ਸੁਰੰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਰੰਗ [ਨਾਂਇ] ਧਰਤੀ/ਪਹਾੜ ਹੇਠਲਾ ਮਾਰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਰੰਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਰੰਗ. ਵਿ—ਉੱਤਮ ਰੰਗ. ਸੁੰਦਰ ਰੰਗ. “ਸੁਰੰਗ ਰੰਗੀਲੇ ਹਰਿ ਹਰਿ ਧਿਆਇ.” (ਭੈਰ ਨਾਮਦੇਵ) ੨ ਸੰਗ੍ਯਾ—ਲਾਲ ਰੰਗ. “ਭਟ ਤਨ ਭੰਗਹਿ। ਬਰਨ ਸੁਰੰਗਹਿ॥” (ਗੁਪ੍ਰਸੂ) ੩ ਕੈਲੇ ਰੰਗ ਦਾ ਘੋੜਾ । ੪ ਸੰ. ਸਾਰੰਗ. ਮ੍ਰਿਗ. “ਜਿਮ ਲਾਗ ਬਾਣ ਸੁਰੰਗ.” (ਰਾਮਾਵ) ੫ ਇੱਕ ਪ੍ਰਕਾਰ ਦਾ ਪੁਰਾਣਾ ਬਾਜਾ. ਸ੍ਵਰਾਂਗ. ਇਹ ਗਜ ਨਾਲ ਵਜਾਈਦਾ ਸੀ. ਇਸੇ ਦਾ ਰੂਪਾਂਤਰ ਸਾਰੰਗੀ ਹੈ. “ਮੁਚੰਗ ਉਪੰਗ ਸੁਰੰਗ ਸੇ ਨਾਦ ਸੁਨਾਵਹਿਗੇ.” (ਕਲਕੀ) ੬ ਸੰ. सुरङ्ग—ਸੁਰੰਗਾ. ਸੁਰ੘ਗ. mine. “ਉਡਹਿ ਸੁਰੰਗਨ ਮਾਰ ਗਜਬ ਕੀ.” (ਗੁਪ੍ਰਸੂ) ੭ ਜ਼ਮੀਨਦੋਜ਼ ਰਸਤਾ. Tunnel.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਰੰਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੁਰੰਗ ਸੁੰਦਰ ਰੰਗ- ਸੁਰੰਗ ਰੰਗੀਲੇ ਹਰਿ ਹਰਿ ਧਿਆਇ। ਸੋਹਣੇ ਰੰਗ ਵਾਲੀ- ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ। ‘ਸੁਰੰਗ’ ਦੋ ਸ਼ਬਦਾਂ ‘ਸੁ’ ਅਤੇ ‘ਰੰਗ’ ਦੀ ਸੰਧੀ ਤੋਂ ਬਣਿਆ ਹੈ। ‘ਸੁ’ ਦਾ ਅਰਥ ‘ਉਤਮ’ ਜਾਂ ‘ਸੁੰਦਰ’ ਹੈ ਅਤੇ ‘ਰੰਗ’ ਦਾ ਅਰਥ ‘ਵਰਣ ’ ਹੈ। ਸਮੁਚਾ ਭਾਵ ਹੈ- ਸੁੰਦਰ ਰੰਗ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੁਰੰਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁਰੰਗ : ਧਰਤੀ ਜਾਂ ਚਟਾਨ ਦੀ ਉਪਰਲੀ ਸਤ੍ਹਾ ਨੂੰ ਤੋੜੇ ਜਾਂ ਹਟਾਏ ਬਿਨਾਂ ਥਲਿਉਂ ਦੀ ਜੋ ਰਸਤਾ ਬਣਾਇਆ ਜਾਂਦਾ ਹੈ, ਉਸ ਨੂੰ ਸੁਰੰਗ ਕਹਿੰਦੇ ਹਨ। ਕਿਸੇ ਚਟਾਨ ਜਾਂ ਭੂਮੀ ਦੇ ਕਿਸੇ ਭਾਗ ਨੂੰ ਤੋੜਨ ਦੇ ਮੰਤਵ ਨਾਲ ਵਿਸਫ਼ੋਟਕ ਪਦਾਰਥ ਭਰਨ ਲਈ ਕੀਤੇ ਗਏ ਛੇਕ ਜਾਂ ਮਾਰਗ ਨੂੰ ਵੀ ਸੁਰੰਗ ਕਿਹਾ ਜਾਂਦਾ ਹੈ।

          ਕੁਦਰਤ ਵਲੋਂ ਬਣੀਆਂ ਹੋਈਆਂ ਸੁਰੰਗਾਂ ਦੀ ਬਹੁਤ ਮਿਲਦੀਆਂ ਹਨ। ਵਧੇਰੇ ਕਰਕੇ ਦਰਾੜਾਂ ਵਿਚੋਂ ਦੀ ਪਾਣੀ ਹੇਠ੍ਹਾਂ ਜਾਂਦਾ ਹੈ, ਜਿਸ ਵਿਚ ਚਟਾਨ ਦਾ ਅੰਸ਼ ਵੀ ਘੁਲਦਾ ਰਹਿੰਦਾ ਹੈ। ਇਸ ਪ੍ਰਕਾਰ ਕੁਦਰਤੀ ਸੁਰੰਗਾਂ ਬਣ ਜਾਂਦੀਆਂ ਹਨ। ਭਾਰੀ ਗਿਣਤੀ ਵਿਚ ਨਦੀਆਂ ਇਸੇ ਪ੍ਰਕਾਰ ਧਰਤੀ ਦੇ ਅੰਦਰ ਵਹਿੰਦੀਆਂ ਹਨ। ਜੀਵ ਜੰਤੂਆਂ ਦੇ ਰਹਿਣ ਲਈ ਧਰਤੀ ਅੰਦਰ ਬਣੀਆਂ ਖੁੱਡਾਂ ਵੀ ਸੁਰੰਗਾਂ ਦਾ ਹੀ ਇਕ ਰੂਪ ਹਨ।

          ਇਤਿਹਾਸ––ਸੁਰੰਗਾਂ ਬਣਾਉਣ ਦਾ ਇਤਿਹਾਸ ਵੀ ਮਨੁੱਖੀ ਇਤਿਹਾਸ ਜਿੰਨਾਂ ਹੀ ਪ੍ਰਾਚੀਨ ਹੈ। ਸਭ ਤੋਂ ਪਹਿਲਾਂ ਮਨੁੱਖ ਆਪਣੇ ਰਹਿਣ ਲਈ ਅਤੇ ਮੁਰਦੇ ਦਬਾਉਣ ਲਈ ਸੁਰੰਗਾਂ ਦੀ ਵਰਤੋਂ ਕਰਦਾ ਸੀ। ਗੁਫ਼ਾਵਾਂ ਵੀ ਸੁਰੰਗਾਂ ਦਾ ਹੀ ਬਦਲਿਆ ਹੋਇਆ ਰੂਪ ਸਨ। ਫਿਰ ਖਣਿਜ ਪਦਾਰਥ ਕੱਢਣ ਲਈ ਅਤੇ ਨਾਲੀਆਂ ਆਦਿ ਬਣਾਉਣ ਲਈ ਸੁਰੰਗਾਂ ਦੀ ਵਰਤੋਂ ਕੀਤੀ ਗਈ। ਭਾਰਤ ਵਿਚ ਪ੍ਰਾਚੀਨ ਕਾਲ ਦੇ ਬਣੇ ਗੁਫ਼ਾ-ਮੰਦਰ ਸੁਰੰਗ-ਨਿਰਮਾਣ ਦਾ ਪ੍ਰਮਾਣ ਹਨ। ਇਥੋਂ ਤਕ ਕਿ ਕਈ ਗੁਫ਼ਾ-ਮੰਦਰਾਂ ਦੇ ਪ੍ਰਵੇਸ਼ ਦੁਆਰ ਆਧੁਨਿਕ ਸੁਰੰਗਾਂ ਦੇ ਪ੍ਰਵੇਸ਼-ਦੁਆਰਾਂ ਲਈ ਉਸਾਰੀ ਕਲਾ ਦਾ ਨਮੂਨਾ ਸਾਬਤ ਹੁੰਦੇ ਹਨ। ਅਜੰਤਾ, ਅਲੋਰਾ, ਅਤੇ ਐਲੀਫੈਂਟਾ ਦੀਆਂ ਗੁਫ਼ਾਵਾਂ ਭਵਨ-ਉਸਾਰੀ ਲਈ ਸੰਸਾਰ ਪ੍ਰਸਿੱਧ ਹਨ।

          ਸੰਸਾਰ ਦੀਆਂ ਸਾਰੀਆਂ ਮਹਾਨ ਪ੍ਰਾਚੀਨ ਸਭਿਆਤਾਵਾਂ ਨੂੰ ਸੁਰੰਗਾਂ ਬਣਾਉਣ ਦੀ ਸੂਝ ਸੀ। ਬਾਬੁਲ ਵਿਚ ਸਿੰਜਾਈ ਦੇ ਮੰਤਵ ਲਈ ਸੁਰੰਗਾਂ ਬਣਾਈਆਂ ਗਈਆਂ। ਸੰਨ 2180-2160 ਈ. ਪੂ. ਵਿਚ ਫ਼ਰਾਤ ਦਰਿਆ (Euphrates River) ਦੇ ਹੇਠ੍ਹੋਂ ਪੈਦਲ ਰਸਤਾ ਕਢਣ ਲਈ 915 ਮੀ. ਲੰਮੀ ਸੁਰੰਗ ਬਣਾਈ ਗਈ ਜੋ ਸ਼ਾਹੀ ਮਹਿਲ ਨੂੰ ਮੰਦਰ ਨਾਲ ਜੋੜਦੀ ਸੀ। ਆਸਟ੍ਰੀਆ ਵਿਚ ਹਾਲਸਟੈਟ (Hallstatt) ਵਿਖੇ ਹੋਈਆਂ ਖੁਦਾਈਆਂ ਤੋਂ ਪਤਾ ਲਗਦਾ ਹੈ ਕਿ ਇਥੇ 2500 ਈ. ਪੂ. ਵਿਚ ਵੀ ਲੂਣ ਦੀਆਂ ਖਾਣਾਂ ਤਕ ਪਹੁੰਚਣ ਲਈ ਸੁਰੰਗਾਂ ਬਣਾਈਆਂ ਹੋਈਆਂ ਸਨ। ਮਿਸਰ ਦੇ ਲੋਕਾਂ ਨੇ ਚਟਾਨਾਂ ਕੱਟਣ ਲਈ ਤਾਂਬੇ ਦੀ ਆਰੀ ਅਤੇ ਛੇਕ ਕਰਨ ਲਈ ਡਰਿਲ ਆਦਿ ਔਜ਼ਾਰ ਬਣਾਏ ਅਤੇ ਵਰਤੇ ਸਨ। 1250 ਈ. ਪੂ. ਵਿਚ ਨੀਲ ਦਰਿਆ ਦੇ ਕੰਢੇ ਅਬੂ ਸਿੰਬਲ ਮੰਦਰ ਸੈਂਡਸਟੋਨ ਕੱਟ ਕੇ ਬਣਾਇਆ ਗਿਆ। ਸੰਨ 1960 ਵਿਚ ਅਸਵਾਨ ਡੈਮ ਬਣਨ ਨਾਲ ਇਥੇ ਪਾਣੀ ਭਰ ਜਾਣ ਦਾ ਖ਼ਤਰਾ ਸੀ ਇਸ ਲਈ ਇਸ ਮੰਦਰ ਨੂੰ ਕੱਟ ਕੱਟ ਕੇ ਉੱਚੀ ਥਾਂ ਉਪਰ ਲਿਜਾ ਕੇ ਟਿਕਾਇਆ ਗਿਆ। ਈਥੋਪੀਆ ਅਤੇ ਭਾਰਤ ਵਿਚ ਵੱਡੀਆਂ ਵੱਡੀਆਂ ਚਟਾਨਾਂ ਨੂੰ ਕਟ ਕੇ ਕਈ ਮੰਦਰ ਬਣਾਏ ਹੋਏ ਹਨ।

