ਸਫ਼ਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਫ਼ਾਈ [ਨਾਂਇ] ਸਾਫ਼ ਹੋਣ ਦਾ ਭਾਵ; ਸੁੱਧਤਾ; ਇਮਾਨਦਾਰੀ, ਬੇਗੁਨਾਹੀ, ਨਿਰਦੋਸ਼ ਹੋਣ ਦਾ ਭਾਵ; ਬਰਬਾਦੀ; ਚਲਾਕੀ, ਹਥਫੇਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਫ਼ਾਈ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Defence_ਸਫ਼ਾਈ: ਸ਼ਿਕਾਇਤਕਾਰ ਦੀ ਸ਼ਿਕਾਇਤ ਦੀ ਸਚਾਈ ਜਾਂ ਜਾਇਜ਼ਤਾ ਤੋਂ ਇਨਕਾਰ।

 

       ਸਫ਼ਾਈ ਦਾ ਮਤਲਬ ਅਜਿਹੇ ਕੰਮ ਤੋਂ ਹੈ ਜੋ ਇਕ ਵਿਅਕਤੀ ਉਸ ਦੇ ਖਿਲਾਫ਼ ਦਾਇਰ ਕੀਤੀਆਂ ਕਾਰਵਾਈਆਂ ਦੇ ਪਰਿਣਾਮ ਤੋਂ ਬਚਣ ਲਈ ਕਰਦਾ ਹੈ।

Defence, dilatory_ਵਿਲੰਬਕਾਰੀ ਸਫ਼ਾਈ, ਅਗਲੇਰੀ ਕਾਰਵਾਈ ਰੋਕਣ ਲਈ ਤਕਨੀਕੀ ਇਤਰਾਜ਼ ਉਠਾਏ ਜਾਣ ਤਾਂ ਉਸ ਨੂੰ ਵਿਲੰਬਕਾਰੀ ਸਫ਼ਾਈ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਸਫ਼ਾਈ ਵਿਚ ਮਾਮਲੇ ਦੇ ਗੁਣ ਔਗੁਣਾਂ ਦੇ ਆਧਾਰ ਤੇ ਗੱਲ ਨਹੀਂ ਕੀਤੀ ਜਾਂਦੀ।

Defence, Pre-emptory_

       ਮੁਦਾਲੇ ਦੁਆਰਾ ਮੁਦਈ ਦੇ ਦਾਅਵੇ ਜਾਂ ਸ਼ਿਕਾਇਤ ਦੀ ਸਚਾਈ ਜਾਂ ਜਾਇਜ਼ਤਾ ਤੋਂ ਇਨਕਾਰ।

 


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਫ਼ਾਈ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਫ਼ਾਈ : ਸਫ਼ਾਈ ਤੋਂ ਭਾਵ ਸਰੀਰ ਅਤੇ ਚੌਗਿਰਦੇ ਨੂੰ ਰੋਗਾਣੂ ਤੇ ਜੀਵਾਣੂ ਰਹਿਤ ਰਖਣਾ ਹੈ। ਸਫ਼ਾਈ ਦਾ ਸਿਹਤ ਨਾਲ ਡੂੰਘਾ ਸੰਬੰਧ ਹੈ। ਸਫ਼ਾਈ ਨਾਲ ਆਦਮੀ ਦੀ ਉਮਰ ਵਧਦੀ ਹੈ।

          ਪਿੰਡੇ ਦੇ ਸਫ਼ਾਈ ਇਸ਼ਨਾਨ ਨਾਲ ਹੁੰਦੀ ਹੈ। ਇਸ਼ਨਾਨ ਸਮੇਂ ਹਰ ਅੰਗ ਦੀ ਸਫ਼ਾਈ ਕਰਨੀ ਚਾਹੀਦੀ ਹੈ। ਅੱਖਾਂ ਚਿਹਰੇ ਦਾ ਪ੍ਰਮੁੱਖ ਅੰਗ ਹਨ। ਸਵੱਛ ਪਾਣੀ ਨਾਲ ਧੋਤਿਆਂ ਇਹ ਸਾਫ਼ ਹੁੰਦੀਆਂ ਹਨ। ਅੱਖਾਂ ਤੇ ਮੂੰਹ ਪੂੰਝਣ ਵਾਲਾ ਤੌਲੀਆ ਜਾਂ ਰੁਮਾਲ ਹਰ ਵਿਅਕਤੀ ਦਾ ਵੱਖਰਾ ਵੱਖਰਾ ਹੋਣਾ ਚਾਹੀਦਾ ਹੈ। ਸਾਂਝੇ ਤੌਲੀਏ ਦੀ ਵਰਤੋਂ ਨਾਲ ਇਕ ਬੰਦੇ ਦੀ ਲਾਗ, ਦੂਜੇ ਦੀਆਂ ਅੱਖਾਂ ਤਕ ਪਹੁੰਚ ਕੇ ਉਸ ਨੂੰ ਬਿਮਾਰ ਕਰ ਦਿੰਦੀ ਹੈ। ਇਵੇਂ ਹੀ ਕੁਕਰਿਆਂ ਦੀ ਲਾਗ ਇਕ ਦੂਜੇ ਤੋਂ ਅੱਗੇ ਅੱਗੇ ਵਧਦੀ ਜਾਂਦੀ ਹੈ ਅਤੇ ਸਾਰੇ ਪਰਿਵਾਰ ਦੀ ਬੀਮਾਰੀ ਦਾ ਕਾਰਨ ਬਣ ਜਾਂਦੀ ਹੈ। ਨੱਕ ਪੂੰਝਣ ਵਾਲੇ ਰੁਮਾਲ ਨਾਲ ਅੱਖਾਂ ਨੂੰ  ਸਾਫ਼ ਨਹੀਂ ਕਰਨਾ ਚਾਹੀਦਾ।

          ਨੱਕ ਤੋਂ ਵਗਦੇ ਮਵਾਦ ਵਿਚ ਸੋਜ ਦੇ ਰੋਗਾਣੂ ਤੇ ਵਾਇਰਸ ਹੁੰਦੇ ਹਨ। ਨੱਕ ਸਾਫ਼ ਕਰਨ ਵੇਲੇ ਗੰਦੇ ਮਵਾਦ ਦੇ ਕਣ ਆਲੇ-ਦੁਆਲੇ ਦੀ ਪੌਣ ਵਿਚ ਫੈਲ ਜਾਂਦੇ ਹਨ ਅਤੇ ਸਾਹ ਰਾਹੀਂ ਅੰਦਰ ਜਾ ਕੇ ਨੱਕ, ਗਲ ਤੇ ਸਾਹ-ਪ੍ਰਣਾਲੀ ਵਿਚ ਸੋਜ ਪੈਦਾ ਕਰ ਦਿੰਦੇ ਹਨ। ਨੱਕ ਸਾਫ਼ ਕਰਨ ਲਈ ਹਰੇਕ ਨੂੰ ਆਪਣਾ ਵੱਖਰਾ ਰੁਮਾਲ ਵਰਤਣਾ ਚਾਹੀਦਾ ਹੈ। ਇਸ਼ਨਾਨ ਵੇਲੇ ਇਸ ਨੂੰ ਗਰਮ ਪਾਣੀ ਨਾਲ ਧੋ ਲੈਣਾ ਉਚਿਤ ਹੈ।

          ਥਾਂ ਥਾਂ ਥੁਕਣ ਦੀ ਕਿਰਿਆ ਵੀ ਆਲੇ-ਦੁਆਲੇ ਦੀ ਪੌਣ ਨੂੰ ਰੋਗਾਣੂਆਂ ਨਾਲ ਪਲੀਤ ਕਰਦੀ ਹੈ। ਧੁੱਪ ਨਾਲ ਰੋਗਾਣੂ ਮਰਦੇ ਹਨ ਪਰ ਛਾਂ ਵਿਚ ਥੁਕ ਥੁਕ ਕੇ ਇਸ ਦੇ ਜੀਵਾਣੂ ਹਵਾ ਤੇ ਧੂੜ ਵਿਚ ਰਲਦੇ ਹਨ। ਇਸੇ ਲਈ ਧੂੜ ਨਾਲ ਸਾਹ ਦੀਆਂ ਬਿਮਾਰੀਆਂ ਛੇਤੀ ਫੈਲਦੀਆਂ ਹਨ।

