ਸੰਪਤੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Wealth (ਵੈੱਲਥ) ਸੰਪਤੀ: ਇਹ ਉਹਨਾਂ ਵਸਤਾਂ ਦਾ ਭੰਡਾਰ ਹੈ, ਜਿਨ੍ਹਾਂ ਵਿੱਚ ਚਾਰ ਮੁੱਖ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਹਨ, ਜਿਵੇਂ (i) ਸੰਤੁਸ਼ਟੀ ਸਮਰੱਥਾ, (ii) ਦੁਰਲੱਭਤਾ, (iii) ਮਾਲਕੀ ਬਦਲਣ ਅਤੇ (iv) ਮੁਦ੍ਰਕ ਮੁੱਲ। ਇਸ ਤਰ੍ਹਾਂ ਹਰ ਇਕ ਆਰਥਿਕ ਵਸਤ ਸੰਪਤੀ ਹੈ। ਇਹ ਨਿੱਜੀ, ਸਮੂਹਿਕ ਜਾਂ ਸਰਕਾਰੀ ਹੋ ਸਕਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸੰਪਤੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਤੀ [ਨਾਂਇ] ਜਾਇਦਾਦ , ਧਨ-ਦੌਲਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਪਤੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸੰਪਤੀ : ਸੰਪਤੀ ਸ਼ਬਦ ਦਾ ਅਰਥ ਹੈ ਪੂੰਜੀ ਜਾਂ ਰਾਸ। ਇਸ ਸ਼ਬਦ ਦੇ ਅਰਥਾਂ ਸਬੰਧੀ ਕਾਫੀ ਗ਼ਲਤਫ਼ਹਿਮੀ ਅਤੇ ਵਾਦ ਵਿਵਾਦ ਚਲਦਾ ਰਿਹਾ ਹੈ। ਵਪਾਰੀ ਹਿਸਾਬ ਕਿਤਾਬ ਵਿਚ ‘ਸੰਪਤੀ’ ਅੰਦਰ ਨਕਦ ਰੁਪਿਆ ਅਤੇ ਵਪਾਰ ਵਿਚ ਲਗਾਈ ਹੋਈ ਰਕਮ ਜੋ ਕਿਸੇ ਵਿਅਕਤੀ ਜਾਂ ਜਮਾਤ ਦੀ ਮਲਕੀਅਤ ਹੋਵੇ, ਸ਼ਾਮਲ ਹੈ। ਵਪਾਰ ਵਿਚ ਲਗਾਈ ਹੋਈ ਰਕਮ ਸੌਦੇ, ਜਿਨਸ ਜਾਂ ਮਾਲ ਵਿਚ ਬਦਲ ਜਾਂਦੀ ਹੈ। ਕਾਰਖ਼ਾਨੇ ਵਿਚ ਲਾਈ ਰਕਮ ਬਦਲੇ ਮਸ਼ੀਨਾਂ ਖ਼ਰੀਦੀਆਂ ਜਾ ਸਕਦੀਆਂ ਹਨ। ਖ਼ਰੀਦੀ ਭੂਮੀ ਅਤੇ ਬੈਂਕ ਵਿਚ ਰਖਿਆ ਹੋਇਆ ਰੁਪਿਆ ਵੀ ਸੰਪਤੀ ਅਧੀਨ ਆਉਂਦਾ ਹੈ। ਪਰੰਤੂ ਅਰਥ ਵਿਗਿਆਨ ਵਿਚ ਸੰਪਤੀ ਦੇ ਅਰਥ ਕੁਝ ਵਖਰੇ ਹਨ।
