ਸੱਟਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਟਾ [ਨਾਂਪੁ] ਜੂਆ; ਅਨੁਮਾਨ , ਅੰਦਾਜ਼ਾ, ਅਟਾ-ਸਟਾ , ਕਿਆਸ; ਬਦਲਾ , ਵਟਾਂਦਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਟਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਟਾ. ਪ੍ਰਾ. ਸੰਗ੍ਯਾ—ਸਾਂਟਾ, ਬਦਲਾ. ਵਟਾਂਦਰਾ । ੨ ਦਾਉ. ਜੂਏ ਦਾ ਦਾਉ। ੩ ਇਕਰਾਰਨਾਮਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਟਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੱਟਾ: ਵਣਜ ਵਿਚ ਸੱਟਾ ਸ਼ਬਦ ਤੋਂ ਭਾਵ ਕੀਮਤ ਵਿਚ ਉਤਾਰ-ਚੜ੍ਹਾਅ ਦੀ ਆਸ ਤੇ ਕਿਸੇ ਵਸਤੂ ਦੀ ਖ਼ਰੀਦ ਜਾਂ ਵਿੱਕਰੀ ਤੋਂ ਲਾਭ ਕਮਾਉਣ ਤੋਂ ਲਿਆ ਜਾਂਦਾ ਹੈ। ਭਾਰਤ ਵਿਚ ਪ੍ਰਚੱਲਿਤ ਸੱਟੇ ਦੀਆ ਤਿੰਨ ਕਿਸਮਾਂ ਹਨ। 1. ਖੜ੍ਹੀ ਫ਼ਸਲ ਉੱਤੇ ਸੱਟਾ – ਉੱਤਰ ਪ੍ਰਦੇਸ਼ ਦੇ ਕਿਸੇ ਕਿਸੇ ਜ਼ਿਲ੍ਹੇ ਵਿਚ ਅਤੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਬਿਜਨੌਰ ਵਿਚ ਖੰਡ ਕਿਆਰ ਕਰਨ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਪਰ ਕਾਰੋਬਾਰੀ ਤੇ ਧਨੀ ਲੋਕ ਖਾਉਂਚੀਆਂ ਪਾਉਂਦੇ ਹਨ, ਭਾਵ ਖੰਡ ਤਿਆਰ ਕਰਨ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਵਿਚ ਇਹ ਰਿਵਾਜ ਹੈ ਕਿ ਉਹ ਖੰਡ ਤਿਆਰ ਕਰਨ ਤੋਂ ਛੇ ਮਹੀਨੇ ਪਹਿਲਾਂ ਕਾਸ਼ਤਕਾਰਾਂ ਪਾਸੋਂ ਗੰਨਾ ਖ਼ਰੀਦ ਲੈਂਦੇ ਹਨ ਅਤੇ ਪੇਸ਼ਗੀ ਰਕਮ ਦੇ ਦਿੰਦੇ ਹਨ। ਬਾਕੀ ਰਕਮ ਦੀ ਅਦਾਇਗੀ ਮਾਲ ਆਉਣ ਉਤੇ ਅਤੇ ਲਏ ਹੋਏ ਮਾਲ ਦੇ ਖ਼ਤਮ ਹੋ ਜਾਣ ਤੇ ਕੀਤੀ ਜਾਂਦੀ ਹੈ। ਇਸ ਸਬੰਧ ਵਿਚ ਕਮਾਦ ਦੀ ਖਰੀਦ ਦੇ ਕੰਮ ਨੂੰ ਸੱਟਾ ਅਤੇ ਇਸ ਸਬੰਧੀ ਜਿਹੜਾ ਮੁਆਇਦੇ ਦਾ ਕਾਗਜ਼ ਲਿਖਿਆ ਜਾਂਦਾ ਹੈ ਉਸ ਨੂੰ ਪਟਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸੱਟਾ-ਪੱਟਾ ਦੋਵੇਂ ਸ਼ਬਦ ਇਕੱਠੇ ਮਿਲਾ ਕੇ ਵਰਤੇ ਜਾਂਦੇ ਹਨ। 2. ਰੇਟਾਂ ਉੱਤੇ ਸੱਟਾ- ਕੁਝ ਵੱਡੇ ਸ਼ਹਿਰਾਂ ਵਿਚ ਜਿਵੇਂ ਕਿ ਦਿੱਲੀ, ਬੰਬਈ, ਲੁਧਿਆਣਾ, ਸਹਾਰਨਪੁਰ ਆਦਿ ਵਿਚ ਗੁੜ, ਗੁਆਰਾ, ਕਪਾਹ, ਸੋਨਾ, ਚਾਂਦੀ ਉੱਤੇ ਸੱਟਾ ਲਾਇਆ ਜਾਂਦਾ ਹੈ । ਹਰ ਅਜਿਹੀ ਥਾਂ ਤੇ ਜਿੱਥੇ ਇਹ ਕਾਰੋਬਾਰ ਹੁੰਦਾ ਹੈ, ਸੱਟਾ ਮੰਡੀ ਦੇ ਨਾਂ ਦੀ ਇਕ ਵੱਡੀ ਤੇ ਵਿਸ਼ਾਲ ਇਮਾਰਤ ਹੁੰਦੀ ਹੈ। ਹਰ ਪੰਜ ਮਿੰਟਾਂ ਪਿੱਛੋਂ ਦੂਸਰੇ ਸ਼ਹਿਰਾਂ ਤੋਂ ਅਰਥਾਤ ਵੱਡੀਆਂ ਵੱਡੀਆਂ ਮੰਡੀਆਂ ਜਿਵੇਂ ਕਿ ਹਾਪੜ, ਦਿੱਲੀ, ਬੰਬਈ, ਆਦਿ ਤੋਂ ਟੈਲੀਫੂਨ ਰਾਹੀਂ ਉਨ੍ਹਾਂ ਚੀਜ਼ਾਂ ਦੇ ਰੇਟ ਆਉਂਦੇ ਰਹਿੰਦੇ ਹਨ ਜਿਨ੍ਹਾਂ ਦਾ ਉਥੇ ਕਾਰੋਬਾਰ ਹੁੰਦਾ ਹੈ। ਉਸ ਰੇਟ ਦੇ ਵਾਧੇ-ਘਾਟੇ ਉੱਤੇ ਰਕਮ ਲਾਈ ਜਾਂਦੀ ਹੈ ਅਤੇ ਇਹ ਸੱਟਾ ਵੀ ਧਨੀ ਲੋਕ ਵਪਾਰ ਦੇ ਅਸੂਲ ਤੇ ਖੇਡਦੇ ਹਨ। ਇਸ ਵਿਚ ਗ਼ਰੀਬਾਂ ਨੂੰ ਹਿੱਸੇਦਾਰ ਨਹੀਂ ਬਣਾਇਆ ਜਾਂਦਾ ਕਿਉਂਕਿ ਲਾਈ ਰਕਮ ਪੱਚੀ ਰੁਪਏ ਤੋਂ ਘੱਟ ਨਹੀਂ ਹੁੰਦੀ । 