ਹੱਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਜ 1 [ਨਾਂਪੁ] ਇਸਲਾਮ ਧਰਮ ਅਨੁਸਾਰ ਇੱਕ ਫ਼ਰਜ਼ ਇਬਾਦਤ ਜਿਸ ਵਿੱਚ ਖ਼ਾਨਾ-ਕਾਅਬਾ ਦੀ ਵਿਧੀਪੂਰਵਕ ਯਾਤਰਾ ਅਤੇ ਦਰਸ਼ਨ ਕੀਤੇ ਜਾਂਦੇ ਹਨ; ਜ਼ਿਆਰਤ 2 [ਨਾਂਪੁ] ਸੁਆਦ; ਵਧੀਆ ਹਾਲਤ; (ਪੋਠੋ.) ਲਾਭ , ਫ਼ਾਇਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੱਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਜ. ਅ਼ ਹ਼ੱਜ. ਕਾਬੇ ਦੀ ਯਾਤ੍ਰਾ , ਜੋ ਮੁਸਲਮਾਨ ਲਈ ਧਰਮ ਦਾ ਉਸੂਲ (ਨਿਯਮ) ਜਾਣਕੇ ਕਰਨੀ ਜ਼ਰੂਰੀ ਹੈ.

 

ਇਹ ਹਿਜਰੀ ਸਾਲ ਦੇ ਬਾਰ੍ਹਵੇਂ ਮਹੀਨੇ “੏੣ਲਹਿ਼ਜਹ” ਵਿੱਚ ਹੁੰਦੀ ਹੈ. ਇਸ ਦੇ ਕਰਨ ਦੀ ਰੀਤਿ ਇਹ ਹੈ—

ਜਦ ਮੱਕਾ ਇੱਕ ਪੜਾਉ ਰਹਿ ਜਾਵੇ, ਤਦ ਯਾਤ੍ਰੀ ਇਸਨਾਨ ਕਰਕੇ “ਏਹ਼ਰਾਮ” ਬੰਨ੍ਹੇ, ਅਰਥਾਤ ਪਹਿਲੇ ਵਸਤ੍ਰ ਤਿਆਗਕੇ ਕੇਵਲ ਦੋ ਚਾਦਰਾਂ ਰੱਖੇ, ਇੱਕ ਤੇੜ ਅਤੇ ਦੂਜੀ ਸਰੀਰ ਉੱਤੇ. ਜੁੱਤੀ ਦਾ ਤਿਆਗ ਕਰੇ. ਖੜਾਵਾਂ ਪਹਿਰਨ ਦੀ ਰੋਕ ਨਹੀਂ. ਗੀਤ “ਤਲਬੀਯਾ” ਗਾਉਂਦਾ ਹੋਇਆ ਮੱਕੇ ਪਹੁੰਚੇ. ਗੀਤ ਦਾ ਅਰਥ ਇਹ ਹੈ—“ਮੈ ਤੇਰੀ ਸੇਵਾ ਲਈ ਖੜਾ ਹਾਂ, ਤੇਰਾ ਸ਼ਰੀਕ ਕੋਈ ਨਹੀਂ, ਨਿਸਚੇ ਕਰਕੇ ਤੇਰੀ ਹੀ ਉਸਤਤਿ ਹੈ, ਤੇਰੀ ਹੀ ਬਾਦਸ਼ਾਹਤ ਹੈ.”

