੇ ਜ਼ਿਕਰ ਆਉਂਦਾ ਹੈ, ਜਿਵੇ :

          ʻʻਕਾਹਨੂੰ ਮੁੱਛ ਨੂੰ ਮਰੋੜੇ ਦੇਵੇਂ,

                   ਕਿਹੜਾ ਤੇਰਾ ਸਾਗ ਤੋੜਿਆ  ?ˮ

          ʻʻਵਾਜਾਂ ਮਾਰਦੀ ਸਰ੍ਹੋਂ ਦੇ ਫੁੱਲ ਵਰਗੀ,

                   ਰੋਟੀ ਖਾ ਜਾ ਢੱਕਣਾ ਜਿਹਾ। ˮ

            ʻʻਹੱਥ ਸੋਚ ਕੇ ਗੰਦਲ ਨੂੰ ਪਾਵੀਂ,

                   ਨੀ ਕਿਹੜੀ ਏਂ ਤੂੰ ਸਾਗ ਤੋੜਦੀ ।ˮ

            ʻʻਸਾਗ ਤੋੜਦੀ ਮੁਰੱਬਿਆਂ ਵਾਲੀ,

                   ਵੇ ਕਿਹੜਾ ਏ ਤੂੰ ਵਾਜਾਂ ਮਾਰਦਾ ।ˮ

            ਸਾਗ ਪੰਜਾਬੀਆਂ ਲਈ ਇਕ ਨਿਆਮਤ ਹੈ। ਇਸੇ ਲਈ ਇਹ ਇਕ ਅਖਾਣ ਹੀ ਬਣ ਗਿਆ ਹੈ।

                             ʻʻਸਾਗ ਮੱਥੇ ਦਾ ਭਾਗˮ

            ਸਾਗ ਵਿਚ ਮੁੱਖ ਤੌਰ ਤੇ ਸਰ੍ਹੋਂ ਦੇ ਪੱਤੇ, ਪਾਲਕ ਦੇ ਪੱਤੇ ਅਤੇ ਥੋੜ੍ਹੀ ਮਾਤਰਾ ਵਿਚ ਚੁਲਾਈ, ਮੇਥੀ ਤੇ ਬਾਬੂ ਆਦਿ ਦੇ ਪੱਤੇ ਹੁੰਦੇ ਹਨ। ਸਰ੍ਹੋਂ ਦੀਆਂ ਨਰਮ ਨਰਮ ਗੰਦਲਾਂ ਵੀ ਰਿੰਨ੍ਹੀਆਂ ਜਾਂਦੀਆਂ ਹਨ। ਪੱਤਿਆਂ ਅਤੇ ਗੰਦਲਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਬਰੀਕ ਬਰੀਕ ਕੱਟਿਆ ਜਾਂਦਾ ਹੈ। ਕਹਿੰਦੇ ਹਨ ਕਿ ਸਾਗ ਕੱਟਣਾ ਵੀ ਇਕ ਕਲਾ ਹੈ। ਸਾਗ ਚੀਰਨ ਵਾਸਤੇ ਪੰਜਾਬ ਵਿਚ ਵਿਸ਼ੇਸ਼ ਦਾਤਰ ਹੁੰਦੇ ਹਨ। ਦਾਤਰ ਦਾ ਮੁੱਠਾ ਪੈਰਾਂ ਹੇਠਾਂ ਦੱਬ ਕੇ ਇਸ ਉੱਤੇ ਸਾਗ ਚੀਰਿਆ ਜਾਂਦਾ ਹੈ। ਜਿੰਨਾਂ ਸਾਗ ਬਰੀਕ ਹੋਵੇਗਾ ਓਨਾਂ ਹੀ ਚੰਗੀ ਤਰ੍ਹਾਂ ਉਹ ਘੋਟਿਆ ਜਾਵੇਗਾ ਅਤੇ ਚੰਗੀ ਤਰ੍ਹਾਂ ਮਹੀਨ ਘੋਟਿਆ ਸਾਗ ਹੀ ਪੂਰਾ ਸੁਆਦ ਦਿੰਦਾ ਹੈ। ਬਰੀਕ ਬਰੀਕ ਕੱਟਣ ਉਪਰੰਤ ਇਸ ਨੂੰ ਕਿਸੇ ਪਤੀਲੇ ਵਿਚ ਪਾ ਕੇ ਰਿੰਨ੍ਹਣਾ ਰਖ ਦਿੰਦੇ ਹਨ। ਲੋੜ ਅਨੁਸਾਰ ਪਾਣੀ ਪਹਿਲਾਂ ਹੀ ਪਾ ਦਿੱਤਾ ਜਾਂਦਾ ਹੈ ਅਤੇ ਇਸ ਵਿਚ ਨਮਕ ਤੇ ਮਿਰਚ ਵੀ ਪਾ ਦਿੱਤੀ ਜਾਂਦੀ ਹੈ। ਸ਼ਹਿਰਾਂ ਵਿਚ ਸਾਗ ਰਿੰਨ੍ਹਣ ਲਈ ਕੁੱਕਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਪਿੰਡਾਂ ਵਿਚ ਹਾਲੇ ਵੀ ਮਿੱਟੀ ਦੀ ਤੌੜੀ ਹੀ ਵਰਤਦੇ ਹਨ। ਤੌੜੀ ਵਿਚ ਨਿਮੀ ਨਿਮੀ ਅੱਗ ਉੱਤੇ ਸਾਗ ਰਿੱਝ ਰਿੱਝ ਕੇ ਨਰਮ ਹੋ ਜਾਂਦਾ ਹੈ। ਕਈ ਵਾਰ ਰਿੱਝਦੇ ਸਮੇਂ ਹੀ ਸਾਗ ਵਿਚ ਪਿਆਜ਼, ਲਸਣ, ਅਦਰਕ ਤੇ ਹਰੀਆਂ ਮਿਰਚਾਂ ਵੀ ਪਾ ਦਿੰਦੇ ਹਨ। ਪੂਰੀ ਤਰ੍ਹਾਂ ਨਰਮ ਹੋ ਜਾਣ ਪਿਛੋਂ ਸਾਗ ਨੂੰ ਅੱਗ ਤੋਂ ਹੇਠਾਂ ਲਾਹ ਕੇ ਮੱਕੀ ਦਾ ਆਟਾ ਜਾ ਵੇਸਣ ਪਾ ਕੇ ਘੋਟਿਆ ਜਾਂਦਾ ਹੈ। ਇਸ ਨੂੰ ʻਆਲਣ ਪਾਉਣਾʼ ਆਖਦੇ ਹਨ। ਸਾਗ ਘੋਟ ਘੋਟ ਕੇ ਮਹੀਨ ਕਰ ਦਿੱਤਾ ਜਾਂਦਾ ਹੈ ਤੇ ਫੇਰ ਅੱਗ ਉੱਤੇ ਰਖ ਕੇ ਪਕਾਇਆ ਜਾਂਦਾ ਹੈ ਤਾਂ ਜੋ ਇਸ ਵਿਚ ਪਾਇਆ ਮੱਕੀ ਦਾ ਆਟਾ ਜਾਂ ਆਲਣ ਕੱਚਾ ਨਾ ਰਹਿ ਜਾਵੇ। ਚੰਗੀ ਤਰ੍ਹਾਂ ਪਕਾਉਣ ਪਿਛੋਂ ਸਾਗ ਨੂੰ ਪਿਆਜ਼, ਲਸਣ ਤੇ ਅਦਰਕ ਦਾ ਤੜਕਾ ਲਾਇਆ ਜਾਂਦਾ ਹੈ। ਤੜਕੇ ਵਿਚ ਕਾਫ਼ੀ ਸਾਰਾ ਘਿਉ ਪਾਇਆ ਜਾਂਦਾ ਹੈ ਤੇ ਸਾਗ ਨੂੰ ਪਰੋਸਣ ਵੇਲੇ ਵੀ ਘਿਉ ਜਾਂ ਮੱਖਣ ਆਦਿ ਪਾ ਕੇ ਖਾਧਾ ਜਾਂਦਾ ਹੈ।