          ਯੂਨਾਨੀ ਅਤੇ ਰੋਮਨ ਸਭਿਅਤਾ ਵਿਚ ਸੁਰੰਗਾਂ ਆਮ ਜ਼ਿੰਦਗੀ ਦਾ ਹਿੱਸਾ ਸਨ। ਇਹ ਲੋਕ ਪਾਣੀ ਦੀਆਂ ਨਾਲਾਂ ਲਈ ਸੁਰੰਗਾਂ ਦੀ ਵਰਤੋਂ ਕਰਦੇ ਸਨ ਜਿਵੇਂ ਛੇਵੀਂ ਸਦੀ ਵਿਚ ਸਾਮੌਸ ਟਾਪੂ ਵਿਖੇ ਬਣੀ 1036 ਮੀ. ਲੰਬੀ ਪਾਣੀ ਦੀ ਨਾਲ ਚੂਨੇ ਦੀ ਚਟਾਨ ਕੱਟ ਕੇ ਬਣਾਈ ਸੀ। ਇਸ ਨਾਲ ਦੇ ਮੂੰਹ ਦਾ ਖੇਤਰਫਲ 4 ਵ. ਮੀ. ਹੈ। ਪ੍ਰਾਚੀਨ ਸਮੇਂ ਦੀ ਸਭ ਤੋਂ ਲੰਮੀ ਸੁਰੰਗ ਨੇਪਲਜ਼ ਅਤੇ ਪੁਜ਼ੋਲੀ ਦੇ ਵਿਚਕਾਰ ਸੀ। ਇਸ ਸੁਰੰਗ ਦੀ ਲੰਬਾਈ 1461 ਮੀ., ਚੌੜਾਈ 7.50 ਮੀ. ਅਤੇ ਉਚਾਈ 3.71 ਮੀ. ਸੀ। ਪੁਰਾਤਨ ਸਮੇਂ ਵਿਚ ਬਹੁਤੀਆਂ ਸੁਰੰਗਾਂ ਠੋਸ ਚਟਾਨਾਂ ਨੂੰ ਕੱਟ ਕੇ ਬਣਾਈਆਂ ਜਾਂਦੀਆਂ ਸਨ। ਅਜਿਹੀਆਂ ਸੁਰੰਗਾਂ ਦੇ ਅੰਦਰਵਾਰ ਸਹਾਰਾ ਦੇਣ ਲਈ ਹੋਰ ਕੁਝ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਸੀ। ਉਦੋਂ ਸੁਰੰਗਾਂ ਵਿਚ ਤਾਜ਼ੀ ਹਵਾ ਦਾ ਇੰਤਜ਼ਾਮ ਨਾ ਹੋਣ ਕਾਰਨ ਅਨੇਕਾਂ ਮਜ਼ਦੂਰ ਮੌਤ ਦੇ ਸ਼ਿਕਾਰ ਹੋ ਜਾਂਦੇ ਸਨ।

          ਰੇਲ ਗੱਦੀ ਦੀ ਕਾਢ ਤੋਂ ਪਹਿਲਾਂ ਸੁਰੰਗਾਂ ਵਧੇਰੇ ਕਰਕੇ ਪਾਣੀ ਲਈ ਵਰਤੀਆਂ ਜਾਂਦੀਆਂ ਸਨ। ਦੁਨੀਆ ਵਿਚ ਪੰਜ ਹਜ਼ਾਰ ਤੋਂ ਵੀ ਵੱਧ ਸੁਰੰਗਾਂ ਕੇਵਲ ਰੇਲ ਗੱਡੀ ਦੇ ਰਸਤਿਆਂ ਲਈ ਬਣਾਈਆਂ ਗਈਆਂ ਹਨ। ਮੈਕਸੀਕੋ ਵਿਚ 105 ਕਿ. ਮੀ. ਲੰਬੀ ਰੇਲ ਦੀ ਪਟੜੀ 21 ਸੁਰੰਗਾਂ ਵਿਚੋਂ ਲੰਘਦੀ ਹੈ। ਦੱਖਣੀ ਪ੍ਰਸ਼ਾਂਤ ਰੇਲਵੇ ਦੀ 32 ਕਿ. ਮੀ. ਦੀ ਦਰੀ ਵਿਚ 11 ਸੁਰੰਗਾਂ ਹਨ। ਨਿਊਯਾਰਕ ਵਿਖੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਦੀ ਲੰਬਾਈ 288 ਕਿ. ਮੀ. ਹੈ। ਭਾਰਤ ਵਿਚ ਕਾਲਕਾ-ਸ਼ਿਮਲਾ ਰੇਲਵੇ ਲਾਈਨ ਦੀ 97 ਕਿ. ਮੀ. ਦੀ ਲੰਬਾਈ ਵਿਚ ਕਈ ਛੋਟੀਆਂ ਵੱਡੀਆਂ ਸੁਰੰਗਾਂ ਹਨ। ਸਭ ਤੋਂ ਵੱਡੀ ਸੁਰੰਗ ਦੀ ਲੰਬਾਈ 1137 ਮੀ. ਹੈ। ਸੰਸਾਰ ਵਿਚ ਹੋਰ ਕਈ ਮਹੱਤਵ ਪੂਰਨ ਸੁਰੰਗਾਂ ਹਨ, ਜਿਵੇਂ ਮਾਊਂਟ ਸੇਨਿਸ ਸੁਰੰਗ 14 ਕਿ. ਮੀ. ਲੰਬੀ (1857-71), ਸੇਂਟ ਗੋਥਾਰਡ 15 ਕਿ. ਮੀ. ਲੰਬੀ (1872-81), ਯੂਰਪ ਦੇ ਐਲਪਸ ਪਰਬਤ ਵਿਚ ਕਨਾਟ ਸੁਰੰਗ (1913-16), ਕਨੇਡਾ ਦੇ ਰੋਗਸਰ ਦੱਰੇ ਵਿਚ ਮੋਫਟ 10 ਕਿ.ਮੀ. ਲੰਬੀ (1923-28) ਅਤੇ ਸੰਯੁਕਤ ਰਾਸ਼ਟਰ ਅਮਰੀਕਾ ਵਿਚ ਨਿਊਕਾਸਕੇਟ (1928) ਹਨ। ਜਾਪਾਨ ਵਿਚ 1918-30 ਵਿਚ ਅਟਾਮੀ ਅਤੇ ਪਿਸ਼ੀਆ ਵਿਚਕਾਰ ਟਾਨਾ ਸੁਰੰਗ ਬਣਾਈ ਗਈ ਜਿਹੜੀ ਦੋ ਪਹਾੜਾਂ ਅਤੇ ਇਕ ਘਾਟੀ ਵਿਚੋਂ ਦੀ ਲੰਘਦੀ ਹੈ। ਇਸ ਦੀ ਵੱਧ ਤੋਂ ਵੱਧ ਡੂੰਘਾਈ 395 ਮੀ. ਹੈ ਅਤੇ ਘਾਟੀ ਦੇ ਭਾਗ ਵਿਚ ਇਹ ਡੂੰਘਾਈ 182 ਮੀ. ਰਹਿ ਜਾਂਦੀ ਹੈ। ਭਾਰਤ ਵਿਚ ਜੰਮੂ-ਸ੍ਰੀਨਗਰ ਸੜਕ ਦੇ ਉਪਰ ਬਨਿਹਾੱਲ ਦੱਰੇ ਵਿਚ ਬਣੀ ਸੁਰੰਗ ਸਭ ਤੋਂ ਲੰਬੀ ਹੈ ਜਿਸ ਦੀ ਲੰਬਾਈ 2790 ਮੀ. ਅਤੇ ਸਮੁੰਦਰੀ ਤਲ ਤੋਂ ਉਚਾਈ 2184 ਮੀ. ਹੈ। ਇਹ ਦੂਹਰੀ ਬਣੀ ਹੋਈ ਹੈ ਜਿਸ ਕਰਕੇ ਆਉਣ ਲਈ ਤੇ ਜਾਣ ਲਈ ਵੱਖੋ ਵੱਖਰੇ ਰਸਤੇ ਹਨ।

          ਸੁਰੰਗ ਬਣਾਉਣ ਤੋਂ ਪਹਿਲਾਂ ਉਥੋਂ ਦੀ ਭੂਮੀ ਜਾਂ ਚਟਾਨ ਦੀ ਵਿਸਤਾਰ ਪੂਰਵਕ ਪੜਤਾਲ ਕਰ ਲੈਣੀ ਚਾਹੀਦੀ ਹੈ। ਆਧੁਨਿਕ ਸੁਰੰਗਾਂ ਵਿਚ ਢਾਲੇ ਹੋਏ ਲੋਹੇ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਲੰਡਨ ਵਿਚ ਰੇਲ ਗੱਡੀਆਂ ਲਈ 144 ਕਿ. ਮੀ. ਲੰਬਾਈ ਦੀਆਂ ਸੁਰੰਗਾਂ ਹਨ ਜਿਨ੍ਹਾਂ ਵਿਚ 1890 ਈ. ਤੋਂ ਮਗਰੋਂ ਢਾਲੇ ਹੋਏ ਲੋਹੇ ਦੀਆਂ ਦੀਵਾਰਾਂ ਅਤੇ ਢੋਲ-ਨੁਮਾਂ ਰੋਕਾਂ ਦੀ ਵਰਤੋਂ ਕੀਤੀ ਗਈ ਹੈ। ਪੈਰਿਸ ਦੀਆਂ ਸੁਰੰਗਾਂ ਦਾ ਉਪਰਲਾ ਅੱਧਾ ਭਾਗ ਢਾਲੇ ਹੋਏ ਲੋਹੇ ਦਾ ਅਤੇ ਹੇਠਲਾ ਅੱਧਾ ਭਾਗ ਚਿਣਾਈ ਦੀ ਦੀਵਾਰ ਦਾ ਬਣਿਆ ਹੋਇਆ ਹੈ। ਜਿਥੇ ਪਾਣੀ ਹੇਠੋਂ ਸੁਰੰਗ ਬਣਾਉਣੀ ਹੋਵੇ ਉਥੇ ਪਹਿਲਾਂ ਤੋਂ ਬਾਹਰ ਤਿਆਰ ਕੀਤੀਆਂ ਵੱਡੀਆਂ ਵੱਡੀਆਂ ਨਾਲਾਂ ਜਾਂ ਪਾਈਪਾਂ ਲਗਾਈਆਂ ਜਾਂਦੀਆਂ ਹਨ। ਵਾਯੂਮੰਡਲ ਨਾਲੋਂ ਤਿੰਨ-ਚਾਰ ਗੁਣਾ ਅਧਿਕ ਹਵਾ ਦਾ ਦਬਾਉ ਪੈਦਾ ਕਰਕੇ ਪਾਣੀ ਨੂੰ ਦੂਰ ਰਖਿਆ ਜਾਂਦਾ ਹੈ। ਘੱਟ ਦਬਾਉ ਤੋਂ ਵੱਧ ਦਬਾਉ ਵੱਲ ਜਾਂ ਵੱਧ ਦਬਾਉ ਤੋਂ ਘੱਟ ਦਬਾਉ ਵੱਲ ਜਾਣ ਲਈ ਕੰਮ ਕਰਨ ਵਾਲਿਆਂ ਨੂੰ ਖ਼ਾਸ ਕਮਰਿਆਂ ਵਿਚੋਂ ਲੰਘਣਾਂ ਪੈਂਦਾ ਹੈ ਤਾਂ ਕਿ ਦਬਾਉ ਦੀ ਤਬਦੀਲੀ ਦਾ ਉਨ੍ਹਾਂ ਉੱਤੇ ਕੋਈ ਅਸਰ ਨਾ ਪਵੇ, ਪਰ ਕਈ ਵਾਰੀ ਆਲੇ ਦੁਆਲੇ ਦੀ ਭੂਮੀ ਨੂੰ ਅੱਡ ਅੱਡ ਠੰਢਾ ਕਰਕੇ ਪਾਣੀ ਜਮਾ ਦਿੱਤਾ ਜਾਂਦਾ ਹੈ ਤੇ ਫਿਰ ਇਸ ਜਮੀ ਹੋਈ ਬਰਫ਼ ਦੇ ਟੁਕਡੇ ਕੱਟ ਕੇ ਬਾਹਰ ਸੁੱਟ ਦਿੱਤੇ ਜਾਂਦੇ ਹਨ।

          ਸੁਰੰਗ ਵਿਚ ਹਵਾ ਅਤੇ ਰੌਸ਼ਨੀ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਸੁਰੰਗ ਬਣਾਉਂਦੇ ਸਮੇਂ ਆਮ ਤੌਰ ਤੇ ਹਵਾ ਅਤੇ ਰੌਸ਼ਨੀ ਲਈ ਕੋਈ ਅਸਥਾਈ ਵਿਵਸਥਾ ਜ਼ਰੂਰ ਕਰ ਲਈ ਜਾਂਦੀ ਹੈ। ਪਰ ਜੇ ਸੁਰੰਗ ਰੇਲ ਗੱਡੀ ਜਾਂ ਸੜਕ ਦੇ ਰਸਤੇ ਵਿਚ ਹੋਵੇ ਤਾਂ ਸੁਰੰਗ ਅੰਦਰ ਪੱਕੇ ਤੌਰ ਤੇ ਹਵਾ ਅਤੇ ਰੌਸ਼ਨੀ ਦਾ ਬੰਦੋਬਸਤ ਕਰਨਾ ਪੈਂਦਾ ਹੈ। ਹਰ 150 ਮੀ. ਦੀ ਦੂਰੀ ਤੇ ਪ੍ਰਕਾਸ਼ ਅਤੇ ਹਵਾ ਲਈ ਵੱਡੇ ਵੱਡੇ ਸੁਰਾਖ਼ ਰੱਖ ਦਿੱਤੇ ਜਾਂਦੇ ਹਨ। ਪਰ ਅਜਿਹਾ ਬਹੁਤ ਲੰਬੀਆਂ ਅਤੇ ਡੂੰਘੀਆਂ ਸੁਰੰਗਾਂ ਵਿਚ ਨਹੀਂ ਕੀਤਾ ਜਾ ਸਕਦਾ ਇਸ ਲਈ ਉਥੇ ਬਣਾਉਟੀ ਢੰਗ ਵਰਤੇ ਜਾਂਦੇ ਹਨ। ਰੇਲ ਗਡੀਆਂ ਅਤੇ ਮੋਟਰ ਗੱਡੀਆਂ ਆਦਿ ਦੇ ਧੂਏਂ ਦੇ ਨਿਕਾਸ ਦਾ ਖ਼ਾਸ ਪ੍ਰਬੰਧ ਕੀਤਾ ਜਾਂਦਾ ਹੈ। ਤਾਪਮਾਨ ਦੇ ਅੰਤਰ ਕਾਰਨ ਵੀ ਹਵਾ ਵੀ ਆਵਾਜਾਈ ਹੁੰਦੀ ਰਹਿੰਦੀ ਹੈ। ਹਵਾ ਨਿਕਾਸੀ ਪੱਖਿਆਂ ਦੀ ਵਰਤੋਂ ਵੀ ਗੰਦੀ ਹਵਾ ਬਾਹਰ ਕੱਢਣ ਲਈ ਕੀਤੀ ਜਾਂਦੀ ਹੈ।