3. ਨੰਬਰੀ ਸੱਟਾ – ਤੀਸਰੀ ਕਿਸਮ ਦਾ ਸੱਟਾ ਨੰਬਰਾਂ ਦਾ ਹੁੰਦਾ ਹੈ ਅਰਥਾਤ ਇਕ ਤੋਂ ਲੈ ਕੇ ਸੌ ਤਕ ਹਿੰਦਸੇ ਅੱਡੋ ਅੱਡ ਛੋਟੀਆਂ ਛੋਟੀਆਂ ਪਰਚੀਆਂ ਉਤੇ ਲਿਖ ਕੇ ਕਿਸੇ ਭਾਂਡੇ ਵਿਚ ਜਾਂ ਕਿਸੇ ਕੱਪੜੇ ਦੀ ਥੈਲੀ ਵਿਚ ਪਾ ਦਿਤੇ ਜਾਂਦੇ ਹਨ ਅਤੇ ਪਰਚੀਆਂ ਕੱਢਣ ਦਾ ਇਕ ਵਕਤ ਨਿਯਤ ਕਰ ਲਿਆ ਜਾਂਦਾ ਹੈ। ਨਿਯਤ ਸਮੇਂ ਤੇ ਕੁਝ ਆਦਮੀ ਕਿਸੇ ਥਾਂ ਉਤੇ ਇਕੱਠੇ ਹੋ ਜਾਂਦੇ ਹਨ। ਉਨ੍ਹਾਂ ਵਿਚੋਂ ਇਕ ਵਿਅਕਤੀ ਆਗੂ ਹੁੰਦਾ ਹੈ ਜਿਹੜਾ ਪਰਚੀਆਂ ਕੱਢਣ ਦਾ ਕੰਮ ਕਰਦਾ ਹੈ। ਉਹ ਭਾਂਡਾ ਜਾਂ ਥੈਲੀ ਲਿਆ ਕੇ ਸਾਰਿਆ ਵਿਚਾਲੇ ਰੱਖ ਦਿੰਦਾ ਹੈ। ਉਹ ਲੋਕ ਆਪਣੀ ਤਸੱਲੀ ਲਈ ਸੌ ਸੌ ਦੀਆਂ ਪਰਚੀਆਂ ਗਿਣਦੇ ਹਨ, ਦੇਖਦੇ ਹਨ ਅਤੇ ਤਸੱਲੀ ਕਰਦੇ ਹਨ ਕਿ ਕੀ ਇਕ ਪਰਚੀ ਉੱਤੇ ਇਕ ਹਿੰਦਸਾ ਲਿਖਿਆ ਹੋਇਆ ਹੈ ਅਤੇ ਕੀ ਪਰਚੀਆਂ ਉੱਤੇ ਹਿੰਦਸੇ ਲਗਾਤਾਰ ਸੌ ਤਕ ਲਿਖੇ ਹੋਏ ਹਨ? ਜਦੋਂ ਸਾਰੇ ਆਦਮੀ ਆਪਣੀ ਆਪਣੀ ਤਸੱਲੀ ਕਰ ਚੁਕਦੇ ਹਨ, ਤਕ ਇਕ ਬੱਚੇ ਦੇ ਹੱਥੀਂ ਇਕ ਇਕ ਕਰਕੇ ਤਿੰਨ ਪਰਚੀਆਂ ਉਸ ਭਾਂਡੇ ਜਾਂ ਥੈਲੀ ਵਿੱਚੋਂ ਕਢਵਾਉਂਦੇ ਹਨ ਅਤੇ ਤਿੰਨਾਂ ਪਰਚੀਆਂ ਉਤੇ ਲਿਖੇ ਅੰਕਾਂ ਦਾ ਜੋੜ ਲਗਾਕੇ ਜੋ ਹਿੰਦਸਾ ਬਣਦਾ ਹੈ ਉਸ ਨੂੰ ਅੰਤਿਮ ਨੰਬਰ ਸਮਝਦੇ ਹਨ। ਭੁਗਤਾਨ ਇਸੇ ਨੰਬਰ ਅਨੁਸਾਰ ਹੁੰਦਾ ਹੈ।