          ਉਪਰੋਕਤ ਤੋਂ ਛੁੱਟ ਇਕੱਲੇ ਪਾਲਕ ਦਾ ਸਾਗ ਵੀ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਘੋਟ ਕੇ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਕਿ ਪਨੀਰ, ਮੀਟ ਆਦਿ ਪਾ ਕੇ ਵੱਖੋਂ ਵੱਖਰੀ ਤਰ੍ਹਾਂ ਦਾ ਸਾਗ ਤਿਆਰ ਕੀਤਾ ਜਾਂਦਾ ਹੈ।

          ਜਿਥੋਂ ਤਕ ਖ਼ੁਰਾਕ ਦੇ ਤੱਤਾਂ ਦਾ ਸਬੰਧ ਹੈ ਸਾਰੀਆਂ ਹੀ ਪੱਤੇਦਾਰ ਸਬਜ਼ੀਆਂ ਵਿਚ ਖਣਿਜ, ਵਿਟਾਮਿਨ ਏ ਅਤੇ ਸੀ ਬਹੁਤ ਮਾਤਰਾ ਵਿਚ ਹੁੰਦੇ ਹਨ। ਇਸ ਲਈ ਸੰਤੁਲਿਤ ਖ਼ੁਰਾਕ ਲਈ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਦਾ ਭੋਜਨ ਵਿਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਪਾਲਕ ਵਿਚ ਖ਼ੁਰਾਕ ਦੇ ਜ਼ਰੂਰੀ ਅੰਸ਼ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ। ਇਨ੍ਹਾਂ ਦੇ ਵੇਰਵਾ ਨਿਮਨ ਅਨੁਸਾਰ ਹੈ :

                   ਪਾਲਕ ਵਿਚ ਖ਼ੁਰਾਕੀ ਤੱਤ (ਪ੍ਰਤਿ 100 ਗ੍ਰਾਮ ਵਿਚ )

          ਨਮੀ              86.4 ਗ੍ਰਾ.                  ਖਣਿਜ            2.2 ਗ੍ਰਾ.

          ਚਰਬੀ            0.8 ਗ੍ਰਾ.                   ਕਾਰਬੋਹਾਈਡ੍ਰੇਟ  6.5 ਗ੍ਰਾ.

          ਰੇਸ਼ੇ               0.7 ਗ੍ਰਾ.                    ਕੈਲਸੀਅਮ       380 ਮਿ. ਗ੍ਰਾ.

          ਕੈਲੋਰੀਆਂ         46                         ਲੋਹਾ              16.2 ਮਿ. ਗ੍ਰਾ.

          ਫ਼ਾੱਸਫ਼ੋਰਸ        30 ਮਿ. ਗ੍ਰਾ.                ਥਾਇਆਮੀਨ     0.26 ਮਿ. ਗ੍ਰਾ.

          ਵਿਟਾਮਿਨ ਏ     9.770 ਮਿ. ਗ੍ਰਾ.           ਨਿਕੋਟੀਨਿਕ ਐਸਿਡ 3.3 ਮਿ. ਗ੍ਰਾ.

          ਰ੍ਹਾਈਬੋਫ਼ਲੇਵਿਨ 0.56ਮਿ. ਗ੍ਰਾ.              ਵਿਟਾਮਿਨ ਸੀ    70 ਮਿ. ਗ੍ਰਾ.

          ਪ੍ਰੋਟੀਨ            3.4 ਮਿ. ਗ੍ਰਾ.

ਵੱਖ ਵੱਖ ਕਿਸਮਾਂ ਦੀ ਸਰ੍ਹੋਂ ਦੇ ਖ਼ੁਰਾਕੀ ਤੱਤ ਵੱਖ ਵੱਖ ਹੁੰਦੇ ਹਨ ਪਰੰਤੂ ਮੁੱਖ ਤੌਰ ਤੇ ਸਰ੍ਹੋਂ ਵਿਚ ਹੇਠ ਲਿਖੇ ਤੱਤ ਹੁੰਦੇ ਹਨ :

                   ਸਰ੍ਹੋਂ ਵਿਚ ਖ਼ੁਰਾਕੀ ਤੱਤ (ਪ੍ਰਤਿ 100 ਗ੍ਰਾਮ ਵਿਚ )

          ਨਮੀ              89.8 ਗ੍ਰਾ.                           ਖਣਿਜ            1.6ਗ੍ਰਾ.

          ਚਰਬੀ            0.6 ਗ੍ਰਾ.                            ਕਾਰਬੋਹਾਈਡ੍ਰੇਟ  3.2 ਗ੍ਰਾ.

          ਰੇਸ਼ੇ               0.8 ਮਿ. ਗ੍ਰਾ.                        ਕੈਲਸੀਅਮ       155 ਮਿ. ਗ੍ਰਾ.

          ਕੈਲੋਰੀਆਂ         33                                   ਲੋਹਾ              16.3 ਮਿ. ਗ੍ਰਾ.

          ਫ਼ਾੱਸਫ਼ੋਰਸ        26 ਮਿ. ਗ੍ਰਾ.                         ਥਾਇਆਮੀਨ     0.03 ਮਿ. ਗ੍ਰਾ.

          ਵਿਟਾਮਿਨ ਏ     4,370 ਪ੍ਰਤਿ ਇਕਾਈ               ਵਿਟਾਮਿਨ ਸੀ    33 ਮਿ. ਗ੍ਰਾ.

          ਪ੍ਰੋਟੀਨ            4.0 ਗ੍ਰਾ.

              ਸਰ੍ਹੋਂ ਅਤੇ ਪਾਲਕ ਦੋਹਾਂ ਦੀਆਂ ਹੀ ਕਈ ਕਿਸਮਾਂ ਹਨ ਜਿਹੜੀਆਂ ਭਾਰਤ ਦੇ ਵੱਖ ਵੱਖ ਭਾਗਾਂ ਵਿਚ ਉਗਾਈਆਂ ਜਾਂਦੀਆਂ ਹਨ। ਸਰ੍ਹੋਂ ਦੀਆਂ ਕਈ ਕਿਸਮਾਂ ਕੇਵਲ ਬੀਜਾਂ ਤੋਂ ਤੇਲ ਕੱਢਣ ਲਈ ਹੀ ਉਗਾਈਆਂ ਜਾਂਦੀਆਂ ਹਨ  ਸਰ੍ਹੋਂ ਦੀਆਂ ਕਈ ਕਿਸਮਾਂ ਕੇਵਲ ਬੀਜਾਂ ਤੋਂ ਤੇਲ ਕੱਢਣ ਲਈ ਹੀ ਉਗਾਈਆਂ ਜਾਂਦੀਆਂ ਹਨ ਅਤੇ ਕਈ ਕੇਵਲ ਸਾਗ ਜਾਂ ਸਬਜ਼ੀ ਲਈ ਅਤੇ ਕਈ ਦੋਵੇਂ ਮੰਤਵਾਂ ਲਈ ਹੀ ਉਗਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਪਾਲਕ ਦੀਆਂ ਵੀ ਕਈ ਕਿਸਮਾਂ ਹਨ ਪਰ ਚੰਗੀ ਪਾਲਕ ਉਹ ਹੁੰਦੀ ਹੈ ਜਿਸ ਦੇ ਪੱਤੇ ਨਰਮ ਨਰਮ ਹੋਣ, ਜਿਹੜੇ ਇਕ ਵਾਰ ਕੱਟਣ ਪਿੱਛੋਂ ਮੁੜ ਛੇਤੀ ਪੁੰਗਰ ਪੈਣ ਅਤੇ ਬੀਜ–ਡੰਡੀਆਂ ਛੇਤੀ ਨਾ ਨਿਕਲਣ। ਪਾਲਕ ਇਕ ਵਾਰ ਕੱਟਣ ਪਿੱਛੋਂ ਮੁੱਡ ਪੁੰਗਰ ਪੈਂਦੀ ਹੈ ਅਤੇ ਇਸ ਤੋਂ ਕਈ ਵਾਰ ਸਾਗ–ਪੱਤੇ ਪ੍ਰਾਪਤ ਕੀਤੇ ਜਾ ਸਕਦੇ ਹਨ। ਪਰੰਤੂ ਸਰ੍ਹੋਂ ਤੋਂ ਜੇਕਰ ਸਾਗ–ਪੱਤੇ ਅਤੇ ਬੀਜ ਦੋਵੇਂ ਹੀ ਪ੍ਰਾਪਤ ਕਰਨੇ ਹੋਣ ਤਾਂ ਪੌਦੇ ਦੇ ਸਾਰੇ ਪੱਤੇ ਨਹੀਂ ਤੋੜਨੇ ਚਾਹੀਦੇ। ਜੇਕਰ ਕੁਝ ਪੱਤੇ ਪੌਦੇ ਉੱਤੇ ਲੱਗੇ ਰਹਿਣਗੇ ਤਾਂ ਪ੍ਰਕਾਸ਼–ਸੰਸਲੇਸ਼ਣ ਠੀਕ ਹੋਵੇਗਾ ਅਤੇ ਬੀਜ–ਡੰਡਲਾਂ ਦਾ ਵਿਕਾਸ ਵੀ ਚੰਗਾ ਹੋਵੇਗਾ।

          ਸਰ੍ਹੋਂ ਦੀ ਬਿਜਾਈ ਮੈਦਾਨਾਂ ਵਿਚ ਅੱਧ ਸਤੰਬਰ ਤੋਂ ਲੈ ਕੇ ਨਵੰਬਰ ਦੇ ਅਖ਼ੀਰ ਤਕ ਕੀਤੀ ਜਾਂਦੀ ਹੈ ਅਤੇ ਪਹਾੜਾਂ ਵਿਚ ਮਈ ਤੇ ਜੁਲਾਈ ਦੇ ਵਿਚਕਾਰ ਹੁੰਦੀ ਹੈ। ਸਰ੍ਹੋਂ ਕਤਾਰਾਂ ਵਿਚ ਵੀ ਬੀਜੀ ਜਾਂਦੀ ਹੈ ਤੇ ਛੱਟਾ ਦੇ ਕੇ ਵੀ। ਇਕ ਹੈਕਟਰ ਵਿਚ 6-7 ਕਿ. ਗ੍ਰਾ. ਬੀਜ ਪਾਇਆ ਜਾਂਦਾ ਹੈ। ਪਾਲਕ ਲਗ ਭਗ ਸਾਰਾ ਸਾਲ ਹੀ ਹੁੰਦੀ ਰਹਿੰਦੀ ਹੈ ਅਤੇ ਕਈ ਤਰ੍ਹਾਂ ਦੇ ਪੌਣ–ਪਾਣੀ ਵਿਚ ਉਗ ਸਕਦੀ ਹੈ। ਪਰੰਤੂ ਮੁੱਖ ਫ਼ਸਲ ਦੀ ਬਿਜਾਈ ਸਤੰਬਰ ਤੋਂ ਨਵੰਬਰ ਤਕ ਕੀਤੀ ਜਾਂਦੀ ਹੈ, ਇਕ ਹੈਕਟਰ ਲਈ 30 ਕੁ ਕਿ . ਗ੍ਰਾ. ਬੀਜ ਕਾਫ਼ੀ ਰਹਿੰਦਾ ਹੈ। ਆਮ ਤੌਰ ਤੇ ਪਾਲਕ ਛੱਟਾ ਦੇ ਕੇ ਬੀਜੀ ਜਾਂਦੀ ਹੈ। ਕਤਾਰਾਂ ਵਿਚ ਬਿਜਾਈ ਕਰਨੀ ਵੀ ਚੰਗੀ ਰਹਿੰਦੀ ਹੈ। ਇਸ ਤਰ੍ਹਾਂ ਗੋਡੀ ਕਰਨ ਵਿਚ ਸੌਖ ਰਹਿੰਦੀ ਹੈ।

          ਇਹ ਪੱਤੇਦਾਰ ਸਬਜ਼ੀਆਂ ਲਗ ਭਗ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਜਾਂਦੀਆਂ ਹਨ ਪਰ ਚੀਕਣੀ ਮੈਰਾ ਭੂਮੀ ਇਨ੍ਹਾਂ ਲਈ ਸਭ ਤੋਂ ਵਧੀਆ ਹੁੰਦੀ ਹੈ। ਜ਼ਮੀਨ ਦੀ ਤਿਆਰੀ ਸਮੇਂ ਪਹਿਲਾਂ ਗੋਹੇ ਦੀ ਖਾਦ ਭੂਮੀ ਵਿਚ ਚੰਗੀ ਤਰ੍ਹਾਂ ਰਲਾ ਲੈਣੀ ਚਾਹੀਦੀ ਹੈ। ਚੰਗੀ ਉਪਜ ਲੈਣ ਲਈ ਨਾਈਟ੍ਰੋਜਨ ਦੀ ਖਾਦ ਵੀ ਪਾਉਣੀ ਚਾਹੀਦੀ ਹੈ।

          ਪੱਤੇਦਾਰ ਸਬਜ਼ੀਆਂ ਨੂੰ ਅਕਸਰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਇਹ ਆਮ ਤੌਰ ਤੇ ਉੱਲੀ ਤੋਂ ਪੈਦਾ ਹੋਣ ਵਾਲੇ ਰੋਗ ਹਨ । ਪਾਲਕ ਦੇ ਪੱਤਿਆਂ ਉੱਤੇ ਕਈ ਵਾਰ ਛੋਟੇ ਛੋਟੇ ਭੂਰੇ ਜਿਹੇ ਦਾਗ਼ ਪੈ ਜਾਂਦੇ ਹਨ। ਇਸ ਉੱਤੇ ਬੋਰਡੋ–ਮਿਸ਼ਰਨ ਛਿੜਕਣ ਨਾਲ ਕਾਬੂ ਪਾਇਆ ਜਾ ਸਕਦਾ ਹੈ। ਇਸ ਤਰ੍ਹਾਂ ਪਾਲਕ ਨੂੰ ਤੇਲਾ (ਐਫ਼ਿਡ), ਕਈ ਕਿਸਮ ਦੀਆਂ ਸੁੰਡੀਆਂ ਤੇ ਭੂੰਡੀਆਂ ਆਦਿ ਨੁਕਸਾਨ ਪਹੁੰਚਾਉਂਦੀਆਂ ਹਨ। ਇਨ੍ਹਾਂ ਉੱਤੇ ਕੋਈ ਵੀ ਕੀਟ ਨਾਸ਼ਕ ਦਵਾਈ ਛਿੜਕੀ ਜਾ ਸਕਦੀ ਹੈ ਪਰ ਇਹ ਦਵਾਈ ਜ਼ਹਿਰੀਲੀ ਨਹੀਂ ਹੋਣੀ ਚਾਹੀਦੀ। ਇਸ ਲਈ ਨਿਕੋਟੀਨ ਸਲਫ਼ੇਟ ਜਾਂ ਪਾਇਰੇਥਰਮ (0.2 ਤੋਂ 0.3%) ਦਾ ਛਿੜਕਾਅ ਠੀਕ ਰਹਿੰਦਾ ਹੈ। ਸਰ੍ਹੋਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਤੇਲਾ ਪਹੁੰਚਾਉਂਦਾ ਹੈ। ਇਸ ਲਈ ਡਾਈਸਿਸਟੌਕਸ ਜਾਂ ਫ਼ੋਰੋਟ ਥਾਈਮੇਟ ਆਦਿ ਕੀਟ ਨਾਸ਼ਕ ਦਵਾਈਆਂ ਸਿੰਜਾਈ ਕਰਦੇ ਸਮੇਂ ਪਾਣੀ ਵਿਚ ਹੀ ਮਿਲਾ ਦੇਣੀਆਂ ਚਾਹੀਦੀਆਂ ਹਨ। ਪਾਲਕ ਵਾਂਗ ਇਸ ਉੱਤੇ ਵੀ ਘੱਟ ਜ਼ਹਿਰੀਲੀਆਂ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ।

