ਸਾਹਿਬਾਂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਹਿਬਾਂ (ਨਾਂ,ਇ) ਪ੍ਰਸਿੱਧ ਪ੍ਰੇਮ ਗਾਥਾ ਮਿਰਜ਼ਾ ਸਾਹਿਬਾਂ ਦੀ ਨਾਇਕਾ ਅਤੇ ਮਿਰਜ਼ੇ ਦੀ ਪ੍ਰੇਮਿਕਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5603, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਾਹਿਬਾਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਹਿਬਾਂ. ਮਾਹਨੀ ਸਿਆਲ ਰਾਜਪੂਤਾਂ ਦੀ ਕੰਨ੍ਯਾ, ਜੋ ਚੱਧਰ ਗੋਤ ਦੇ ਬਾਲਕ ਨਾਲ ਮੰਗੀ ਗਈ ਸੀ, ਪਰ ਉਸ ਦੀ ਪ੍ਰੀਤਿ ਮਿਰਜ਼ੇ ਨਾਲ ਸੀ. ਇਹ ਦੋਵੇਂ ਚੱਧਰਾਂ ਨੇ ਕਤਲ ਕਰ ਦਿੱਤੇ. ਇਨ੍ਹਾਂ ਦੀ ਕਬਰ ਦਾਨਾਪੁਰ (ਜਿਲਾ ਮੁਲਤਾਨ) ਵਿੱਚ ਹੈ, ਦੇਖੋ, ਮਿਰਜਾ ੨.
“ਰਾਵੀ ਨਦਿ ਊਪਰਿ ਵਸੈ ਨਾਰਿ ਸਾਹਿਬਾਂ ਨਾਮ ,
ਮਿਰਜਾ ਕੇ ਸੰਗ ਦੋਸਤੀ ਕਰਤ ਆਠਊ ਜਾਮ.”
(ਚਰਿਤ੍ਰ ੧੨੯)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਾਹਿਬਾਂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਾਹਿਬਾਂ : ਸਾਹਿਬਾਂ ਸ਼ਬਦ ਦਾ ਅਸਲ ਰੂਪ ਸਾਹਿਬਾ ਹੈ, ਇਸ ਦੇ ਅੰਤ ਵਿਚ ਅਨੁਸਾਰ ਦੀ ਧੁਨੀ ਪੰਜਾਬੀ ਉਚਾਰਨ ਸਦਕਾ ਮਿਲੀ ਜਾਪਦੀ ਹੈ। ਸਾਹਿਬਾਂ, ਅਰਬੀ ਸ਼ਬਦ ‘ਸਾਹਿਬ’ ਦਾ ਇਸਤ੍ਰੀ ਲਿੰਗ ਹੈ। ਇਸ ਤਰ੍ਹਾਂ ਸਾਹਿਬਾਂ ਦੇ ਸ਼ਾਬਦਿਕ ਅਰਥ ਸਾਊ ਇਸਤ੍ਰੀ ਦੇ ਬਣਦੇ ਹਨ। ਸਾਹਿਬਾਂ, ਪ੍ਰਸਿੱਧ ਪੰਜਾਬੀ ਕਿੱਸੇ ਮਿਰਜ਼ਾ ਸਾਹਿਬਾਂ ਦੀ ਨਾਇਕਾ ਹੈ।