‘ਕੈਪੀਟਲ’ ਸ਼ਬਦ ਅੰਗਰੇਜ਼ੀ ਭਾਸ਼ਾ ਵਿਚ ਪਹਿਲਾਂ ਪਹਿਲ ਸੰਨ 1700 ਵਿਚ ਵਰਤਿਆ ਗਿਆ। ਉਸ ਵੇਲੇ ਇਸ ਨੂੰ ਪੂੰਜੀ ਦੇ ਅਜਿਹੇ ਜਖ਼ੀਰੇ ਜਾਂ ਕਿਸੇ ਵਪਾਰ ਦੇ ਅਜਿਹੇ ਮਾਲ ਨਾਲ ਸਬੰਧਤ ਕੀਤਾ ਜਾਂਦਾ ਸੀ ਜਿਸ ਤੋਂ ਆਮਦਨੀ ਦਾ ਸਿਲਸਿਲਾ ਬਣ ਸਕਦਾ ਸੀ। ਪੁਰਾਣੇ ਅਰਥ ਵਿਗਿਆਨੀਆਂ ਵਿਸ਼ੇਸ਼ ਕਰਕੇ ਐਡਮ ਸਮਿਥ (Adam Smith) ਨੇ 1776 ਵਿਚ ਇਸ ਸ਼ਬਦ ਦੀ ਸਪਸ਼ਟ ਪਰਿਭਾਸ਼ਾ ਕੀਤੀ ਅਤੇ ਇਸ ਦੇ ਮੁਢ ਅਤੇ ਕਾਰਜ਼ਾ ਦਾ ਵਿਸਤਾਰ ਨਾਲ ਵਰਣਨ ਕਰਨ ਦਾ ਜਤਨ ਕੀਤਾ। ਇਸ ਨੇ ਕਿਹਾ ਕਿ ਉਤਪਾਦਨ ਲਈ ਤਿੰਨ ਚੀਜ਼ਾ ਦੀ ਲੋੜ ਹੈ :––ਮਜ਼ਦੂਰ, ਜ਼ਮੀਨ ਅਤੇ ਪੂੰਜੀ। ਜ਼ਮੀਨ ਅਤੇ ਹੋਰ ਕੁਦਰਤੀ ਸਾਧਨ ਤਾ ਪ੍ਰਮਾਤਮਾ ਦੀ ਦੇਣ ਹਨ, ਪਰੰਤੂ ਪੂੰਜੀ ਮਨੁੱਖ ਖੁਦ ਆਪ ਪੈਦਾ ਕਰਦਾ ਹੈ। ਮਜ਼ਦੂਰ ਦੋ ਪ੍ਰਕਰ ਦੇ ਹੁੰਦੇ ਹਨ––ਇਕ ਕਮਾਊ ਤੇ ਦੂਜੇ ਵਿਹਲੜ। ਕਮਾਊ ਕਿਰਤੀ ਇੰਨੀ ਕਮਾਈ ਕਰ ਲੈਂਦੇ ਹਨ ਜੋ ਨਾ ਕੇਵਲ ਉਨ੍ਹਾਂ ਲਈ ਕਾਫ਼ੀ ਹੁੰਦੀ ਹੈ ਸਗੋਂ ਉਸ ਵਿਚੋਂ ਵਿਹਲੜਾਂ ਲਈ ਵੀ ਕਾਫ਼ੀ ਕੁਝ ਬਚ ਰਹਿੰਦਾ ਹੈ। ਉਤਪਾਦਨ ਦੇ ਇਸ ਬਚੇ ਹੋਏ ਹਿੱਸੇ ਨੂੰ ਪੂੰਜੀ ਜਾਂ ਰਾਸ ਆਖਦੇ ਹਨ। ਇਸ ਪਰਿਭਾਸ਼ਾ ਵਿਚ ਕੁੱਝ ਤਰੁੱਟੀਆਂ ਸਨ––ਇਕ ਤਾਂ ਇਹ ਕਿ ਵਾਧੂ ਉਤਪਾਦਨ ਵਰਤੋਂ ਦੀਆਂ ਚੀਜਾਂ ਦੇ ਰੂਪ ਵਿਚ ਹੁੰਦੀ ਸੀ ਨਾ ਕਿ ਉਤਪਾਦਕ ਪਦਾਰਥਾਂ ਦੇ ਰੂਪ ਵਿਚ। ਨਾਲੇ ਇਸ ਪਰਿਭਾਸ਼ਾ ਅੰਦਰ ਪੂੰਜੀ ਵਿਚ ਸਮੁੱਚੇ ਇਕ ਜਾਂ ਸਾਂਝੇ ਉਤਪਾਦਕਾਂ ਦਾ ਜੋ ਇਸ ਦੇ ਅਸਲੀ ਅੰਗ ਸਨ, ਕੋਈ ਹਿਸਾ ਨਹੀਂ ਸੀ ਹੁੰਦਾ ਕਿਉਂ ਜੋ ਪੂੰਜੀ ਅਤੇ ਮਜ਼ਦੂਰ ਦੋਵੇਂ ਉਤਪਾਦਨ ਕਰਦੇ ਹਨ। ਪੁਰਾਣੇ ਅਰਥ ਵਿਗਿਆਨੀਆਂ ਜਿਵੇਂ ਰਿਕਾਰਡੋ (Ricardo) ਜੇ. ਐਸ. ਮਿੱਲ (J. S. Mill) ਅਤੇ ਸੀਨੀਅਰ (Senior) ਨੇ, ਇਸ ਪਰਿਭਾਸ਼ਾ ਵਿਚ ਕੁਝ ਸੋਧ ਤਾਂ ਕੀਤੀ ਪਰੰਤੂ ਇਸ ਵਿਚ ਕੋਈ ਤਬਦੀਲੀ ਨਹੀਂ ਕੀਤੀ।
ਪਰ ਆਸਟਰੀਆ ਦੋ ਜੈਵਨਜ਼ (Jevons), ਬਾੱਮ-ਬਾਵੈਰਕ (Bohm-Bawerk) ਵਰਗੇ ਅਰਥ ਵਿਗਿਆਨੀਆਂ ਨੇ ਆਰਥਿਕ ਸਿੱਧਾਂਤ ਨੂੰ ਬਿਲਕੁਲ ਬਦਲ ਦਿੱਤਾ ਅਤੇ ਪੂੰਜੀ ਦੀ ਪਰਿਭਾਸ਼ਾ ਕਰਦੇ ਹੋਏ ਇਸ ਤਰ੍ਹਾਂ ਕਿਹਾ ਕਿ ਪੂੰਜੀ ਆਉਣ ਵਾਲੀ ਸੰਤੁਸ਼ਟੀ ਦੀ ਕੁਰਬਾਨੀ ਤੋਂ ਉਤਪੰਨ ਹੁੰਦੀ ਹੈ। 1930 ਦੇ ਵਡੇ ਮੰਦਵਾੜੇ ਨੇ ਆਰਥਿਕ ਵਿਚਾਰਾਂ ਤੇ ਬੜਾ ਪ੍ਰਭਾਵ ਪਾਇਆ। ਮੁਢਲੇ ਉਤਪਾਦਨ ਸਿਧਾਂਤ (Original Productivity Theory) ਅਨੁਸਾਰ ਜਿਸ ਦਾ ਮੋਢੀ ਜੇ. ਬੀ. ਕਲਾਰਕ (J. B. Clark) ਸੀ, ਪੂੰਜੀ ਦਾ ਕੁਲ ਆਮਦਨੀ ਵਿਚੋਂ ਹਿਸਾ, ਉਸ ਦੇ ਮੁਢਲੇ ਉਤਪਾਦਨ ਸਿਧਾਂਤ ਉਤੇ ਨਿਰਭਰ ਕਰਦਾ ਹੈ। ਮੁਢਲਾ ਉਤਪਾਦਨ ਸਮੁਚੇ ਉਤਪਾਦਨ ਅੰਦਰ ਉਸ ਵਾਧੇ ਨੂੰ ਆਖਦੇ ਹਨ ਜੋ ਪੂੰਜੀ ਦੇ ਵਧਾਉਣ ਲਈ ਹੁੰਦਾ ਹੈ। ਪੂੰਜੀ ਦਾ ਭਾਵ ਕੇਵਲ ਮਸ਼ੀਨਾਂ ਆਦਿ ਉਤਪਾਦਨ ਕਰਨ ਵਾਲੀਆਂ ਚੀਜ਼ਾਂ ਹੀ ਨਹੀਂ ਸਮਝਿਆ ਜਾਂਦਾ ਕਿਉਂਕਿ ਅਸਲ ਉਤਪਾਦਨ ਵਿਚ ਪੂੰਜੀ ਅਤੇ ਕਿਰਤੀ ਇਕ ਦੂਜੇ ਵਿਚ ਦਸ਼ਾ ਅਨੁਸਾਰ ਬਦਲ ਜਾਂਦੇ ਹਨ। ਇਕ ਪ੍ਰਕਾਰ ਦੀ ਪੂੰਜੀ ਦੂਜੀ ਵਿਚ ਅਤੇ ਇਕ ਪ੍ਰਕਾਰ ਦੇ ਕਿਰਤੀ ਦੂਜੀ ਕਿਸਮ ਵਿਚ ਬਦਲ ਜਾ ਸਕਦੇ ਹਨ। ਤਕਨੀਕੀ ਸਿਖਿਆ, ਮਸ਼ੀਨਾਂ, ਹਥ ਨਾਲ ਕੰਮ ਕਰਨ ਵਾਲੇ ਮਜ਼ਦੂਰ ਉਤਪਾਦਨ ਦੇ ਨਵੇਂ ਢੰਗਾਂ ਉਤੇ ਹੱਕ, ਉਤਪਾਦਨ ਕਰਨ ਦੀ ਸ਼ਕਤੀ ਦੇ ਵਖਰੇ ਵਖਰੇ ਪੱਖ ਹੀ ਹਨ। ਇਨ੍ਹਾਂ ਦਾ ਬਾਜ਼ਾਰ ਵਿਚ ਇਕ ਦੂਜੇ ਨਾਲ ਮੁਕਾਬਲਾ ਹੁੰਦਾ ਹੈ।
ਪੂੰਜੀ ਵਿਅਕਤੀਗਤ ਲੋਕਾਂ ਦੀ ਕੁਰਬਾਨੀ ਜਾਂ ਬਚਤ ਨਾਲ ਹੀ ਨਹੀਂ ਪੈਦਾ ਹੁੰਦੀ ਸਗੋਂ ਮਨੁਖੀ ਤਜਰਬੇ ਅਤੇ ਨਵੀਆਂ ਕਾਢਾਂ ਨਾਲ ਵੀ ਵਧਦੀ ਹੈ। ਸਮੁੱਚੇ ਸਮਾਜ ਅਤੇ ਵਖਰੇ ਵਖਰੇ ਵਿਅਕਤੀ ਆਪਣੀ ਆਪਣੀ ਕਮਾਈ ਵਿਚੋਂ ਬਚਤ ਕਰਦੇ ਹਨ ਤਾਂ ਜੋ ਭਵਿਖ ਵਿਚ ਉਨ੍ਹਾਂ ਦਾ ਜੀਵਨ ਸੌਖਾ ਰਹੇ ਸੋ ਉਹ ਆਪਣੇ ਵਸੀਲਿਆਂ ਨੂੰ ਪੂੰਜੀ ਦਾ ਅਜਿਹਾ ਰੂਪ ਦਿੰਦੇ ਹਨ ਜਿਸ ਵਿਚੋਂ ਵਧੇਰੇ ਆਮਦਨੀ ਹੋਵੇ। ਅਰਥਾਤ ਵਿਅਕਤੀ ਆਪਣਾ ਰੁਪਿਆ ਪੈਸਾ ਭਵਿਖ ਵਿਚ ਵਿਸ਼ੇਸ਼ ਆਮਦਨੀ ਪੈਦਾ ਕਰਨ ਲਈ ਲਗਾਉਂਦੇ ਹਨ ਅਤੇ ਪੂੰਜੀ ਦਾ ਬਾਜ਼ਾਰੀ ਮੁਲ ਪੂੰਜੀ ਦੀ ਆਮਦਨੀ ਪੈਦਾ ਕਰਨ ਦੀ ਸ਼ਕਤੀ ਉਤੇ ਨਿਰਭਰ ਕਰਦਾ ਹੈ। ਜੇ. ਐਮ. ਕੇਨਰ (J. M. Keynes) ਦੇ ਸਿਧਾਂਤ ਅਨੁਸਾਰ ਖਪਤ ਅਤੇ ਪੂੰਜੀ ਲਾਉਣਾ (Investment) ਨਾਲੋ ਨਾਲ ਹੀ ਚਲਦੇ ਹਨ, ਭਾਵੇਂ ਪਹਿਲਾਂ ਇਹ ਵਿਚਾਰ ਸੀ ਕਿ ਜੇ ਖਪਤ ਘਟੇ ਤਾਂ ਹੀ ਪੂੰਜੀ ਲਾਉਣ ਦੀ ਸ਼ਕਤੀ ਵਧੇਗੀ, ਪਰੰਤੂ ਕੇਨਜ਼ ਨੇ ਇਹ ਸਿੱਧ ਕਰ ਦਿੱਤਾ ਕਿ ਦੋਵੇਂ ਹੀ ਇਕੋ ਵਾਰ ਵੱਧ ਘੱਟ ਸਕਦੇ ਹਨ।