          ਸਰ੍ਹੋਂ ਅਤੇ ਪਾਲਕ ਤੋਂ ਛੁੱਟ ਸਾਗ ਵਿਚ ਥੋੜ੍ਹੀ ਮਾਤਰਾ ਵਿਚ ਪਾਇਆ ਜਾਣ ਵਾਲਾ ਬਾਥੂ ਇਕ ਆਮ ਮਿਲਣ ਵਾਲੀ ਨਦੀਨ ਹੈ। ਇਹ ਅਕਸਰ ਹੋਰ ਫ਼ਸਲਾਂ ਦੇ ਨਾਲ ਆਪਣੇ ਆਪ ਹੀ ਉੱਗ ਆਉਂਦੀ ਹੈ। ਇਸੇ ਤਰ੍ਹਾਂ ਚੁਲਾਈ ਵੀ ਬਹੁਤ ਥੋੜ੍ਹੀ ਮਾਤਰਾ ਵਿਚ ਸਾਗ ਵਿਚ ਪਈ ਜਾਂਦੀ ਹੈ ਪਰੰਤੂ ਇਸ਼ ਵਿਚ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਏ ਤੇ ਸੀ ਬਹੁਤ ਜ਼ਿਆਦਾ ਹੁੰਦੇ ਹਨ।

          ਜਿਸ ਤਰ੍ਹਾਂ ਲੋਕ ਨਾਚਾਂ ਵਿਚ ਪੰਜਾਬੀਆਂ ਦਾ ਗਿੱਧਾ ਅਤੇ ਭੰਗੜਾ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਆਪਣੀ ਧੁੰਮ ਪਾਉਂਦਾ ਹੈ ਇਸੇ ਤਰ੍ਹਾਂ ਸਾਗ ਦਾ ਮਜ਼ਾ ਵਿਦੇਸ਼ਾਂ ਵਿਚ ਬੈਠੇ ਲੋਕ ਵੀ ਮਾਣਦੇ ਹਨ। ਅੱਜ ਕਲ੍ਹ ਇਹ ਡੱਬਿਆਂ ਵਿਚ ਬੰਦ ਕਰਕੇ ਬਾਹਰਲੇ ਮੁਲਕਾਂ ਵਿਚ ਵੀ ਭੇਜਿਆ ਜਾਂਦਾ ਹੈ। ਸਾਗ ਦੇ ਸ਼ੌਕੀਨ ਕਈ ਲੋਕ ਇਸ ਦੇ ਪੱਤਿਆਂ ਨੂੰ ਸੁਕਾ ਲੈਂਦੇ ਹਨ ਤਾਂ ਜੋ ਉਹ ਇਸ ਦਾ ਆਨੰਦ ਉਦੋਂ ਵੀ ਮਾਣ ਸਕਣ ਜਿਨ੍ਹਾਂ ਦਿਨਾਂ ਵਿਚ ਇਸ ਦੀ ਰੁੱਤ ਨਹੀਂ ਹੁੰਦੀ।

          ਹ. ਪੁ. ––ਪੰ. ਪੰ. ਕੋ. 1 : 220 ; ਸਬਜ਼ੀਆਂ  : 214.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਸਾਗ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਗ, ਪੁਲਿੰਗ : ੧. ਹਰੇ ਪੱਤਰ ਜੋ ਸਬਜ਼ੀ ਵਜੋਂ ਰਿੰਨ੍ਹ ਕੇ ਖਾਧੇ ਜਾਣ ਸਰ੍ਹੋਂ, ਪਾਲਕ, ਚੁਲਾਈ ਆਦਿ ਦੀ ਭਾਜੀ; (ਲਹਿੰਦੀ) ਹਰੇ ਪੱਠੇ, ਚਾਰਾ; (ਬਾਗੜ) ਸਬਜ਼ੀ-ਭਾਜੀ

–ਜੌਂ ਸਾਗ, ਪੁਲਿੰਗ : ਬਾਥੂ (ਕੋਸ਼ ਕ੍ਰਿਤ ਭਾਈ ਬਿਸ਼ਨਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-03-12-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.