ਸਾਹਿਬਾਂ ਝਨਾਂ ਦੇ ਕੰਢੇ ਵਸੇ ਪਿੰਡ ਗੂਲਵਾਲਾ (ਜੋ ਚਨਿਉਟ ਨੂੰ ਜਾਣ ਵਾਲੀ ਸੜਕ ਤੇ ਝੰਗ ਤੋਂ ਉੱਤਰ ਵੱਲ 20 ਕਿ. ਮੀ ਦੇ ਫ਼ਾਸਲੇ ਤੇ ਹੈ) ਦੇ ਰਈਸ ਖੀਵਾ ਖਾਨ (ਮਹਿਨੀ ਸਿਆਲ) ਦੀ ਪਿਆਰੀ ਇਕਲੌਤੀ ਲੜਕੀ ਸੀ। 12 ਸਾਲ ਦੀ ਉਮਰ ਤਕ ਇਹ ਪਿੰਡ ਦੀ ਮਸੀਤ ਵਿਚਲੇ ਸਕੂਨ ਵਿਚ ਪੜ੍ਹੀ ਸੀ। ਇਸਦਾ ਮੰਗਣਾ ਚੰਧੜ ਕਬੀਲੇ ਦੇ ਇਕ ਲੜਕੇ ਤਾਹਿਰ ਖ਼ਾਂ ਨਾਲ ਹੋਇਆ ਸੀ।
ਮਿਰਜ਼ਾ ‘ਖਰਲ ਬੰਸ’ ਵਿਚੋਂ ਸੀ । ਉਹ ਸਾਹਿਬਾਂ ਦੀ ਭੂਆ ਦਾ ਲੜਕਾ ਸੀ। ਉਸ ਦੇ ਪਿਤਾ ਦਾ ਨਾਂ ਦਾਦੂ ਖ਼ਾਂ ਸੀ। ਉਹ ਦਾਨਾਬਾਦ ਦਾ ਰਹਿਣ ਵਾਲਾ ਸੀ। ਬਚਪਨ ਤੋਂ ਹੀ ਉਹ ਆਪਣੇ ਨਾਨਕੀਂ ਰਹਿੰਦਾ ਸੀ ਮਿਰਜ਼ਾ ਅਤੇ ਸਾਹਿਬਾਂ ਦੋਵੇਂ ਇਕੱਠੇ ਇੱਕੋ ਸਕੂਲ ਵਿਚ ਪੜ੍ਹਦੇ ਸਨ। ਉਥੇ ਇਨ੍ਹਾਂ ਦੇ ਇਸ਼ਕ ਦੀ ਚਰਚਾ ਆਮ ਹੋ ਗਈ।
ਮਾਂ ਦੋ ਸਮਝਾਉਣ ਤੇ ਸਾਹਿਬਾਂ ਨੇ ਮਦਰਸੇ ਜਾਣਾ ਬੰਦ ਕਰ ਦਿੱਤਾ। ਮਿਰਜ਼ਾ ਨਿਰਾਸ਼ ਹੋ ਕੇ ਆਪਣੇ ਪਿੰਡ ਵਾਪਸ ਚਲਾ ਗਿਆ। ਇਸ ਵਿਛੋੜੇ ਦੇ ਬਾਵਜੂਦ ਵੀ ਦੋਹਾਂ ਦਾ ਪਿਆਰ ਪਹਿਲੇ ਵਾਂਗ ਕਾਇਮ ਰਿਹਾ। ਮਿਰਜ਼ਾ ਵਿਛੋੜੇ ਨੂੰ ਸਹਿਣ ਨਾ ਕਰ ਸਕਿਆ ਅਤੇ ਬੀਮਾਰ ਪੈ ਗਿਆ। ਮਿਰਜ਼ੇ ਦੀ ਮਾਸੀ ਬੀਬੋ ਵੀ ਸਾਹਿਬਾਂ ਦੇ ਪਿੰਡ ਰਹਿੰਦੀ ਸੀ। ਮਿਰਜ਼ਾ ਉਸ ਕੋਲ ਪਹੁੰਚ ਗਿਆ। ਉਸਨੇ ਮਿਰਜ਼ੇ ਤੇ ਸਾਹਿਬਾਂ ਦੀ ਮੁਲਾਕਾਤ ਦਾ ਪ੍ਰਬੰਧ ਕਰ ਦਿੱਤਾ। ਦੋਵੇਂ ਕਈ ਦਿਨ ਤਕ ਇਕੱਠੇ ਰਹੇ।
ਸਾਹਿਬਾਂ ਨੇ ਮੰਗਣੀ ਹੋ ਜਾਣ ਤੋਂ ਬਾਅਦ ਮਿਰਜ਼ੇ ਨੂੰ ਚਿੱਠੀ ਲਿਖੀ। ਮਿਰਜ਼ਾ ਉਸ ਦੇ ਪਿੰਡ ਪਹੁੰਚ ਗਿਆ। ਉਸ ਨੇ ਸਾਹਿਬਾਂ ਨੂੰ ਸੁਨੇਹਾ ਭੇਜਿਆ। ਉਹ ਰਾਤ ਨੂੰ ਘਰੋਂ ਦੌੜ ਕੇ ਉਸ ਕੋਲ ਪੁੱਜ ਗਈ। ਮਿਰਜ਼ੇ ਨੇ ਉਸਨੂੰ ਆਪਣੀ ਨੀਲੀ ਘੋੜੀ ਤੇ ਬਿਠਾ ਲਿਆ ਤੇ ਉਸਨੂੰ ਲੈ ਭੱਜਿਆ। ਘਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਹ ਇਕ ਬਿਰਛ ਥੱਲੇ ਸੌਂ ਗਿਆ। ਸਾਹਿਬਾਂ ਨੇ ਉਸਦਾ ਤਰਕਸ਼ ਬਿਰਛ ਨਾਲ ਟੰਗ ਦਿੱਤਾ ਕਿ ਉਹ ਉਸ ਦੇ ਘਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੂੰ ਮਾਰ ਨਾ ਦੇਵੇ। ਅੰਤ ਵਿਚ ਸਾਹਿਬਾਂ ਦੇ ਰਿਸ਼ਤੇਦਾਰ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨਿਹੱਥੇ ਮਿਰਜ਼ੇ ਨੂੰ ਮਾਰ ਦਿੱਤਾ।
ਤਸਕੀਨ ਨੇ ਮਿਰਜ਼ੇ ਦੇ ਅੰਤ ਬਾਰੇ ਇਉਂ ਦੱਸਿਆ ਹੈ ਕਿ ਸਾਹਿਬਾਂ ਦੇ ਭਰਾਵਾਂ ਨੇ ਮਿਰਜ਼ੇ ਨੂੰ ਅੱਗ ਵਿਚ ਜਲਾ ਦਿੱਤਾ ਤੇ ਸਾਹਿਬਾਂ ਦੇ ਗਲ ਵਿਚ ਰੱਸੀ ਪਾ ਕੇ ਫਾਹੇ ਲਾ ਦਿੱਤਾ।
ਹ. ਪੁ. ––ਪੰਜਾਬੀ ਕਿੱਸੇ ਫ਼ਾਰਸੀ ਜ਼ੁਬਾਨ ਮੇਂ ; ਰੋਮਾਂਟਿਕ ਟੇਲਜ਼ ਫ਼੍ਰਾਮ ਦੀ ਪੰਜਾਬ–ਰਿਚਰਡ ਟੈਂਪਲ ; ਲੀਜੈਂਡਜ਼ ਆਫ਼ ਪੰਜਾਬ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4674, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no
ਸਾਹਿਬਾਂ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਾਹਿਬਾਂ : ਇਹ ‘ਮਿਰਜ਼ਾ ਸਾਹਿਬਾਂ’ ਕਿੱਸੇ ਦੀ ਨਾਇਕਾ ਹੈ ਜਿਹੜਾ ਸਭ ਤੋਂ ਪਹਿਲਾਂ ਪੀਲੂ ਕਵੀ ਨੇ ਲਿਖਿਆ। ਪੀਲੂ ਦਮੋਦਰ ਤੋਂ ਕੁਝ ਚਿਰ ਪਿੱਛੋਂ ਹੋਇਆ ਹੈ ਅਤੇ ਇਸ ਦੀ ਪ੍ਰਸਿੱਧੀ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਇਸ ਦੀ ਪ੍ਰਸੰਸਾ ਸਮਰਾਟ ਔਰੰਗਜ਼ੇਬ ਦੇ ਸਮੇਂ ਹੋਏ ਕਵੀ ਹਾਫ਼ਜ਼ ਬਰਖ਼ੁਰਦਾਰ ਨੇ ਵੀ ਆਪਣੀ ਕਵਿਤਾ ਵਿਚ ਕੀਤੀ (“ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁਲ ਕਰੇਨ”)। ਖਿਆਲ ਇਹ ਹੈ ਕਿ ਪੀਲੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ।
