ਸੌਦਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੌਦਾ (ਨਾਂ,ਪੁ) 1 ਮੁੱਲ ਦੇ ਕੇ ਖਰੀਦੀਆਂ ਘਰੇਲੂ ਚੀਜਾਂ ਵਸਤਾਂ 2 ਵਿਉਪਾਰ ਵਿੱਚ ਕੀਤਾ ਲੈਣ ਦੇਣ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੌਦਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੌਦਾ [ਨਾਂਪੁ] ਲੈਣ-ਦੇਣ, ਵਣਜ , ਵਪਾਰ , ਵਪਾਰ ਵਿੱਚ ਕੀਤਾ ਇਕਰਾਰਨਾਮਾ; ਵਪਾਰ ਦੀ ਵਸਤ , ਸਮੱਗਰੀ; ਘਰੇਲੂ ਨਿਕ-ਸੁਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੌਦਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੌਦਾ. ਦੇਖੋ, ਸਉਦਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੌਦਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bargain_ਸੌਦਾ: ਕਿਸੇ ਚੀਜ਼ ਦੀ ਵਿਕਰੀ ਜਾਂ ਵਿਹਾਰ ਵਿਚ ਲੈਣ ਦੇਣ ਦੀਆਂ ਬਾਨ੍ਹਾਂ ਬਾਬਤ ਕਰਾਰ। ਸੌਦੇ ਨੂੰ ਮੁਆਇਦਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਵਿਚ ਬਦਲ ਦਾ ਲੋੜ ਅਨੁਸਾਰ ਪੂਰਾ ਹੋਣਾ ਜ਼ਰੂਰੀ ਨਹੀਂ ਹੈ ਅਤੇ ਸੌਦਾ ਕਰਨ ਵਾਲੀਆਂ ਧਿਰਾਂ ਦੀਆਂ ਲੋੜਾਂ ਆਦਿ ਮੁਤਾਬਕ ਬਦਲ ਵੱਧ ਘਟ ਹੋ ਸਕਦਾ ਹੈ।

       ਬਲੈਕ ਦੀ ਡਿਕਸ਼ਨਰੀ ਅਨੁਸਾਰ ਸੌਦੇ ਦਾ ਲਾਜ਼ਮੀ ਤੌਰ ਤੇ ਮੁਆਇਦਾ ਹੋਣਾ ਜ਼ਰੂਰੀ ਨਹੀਂ ਕਿਉਂਕਿ ਬਦਲ ਨਾਕਾਫ਼ੀ ਹੋ ਸਕਦਾ ਹੈ ਜਾਂ ਵਿਹਾਰ ਆਪਣੇ ਆਪ ਵਿਚ ਗ਼ੈਰ-ਕਾਨੂੰਨੀ ਹੋ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਸੌਦਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੌਦਾ : ਮਿਰਜ਼ਾ ਮੁਹੰਮਦ ਰਫ਼ੀ ਇਸਦਾ ਅਸਲ ਨਾਂ ਅਤੇ ਤਖ਼ਲੱਸ ਸੌਦਾ ਸੀ। ਸੌਦਾ ਦੇ ਵੱਡੇ ਵੱਡੇਰੇ ਕਾਬਲ ਦੇ ਰਹਿਣ ਵਾਲੇ ਸਨ। ਇਸਦੇ ਪਿਤਾ ਦਾ ਨਾਂ ਮਿਰਜ਼ਾ ਸੂਫ਼ੀ ਸੀ ਜਿਹੜਾ ਵਪਾਰ ਲਈ ਹਿੰਦੁਸਤਾਨ ਆਇਆ ਸੀ।