  ਕਾਬੇ ਮੰਦਿਰ ਪਾਸ ਜਾਕੇ ਇਸਨਾਨ ਕਰੇ ਅਤੇ “ਸੰਗ ਅਸਵਦ” ਨੂੰ ਚੁੰਮੇ. ਸੱਤ “ਤ਼ਵਾਫ਼” (ਪਰਿਕ੍ਰਮਾ) ਕਾਬੇ ਦੀਆਂ ਕਰੇ, ਤਿੰਨ ਤੇਜ ਚਾਲ ਨਾਲ ਅਤੇ ਚਾਰ ਹੌਲੀ ਹੌਲੀ. ਕਾਬੇ ਨੂੰ ਆਪਣੇ ਖੱਬੇ ਹੱਥ ਰੱਖੇ. ਹਰ ਪਰਿਕ੍ਰਮਾ ਕਰਦਾ ਕਾਲੇ ਪੱਥਰ ਨੂੰ ਚੁੰਮੇ. ਫੇਰ ਇਬਰਾਹੀਮ ਦੇ ਮਕਾਮ ਪੁਰ ਜਾਵੇ ਅਤੇ ਉੱਥੇ ਪ੍ਰਾਰਥਨਾ ਕਰੇ. ਉੱਥੋਂ ਹਟਕੇ ਪਹਾੜੀ “੉ਫ਼ਾ ਮਰੂਹ” ਉੱਪਰ ਜਾਕੇ ਕਾਬੇ ਵੱਲ ਮੂੰਹ ਕਰਕੇ ਪ੍ਰਾਰਥਨਾ ਕਰੇ, ਫੇਰ ਮਰਵਾ ਚੋਟੀ ਤੇ ਜਾਕੇ ਪ੍ਰਾਰਥਨਾ ਕਰੇ, ਫੇਰ ਕਾਬੇ ਵਿੱਚ ਆਕੇ “ਖ਼ੁਤ਼ਬਾ”  ਸੁਣੇ, ਫੇਰ ਮਕਾਮ “ਮਿਨਾ” ਪੁਰ ਜਾਕੇ ਰਾਤ ਰਹੇ. ਉੱਥੋਂ ਪਹਾੜੀ “ਅ਼ਰਫ਼ਾਤ” ਨੂੰ ਜਾਵੇ. ਉੱਥੇ ਪ੍ਰਾਰਥਨਾ ਕਰੇ. ਅਤੇ ਖ਼ੁਤਬਾ ਸੁਣੇ. ਇਥੋਂ “ਮੁਜ਼ਦਲਿਫ਼ਾ” ਮਕਾਮ ਪੁਰ ਸੰਝ ਦੀ ਨਮਾਜ਼ ਪੜ੍ਹੇ.

ਉੱਪਰ ਦੱਸੀ ਸਾਰੀ ਕ੍ਰਿਯਾ ਨੌਵੀਂ ਤਿਥਿ ਤੀਕ ਸਮਾਪਤ ਕਰਕੇ ਦਸਵੀਂ ਜੋ “ਨਹ਼ਰ” ਕੁਰਬਾਨੀ ਦਾ ਦਿਨ ਹੈ, ਉਸ ਵਿੱਚ ਮੁਜ਼ਦਲਿਫ਼ਾ ਮਕਾਮ ਪੁਰ ਨਮਾਜ਼ ਪੜ੍ਹਕੇ ਸ਼ੈਤ਼ਾਨ ਦੇ (ਥੰਮ) ਪਾਸ ਜਾਕੇ ਸੱਤ ਪੱਥਰ ਸੁੱਟੇ. ਫੇਰ ਮਿਨਾ ਪਹੁੰਚਕੇ ਕੁਰਬਾਨੀ ਦੇਵੇ. ਬਕਰਾ, ਦੁੰਬਾ , ਗਾਂ , ਅਥਵਾ ਉੱਠ ਨੂੰ ਕਾਬੇ ਵੱਲ ਸਿਰ ਕਰਕੇ ਲਿਟਾਵੇ, ਪਸੂ ਦੇ ਸੱਜੇ ਪਾਸੇ ਖੜਾ ਹੋਕੇ “ਅੱਲਾਹੂ ਅਕਬਰ” ਕਹਿਕੇ ਗਲ ਤੇ ਛੁਰੀ ਚਲਾਵੇ. ਇਸ ਪਿੱਛੋਂ ਹਾਜੀ “ਏਹਰਾਮ” ਤਿਆਗਕੇ ਮਨ ਭਾਉਂਦੇ ਵਸਤ੍ਰ ਪਹਿਰੇ, ਮੁੰਡਨ ਕਰਾਵੇ, ਨਹੁੰ ਲੁਹਾਵੇ, ਅਰ ਤਿੰਨ ਦਿਨ ਮੱਕੇ ਹੋਰ ਠਹਿਰੇ, ਮੱਕੇ ਤੋਂ ਤੁਰਨ ਵੇਲੇ ਕਾਬੇ ਦੀ ਫੇਰ ਪਰਿਕ੍ਰਮਾ ਕਰੇ ਅਤੇ ਸ਼ੈਤਾਨ ਦੇ ਥੰਮ ਤੇ ਸੱਤ ਵੱਟੀਆਂ ਸੁੱਟੇ, ਅਤੇ ਜ਼ਮਜ਼ਮ ਖੂਹ ਦਾ ਪਾਣੀ ਪੀਵੇ.

ਬਹੁਤੇ ਮੁਸਲਮਾਨ ਮੱਕੇ ਦੀ ਯਾਤ੍ਰਾ ਪਿੱਛੋਂ ਹਜਰਤ ਮੁਹੰਮਦ ਦੀ ਕ਼ਬਰ ਦੀ ਯਾਤ੍ਰਾ ਲਈ ਮਦੀਨੇ ਜਾਂਦੇ ਹਨ ਅਤੇ ਇਸ ਬਿਨਾ ਹੱਜ ਪੂਰਣ ਨਹੀਂ ਸਮਝਦੇ, ਪਰ “ਵਹਾਬੀ” ਲੋਕ ਕਬਰ ਦਾ ਸਨਮਾਨ ਧਰਮ ਵਿਰੁੱਧ ਮੰਨਦੇ ਹਨ, ਇਸ ਲਈ ਉਹ ਮਦੀਨੇ ਦੀ ਯਾਤ੍ਰਾ ਨਹੀਂ ਕਰਦੇ.

ਜੋ ਉੱਪਰ ਲਿੱਖੀ ਰੀਤੀ ਨਾਲ ਹੱਜ ਕਰਦਾ ਹੈ ਉਹ ਹਾਜੀ ਸੱਦੀਦਾ ਹੈ. “ਕਿਆ ਹਜ ਕਾਬੈ ਜਾਂਏ.” (ਪ੍ਰਭਾ ਕਬੀਰ) ਦੇਖੋ, ਮੱਕਾ ਸ਼ਬਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੱਜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੱਜ : ਹੱਜ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਜ਼ਿਆਰਤ ਹੈ। 'ਜ਼ਿਆਰਤ' ਦੇ ਮਕਸਦ ਨਾਲ ਹਰ ਤਰਫ਼ ਤੋਂ ਲੋਕ ਕਾਅਬੇ ਦੀ ਯਾਤਰਾ ਲਈ ਜਾਂਦੇ ਹਨ। ਇਹ ਸ਼ਬਦ ਮੌਜੂਦਾ ਅਰਥਾਂ ਵਿਚ ਹਜ਼ਰਤ ਇਬਰਾਹੀਮ ਦੇ ਸਮੇਂ ਤੋਂ ਹੋਂਦ ਵਿਚ ਆਇਆ। ਹਜ਼ਰਤ ਇਬਰਾਹੀਮ ਨੇ ਹੋਸ਼ ਸੰਭਾਲਦੇ ਹੀ ਖ਼ੁਦਾ ਨੂੰ ਪਹਿਚਾਨ ਲਿਆ ਅਤੇ ਦੂਜੀਆਂ ਚੀਜ਼ਾਂ ਅੱਗੇ ਸਿਰ ਝੁਕਾਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਖ਼ੁਦਾਈ ਵਿਚ ਅੱਲ੍ਹਾ ਦਾ ਸ਼ਰੀਕ ਕਹਿੰਦੇ ਹੋ, ਉਨ੍ਹਾਂ ਨਾਲ ਮੇਰਾ ਕੋਈ ਵਾਸਤਾ ਨਹੀਂ। ਮੈਂ ਤਾਂ ਸਾਰਿਆਂ ਨਾਲੋਂ ਮੂੰਹ ਮੋੜ ਕੇ ਉਸ ਜ਼ਾਤ ਨੂੰ ਬੰਦਗੀ ਲਈ ਅਪਣਾ ਲਿਆ ਹੈ, ਜਿਸ  ਅਸਮਾਨ ਅਤੇ ਜ਼ਮੀਨ ਦੀ ਸਿਰਜਨਾ ਕੀਤੀ ਹੈ। ਹਜ਼ਰਤ ਇਬਰਾਹੀਮ ਦੇ ਇਹ ਕਹਿਣ ਤੇ ਘਰ ਵਾਲੇ ਅਤੇ ਹਕੂਮਤ ਉਨ੍ਹਾਂ ਦੇ ਪਿੱਛੇ ਪੈ ਗਈ। ਆਖ਼ਰ ਉਨ੍ਹਾਂ ਨੂੰ ਜੀਉਂਦੇ ਸਾੜ ਦੇਣ ਦਾ ਹੁਕਮ ਹੋਇਆ। ਜਦੋਂ ਉਨ੍ਹਾਂ ਨੂੰ ਅੱਗ ਵਿਚ ਸੁੱਟਿਆ ਗਿਆ ਤਾਂ ਰੱਬ ਨੇ ਉਨ੍ਹਾਂ ਨੂੰ ਅੱਗ ਵਿਚ ਜਲਣ ਤੋਂ ਬਚਾ ਲਿਆ ਅਤੇ ਅੱਗ ਗੁਲਜ਼ਾਰ ਬਣ ਗਈ।