ਮਿਰਜ਼ਾ ਸਾਹਿਬਾਂ ਵੀ ਹੀਰ ਰਾਂਝੇ ਵਾਂਗ ਇਸ਼ਕ ਦੇ ਰੰਗ ਵਿਚ ਰੰਗੇ ਦੋ ਪ੍ਰੇਮੀ ਸਨ। ਮਿਰਜ਼ੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਖਰਲ ਜੱਟ ਸੀ ਅਤੇ ਦਾਨਾਬਾਦ ਦਾ ਵਸਨੀਕ ਸੀ। ਉਸ ਦੀ ਛੋਟੀ ਉਮਰ ਵਿਚ ਹੀ ਉਸ ਦਾ ਪਿਉ ਬਿੰਜਲ ਮਰ ਗਿਆ ਅਤੇ ਉਸ ਦੀ ਮਾਂ ਉਸ ਨੂੰ ਆਪਣੇ ਨਾਲ ਆਪਣੇ ਪੇਕੇ ਲੈ ਗਈ ਜਿਥੇ ਆਪਣੇ ਮਾਮਾ ਖੀਵਾ ਖ਼ਾਨ ਦੀ ਅਤਿ ਸੁੰਦਰ ਲੜਕੀ ਸਾਹਿਬਾਂ ਨਾਲ ਉਸ ਦਾ ਪ੍ਰੇਮ ਹੋ ਗਿਆ। ਪੀਲੂ ਨੇ ਸਾਹਿਬਾਂ ਦੀ ਸੁੰਦਰਤਾ ਨੂੰ ਆਪਣੇ ਕਿੱਸੇ ‘ਮਿਰਜ਼ਾ ਸਾਹਿਬਾਂ’ ਵਿਚ ਇਸ ਪ੍ਰਕਾਰ ਪ੍ਰਗਟਾਇਆ ਹੈ–
ਸਾਹਿਬਾਂ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ।
ਫੜ ਨ ਜਾਣੇ ਤਕੜੀ ਹਾੜ ਨਾ ਜਾਣੇ ਵੱਟ।
ਤੇਲ ਭੁਲਾਵੇਂ ਭੁਲਾ ਬਾਣੀਆਂ, ਦਿੱਤਾ ਸ਼ਹਿਦ ਉਲੱਟ।
ਵਣਜ ਗੰਵਾ ਲਏ ਬਾਣੀਆਂ ਬਲਦ ਗੰਵਾਏ ਜੱਟ।
ਮਿਰਜ਼ਾ ਤੇ ਸਾਹਿਬਾਂ ਦੇ ਇਸ਼ਕ ਦੀ ਚਰਚਾ ਆਮ ਹੋਣ ਤੇ ਮਿਰਜ਼ੇ ਨੂੰ ਨਾਨਕਾ ਪਿੰਡ ਛੱਡਣਾ ਪਿਆ ਅਤੇ ਉਹ ਆਪਣੇ ਘਰ ਦਾਨਾਬਾਦ ਆ ਗਿਆ। ਸਾਹਿਬਾਂ ਦੇ ਮਾਂ ਪਿਉ ਨੇ ਇਸ ਦੀ ਮੰਗਣੀ ਚੰਧੜ ਕਬੀਲੇ ਦੇ ਤਾਹਿਰ ਖ਼ਾਨ ਨਾਲ ਕਰ ਦਿੱਤੀ ਅਤੇ ਛੇਤੀ ਹੀ ਵਿਆਹ ਹੋਣਾ ਨਿਸਚਿਤ ਹੋਇਆ। ਸਾਹਿਬਾਂ ਨੇ ਮਿਰਜ਼ੇ ਨੂੰ ਸੁਨੇਹਾ ਘੱਲਿਆ ਅਤੇ ਸੁਨੇਹਾ ਮਿਲਦੇ ਹੀ ਮਿਰਜ਼ਾ ਸਾਹਿਬਾਂ ਕੋਲ ਪੁੱਜ ਗਿਆ। ਮਿਰਜ਼ਾ ਮੌਕਾ ਪਾ ਕੇ ਸਾਹਿਬਾਂ ਨੂੰ ਕੰਢ ਕੇ ਦਾਨਾਬਾਦ ਵੱਲ ਤੁਰ ਪਿਆ। ਇਹ ਪਤਾ ਲੱਗਣ ਤੇ ਉਸ ਦੇ ਮਾਮੇ ਅਤੇ ਹੋਰ ਸ਼ਰੀਕਾਂ ਨੇ ਪਿੱਛਾ ਕੀਤਾ। ਮਿਰਜ਼ਾ ਰਾਹ ਵਿਚ ਇਕ ਜੰਡ ਹੇਠ ਆਰਾਮ ਕਰਨ ਲਈ ਲੇਟ ਗਿਆ ਅਤੇ ਉਸ ਨੂੰ ਨੀਂਦ ਆ ਗਈ। ਸਾਹਿਬਾਂ ਨੂੰ ਮਿਰਜ਼ੇ ਦੇ ਬਹਾਦਰ ਹੋਣ ਬਾਰੇ ਪੂਰਾ ਪਤਾ ਸੀ। ਇਸ ਲਈ ਇਸਨੇ ਪਿਉ ਤੇ ਭਰਾ ਦੇ ਮਾਰੇ ਜਾਣ ਦੇ ਡਰ ਤੋਂ ਉਸ ਦਾ ਤਰਕਸ਼ ਜੰਡ ਤੇ ਟੰਡ ਦਿੱਤਾ। ਪਿੱਛੋਂ ਵਾਹਰ ਪੁੱਜ ਗਈ ਅਤੇ ਮਿਰਜ਼ੇ ਨੂੰ ਨਿਹੱਥਾ ਵੇਖ ਕੇ ਮਾਰ ਦਿੱਤਾ। ਸਾਹਿਬਾਂ ਦੀ ਮੌਤ ਬਾਰੇ ਪੀਲੂ ਨੇ ਕੁੱਝ ਨਹੀਂ ਦੱਸਿਆ। ਸਵਿਨਰਟਨ ਅਨੁਸਾਰ, ਸਾਹਿਬਾਂ ਨੇ ਖੰਜਰ ਨਾਲ ਆਤਮਘਾਤ ਕਰ ਲਿਆ ਸੀ।
ਸਾਹਿਬਾਂ ਦੇ ਚਰਿੱਤਰ ਨੂੰ ਪੀਲੂ ਨੇ ਛੁਟਿਆਇਆ ਅਤੇ ਇਸ਼ਕ ਨੂੰ ਲੱਜ ਲਾਉਣ ਵਾਲੀ ਦੱਸਿਆ ਹੈ। ਮਿਰਜ਼ੇ ਨੂੰ ਆਪਣੇ ਆਪ ਤੇ ਪੂਰਾ ਭਰੋਸਾ ਅਤੇ ਮਾਣ ਸੀ ਪਰ ਸਾਹਿਬਾਂ ਦੇ ਤਰਕਸ਼ ਜੰਡ ਉੱਤੇ ਟੰਗ ਦੇਣ ਨਾਲ ਉਸ ਨੂੰ ਭਾਰੀ ਦੁਖਾਂਤ ਦਾ ਸਾਹਮਣਾ ਕਰਨਾ ਪਿਆ।
ਪੀਲੂ ਤੋਂ ਪਿੱਛੋਂ ਹਾਫਿਜ਼ ਬਰਖ਼ੁਰਦਾਰ ਨੇ ਵੀ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਿਆ। ਇਸ ਵਿਚ ਵੀ ਸਾਹਿਬਾਂ ਦੇ ਚਰਿੱਤਰ ਦਾ ਮਾੜਾ ਪੱਖ ਹੀ ਉੱਘੜ ਕੇ ਸਾਹਮਣੇ ਆਉਂਦਾ ਹੈ। ਸਾਹਿਬਾਂ ਮਿਰਜ਼ੇ ਦਾ ਤਰਕਸ਼ ਜੰਡ ਤੇ ਟੰਗ ਦਿੰਦੀ ਹੈ ਅਤੇ ਜਦੋਂ ਮਿਰਜ਼ੇ ਨੂੰ ਪਿਛੋਂ ਆਇਆਂ ਦਾ ਮੁਕਾਬਲਾ ਕਰਨਾ ਪੈਂਦਾ ਹੈ ਤਾਂ ਉਹ ਸਾਹਿਬਾਂ ਨੂੰ ਬਦਦੁਆ ਦਿੰਦਾ ਹੈ–– ‘ਮੇਰਾ ਜੀਵਨ ਬਹੁਤ ਮੁਹਾਲ ਹੈ ਪਰ ਤੂੰ ਭੀ ਹੋਸੇ ਰੰਡ।’
ਮਿਰਜ਼ਾ ਸਾਹਿਬਾਂ ਬਾਰੇ ਹੁਣ ਤਕ ਲਿਖੇ ਗਏ ਕਿੱਸਿਆਂ ਵਿਚੋਂ ਵਧੇਰੇ ਪ੍ਰਸਿੱਧੀ ਪੀਲੂ ਦੇ ਲਿਖੇ ਕਿੱਸੇ ਨੂੰ ਪ੍ਰਾਪਤ ਹੋਈ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-03-50-22, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਸਾ. ਇ. 255-270-ਕੋਹਲੀ; ਮ. ਕੋ; ਪੰ. ਲੋ. ਵਿ. ਕੋ. -3, ਪੰ. ਵਿ. ਕੋ. 4
ਵਿਚਾਰ / ਸੁਝਾਅ
Please Login First