ਲੈਣ ਦੇਣ ਦਾ ਹਿਸਾਬ ਇਸ ਤਰ੍ਹਾਂ ਹੁੰਦਾ ਹੈ ਕਿ ਹਰਫ਼ (ਇਕਾਈ ਦਾ ਹਿੰਦਸਾ) ਉਤੇ ਲਾਏ ਇਕ ਪੈਸੇ ਬਦਲੇ (ਜੇ ਉਹ ਹਰਫਡ ਨਿਕਲ ਆਵੇ) ਨੌ ਪੈਸੇ ਅਤੇ ਦੜੇ (ਇਕ ਤੋਂ ਸੌ ਤਕ ਕੋਈ ਰਕਮ) ਉਤੇ ਲਾਏ ਇਕ ਪੈਸੇ ਬਦਲੇ (ਜੇ ਉਹ ਦੜਾ ਨਿਕਲ ਆਵੇ) ਇਕ ਰੁਪਿਆ ਮਿਲਦਾ ਹੈ। ਇਸ ਕਾਰੋਬਾਰ ਵਿਚ ਕਿਉਂਕਿ ਹਾਸਲ ਵਧੇਰੇ ਹੋਣ ਦੀ ਸੰਭਾਵਨਾ ਹੁੰਦੀ ਹੈ ਅਤੇ ਇਸ ਲਈ ਇਸ ਵਿਚ ਇਕ ਪੈਸਾ ਤਕ ਵੀ ਲਾਇਆ ਜਾ ਸਕਦਾ ਹੈ। ਇਹ ਕਾਰੋਬਾਰ ਗ਼ਰੀਬ ਤੋਂ ਗ਼ਰੀਬ ਆਦਮੀ ਵੀ ਕਰ ਸਕਦਾ ਹੈ ਕਿਉਂਕਿ ਆਮ ਲੋਕਾਂ ਦਾ ਇਸ ਵੱਲ ਵਧੇਰੇ ਝੁਕਾਉ ਰਹਿੰਦਾ ਹੈ। ਇਸੇ ਕਿਸਮ ਦਾ ਇਕ ਹੋਰ ਸੱਟਾ ਹੁੰਦਾ ਹੈ ਪਰ ਉਸ ਦਾ ਅਸਲੀ ਨਾਂ ‘ਸੱਟਾ’ ਨਹੀਂ ਹੁੰਦਾ, ਉਸ ਨੂੰ ਰੇਸ ਕਿਹਾ ਜ਼ਾਂਦਾ ਹੈ ਜਿਸ ਦਾ ਅਰਥ ਘੋੜ-ਦੌੜ ਹੈ। ਇਸ ਰੇਸ ਵਿਚ ਬੜੇ ਬੜੇ ਅਮੀਰ ਅਤੇ ਅਫ਼ਸਰ ਹੀ ਹਿੱਸਾ ਲੈਂਦੇ ਹਨ। ਇਸ ਰੇਸ ਵਿਚ ਭਾਗ ਲੈਣ ਵਾਲੇ ਹਰੇਕ ਘੋੜੇ ਦੀਆਂ ਦੋਵੇਂ ਵੱਖੀਆਂ ਉਤੇ ਘੋੜੇ ਦਾ ਨੰਬਰ, ਕੱਪੜਿਆਂ ਦੇ ਟੁਕੜਿਆਂ ਉਤੇ ਲਿਖ ਕੇ ਲਾਇਆ ਹੁੰਦਾ ਹੈ। ਇਨ੍ਹਾਂ ਨੰਬਰਾਂ ਤੇ ਹੀ ਦਾਅ ਲਾਏ ਜਾਂਦੇ ਹਨ। ਘੜੇ ਜਾਂ ਥੈਲੀ ਵਾਲੇ ਸੱਟੇ ਅਤੇ ਇਸ ਵਿਚ ਫ਼ਰਕ ਕੇਵਲ ਇੰਨਾ ਹੈ ਕਿ ਘੜੇ ਵਿਚ ਇਕ ਤੋਂ ਸੌ ਤਕ ਦੇ ਅੰਕ, ਪਰਚੀਆਂ ਉੱਤੇ ਅੱਡ ਅੱਡ ਲਿਖ ਕੇ ਪਾਏ ਜਾਂਦੇ ਹਨ ਅਤੇ ਉਨ੍ਹਾਂ ਵਿੱਚੋਂ ਤਿੰਨ ਪਰਚੀਆਂ ਕੱਢ ਕੇ ਅਤੇ ਤਿੰਨਾ ਦੇ ਅੰਕਾਂ ਦੇ ਜ਼ੋੜ ਤੇ ਭੁਗਤਾਨ ਕੀਤਾ ਜਾਂਦਾ ਹੈ ਪਰ ਘੋੜ-ਦੌੜ ਵਾਲੇ ਸੱਟੇ ਵਿਚ ਦੌੜਣ ਵਾਲੇ ਘੋੜਿਆਂ ਦੀ ਗਿਣਤੀ ਦਸ, ਬਾਰਾਂ ਜਾਂ ਪੰਦਰਾਂ ਤਕ ਹੁੰਦੀ ਹੈ ਅਤੇ ਉਨ੍ਹਾਂ ਉਤੇ ਗਿਣਤੀ ਅਨੁਸਾਰ ਨੰਬਰ ਲੱਗੇ ਹੁੰਦੇ ਹਨ। ਘੋੜ-ਦੌੜ ਵਿਚ ਜਿਹੜਾ ਘੋੜਾ ਪਹਿਲੇ ਨੰਬਰ ਤੇ ਆਉਂਦਾ ਹੈ ਉਹ ਜਿੱਤਿਆ ਅਰਥਾਤ ‘ਵਿਨਜ਼’ ਅਖਵਾਉਂਦਾ ਹੈ। ਉਸ ਦੇ ਨੰਬਰ ਤੇ ਪਹਿਲੇ ਇਨਾਮ ਦਾ ਭੁਗਤਾਨ ਹੁੰਦਾ ਹੈ। ਜਿਹੜਾ ਘੋੜਾ ਦੂਜੇ ਨੰਬਰ ਤੇ ਆਉਂਦਾ ਹੈ ਉਹ ‘ਪਲੇਸ’ ਕਹਾਉਂਦਾ ਹੈ ਅਤੇ ਉਸ ਦੇ ਨੰਬਰ ਤੇ ਦੂਜੇ ਇਨਾਮ ਦਾ ਭੁਗਤਾਨ ਹੁੰਦਾ ਹੈ। ਬਾਕੀ ਸਭ ਹਾਰੇ ਹੋਏ ਸਮਝੇ ਜਾਂਦੇ ਹਨ। ਸੱਟਾ ਪਹਿਲਾਂ ਖੁੱਲ੍ਹੇ ਤੌਰ ਤੇ ਲਾਇਆ ਜਾਂਦਾ ਸੀ। ਬੜੀ ਈਮਾਨਦਾਰੀ ਨਾਲ ਘੜੇ ਵਿਚੋਂ ਤਿੰਨ ਪਰਚੀਆਂ ਕੱਢ ਕੇ ਜੋੜ ਕੀਤਾ ਜਾਂਦਾ ਸੀ ਅਤੇ ਲੱਖਾਂ ਦਾ ਭੁਗਤਾਨ ਵੀ ਬੜੀ ਇਮਾਨਦਾਰੀ ਨਾਲ ਕੀਤਾ ਜਾਂਦਾ ਸੀ। ਫਿਰ ਕੁਝ ਲੋਕਾਂ ਨੇ ਇਸ ਨੂੰ ਹਰ-ਜਿੱਤ ਦਾ ਸਾਧਨ ਜ਼ਾਹਰ ਕਰਕੇ ਕੇਸ ਅਸੈਂਬਲੀ ਵਿਚ ਲੈ ਜਾ ਕੇ ਇਸ ਨੂੰ ਜੂਆਬਾਜ਼ੀ ਅਧੀਨ ਲੈ ਆਂਦਾ। ਉਦੋਂ ਤੋਂ ਇਸ ਦਾ ਨਾਂ ਜੂਆ ਹੋ ਗਿਆ ਅਤੇ ਹੁਣ ਸੱਟਾ ਐਲਾਨੀਆ ਨਹੀਂ ਸਗੋਂ ਚੋਰੀ ਛਿੱਪੇ ਲਾਇਆ ਜਾਂਦਾ ਹੈ। ਜਦ ਸੱਟਾ ਐਲਾਨੀਆ ਲਗਦਾ ਸੀ ਉਸ ਵੇਲੇ ਹਕੂਮਤ ਨੂੰ ਵੀ ਹਜ਼ਾਰਾ ਰੁਪਏ ਦਾ ਲਾਭ ਹੁੰਦਾ ਸੀ। ਮਲੇਰਕੋਟਲੇ ਵਿਚ ਸ਼ਾਮ ਦੇ ਪੰਜਾ ਵਜੇ ਤਿੰਨ ਪਰਚੀਆਂ ਕੱਢ ਕੇ ਉਨ੍ਹਾਂ ਦੇ ਅੰਕਾਂ ਦਾ ਜੋੜ ਕੀਤਾ ਜਾਂਦਾ ਸੀ ਅਤੇ ਉਹ ਜੋੜ ‘ਨੰਬਰ’ ਜੇਤੂ ਨੰਬਰ ਹੁੰਦਾ ਸੀ। ਇਸ ਦੀ ਖਬਰ ਸੈਂਕੜੇ ਸ਼ਹਿਰਾਂ ਵਿਚ ਤਾਰਾਂ ਦੁਆਰਾ ਉਸ ਵੇਲੇ ਭੇਜ਼ ਦਿੱਤੀ ਜਾਂਦੀ ਸੀ। ਹਫਤੇ ਵਿਚ ਇਕ ਦਿਨ ਇਸ ਕੰਮ ਲਈ ਨਿਯਤ ਸੀ ਅਰਥਾਤ ਮੰਗਲਵਾਰ ਦੀ ਸ਼ਾਮ ਨੂੰ ਪੰਜ ਵਜੇ ਇਕ ਬਾਗ਼ ਵਿਚ ਤਸੀਲਦਾਰ ਦੇ ਸਾਹਮਣੇ ਬੜੇ ਇੰਤਜ਼ਾਮ ਨਾਲ ਘੜੇ ਵਿੱਚੋਂ ਨੰਬਰ ਕੱਢੇ ਜਾਂਦੇ ਸਨ। ਉਸ ਵੇਲੇ ਉਥੇ ਦਸ-ਦਸ, ਪੰਦਰਾਂ-ਪੰਦਰਾਂ, ਹਜ਼ਾਰ ਆਦਮੀਆਂ ਦਾ ਇਕੱਠ ਹੁੰਦਾ ਸੀ। ਸੁਣਿਆ ਗਿਆ ਹੈ ਕਿ ਬੰਬਈ, ਕਲਕੱਤਾ, ਪੂਨਾ ਆਦਿ ਤੋਂ ਵੀ ਬਹੁਤ ਸਾਰੇ ਲੋਕ ਉਸ ਦਿਨ ਉਥੇ ਆਉਂਦੇ ਸਨ। ਇਸ ਨਾਲ ਰੇਲ ਵਿਭਾਗ ਨੂੰ ਬੜੀ ਆਮਦਨੀ ਹੁੰਦੀ ਸੀ। ਜਦੋਂ ਤੋਂ ਇਸ ਕਾਰੋਬਾਰ ਨੂੰ ਜੂਆਬਾਜ਼ੀ ਐਕਟ ਅਧੀਨ ਲੈ ਆਂਦਾ ਗਿਆ ਹੈ, ਉਦੋਂ ਤੋਂ ਲੋਕ ਅਤੇ ਸਰਕਾਰ, ਦੋਵੇਂ ਹੀ ਇਸ ਤੋਂ ਹੋਣ ਵਾਲੀ ਆਮਦਨ ਤੋਂ ਵਾਂਝੇ ਰਹਿ ਗਏ ਹਨ। ਘੋੜ-ਦੋੜ ਵਾਲਾ ਸੱਟਾ ਵੀ ਕੁਝ ਇਸੇ ਤਰ੍ਹਾਂ ਦਾ ਹੈ ਪਰ ਉਹ ਆਜ਼ਾਦ ਹੈ। ਉਸ ਨੂੰ ਸੱਟੇ ਦੀ ਥਾਂ, ਸ਼ਰੀਫਾਂ ਦਾ ਮਨ-ਪਰਚਾਵਾ ਮੰਨਿਆ ਜਾਂਦਾ ਹੈ। ਰਿਆਸਤ ਮਲੇਰਕੋਟਲਾ ਵਿਚ ਸੱਟੇ ਦਾ ਨਾਂ ‘ਇੰਡੀਅਨ ਲੋਕਲ ਲਾਟਰੀ’ ਰੱਖਿਆ ਹੋਇਆ ਸੀ। ਮਲੇਰਕੋਟਲਾ ਵਿਚ ਇਸ ਕੰਮ ਲਈ ਇਕ ਬਾਜ਼ਾਰ ਨਿਸਚਿਤ ਕਰ ਦਿੱਤਾ ਗਿਆ ਸੀ। ਜਿਥੇ ਕੇਵਲ ਉਹੋ ਦੁਕਾਨਾਂ ਸਨ ਜਿਨ੍ਹਾਂ ਤੇ ਸੱਟੇ ਦਾ ਹੀ ਕਾਰੋਬਾਰ ਹੁੰਦਾ ਸੀ। ਹਰੇਕ ਦੁਕਾਨਦਾਰ ਨੇ ਆਪਣੀਆਂ ਰਸੀਦ ਬੁੱਕਾਂ ਤੇ ਵੀ ਆਪਣਾ ਅਤੇ ਆਪਣੀ ਦੁਕਾਨ ਦਾ ਨਾਂ ਛਪਵਾਇਆ ਹੋਇਆ ਸੀ। ਸੱਟਾ ਲਾਉਣ ਵਾਲੇ ਨੂੰ ਰਸੀਦ ਦੀ ਇਕ ਪਰਤ ਉੱਤੇ ਉਸ ਦਾ ਨਾਂ, ਉਸ ਦਾ ਨੰਬਰ ਜਿਹੜਾ ਲਾਇਆ ਹੋਵੇ ਅਤੇ ਉਹ ਰਕਮ ਜੋ ਦੁਕਾਨਦਾਰ ਨੇ ਖਾਧੀ ਹੋਵੇ ਅਤੇ ਉਹ ਰਕਮ ਜਿਸ ਦਾ ਨੰਬਰ ਨਿਕਲਣ ਤੇ ਦੁਕਾਨਦਾਰ ਨੇ ਭੁਗਤਾਨ ਕਰਨਾ ਹੋਵੇ, ਲਿਖਕੇ ਦਿੱਤਾ ਜਾਂਦਾ ਸੀ ਅਤੇ ਇਸ ਦੀ ਨਕਲ ਦੂਸਰੀ ਪਰਤ ਤੇ ਦੁਕਾਨਦਾਰ ਆਪਣੇ ਪਾਸ ਰੱਖਦਾ ਸੀ। ਮਲੇਰਕੋਟਲਾ ਸਰਕਾਰ ਨੇ ਇਹ ਪ੍ਰਬੰਧ ਵੀ ਕੀਤਾ ਹੋਇਆ ਸੀ ਕਿ ਜੇ ਕਿਸੇ ਪਰਦੇਸੀ ਦੀ ਇੰਨੀ ਰਕਮ ਨਿਕਲ ਆਵੇ ਜਿਸ ਦਾ ਭੁਗਤਾਨ ਦੁਕਾਨਦਾਰ ਉਸੇ ਵਕਤ ਨਾ ਕਰ ਸਕਦਾ ਹੋਵੇ ਅਤੇ ਇਹ ਭੁਗਤਾਨ ਦੂਸਰੇ ਦਿਨ ਕਰਨਾ ਚਾਹੁੰਦਾ ਹੋਵੇ ਅਤੇ ਦੂਸਰੇ ਪਾਸੇ ਉਹ ਪਰਦੇਸੀ ਉਥੇ ਨਾ ਠਹਿਰ ਸਕਦਾ ਹੋਵੇ ਤੇ ਆਪਣੀ ਰਕਮ ਦਾ ਹਿਸਾਬ ਤੁਰੰਤ ਸਾਫ਼ ਕਰਾਉਣਾ ਚਾਹੁੰਦਾ ਹੋਵੇ ਤਾਂ ਤਸੀਲਦਾਰ ਉਸ ਦੀ ਪਰਚੀ ਵੇਖ ਕੇ ਉਸ ਦੀ ਰਕਮ ਦਾ ਭੁਗਤਾਨ ਸਰਕਾਰੀ ਖਜ਼ਾਨੇ ਵਿਚੋਂ ਕਰ ਦਿੰਦਾ ਸੀ ਅਤੇ ਰੁਪਿਆ ਵਸੂਲ ਕਰਨ ਵਾਲੇ ਪਾਸੋਂ ਪਰਚੀ ਲੈ ਲੈਂਦਾ ਸੀ ਜਿਸ ਦੇ ਆਧਾਰ ਤੇ ਦੂਸਰੇ ਦਿਨ ਦੁਕਾਨਦਾਰ ਤੋਂ ਰਕਮ ਵਸੂਲ ਕਰਕੇ ਖਜ਼ਾਨੇ ਵਿਚ ਜਮ੍ਹਾਂ ਕਰਵਾ ਦਿੱਤੀ ਜਾਂਦੀ ਸੀ। ਭੁਗਤਾਨ ਸੰਬਧੀ ਇਕ ਹੋਰ ਪ੍ਰਬੰਧ ਰਿਆਸਤ ਵਲੋਂ ਇਹ ਸੀ ਕਿ ਜੇ ਕਿਸੇ ਦੀ ਇੰਨੀ ਰਕਮ ਨਿਕਲ ਆਉਂਦੀ ਜਿਸ ਨੂੰ ਲੈ ਕੇ ਇੱਕਲਿਆਂ ਸਫ਼ਰ ਕਰਨ ਵਿਚ ਉਸ ਨੂੰ ਖਤਰਾ ਜਾਪਦਾ ਹੋਵੇ ਤਾਂ ਲੋੜ ਅਨੁਸਾਰ ਉਸ ਨੂੰ ਪੁਲਿਸ ਦੀ ਸਹਾਇਤਾ ਦਿੱਤੀ ਜਾਂਦੀ ਸੀ। ਮਲੇਰਕੋਟਲਾ ਵਿਚ ਸੱਟਾ ਬੰਦ ਹੋ ਜਾਣ ਪਿੱਛੋਂ ਅਜਿਹਾ ਵਧੀਆ ਪ੍ਰਬੰਧ ਹੋਰ ਕਿਤੇ ਨਾ ਹੋ ਸਕਿਆ। ਲਾਟਰੀ ਅਤੇ ਘੋੜ-ਦੋੜ (ਰੇਸ) ਨੂੰ ਇਸ ਕਾਨੂੰਨ ਤੋਂ ਛੋਟ ਦੇ ਦਿੱਤੀ ਗਈ, ਹਾਲਾਂ ਕਿ ਹਰ ਉਹ ਕੰਮ ਜਿਸ ਵਿਚ ਹਾਰ ਜਿੱਤ ਹੋਵੇ ਸੱਟਾ ਹੀ ਹੁੰਦਾ ਹੈ ਭਾਵੇਂ ਉਸ ਦਾ ਨਾਂ ਕੁਝ ਵੀ ਕਿਉਂ ਨਾ ਰੱਖ ਲਿਆ ਜਾਵੇ। ਸੁਣਿਆ ਗਿਆ ਹੈ ਕਿ ਹੁਣ ਜਿਹੜਾ ਸੱਟਾ ਸ਼ਹਿਰਾਂ ਵਿਚ ਵਿਸ਼ੇਸ਼ ਕਰਕੇ ਪੰਜਾਬ ਵਿਚ ਚੱਲ ਰਿਹਾ ਹੈ ਉਹ ਮੰਡੀਆਂ ਵਿਚ ਕਿਸੇ ਚੀਜ਼ ਦੇ ਰੇਟ ਦੇ ਉਤਾਰ-ਚੜ੍ਹਾਅ ਤੇ ਚਲਦਾ ਹੈ।

 


ਲੇਖਕ : ਐਚ. ਐਮ. ਮਕਬੂਲ ਰਹਿਮਾਨ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no

ਸੱਟਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਟਾ, ਪੁਲਿੰਗ : ੧. ਬਦਲਾ, ਵਟਾਂਦਰਾ, ਲੈਣ ਦੇਣ, ਖਰੀਦੋ ਫਰੋਖਤ; ੨. ਦਾਉ, ਜੂਏ ਦਾ ਦਾਉ, ਕਈ ਮਹੀਨੇ ਅਗਾਂਹ ਦੇ ਨਿਰਖਾਂ ਤੇ ਸੌਦੇਬਾਜ਼ੀ ਕਰਨ ਦਾ ਭਾਵ ਜਾਂ ਕੰਮ, ਸੌਦਾ (ਲਾਗੂ ਕਿਰਿਆ : ਕਰਨਾ, ਲਾਉਣਾ)

–ਸੱਟੇਬਾਜ਼, ਪੁਲਿੰਗ : ਸੱਟਾ ਖੇਲਣ ਵਾਲਾ, ਜੂਏਬਾਜ਼

–ਸੱਟੇਬਾਜ਼ੀ, ਇਸਤਰੀ ਲਿੰਗ : ਖੇਲਣ ਦਾ ਕੰਮ, ਜੂਏਬਾਜ਼ੀ, ਇਕਰਾਰੀ ਸੌਦੇਬਾਜ਼ੀ ਦਾ ਕੰਮ, ਅਗਾਊਂ ਵਣਜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-10-04-05-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.