          ਧਰਤੀ ਦੇ ਹੇਠ੍ਹਾਂ ਉਸਾਰੀ ਦਾ ਭਵਿੱਖ––ਦੁਨੀਆ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਜਿਥੇ ਆਬਾਦੀ ਬਹੁਤ ਵੱਧ ਗਈ ਹੈ ਜਿਸ ਕਰਕੇ ਥਾਂ ਦੀ ਤੰਗੀ, ਗੰਦੀ ਹਵਾ, ਆਵਾਜਾਈ ਦੇ ਤੰਗ ਰਸਤੇ, ਸੜਕਾਂ ਬਣਾਉਣ ਸਮੇਂ ਜਾਂ ਮੁਰੰਮਤ ਕਰਕੇ ਸਮੇਂ ਆਵਾਜਾਈ ਵਿਚ ਰੁਕਾਵਟਾਂ ਆਦਿ ਦੀਆਂ ਸਮੱਸਿਆਵਾਂ ਉਠ ਖੜੀਆਂ ਹਨ। ਕਈ ਸ਼ਹਿਰਾਂ ਵਿਚ ਭੂਮੀ ਦਾ ਦੋ ਤਿਹਾਈ ਹਿੱਸਾ, ਗਲੀਆਂ, ਸੜਕਾਂ ਤੇ ਗੱਡੀਆਂ, ਕਾਰਾਂ ਆਦਿ ਖੜਾਉਣ ਦੀ ਥਾਂ ਨੇ ਘੇਰ ਰੱਖਿਆ ਹੈ ਅਤੇ ਸਿਰਫ਼ ਇਕ ਤਿਹਾਈ ਥਾਂ ਉਪਰ ਲੋਕ ਵਸਦੇ ਹਨ। ਪਿਛਲੇ ਦਸਾਂ ਸਾਲਾਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਧਰਤੀ ਉਪਰ ਬਹੁਤੀ ਥਾਂ ਅਜਿਹੀਆਂ ਚੀਜ਼ਾਂ ਨੇ ਮੱਲੀ ਹੋਈ ਹੈ, ਜੋ ਧਰਤੀ ਦੇ ਹੇਠ੍ਹਾਂ ਵੀ ਬਣਾਈਆਂ ਜਾ ਸਕਦੀਆਂ ਹਨ ਜਿਵੇਂ ਆਉਣ ਜਾਣ ਦੇ ਰਸਤੇ, ਕਾਰਾਂ ਖੜੀਆਂ ਕਰਨ ਦੀ ਥਾਂ, ਨਾਲੀਆਂ, ਸਟੋਰ ਆਦਿ। ਧਰਤੀ ਦੇ ਹੇਠ੍ਹਾਂ ਉਸਾਰੀ ਵੱਲ ਉਸ ਵੇਲੇ ਧਿਆਨ ਦਿੱਤਾ ਜਾਂਦਾ ਹੈ ਜਦੋਂ ਧਰਤੀ ਦੇ ਉਪਰ ਉਸਾਰੀ ਸੰਭਵ ਨਾ ਹੋਵੇ।

          ਸੁਰੰਗ, ਬਾਰੂਦੀ––ਯੁੱਧ ਦੇ ਦੌਰਾਨ ਦੁਸ਼ਮਣ ਦੀ ਹਲਚਲ ਨੂੰ ਰੋਕਣ ਲਈ ਵਰਤੇ ਜਾਣ ਵਾਲੇ ਵਿਸਫ਼ੋਟਕ ਢੰਗ ਨੂੰ ਬਾਰੂਦੀ ਸੁਰੰਗ ਕਿਹਾ ਜਾਂਦਾ ਹੈ। ਜ਼ਮੀਨੀ ਅਤੇ ਸਮੁੰਦਰੀ ਯੁੱਧ ਲਈ ਵੱਖੋ ਵੱਖਰੀਆਂ ਬਾਰੂਦੀ ਸੁਰੰਗਾਂ ਵਰਤੀਆਂ ਜਾਂਦੀਆਂ ਹਨ।

          ਜ਼ਮੀਨੀ ਸੁਰੰਗ––ਇਹ ਮਹੱਤਵਪੂਰਨ ਹਥਿਆਰ ਦੂਜੇ ਸੰਸਾਰ ਯੁੱਧ ਵੇਲੇ ਹੋਂਦ ਵਿਚ ਆਇਆ ਸੀ। ਇਹ ਗੋਲ ਜਾਂ ਆਇਤਕਾਰ, ਧਾਤ, ਲੱਕੜ, ਗੱਤਾ ਜਾਂ ਪਲਾਸਟਿਕ ਦੇ ਬਣੇ ਖ਼ੋਲ ਵਿਚ ਵਿਸਫ਼ੋਟਕ ਪਦਾਰਥ ਭਰ ਕੇ ਜ਼ਮੀਨ ਦੀ ਸਤ੍ਹਾ ਉੱਤੇ ਜਾਂ ਹੇਠ੍ਹਾਂ ਰੱਖਿਆ ਜਾਂਦਾ ਹੈ। ਸੰਯੋਜਨ ਜਾਂ ਫਿਊਜ ਦੀ ਕਿਸਮ ਅਨੁਸਾਰ ਮਨੁੱਖੀ ਜਾਂ ਵਾਹਨ ਦੇ ਭਾਰ ਨਾਲ, ਸਮੇਂ ਦੇ ਗੁਜ਼ਰਨ ਨਾਲ ਜਾਂ ਦੂਰਵਰਤੀ ਕੰਟਰੋਲ ਨਾਲ ਸੁਰੰਗ ਫੱਟ ਜਾਂਦੀ ਹੈ। ਜ਼ਮੀਨੀ ਸੁਰੰਗਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ :

          1. ਟੈਂਕ ਵਿਰੋਧੀ ਸੁਰੰਗ––ਪਹਿਲੇ ਸੰਸਾਰ ਯੁੱਧ ਦੇ ਅੰਤਲੇ ਸਮੇਂ ਵਿਚ ਜਰਮਨੀ ਨੇ ਅੰਗਰੇਜ਼ਾਂ ਦੇ ਟੈਂਕਾਂ ਨੂੰ ਰੋਕਣ ਲਈ ਤੋਪ ਦੇ ਗੋਲੇ ਜ਼ਮੀਨ ਹੇਠ੍ਹਾਂ ਦੱਬ ਕੇ ਵਰਤੋਂ ਕੀਤੀ ਸੀ। 1919 ਤੋਂ 1939 ਤਕ ਟੀ. ਐਨ. ਟੀ. (T.N.T.) ਦੇ ਪੰਜ ਜਾਂ ਛੇ ਪੌਂਡ ਭਾਰ ਵਾਲੇ, ਅਮਰੀਕਾ, ਰੂਸ ਅਤੇ ਇੰਗਲੈਂਡ ਨੇ ਟੈਂਕ ਵਿਰੋਧੀ ਸੁਰੰਗ ਇਜਾਦ ਕੀਤੇ। ਦੂਜੇ ਸੰਸਾਰ ਯੁੱਧ ਵਿਚ ਟੈਟਰੀਟਾੱਲ ਭਰਿਆ ਹੁੰਦਾ ਸੀ। ਇਨ੍ਹਾਂ ਦੀ ਵਰਤੋਂ ਟੈਂਕਾਂ ਜਾਂ ਇਕੱਲੇ ਮਨੁੱਖਾਂ ਲਈ ਕੀਤੀ ਜਾਂਦੀ ਸੀ। ਆਧੁਨਿਕ ਅਮਰੀਕੀ ਸੁਰੰਗਾਂ ਵਿਚ 20 ਪੌਂਡ ਭਾਰ ਵਿਚ 12 ਪੌਂਡ ਟੀ. ਐਨ. ਟੀ. ਦਾ ਭਾਰ ਹੁੰਦਾ ਹੈ ਅਤੇ ਇਸ ਨੂੰ ਚਲਾਉਣ ਲਈ 300 ਪੌਂਡ ਭਾਰ ਦੀ ਲੋੜ ਪੈਂਦੀ ਹੈ।

          2. ਮਨੁੱਖ ਵਿਰੋਧੀ ਸੁਰੰਗ––ਇਹ ਮਨੁੱਖ ਨੂੰ ਮਾਰਨ ਜਾਂ ਨਕਾਰਾ ਕਰਨ ਲਈ ਇਕ ਪੌਂਡ ਤੋਂ ਘੱਟ ਵਿਸਫ਼ੋਟਕ ਪਦਾਰਥ ਵਾਲੀ ਸੁਰੰਗ ਹੁੰਦੀ ਹੈ। ਪਹਿਲੀ ਕਿਸਮ ਦੀਆਂ ਉਹ ਹੁੰਦੀਆਂ ਹਨ ਜਿਹੜੀਆਂ ਚਲਣ ਤੋਂ ਪਹਿਲਾਂ ਕੁਝ ਫੁੱਟ ਉਚੀਆਂ ਉਠਦੀਆਂ ਹਨ ਇਸ ਤਰ੍ਹਾਂ ਉਨ੍ਹਾਂ ਦਾ ਪ੍ਰਭਾਵ ਖੇਤਰ ਵੱਧ ਜਾਂਦਾ ਹੈ। ਦੂਜੀ ਕਿਸਮ ਦੀਆਂ ਉਸੇ ਥਾਂ ਚਲਣ ਵਾਲੀਆਂ ਹੁੰਦੀਆਂ ਹਨ। ਦੂਜੇ ਸੰਸਾਰ ਯੁੱਧ ਦੇ ਸਮੇਂ ਲਗਭਗ 50 ਤਰ੍ਹਾਂ ਦੀਆਂ ਸੁਰੰਗਾਂ ਵਰਤੀਆਂ ਗਈਆਂ ਸਨ।

          ਸਮੁੰਦਰੀ ਸੁਰੰਗਾਂ––ਪਾਣੀ ਦੀ ਸਤ੍ਹਾਂ ਦੇ ਹੇਠ ਚਲਣ ਵਾਲਾ ਹਥਿਆਰ ਹੈ। ਇਹ ਸਮੁੰਦਰੀ ਜਾਂ ਹਵਾਈ ਜਹਾਜ਼ਾਂ ਜਾਂ ਪਣਡੁਬੀਆਂ ਨਾਲ ਵਿਛਾਈਆਂ ਜਾਂਦੀਆਂ ਹਨ ਅਤੇ ਜਦੋਂ ਨਿਸ਼ਾਨਾ ਇਨ੍ਹਾਂ ਦੀ ਮਾਰ ਹੇਠ੍ਹਾਂ ਆ ਜਾਂਦਾ ਹੈ ਤਾਂ ਚਲ ਜਾਂਦੀਆਂ ਹਨ। ਇਨ੍ਹਾਂ ਦਾ ਨਿਸ਼ਾਨਾ ਪਹਿਲਾਂ ਨਹੀਂ ਮਿਥਿਆ ਜਾ ਸਕਦਾ ਤੇ ਨਾ ਹੀ ਇਨ੍ਹਾਂ ਦੇ ਪ੍ਰਭਾਵ ਦਾ ਇਕਦਮ ਅੰਦਾਜਾ ਲਗ ਸਕਦਾ ਹੈ। ਸੁਰੰਗ ਇਕ ਸਸਤਾ ਤੇ ਪ੍ਰਭਾਵਸ਼ਾਲੀ ਢੰਗ ਹੈ। ਇਹ ਕਈ ਸਾਲਾਂ ਤਕ ਵਿਛੀਆਂ ਪਈਆਂ ਰਹਿ ਸਕਦੀਆਂ ਹਨ। ਸਮੁੰਦਰੀ ਸੁਰੰਗਾਂ ਨਿਯੰਤ੍ਰਿਤ ਅਤੇ ਆਜ਼ਾਦ ਦੋਵੇਂ ਤਰ੍ਹਾਂ ਦੀਆਂ ਹਨ। ਨਿਗਰਾਨੀ ਤੇ ਨਿਯੰਤਰਨ ਕੇਂਦਰ ਕਿਨਾਰਿਆਂ ਤੇ ਹੋਣ ਕਰ ਕੇ ਨਿਯੰਤ੍ਰਿਤ ਸੁਰੰਗਾਂ ਕੇਵਲ ਬੰਦਰਗਾਹਾਂ ਦੀ ਸੁਰੱਖਿਆ ਲਈ ਵਰਤੀਆਂ ਜਾ ਸਕਦੀਆਂ ਹਨ। ਆਜ਼ਾਦ ਸੁਰੰਗਾਂ ਇਕ ਘੱਟ ਡੂੰਘਾਈ ਵਾਲੇ ਸਮੁੰਦਰ ਤਲ ਤੇ ਅਤੇ ਦੂਸਰੀਆਂ ਲੰਗਰ ਦੀ ਸਹਾਇਤਾ ਨਾਲ ਨਿਸ਼ਚਿਤ ਡੂੰਘਾਈ ਤੇ ਤੈਰਨ ਵਾਲੀਆਂ ਹੁੰਦੀਆਂ ਹਨ। ਸੰਪਰਕ ਸੁਰੰਗਾਂ ਜਹਾਜ਼ ਨਾਲ ਟਕਰਾਉਣ ਨਾਲ ਹੀ ਕੰਮ ਕਰਦੀਆਂ ਹਨ ਜਦੋਂ ਕਿ ਪ੍ਰਭਾਵ ਚਾਲਿਤ ਸੁਰੰਗਾਂ ਜਹਾਜ਼ਾਂ ਦੀ ਨੇੜ੍ਹਤਾ ਕਰ ਕੇ ਚਲਦੀਆਂ ਹਨ। ਵੱਖ ਵੱਖ ਸਿੱਧਾਂਤਾਂ ਤੇ ਅਧਾਰਤ ਮੁਖ ਪ੍ਰਭਾਵ ਚਾਲਿਤ ਸੁਰੰਗਾਂ ਨਿਮਨ ਲਿਖਤ ਹਨ :