          ਆਜ਼ਾਦ ਨੇ ਇਸ ਦਾ ਜਨਮ 1125 ਹਿਜ਼ਰੀ ਲਿਖਿਆ ਸੀ ਜਦ ਕਿ ਕਾਇਮ ਨੇ ਇਸਦਾ ਜਨਮ 116 ਹਿਜਰੀ ਤੋਂ ਪਹਿਲਾਂ ਦੱਸਿਆ ਹੈ। ਇਸਦੇ ਪਿਤਾ ਦੀ ਮੌਤ ਉਪਰੰਤ ਇਸਨੂੰ ਕਾਫ਼ੀ ਰਕਮ ਵਿਰਸੇ ਵਿਚ ਮਿਲੀ ਪਰ ਇਸ ਨੇ ਸ਼ਾਇਰ-ਮੱਜਾਜ਼ੀ ਅਤੇ ਦੋਸਤਾਂ ਉੱਪਰ ਖਰਚ ਕਰ ਦਿੱਤਾ। ਸ਼ੁਰੂ ਵਿਚ ਇਹ ਫਾਰਸੀ ਵਿਚ ਲਿਖਦਾ ਰਿਹਾ ਅਤੇ ਮਿਰਜ਼ਾ ਮੁਹੰਮਦ ਜ਼ਮਾਂ ਉਰਫ਼ ਸੁਲੇਮਾਨ ਕੁਲੀ ਖ਼ਾਂ ਤੋਂ ਇਸਲਾਹ ਪ੍ਰਾਪਤ ਕਰਦਾ ਰਿਹਾ। ਸੌਦਾ ਨੂੰ ਖ਼ਾਨ ਆਰਜੂ ਦੀ ਸੰਗਤ ਵਿਚ ਬੈਠਣ ਦਾ ਮੌਕਾ ਵੀ ਮਿਲਿਆ ਜਿਸ ਨੇ ਇਸਨੂੰ ਉਰਦੂ ਵਿਚ ਲਿਖਣ ਦੀ ਪ੍ਰੇਰਨਾ ਦਿੱਤੀ। ਹੁਣ ਇਸ ਨੇ ਹਾਤਮਵਲੀ ਨੂੰ ਆਪਣਾ ਉਸਤਾਦ ਮੰਨ ਲਿਆ ਅਤੇ ਉਰਦੂ ਵਿਚ ਲਿਖਣ ਵੱਲ ਧਿਆਨ ਦੇਣ ਲੱਗ ਪਿਆ। ਚੰਗਾ ਕਲਾਮ ਲਿਖਣ ਕਰਕੇ ਇਸਦੀ ਸ਼ੁਹਰਤ ਦੂਰ ਦੂਰ ਤੱਕ ਫੈਲ ਗਈ ਅਤੇ ਇਸਦੀ ਰਸਾਈ ਸ਼ਾਹੀ ਦਰਬਾਰ ਤੱਕ ਹੋ ਗਈ। ਮੀਰ ਅਤੇ ਕਾਇਮ ਅਨੁਸਾਰ, ਇਸਨੂੰ ਮੁਲਕ ਊਲ ਸ਼ੁਅਰਾ ਦਾ ਖਿਤਾਬ 1165 ਹਿਜਰੀ ਤੋਂ ਪਹਿਲਾਂ ਮਿਲ ਚੁੱਕਾ ਸੀ। ਇਸਦੇ ਸਰਪੱਰਸਤ ਇਸਦੀ ਹਰ ਪ੍ਰਕਾਰ ਮਾਲੀ ਸਹਾਇਤਾ ਕਰਦੇ ਰਹਿੰਦੇ ਸਨ।

          ਦਿੱਲੀ ਦੀ ਰਾਜਸੀ ਹਾਲਤ ਖਰਾਬ ਹੋ ਜਾਣ ਕਾਰਨ ਇਸ ਦਾ ਮਨ ਦਿੱਲੀ ਵਿਚ ਨਹੀਂ ਲੱਗਦਾ ਸੀ। ਇਹ ਦਿੱਲੀ ਛੱਡ ਕੇ ਫਰੁੱਖਾ-ਬਾਦ ਅਹਿਮਦ ਖ਼ਾ ਬੰਗਸ਼ ਕੋਲ ਚਲਾ ਗਿਆ। ਪਿੱਛੋਂ 1185 ਹਿਜਰੀ ਵਿਚ ਅਹਿਮਦ ਖਾਂ ਬੰਗਸ਼ ਦੀ ਮੌਤ ਹੋਣ ਕਾਰਨ ਸੌਦਾ ਫੈਜ਼ਾਬਾਦ ਆ ਗਿਆ।

          ਫੈਜ਼ਾਬਾਦ ਨਵਾਬ ਸ਼ੁਜਾਉਦੌਲਾ ਦੀ ਰਾਜਧਾਨੀ ਸੀ। ਨਵਾਬ ਨੇ ਸੌਦਾ ਦੀ ਬਹੁਤ ਕਦਰ ਕੀਤੀ। ਰਾਜਧਾਨੀ ਫ਼ੈਜ਼ਾਬਾਦ ਤੋਂ ਲਖਨਊ ਬਦਲਣ ਨਾਲ ਸੌਦਾ ਵੀ ਲਖਨਊ ਆ ਗਿਆ। ਇੱਥੇ ਕੁਝ ਚਿਰ ਪਿੱਛੋਂ ਇਸਨੂੰ 3000 ਰੁਪਏ ਸਾਲਾਨ ਵਜ਼ੀਫ਼ਾ ਮਿਲਣਾ ਸ਼ੁਰੂ ਹੋ ਗਿਆ। ਇਹ 1195 ਹਿਜਰੀ ਵਿਚ ਦਿੱਲੀ ਵਾਪਸ ਆ ਗਿਆ ਅਤੇ ਇਸੇ ਸਾਲ ਇਸਦੀ ਮੌਤ 4 ਰਜਬ ਨੂੰ ਹੋ ਗਈ।

          ਸੌਦਾ ਬਹੁਤ ਉੱਚ ਦਰਜੇ ਦਾ ਸ਼ਾਇਰ ਸੀ। ਇਸਦਾ ਇਕ ਬਹੁਤ ਵੱਡਾ ਕੁਲਿਯਾਤ ਮਿਲਦਾ ਹੈ। ਆਲਚੋਨਾ ਦੇ ਖੇਤਰ ਵਿਚ ਇਸ ਦੀਆਂ ਦੋ ਪੁਸਤਕਾਂ ਪ੍ਰਸਿੱਧ ਹਨ : 1. ਇਬਰਤ-ਉਲ-ਗ਼ਾਫ਼ਲੀਨ ; 2. ਸਬੀਲਿ-ਹਦਾਇਤ। ਕੁਲਿਯਾਤ ਵਿਚ ਕਈ ਪ੍ਰਕਾਰ ਦੇ ਵੱਖ ਵੱਖ ਵਿਸ਼ਿਆਂ ਤੇ ਲਿਖਿਆ ਗਿਆ ਕਲਾਮ ਮਿਲਦਾ ਹੈ। ਇਬਰਤ-ਉਲ-ਗ਼ਾਫ਼ਲੀਨ ਇਕ ਰਸਾਲਾ ਹੈ ਜੋ ਫਾਖ਼ਰ ਮਕੀਂ ਦੀਆਂ ਉਨ੍ਹਾਂ ਕਾਰਸਤਾਨੀਆਂ ਦੇ ਜਵਾਬ ਵਿਚ ਲਿਖਿਆ ਗਿਆ ਸੀ, ਜਿਹੜੀਆਂ ਉਸ ਨੇ ਅਸਰਫ਼ ਅਲੀ ਖਾਂ ਦੇ ਤਜ਼ਕਰੇ ਦੇ ਹੱਕ ਵਿਚ ਕੀਤੀਆਂ ਸਨ। ਸਬੀਲਿ ਹਦਾਇਤ ਇਕ ਮਸਨਵੀ ਹੈ। ਇਹ ਵੀ ਖਿਆਲ ਹੈ ਕਿ ਸੌਦਾ ਨੇ ਇਕ ਤਜ਼ਕਰਾ ਵੀ ਲਿਖਿਆ ਸੀ। ਫ਼ਾਰਸੀ ਦਾ ਇਕ ਵਖਰਾ ਦੀਵਾਨ ਸੌਦਾ ਦਾ ਲਿਖਿਆ ਮਿਲਦਾ ਹੈ। ਇਸ ਦੀਆਂ ਲਿਖੀਆਂ ਇਕ ਸੌ ਨੌਂ ਪਹੇਲੀਆਂ ਵੀ ਮਿਲਦੀਆਂ ਹਨ। ਕੁਝ ਕਲਾਮ ਅਪ੍ਰਕਾਸ਼ਿਤ ਵੀ ਹੈ।

          ਸੌਦਾ ਦਾ ਵਿਸ਼ੇਸ਼ ਖ਼ੇਤਰ ਹਿਜੋ ਸੀ। ਹਿਜੋ ਦੇ ਤਿੰਨ ਪੱਖ ਹਨ : (1) ਸਮਾਜ ਦੀਆਂ ਇਖ਼ਲਾਕੀ ਬੁਰਾਈਆਂ ਵਿਰੁੱਧ (2) ਰਾਜਸੀ ਅਤੇ ਹਕੂਮਤ ਨਾਲ ਸਬੰਧਤ ਬੁਰਾਈਆਂ ਵਿਰੁੱਧ ਅਤੇ (3) ਵੱਖ ਵੱਖ ਵਿਅਕਤੀਆਂ ਦੀਆਂ ਬੇਹੂਦਗੀਆਂ ਵਿਰੁੱਧ।