ਅਜ ਕਲ੍ਹ ਦੇ ਅਰਥ ਵਿਗਿਆਨੀਆਂ ਦੇ ਵਿਚਾਰ ਦਾ ਇਹ ਨਚੋੜ ਹੈ ਕਿ ਪੂੰਜੀ ਜਾਂ ਰਸ ਵਿਚ ਉਤਪਾਦਨ ਦੀਆਂ ਸਾਰੀਆਂ ਵਸਤੂਆਂ ਸ਼ਾਮਲ ਹਨ ਜੋ ਕਿਸੇ ਸਮੇਂ ਕਿਸੇ ਦੇਸ਼ ਵਿਚ ਭਾਵੇ ਵਿਅਕਤੀਗਤ ਲੋਕਾਂ ਦੀ ਮਲਕੀਅਤ ਹੋਣ, ਭਾਵੇਂ ਸਾਂਝੀਆਂ ਸਮਤੀਆਂ ਅਤੇ ਸੰਸਥਾਵਾਂ ਦੀ ਅਤੇ ਭਾਵੇਂ ਸਰਕਾਰ ਦੀ ਪੂੰਜੀ ਦੀ ਇਸ ਪਰਿਭਾਸ਼ਾ ਅਨੁਸਾਰ ਵੱਡੀਆਂ ਛੋਟੀਆਂ ਮਸ਼ੀਨਾਂ, ਹਰ ਪ੍ਰਾਕਰ ਦੇ ਯੰਤਰ, ਕੱਚਾ ਮਾਲ ਆਦਿ ਜੋ ਵੀ ਉਤਪਾਦਨ ਕਰਨ ਲਈ ਵਰਤੇ ਜਾਣ ਉਹ ਪੂੰਜੀ ਹਨ। ਨਾਲੇ ਰੇਲਾਂ, ਸੜਕਾਂ, ਸਰਕਾਰੀ ਤੇ ਪਬਲਿਕ ਇਮਾਰਤਾਂ, ਪੁਲ, ਰੇਲ ਦੀਆਂ ਲਾਈਨਾਂ ਅਤੇ ਹੋਰ ਉਨ੍ਹਾਂ ਦਾ ਸਾਮਾਨ ਵੀ ਪੂੰਜੀ ਵਿਚ ਸ਼ਾਮਲ ਹਨ। ਪਰੰਤੂ ਪੈਟੰਟ, ਮਾਰਕ ਅਤੇ ਹੋਰ ਇਕ ਪ੍ਰਕਾਰ ਦੇ ਅਧਿਕਾਰ ਹੁੰਡੀਆਂ, ਚੈਕ, ਸਿਕਿਉਰਟੀਆਂ ਆਦਿ ਵਿਚ ਇਸ ਵਿਚ ਸ਼ਾਮਲ ਨਹੀਂ ਹਨ, ਭਾਵੇਂ ਲੋਕ ਵਿਅਕਤੀਗਤ ਤੌਰ ਤੇ ਇਨ੍ਹਾਂ ਨੂੰ ਆਪਣੀ ਪੂੰਜੀ ਹੀ ਗਿਣਨ। ਵਰਤੋਂ ਦੀ ਵਸਤੂਆਂ ਵੀ ਪੂੰਜੀ ਵਿਚ ਸ਼ਾਮਲ ਨਹੀਂ ਹਨ। ਪਰੰਤੂ ਯਾਦ ਰਖਣ ਵਾਲੀ ਗਲ ਇਹ ਹੈ ਕਿ ਕਿਸੇ ਚੀਜ਼ ਨੂੰ ਅਸੀਂ ਸਦਾ ਇਕੋ ਸ਼੍ਰੇਣੀ ਵਿਚ ਨਹੀਂ ਰਖ ਸਕਦੇ ਅਤੇ ਪੱਕੇ ਤੌਰ ਤੇ ਨਹੀਂ ਆਖ ਸਕਦੇ ਕਿ ਫਲਾਣੀ ਵਸਤ ਪੂੰਜੀ ਦੀ ਸ਼੍ਰੇਣੀ ਵਿਚ ਦਾਖਲ ਹੈ ਅਤੇ ਫਲਾਣੀ ਵਰਤੋਂ ਦੀ ਵਸਤ ਪੂੰਜੀ ਦੀ ਸ਼੍ਰੇਣੀ ਵਿਚ ਨਹੀਂ। ਉਦਾਹਰਣ ਵਜੋਂ ਜੇ ਕੋਲਾ ਅੱਗ ਬਾਲਣ ਦੇ ਕੰਮ ਆਵੇ ਤਾਂ ਵਰਤੋਂ ਦੀ ਵਸਤੂ ਹੈ ਅਤੇ ਜੇ ਮਸ਼ੀਨਾਂ ਚਲਾਉਣ ਦੇ ਕੰਮ ਆਵੇ ਤਾਂ ਪੂੰਜੀ ਸਮਝਿਆ ਜਾਂਦਾ ਹੈ। ਪਰੰਤੂ ਮਸ਼ੀਨਾਂ ਤੋਂ ਯੰਤਰ ਕਦੇ ਵੀ ਵਰਤੋਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ। ਉਹ ਸਦਾ ਹੀ ਪੂੰਜੀ ਪਦਾਰਥ ਹੁੰਦੇ ਹਨ।
ਪੂੰਜੀ ਪਦਾਰਥ ਦੋ ਪ੍ਰਕਾਰ ਦੇ ਹੁੰਦੇ ਹਨ, ਇਕ ਬਹੁਤ ਸਮੇਂ ਤਕ ਕੰਮ ਦੇਣ ਵਾਲੇ ਜਿਵੇਂ ਫੈਕਟਰੀ, ਮਸ਼ੀਨਾਂ, ਯੰਤਰ ਅਤੇ ਢੋ-ਢੁਆਈ ਲਈ ਮੋਟਰ, ਟਰੱਕ ਆਦਿ ਅਤੇ ਦੂਜੀ ਨਕਦ ਪੂੰਜੀ (Working Capital) ਜਾਂ ਫਿਰਤੂ ਪੂੰਜੀ (Circulating Capital) ਨਕਦ ਪੂੰਜੀ ਤਾਂ ਆਮ ਤੌਰ ਉਤੇ ਨਕਦ ਰੁਪਏ ਜਾਂ ਬੈਂਕ ਵਿਚ ਜਮ੍ਹਾਂ ਰਪਏ ਨੂੰ ਆਖਦੇ ਹਨ। ਇਹ ਉਜਰਤਾਂ ਦੇ ਭੁਗਤਾਨ ਅਤੇ ਹੋਰ ਛੋਟੇ ਮੋਟੇ ਖ਼ਰਚਾਂ ਲਈ ਹੁੰਦੀ ਹੈ। ਫਿਰਤੂ ਪੂੰਜੀ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਹਨ ਜੋ ਇਕੋ ਵਾਰ ਦੀ ਵਰਤੋਂ ਵਿਚ ਖ਼ਤਮ ਹੋ ਜਾਂਦੀਆਂ ਹਨ, ਜਿਵੇਂ ਬੂਟਾਂ ਦੀ ਫੈਕਟਰੀ ਲਈ ਚਮੜਾ। ਚਮੜਾ ਬੂਟਾਂ ਵਿਚ ਕੰਮ ਆ ਕੇ ਖ਼ਤਮ ਹੋ ਜਾਂਦਾ ਹੈ, ਉਹ ਮਸ਼ੀਨਾਂ ਵਾਂਗ ਫਿਰ ਕੰਮ ਨਹੀਂ ਆਉਂਦਾ। ਪਰ ਮਸ਼ੀਨਾਂ ਹਰ ਸਾਲ ਭਾਵੇਂ ਘਸਦੀਆਂ ਜਾਂਦੀਆਂ ਹਨ ਪਰ ਸਮਾਂ ਪਾ ਕੇ ਹੀ ਨਕੰਮੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਥਾਂ ਨਵੀਆਂ ਮਸ਼ੀਨਾਂ ਖ਼ਰੀਦਣੀਆਂ ਪੈਂਦੀਆਂ ਹਨ।