          1. ਚੁੰਬਕੀ ਸੁਰੰਗ––ਲੋਹੇ ਜਾਂ ਇਸਪਾਤ ਦੇ ਬਣੇ ਜਹਾਜ਼ ਦੇ ਚੁੰਬਕੀ ਖੇਤਰ, ਸਥਾਈ ਜਾਂ ਪ੍ਰੇਰਿਤ, ਦੇ ਅਸਰ ਨਾਲ ਇਹ ਸੁਰੰਗ ਚਲ ਜਾਂਦੀ ਹੈ ਜਿਸ ਦੇ ਬਚਾਓ ਲਈ ਜਹਾਜ਼ ਦੇ ਚੁੰਬਕੀ ਖੇਤਰ ਦੀ ਸ਼ਕਤੀ ਨੂੰ ਘਟਾਇਆ ਜਾਂਦਾ ਹੈ। ਡੀਗਾਉਸਿੰਗ (degaussing), ਫਲੈਸ਼ਿੰਗ ਜਾਂ ਤੇਜ਼ ਰੌਸ਼ਨੀ, ਵਾਈਪਿੰਗ (wiping) ਜਾਂ ਡੀਪਰਮਿੰਗ (deperming) ਢੰਗ ਵਰਤੇ ਜਾਂਦੇ ਹਨ।

          2. ਦਬਾਉ ਸੁਰੰਗ––ਦਬਾਉ ਦੇ ਅੰਤਰ ਨਾਲ ਚਲਣ ਵਾਲੀ ਇਕ ਸੁਰੰਗ ਹੈ। ਜਹਾਜ਼ ਦੇ ਚਲਦੇ ਸਮੇਂ ਉਸ ਦੇ ਥੱਲੇ ਹੇਠ੍ਹਾਂ ਸੁਰੰਗ ਦੇ ਆਲੇ-ਦੁਆਲੇ ਦਾ ਦਬਾਉ ਘੱਟ ਜਾਂਦਾ ਹੈ ਜਿਸ ਨਾਲ ਇਹ ਸੁਰੰਗ ਚਲ ਜਾਂਦੀ ਹੈ। ਇਸ ਨੂੰ ਹਟਾਉਣ ਲਈ ਕੇਵਲ ਦੋ ਹੀ ਢੰਗ ਵਰਤੇ ਜਾ ਸਕਦੇ ਹਨ ਇਕ ਤਾਂ ਗੋਤਾ ਖੋਰ ਨੂੰ ਉਤਾਰਕੇ, ਦੂਜਾ ਜਹਾਜ਼ ਦੇ ਅਕਾਰ ਦਾ ਨਸ਼ਟ ਹੋਣ ਯੋਗ ਨਿਸ਼ਾਨਾ ਵਰਤ ਕੇ।

          ਧੁਨੀ ਸੁਰੰਗ––ਇਸ ਵਿਚ ਮਾਈਕ੍ਰੋਫ਼ੋਨ ਦੀ ਸਹਾਇਤਾ ਨਾਲ ਜਹਾਜ਼ ਦੇ ਪੱਖਿਆਂ ਅਤੇ ਇੰਜਣ ਦੀ ਆਵਾਜ਼ ਨੂੰ ਪਕੜਿਆ ਜਾਂਦਾ ਹੈ ਤੇ ਇਹ ਚਲਦੀ ਹੈ। ਇਸ ਦੀ ਪ੍ਰਭਾਵਕਾਰੀ ਉਮਰ ਬਹੁਤ ਘੱਟ ਹੈ ਕਿਉਂਕਿ ਸਮੇਂ ਨਾਲ ਸਮੁੰਦਰੀ ਪੌਦੇ, ਲੱਕੜ ਆਦਿ ਨੂੰ ਢਕ ਜਾਂ ਘੇਰ ਲੈਂਦੇ ਹਨ। ਜਹਾਜ਼ਾਂ ਨਾਲ ਹੈਮਰ ਬਾਕਸ ਲਗਾਏ ਜਾਂਦੇ ਹਨ ਜਿਹੜੇ ਕਿ ਇਨ੍ਹਾਂ ਨੂੰ ਹਟਾਉਣ ਵਿਚ ਮਦਦ ਕਰਦੇ ਹਨ।