          ਇਸ ਨੂੰ ਕਸਾਇਦ ਦੀ ਤਸ਼ਬੀਬ ਲਿਖਣ ਵਿਚ ਵਿਸ਼ੇਸ਼ ਮੁਹਾਰਤ ਸੀ। ਮਰਸੀਏ ਵੀ ਇਸਨੇ ਵਧੀਆ ਲਿਖੇ ਹਨ। ਪਹੇਲੀਆਂ ਹਿੰਦੀ ਭਾਸ਼ਾ ਵਿਚ ਹਨ ਪਰ ਲਿਖੀਆਂ ਉਰਦੂ ਵਿਚ ਹੀ ਗਈਆਂ ਹਨ। ਇਹ ਵੀ ਬਹੁਤ ਉੱਚ ਕਿਸਮ ਦੀਆਂ ਹਨ। ਇਨ੍ਹਾਂ ਤੋਂ ਇਹ ਪਤਾ ਲਗਦਾ ਹੈ ਕਿ ਹਿੰਦੀ ਉਪਰ ਇਸਨੂੰ ਕਾਫ਼ੀ ਕਾਬੂ ਸੀ। ਨਸਰ ਵਿਚ ਇਸ ਦਾ ਕੇਵਲ ਇਕ ਦੀਬਾਚਾ ਮਿਲਦਾ ਹੈ। ਰਸਾਲਾ ਇਬਰਤ ਉਲ ਗਾਫਲੀਨ ਵੀ ਨਸਰ ਵਿਚ ਹੈ।

          ਸ਼ਬਦਾਂ ਦੀ ਚੋਣ ਵਿਚ ਇਹ ਮਾਹਿਰ ਸੀ ਅਤੇ ਇਸ ਨੇ ਬਹੁਤ ਸਾਰੇ ਨਵੇਂ ਸ਼ਬਦਾਂ ਅਤੇ ਮੁਹਾਵਰਿਆਂ ਨੂੰ ਉਰਦੂ ਭਾਸ਼ਾ ਵਿਚ ਪ੍ਰਚਲਤ ਕੀਤਾ।

          ਹ. ਪੁ.––ਸੌਦਾ––ਸ਼ੇਖ ਚਾਂਦ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਸੌਦਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੌਦਾ, ਤੁਰਕੀ / ਪੁਲਿੰਗ : ੧.  ਲੈਣ ਦੇਣ, ਬਪਾਰ, ਵਪਾਰ, ਵਣਜ; ੨. ਸੌਦਾਗਰੀ ਦਾ ਮਾਲ, ਹੱਟੀ ਦਾ ਵੱਖਰ ਜਾਂ ਵੜ (ਇਸ ਦੁਕਾਨ ਵਿੱਚ ਸਭ ਸੌਦੇ ਹਨ); ੩.  ਖਾਣ ਪੀਣ ਦੀਆਂ ਚੀਜਾਂ ਜਾਂ ਘਰੇਲੂ ਵਰਤੋਂ ਦੀਆਂ ਵਸਤਾਂ ਜੋ ਦੁਕਾਨਾਂ ਤੋਂ ਖਰੀਦੀਆਂ ਜਾਣ (ਥੋੜਾ ਜਿੰਨਾ ਸੌਦਾ ਲੈ ਲਈਏ)

–ਸੌਦਾ ਸੁਲਫ਼, ਸੌਦਾ ਸਲਫ਼, ਪੁਲਿੰਗ : ਖਾਣ ਪੀਣ ਦੀ ਚੀਜ਼

–ਸੌਦਾ ਸੂਤ, ਪੁਲਿੰਗ : ਚੀਜ਼ਾਂ ਵਸਤਾਂ, ਜਿਨਸ ਮਾਲ

–ਸੌਦਾ ਹੋ ਜਾਣਾ, ਸੌਦਾ ਹੋਣਾ, ਮੁਹਾਵਰਾ : ਆਪਸ ਵਿੱਚ ਵੀ ਕੀਮਤ ਤੈ ਹੋ ਜਾਣਾ

–ਸੌਦਾ ਕਰਨਾ, ਮੁਹਾਵਰਾ : ੧.  ਕੋਈ ਚੀਜ਼ ਖਰੀਦਣ ਜਾਂ ਵੇਚਣ ਲੱਗਿਆਂ ਭਾ ਆਦਿ ਕੁਝ ਚੁਕਾ ਲੈਣਾ; ੨. ਚੀਜ਼ ਨਾਲ ਚੀਜ਼ ਵਟਾਉਣਾ, ਮਾਰਚਾ ਲਾਉਣਾ