ਕਿਸੇ ਦੇਸ਼ ਵਿਚ ਪੂੰਜੀ ਦਾ ਵਧਣਾ ਜਾਂ ਇਕੱਠਾ ਹੋਣਾ ਲੋਕਾਂ ਦੀ ਬਚਤ ਕਰਨ ਦੀ ਸ਼ਕਤੀ ਅਤੇ ਬਚਤ ਕਰਨ ਦੀ ਇਛਾ ਉਤੇ ਨਿਰਭਰ ਕਰਦਾ ਹੈ। ਜਿਸ ਦੇਸ਼ ਦੇ ਲੋਕ ਮਿਹਨਤੀ, ਸਮਝਦਾਰ ਹੋਣ ਆਪਣੇ ਭਵਿਖ ਦਾ ਧਿਆਨ ਰੱਖਣ ਅਤੇ ਆਪਣੀ ਅਗਲੀ ਪੀੜ੍ਹੀਆਂ ਦਾ ਸੁਖ ਚਾਹੁਣ ਵਾਲੇ ਹੋਣ, ਉਹ ਚੋਖੀ ਬਚਤ ਕਰ ਲੈਂਦੇ ਹਨ। ਬਚਤ ਸਰਕਾਰਾਂ ਵੀ ਕਰਦੀਆਂ ਹਨ ਜਿਸ ਦੇਸ਼ ਵਿਚ ਅਮਨ ਅਮਾਨ ਰਹੇ, ਸਰਕਾਰ ਪੱਕੀ ਹੋਵੇ ਅਤੇ ਬੈਂਕ ਤੇ ਬੀਮਾ ਕੰਪਨੀਆਂ ਭਰੋਸਾਜਨਕ ਹੋਣ, ਉਥੇ ਵੀ ਬਚਤ ਸਹਿਜ ਹੋ ਜਾਂਦੀ ਹੈ ਅਤੇ ਇੰਜ ਪੂੰਜੀ ਇਕਤਰ ਹੋ ਜਾਂਦੀ ਹੈ।
ਲੇਖਕ : ਕੇ. ਕੇ. ਡੇਵਿਟ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no
ਸੰਪਤੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਪਤੀ, (ਸੰਸਕ੍ਰਿਤ) / ਇਸਤਰੀ ਲਿੰਗ : ਸਾਮਾਨ, ਜਾਇਦਾਦ, ਸਮੱਗਰੀ, ਮਾਲ ਅਸਬਾਬ, ਵਸਤ ਵਲੇਵਾ, ਜਮੀਨ ਭਾਂਡਾ
–ਸੰਪਤੀ ਸ਼ਾਸਤਰ, ਪੁਲਿੰਗ : ਅਰਥ ਸ਼ਾਸਤਰ
–ਸੰਪਤੀ ਗੁਣ, ਪੁਲਿੰਗ : ਸੰਪਤੀ ਯੋਗਤਾ, ਉਹ ਗੁਣ ਜੋ ਕਿਸੇ ਚੀਜ਼ ਨੂੰ ਸੰਪਤੀ ਅਖਵਾਉਣ ਦੀ ਹੱਕਦਾਰ ਬਣਾਉਂਦੇ ਹੋਣ
–ਸੰਪਤੀ ਮਸੂਲ, ਪੁਲਿੰਗ : ਜਾਇਦਾਦ ਤੇ ਲੱਗਿਆ ਟੈਕਸ ਜਾਂ ਕਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2464, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-04-18-33, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First