          ਸੁਰੰਗ ਹਟਾਊ––ਸੁਰੰਗ ਹਟਾਊ ਦੋ ਪਰਕਾਰ ਦੇ ਹੁੰਦੇ ਹਨ : ਸਾਗਰੀ ਸੁਰੰਗ ਹਟਾਊ ਅਤੇ ਕਿਨਾਰਾ ਸੁਰੰਗ ਹਟਾਊ। ਸਮੁੰਦਰੀ ਸੁਰੰਗ ਹਟਾਊ ਨਾਲੋ ਹੋਲੇ ਹੁੰਦੇ ਹਨ। ਇਹ ਜਹਾਜ਼ ਐਲੂਮੀਨਿਅਮ ਅਤੇ ਲੱਕੜੀ ਦੇ ਬਣਾਏ ਜਾਂਦੇ ਹਨ ਤਾਂ ਜੋ ਚੁੰਬਕੀ ਕ੍ਰਿਆਸ਼ੀਲਤਾ ਨਾ ਹੋਵੇ। ਅਵਤਰਨੀ ਬੇੜੀਆਂ ਵੱਡੇ ਜਹਾਜ਼ਾਂ ਵਿਚੋਂ ਉਤਰ ਕੇ ਕਿਨਾਰਿਆਂ ਦੇ ਨੇੜੇ ਪਹੁੰਚ ਸਕਦੀਆਂ ਹਨ। ਡੁਬਕਨੀ ਕਿਸ਼ਤੀਆਂ ਆਧੁਨਿਕ ਸੁਰੰਗ ਹਟਾਊਆਂ ਵਿਚੋਂ ਇਕ ਹਨ। ਇਹ ਬਹੁਤੇ ਸਮੇਂ ਤਕ ਪਾਣੀ ਦੇ ਹੇਠ੍ਹਾਂ ਰਹਿ ਸਕਦੀਆਂ ਹਨ। ਅੱਜ ਕਲ੍ਹ ਤਾਂ ਪਰਮਾਣੂ-ਸ਼ਕਤੀ ਨਾਲ ਚਲਣ ਵਾਲੀਆਂ ਡੁਬਕਨੀਆਂ ਕਿਸ਼ਤੀਆਂ ਬਣ ਚੁਕੀਆਂ ਹਨ ਜਿਹੜੀਆਂ ਕਿ ਕਈ ਸਾਲਾਂ ਤਕ ਪਾਣੀ ਦੇ ਹੇਠ੍ਹਾਂ ਰਹਿ ਸਕਦੀਆਂ ਹਨ। ਫ਼ਰਿਗੇਟ ਡੁਬਕਨੀ ਕਿਸ਼ਤੀਆਂ ਦੇ ਵਿਰੁੱਧ ਵਰਤਿਆ ਜਾਣ ਵਾਲਾ ਜਹਾਜ਼ ਹੈ ਇਨ੍ਹਾਂ ਦਾ ਮੁਖ ਕੰਮ ਦੁਸ਼ਮਣ ਦੀਆਂ ਡੁਬਕਨੀ ਕਿਸ਼ਤੀਆਂ ਨੂੰ ਲੱਭਣਾ ਅਤੇ ਬਰਬਾਦ ਕਰਨਾ ਹੈ। ਇਹ ਤੇਜ਼ ਰਫ਼ਤਾਰ, ਪੰਜਾਹ ਮੀ. ਲੰਬੇ, ਸੱਤ ਮੀ. ਚੌੜੇ ਅਤੇ ਦੋ ਜਾਂ ਢਾਈ ਹਜ਼ਾਰ ਟਨ ਭਾਰੇ ਹੁੰਦੇ ਹਨ। ਦੋ ਸੌ ਆਦਮੀ ਇਨ੍ਹਾਂ ਉੱਤੇ ਕੰਮ ਕਰਦੇ ਹਨ ਅਤੇ ਬਚਾਓ ਲਈ ਛੋਟੀਆਂ ਤੋਪਾਂ ਆਦਿ ਰੱਖੀਆਂ ਹੁੰਦੀਆਂ ਹਨ। ਅੱਜ ਕਲ੍ਹ ਅਜਿਹੇ ਕੰਮ ਲਈ ਸਮੁੰਦਰੀ ਬੇੜੇ (ਕਈ ਜਹਾਜ਼ ਇਕੱਠੇ) ਵਰਤੇ ਜਾਂਦੇ ਹਨ। ਇਸ ਵਿਚ ਤੇਲ ਅਤੇ ਰਾਸ਼ਨ ਦੇ ਜਹਾਜ਼ ਵੀ ਹੁੰਦੇ ਹਨ।

          ਹ. ਪੁ.––ਹਿੰ. ਵਿ. ਕੋ. 12:134; ਐਨ. ਬ੍ਰਿ. 15:495.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੁਰੰਗ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਰੰਗ, ਵਿਸ਼ੇਸ਼ਣ : ਜਿਸ ਦਾ ਰੰਗ ਸੋਹਣਾ ਹੋਵੇ, ਚੰਗੇ ਰੰਗ ਦਾ, ਇਕੋ ਰੰਗ ਦਾ, ੧.  ਸੁਹਣਾ ਰੰਗ; ੨. ਹਲਕੇ ਸੁਰਖ ਰੰਗ ਦਾ ਘੋੜਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-12-35-46, ਹਵਾਲੇ/ਟਿੱਪਣੀਆਂ:

ਸੁਰੰਗ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਰੰਗ, ਇਸਤਰੀ ਲਿੰਗ : ੧. ਧਰਤੀ ਪਹਾੜ ਆਦਿ ਨਿੱਗਰ ਚੀਜ਼ ਦੇ ਵਿਚੋਂ ਦੀ ਕੱਟ ਕੇ ਬਣਾਇਆ ਰਸਤਾ, ਗੁਪਤ ਰਸਤਾ, (ਲਾਗੂ ਕਿਰਿਆ : ਹੋਣਾ, ਕਰਨਾ, ਸੁਣਾਉਣਾ) (ਲਾਗੂ ਕਿਰਿਆ : ਲਾਉਣਾ)  ੨. ਸੰਨ੍ਹ, ਪਾੜ; (ਲਾਗੂ ਕਿਰਿਆ : ਲਾਉਣਾ); ੩.  ਪੱਥਰ ਧਰਤੀ ਆਦਿ ਵਿਚ ਅਜੇਹੀ ਮੋਰੀ ਜਿਸ ਵਿਚ ਬਰੂਦ ਭਰ ਕੇ ਮਕਾਨ ਜਾਂ ਚਟਾਨ ਨੂੰ ਉਡਾਇਆ ਜਾਵੇ; ੪. ਸਮੁੰਦਰ ਅੰਦਰ ਤਰਦਾ ਰਹਿਣ ਵਾਲਾ ਜਹਾਜ਼ ਡੋਬੂ ਬੰਬ ਜੋ ਠੋਕਰ ਖਾ ਕੇ ਫੱਟ ਜਾਂਦਾ ਹੈ (ਲਾਗੂ ਕਿਰਿਆ : ਵਿਛਾਉਣਾ)

–ਸੁਰੰਗੀਆ, ਪੁਲਿੰਗ : ਸੁਰੰਗ ਲਾਉਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-12-36-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.