          ਮੂੰਹ ਦੀ ਸਫ਼ਾਈ ਹਰ ਬੰਦੇ ਦਾ ਪਰਮ ਧਰਮ ਹੈ। ਕੁਝ ਖਾਣ ਤੋਂ ਪਹਿਲਾਂ ਤੇ ਪਿਛੋਂ ਕੁਰਲੀ ਕਰਨ ਦੀ ਆਦਤ ਬਹੁਤ ਚੰਗੀ ਹੈ। ਸਵੇਰੇ ਤੇ ਰਾਤੀਂ ਦੰਦਾਂ ਨੂੰ ਮੰਜਨ ਨਾਲ ਮਾਂਜਿਆ ਜਾਵੇ। ਉਂਗਲੀ ਨਾਲ ਮਸੂੜਿਆਂ ਦੀ ਮਾਲਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਦੰਦਾਂ ਨੂੰ ਕੀੜਾ ਨਹੀਂ ਲਗਦਾ, ਮਸੂੜਿਆਂ ਵਿਚ ਪਾਕ (ਪਾਇਓਰੀਆ) ਨਹੀਂ ਪੈਂਦੀ। ਮੂੰਹ ਦੀ ਸਫ਼ਾਈ ਨਾਲ ਸਾਰੀ ਪਾਚਨ-ਪ੍ਰਣਾਲੀ ਅਰੋਗ ਰਹਿੰਦੀ ਹੈ।

          ਕੰਨਾਂ ਦੀ ਅੰਦਰਲੀ ਸਫ਼ਾਈ ਤਾਂ ਕੁਦਰਤ ਆਪ ਕਰਦੀ ਹੈ ਅਤੇ ਕੰਨਾਂ ਦੀ ਮੈਲ ਆਪ ਮੁਹਾਰੇ ਹੌਲੀ ਹੌਲੀ ਬਾਹਰ ਆਉਂਦੀ ਰਹਿੰਦੀ ਹੈ। ਜੇ ਕਦੇ ਕਦਾਈਂ ਇਹ ਮੈਲ ਅੰਦਰ ਜੰਮ ਜਾਵੇ ਤਾਂ ਥੋੜ੍ਹਾ ਜਿਹਾ ਤੇਲ ਕੰਨਾਂ ਵਿਚ ਪਾਉਣ ਨਾਲ ਇਹ ਮੈਲ ਘੁਲ ਕੇ ਬਾਹਰ ਨਿਕਲ ਆਉਂਦੀ ਹੈ। ਕੰਨਾਂ ਵਿਚੋਂ ਮੈਲ ਕੰਢਣ ਲਈ ਤੀਲਾ ਨਹੀਂ ਵਰਤਣਾ ਚਾਹੀਦਾ।

          ਹੱਥਾਂ ਦੀ ਸਫ਼ਾਈ ਖ਼ਾਸ ਧਿਆਨ ਮੰਗਦੀ ਹੈ। ਹੱਥਾਂ ਦੇ ਨਹੁੰ ਕੱਟ ਕੇ ਰਖਣੇ ਚਾਹੀਦੇ ਹਨ। ਨਹੁੰਆਂ ਵਿਚ ਫਸੀ ਮੈਲ ਨਾਲ ਖਾਣਾ ਖਾਣ ਸਮੇਂ ਸਰੀਰ ਅੰਦਰ ਰੋਗਾਣੂ ਦਾਖ਼ਲ ਹੋ ਜਾਂਦੇ ਹਨ। ਭੋਜਨ ਖਾਣ ਤੋਂ ਪਹਿਲਾਂ ਤੇ ਪਿਛੋਂ, ਗੰਦ ਮੰਦ ਨੂੰ ਹੱਥ ਲਾਉਣ ਮਗਰੋਂ ਅਤੇ ਹੱਥ-ਪਾਣੀ ਕਰਨ ਪਿਛੋਂ ਹੱਥਾਂ ਨੂੰ ਸਾਬਣ ਨਾਲ ਧੋਣਾ ਜ਼ਰੂਰੀ ਹੈ।