–ਸੌਦਾ ਖਤਮ ਹੋਣਾ, ਮੁਹਾਵਰਾ : ੧.  ਅੰਤ ਹੋਣਾ, ਅਖੀਰ ਹੋਣਾ, ਜੀਵਨ ਸ਼ਕਤੀ ਨਾ ਰਹਿਣਾ; ੨. ਨਮਰਦ ਹੋਣਾ, ਕਾਸੇ ਜੋਗਾ ਨਾ ਰਹਿਣਾ

–ਸੌਦਾਗਰ, ਪੁਲਿੰਗ : ਬਪਾਰੀ ਜੋ ਦੇਸ ਬਦੇਸ ਬਪਾਰ ਕਰੇ, ਜੋ ਇੱਕ ਥਾਂ ਦੀਆਂ ਚੀਜ਼ਾਂ ਦੂਜੇ ਥਾਂ ਜਾ ਵੇਚੇ

–ਸੌਦਾਗਰਨੀ, ਸੌਦਾਗਰਾਣੀ, ਇਸਤਰੀ ਲਿੰਗ : ਸੋਦਾਗਰ ਦੀ ਵਹੁਟੀ

–ਸੌਦਾਗਰੀ, ਇਸਤਰੀ ਲਿੰਗ : ਸੌਦਾਗਰ ਦਾ ਕੰਮ ਵੇਚਣ ਖਰੀਦਣ ਦਾ ਕੰਮ

–ਸੌਦਾ ਚੁੱਕ ਜਾਣਾ, ਕਿਰਿਆ ਅਕਰਮਕ : ਸੌਦਾ ਬਣ ਜਾਣਾ, ਸੌਦਾ ਹੋ ਜਾਣਾ, ਖਰੀਦ ਵੇਚਣ ਦੀ ਗੱਲ ਤੈ ਹੋ ਜਾਣਾ, ਕੀਮਤ ਤੈ ਹੋਣਾ

–ਸੌਦਾ ਪੱਟਣਾ, ਕਿਰਿਆ ਅਕਰਮਕ : ਸੌਦਾ ਹੋਣਾ, ਭਾ ਚੁਕਾਇਆ ਜਾਣਾ, ਸੌਦਾ ਮੁਕੰਮਲ ਹੋ ਜਾਣਾ (ਕ੍ਰਿਤ ਭਾਈ ਬਿਸ਼ਨਦਾਸ ਪੁਰੀ)

–ਸੌਦਾ ਪੱਤਰ, ਸੌਦਾ ਪੱਤਾ, ਪੁਲਿੰਗ : ਵੇਚਣ ਵਾਲੀਆਂ ਚੀਜ਼ਾਂ, ਖਾਣ ਵਰਤਣ ਦੀਆਂ ਚੀਜ਼ਾਂ ਜੋ ਖਰੀਦੀਆਂ ਜਾਣ

–ਸੌਦਾ ਬਣਾਉਣਾ, ਮੁਹਾਵਰਾ : ਸੌਦਾ ਕਰਨਾ, ਕੋਈ ਚੀਜ਼ ਵੇਚਣ ਜਾਂ ਖਰੀਦਣ ਲਈ ਯੋਗ ਮੁੱਲ ਤੈ ਕਰਨਾ

–ਸੌਦਾ ਮੁੱਕ ਜਾਣਾ, ਸੌਦਾ ਮੁੱਕਣਾ, ਮੁਹਾਵਰਾ : ਕਾਸੇ ਜੋਗਾ ਨਾ ਰਹਿਣਾ, ਨਾਮਰਦ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-28-03-50-23, ਹਵਾਲੇ/ਟਿੱਪਣੀਆਂ:

ਸੌਦਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੌਦਾ, (ਅਰਬੀ : ਸੌਦਾਅ) / ਪੁਲਿੰਗ : ਸੁਦਾਈਪੁਣਾ, ਪਾਗਲਪਣ, ਕਮਲ-ਪਣ, ਝੱਲ, ਕਮਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-29-10-24-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.