          ਮਨੁੱਖ ਦੀ ਚਮੜੀ ਵਿਚ ਅਣਗਿਣਤ ਮੁਸਾਮ ਹਨ। ਇਹ ਸਰੀਰ ਅੰਦਰਲੀ ਮੈਲ ਨੂੰ ਖਾਰਜ ਕਰਦੇ ਹਨ। ਇਨ੍ਹਾਂ ਮੁਸਾਮਾਂ ਨੂੰ ਚੰਗੀ ਤਰ੍ਹਾਂ ਸਾਫ਼ ਰਖਿਆ ਜਾਵੇ ਤਦ ਇਹ ਆਪਣਾ ਕੰਮ ਨਿਰਵਿਘਨ ਨਿਭਾਉਂਦੇ ਰਹਿੰਦੇ ਹਨ। ਮਿੱਟੀ ਘੱਟੇ ਤੇ ਗੰਦੀਆਂ ਥਾਵਾ ਵਿਚ ਕਿਰਤ ਕਰਨ ਵਾਲੇ ਬੰਦੇ ਨੂੰ ਇਸ਼ਨਾਨ ਵੇਲੇ ਸਾਬਣ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਸਰੀਰ ਦੀ ਸਫ਼ਾਈ ਅੰਦਰ ਕੇਸਾਂ ਦੀ ਸਫ਼ਾਈ ਵੀ ਸ਼ਾਮਲ ਹੈ। ਹਫ਼ਤੇ ਵਿਚ ਇਕ ਦੋ ਵਾਰ ਕੇਸ ਸਾਬਣ ਜਾਂ ਰੀਠਿਆਂ ਨਾਲ ਧੋਤੇ ਜਾਣ ਤਾਂ ਬਹੁਤ ਚੰਗਾ ਹੈ।

          ਸਰੀਰ ਨੂੰ ਸਾਫ਼ ਰਖਣ ਮਗਰੋਂ ਕਪੜਿਆ ਦੀ ਸਫ਼ਾਈ ਜ਼ਰੂਰੀ ਹੈ। ਅੰਦਰੂਨੀ ਚਮੜੀ ਨਾਲ ਲੱਗੇ ਰਹਿਣ ਵਾਲੇ ਵਸਤਰਾਂ ਦੀ ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਅਜਿਹੇ ਕਪੜੇ ਸੂਤੀ ਤੇ ਚਿੱਟੇ ਹੋਣ ਤਾਂ ਚੰਗਾ ਹੈ।

          ਪਹਿਨਣ ਵਾਲੇ ਕਪੜਿਆਂ ਤੋਂ ਛੁੱਟ ਬਿਸਤਰਾ ਵੀ ਸਾਫ਼ ਰਖਣਾ ਚਾਹੀਦਾ ਹੈ। ਜੂੰਆਂ ਮੈਲੇ ਤੇ ਗੰਦੇ ਕਪੜਿਆਂ ਵਿਚ ਪੈਂਦੀਆਂ ਹਨ, ਜੋ ਨਾ ਸਿਰਫ਼ ਖਾਜ ਹੀ ਪੈਦਾ ਕਰਦੀਆਂ ਹਨ, ਸਗੋਂ ਕਈ ਰੋਗਾਂ ਦਾ ਵੀ ਕਾਰਨ ਬਣਦੀਆਂ ਹਨ ਜਿਵੇਂ ਕਿ ਚਮੜੀ ਦੀ ਇਕ ਬਿਮਾਰੀ ਸਕੇਬੀਜ਼ ਹੈ। ਜਰਾਸੀਮ ਵੀ ਕਪੜਿਆਂ ਦੀਆਂ ਸੀਊਣਾਂ ਵਿਚ ਲੁਕੇ ਰਹਿੰਦੇ ਹਨ।

          ਮੁੱਖੀ ਰੋਗ-ਲਾਗ ਫੈਲਾਉਂਦੀ ਹੈ। ਇਸ ਲਈ ਖਾਣ ਪੀਣ ਵਾਲੀ ਚੀਜ਼ ਸਦਾ ਢੱਕ ਕੇ ਰਖਣੀ ਚਾਹੀਦੀ ਹੈ। ਮੱਛਰ ਨਾਲ ਮਲੇਰੀਆ ਤੇ ਫਲੇਰੀਆ ਫੈਲਦਾ ਹੈ। ਖੁਲ੍ਹੀਆਂ ਨਾਲੀਆਂ ਤੇ ਟੋਇਆਂ ਵਿਚ ਗੰਦਾ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਤਾਂ ਜੋ ਮੱਛਰਾਂ ਨੂੰ ਪਲਰਨ ਦਾ ਮੌਕਾ ਹੀ ਨਾ ਮਿਲੇ।

          ਘਰ ਦਾ ਗੰਦਾ ਪਾਣੀ, ਬੰਦ ਢਕੀਆਂ ਹੋਈਆਂ ਨਾਲੀਆਂ ਥਾਣੀ ਬਾਹਰ ਜਾਣਾ ਚਾਹੀਦਾ ਹੈ। ਮੱਲ ਮੂਤਰ ਨੂੰ ਸਾਂਭਣ ਲਈ ਫਲੱਸ਼ ਸਿਸਟਮ ਸਭ ਤੋਂ ਚੰਗਾ ਸਾਧਨ ਹੈ। ਪਿੰਡਾਂ ਤੇ ਮੇਲਿਆਂ ਵਿਚ ਪਾਣੀ ਵਾਲੀਆਂ ਟੱਟੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਬਿਹਤਰ ਹੈ। ਖੁਲ੍ਹੇ ਖੇਤਾਂ ਵਿਚ ਟੱਟੀ ਜਾਣ ਨਾਲ ਪੇਂਡੂਆਂ ਅੰਦਰ ਮਲ੍ਹਪਾਂ ਦੀ ਬਿਮਾਰੀ ਫੈਲਦੀ ਹੈ।

          ਵਗਦੇ ਪਾਣੀ ਤੇ ਕੰਢੇ ਹਾਜਤ ਰਫਾ ਕਰਨ ਦੀ ਆਦਤ ਬਹੁਤ ਹੀ ਮਾੜੀ ਹੈ। ਟੱਟੀਆਂ ਦਾ ਪ੍ਰਬੰਧ ਹਮੇਸ਼ਾਂ ਪਾਣੀ ਦੇ ਸੋਮੇ ਤੋਂ ਬਹੁਤ ਦੂਰ ਹੋਣਾ ਚਾਹੀਦਾ ਹੈ।

          ਸਵੱਛ ਪੌਣ ਤੇ ਸਾਫ਼ ਪਾਣੀ ਹਰ ਪ੍ਰਾਣੀ ਦਾ ਕੁਦਰਤੀ ਹੱਕ ਹੈ। ਪੌਣ ਤੇ ਪਾਣੀ ਨੂੰ ਪਵਿਤਰ ਰਖਣ ਲਈ ਸਾਂਝੇ ਯਤਨਾਂ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੈ ਜੇ ਹਰ ਵਿਅਕਤੀ ਸਫ਼ਾਈ ਦੇ ਨਿਯਮਾਂ ਨੂੰ ਜਾਣੇ ਤੇ ਉਨ੍ਹਾਂ ਦੀ ਪਾਲਨਾ ਕਰੇ।

          ਡੰਗਰਾਂ ਨੂੰ ਮਨੁੱਖੀ ਵਸੋਂ ਤੋਂ ਦੂਰ ਬਣੇ ਕੋਠਿਆਂ ਵਿਚ ਰਖਣਾ ਉਚਿਤ ਹੈ। ਪਸ਼ੂ ਸਿਰਫ਼ ਪੌਣ ਹੀ ਗੰਦੀ ਨਹੀਂ ਕਰਦੇ, ਸਗੋਂ ਬਿਮਾਰੀਆਂ ਵੀ ਫੈਲਾਉਂਦੇ ਹਨ। ਡੰਗਰਾਂ ਵਾਲੇ ਮਕਾਨ ਦੀ ਸਫ਼ਾਈ ਵਸੋਂ ਵਾਲੇ ਘਰ ਵਾਂਗ ਹੀ ਜ਼ਰੂਰੀ ਹੈ। ਡੰਗਰਾਂ ਦਾ ਮਲ ਮੂਤਰ ਘਰ ਦੇ ਨੇੜੇ ਰੂੜੀਆਂ ਵਿਚ ਜਮ੍ਹਾਂ ਨਹੀਂ ਕਰਨਾ ਚਾਹੀਦਾ। ਪਸ਼ੂਆਂ ਦੇ ਮਲ ਮੂਤਰ ਨੂੰ ਸਾਂਭਣ ਲਈ ਖੇਤਾਂ ਵਿਚ ਡੂੰਘੇ ਟੋਏ ਪੁਟੇ ਜਾਣ ਤੇ ਹਰ ਵਾਰ ਉਸ ਵਿਚ ਕੂੜਾ ਸੁਟ ਕੇ ਉਸ ਨੂੰ ਮਿੱਟੀ ਨਾਲ ਢੱਕ ਦਿੱਤਾ ਜਾਵੇ। ਇਉਂ ਸੰਭਾਲੀ ਰੂੜੀ ਤੋਂ ਚੰਗੀ ਖਾਦ ਬਣਦੀ ਹੈ।

          ਕਿਸੇ ਰੋਗ ਨੂੰ ਫੈਲਣ ਤੋਂ ਰੋਕਣ ਲਈ ਰੋਗੀ ਦੀ ਸਫ਼ਾਈ ਵਲ ਸਾਧਾਰਨ ਤੋਂ ਵਧ ਧਿਆਨ ਦੇਣਾ ਜ਼ਰੂਰੀ ਹੈ। ਉਸ ਦੀ ਉਲਟੀ, ਥੁੱਕ ਤੇ ਮਲ ਮੂਤਰ ਨੂੰ ਖਾਣ ਪੀਣ ਦੀਆਂ ਵਸਤਾਂ ਤੋਂ ਦੂਰ ਲਿਜਾ ਕੇ ਡੂੰਘਾ ਦਬਾਉਣਾ ਜਾਂ ਜਲਾਉਣਾ ਚਾਹੀਦਾ ਹੈ। ਅਰੋਗ ਮਨੁੱਖ ਨੂੰ ਰੋਗੀ ਦੇ ਲਾਗ ਵਾਲੇ ਭਾਂਡੇ ਤੇ ਕਪੜਿਆਂ ਦੀ ਛੋਹ ਤੋਂ ਵੀ ਬਚ ਕੇ ਰਹਿਦਾ ਚਾਹੀਦਾ ਹੈ। ਇਸ ਮੰਤਵ ਲਈ ਕਿਰਮਨਾਸ਼ਕ (ਪੋਟਾਸ਼ ਜਾਂ ਲਾਇਸੋਲ) ਲੋਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਂਡਿਆਂ ਨੂੰ ਮਾਂਜਣਾ ਅਤੇ ਕਪੜਿਆਂ ਨੂੰ ਸੁਕਾ ਕੇ ਧੋਬੀ ਨੂੰ ਦੇਣਾ ਜ਼ਰੂਰੀ ਹੈ।


ਲੇਖਕ : ਜਸਵੰਤ ਗਿੱਲ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.