          86 ਸਾਲ ਦੀ ਉਮਰ ਵਿਚ ਆਪ ਦੇ ਘਰ ਇਕ ਲੜਕਾ ਪੈਦਾ ਹੋਇਆ। ਉਸਦਾ ਨਾਂ ਇਸਮਾਈਲ ਰੱਖਿਆ ਗਿਆ। ਹੁਣ ਰੱਬ ਵੱਲੋਂ ਅਜ਼ਮਾਇਸ਼ ਦਾ ਦੌਰ ਸ਼ੁਰੂ ਹੋਇਆ। ਹੁਕਮ ਹੋਇਆ ਕਿ ਆਪਣੀ ਸਭ ਤੋਂ ਪਿਆਰੀ ਚੀਜ਼ ਨੂੰ ਖ਼ੁਦਾ ਦੀ ਦਰਗਾਹ ਵਿਚ ਕੁਰਬਾਨ ਕਰ ਦਿੱਤਾ ਜਾਵੇ। ਸਭ ਮਾਲ ਆਦਿ ਕੁਰਬਾਨ ਕਰਨ ਤੋਂ ਬਾਅਦ ਆਪ ਸਮਝ ਗਏ ਕਿ ਅਸਲ ਹੁਕਮ ਬੇਟੇ ਦਾ ਸਬੰਧ ਵਿਚ ਹੈ ਅਤੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਕੁਰਬਾਨ ਕਰਨ ਦਾ ਫੈਸਲਾ ਕਰ ਲਿਆ।

          ਹਜ਼ਰਤ ਇਸਮਾਈਲ ਨੂੰ ਜਦੋਂ ਪਤਾ ਲੱਗਾ ਤਾਂ ਉਸਨੇ ਖ਼ੁਸ਼ੀ ਨਾਲ ਆਪਣੇ ਆਪ ਨੂੰ ਕੁਰਬਾਨੀ ਲਈ ਤਿਆਰ ਕਰ ਲਿਆ, ਕਿਉਂਕਿ ਉਹ ਸਮਝ ਗਿਆ ਸੀ ਕਿ ਇਕ ਰੱਬ ਤੋਂ ਸਿਵਾਏ ਕੋਈ ਹੋਰ ਮਾਲਕ ਨਹੀਂ। ਹਜ਼ਰਤ ਇਬਰਾਹੀਮ ਨੇ ਜਦੋਂ ਇਸਮਾਈਲ ਦੇ ਗਲ ਤੇ ਛੁਰੀ ਫੇਰੀ ਤਾਂ ਖ਼ੁਦਾ ਦੇ ਫਰਿਸ਼ਤੇ ਨੇ ਉਸ ਨੂੰ ਚੁੱਕ ਕੇ ਇਕ ਦੁੰਬਾ ਸਾਹਮਣੇ ਰੱਖ ਦਿੱਤਾ ਅਤੇ ਉਸ ਤੇ ਛੁਰੀ ਫਿਰੀ । ਖ਼ੁਦਾ ਨੇ ਹਜ਼ਰਤ ਇਬਰਾਹੀਮ ਦੀ ਕੁਰਬਾਨੀ ਕਬੂਲ ਕਰ ਲਈ ਅਤੇ ਹਜ਼ਰਤ ਇਬਰਾਹੀਮ ਨੂੰ ਅੱਲ੍ਹਾ ਨੇ ਕਿਹਾ ਕਿ ‘ਹਾਂ’ ਤੁਸੀਂ ਆਪਣੇ ਮੁਸਲਮਾਨ ਹੋਣ ਦੇ ਦਾਵੇ ਨੂੰ ਬਿਲਕੁਲ ਸੱਚ ਕਰਕੇ ਦੱਸਿਆ ਹੈ। ਹੁਣ ਤੁਸੀਂ ਸਾਰੀ ਦੁਨੀਆਂ ਦੇ ਇਮਾਮ ਬਣਾਏ ਜਾਣ ਦੇ ਕਾਬਲ ਹੋ। ਇਸ ਤੋਂ ਬਾਅਦ ਇਸਲਾਮ ਦੀ ਆਲਮਗੀਰ ਤਹਿਰੀਕ ਸ਼ੁਰੂ ਹੋਈ। ਹਜ਼ਰਤ ਇਬਰਾਹੀਮ ਅਤੇ ਹਜ਼ਰਤ ਇਸਮਾਈਲ ਨੇ ਮਿਲਕੇ ਤਹਿਰੀਕ ਦਾ ਉਹ ਕੇਂਦਰ ਬਣਾਇਆ ਜਿਹੜਾ ਅੱਜ ਸਾਰੀ ਦੁਨੀਆਂ ਵਿਚ ਕਾਅਬੇ ਦੇ ਨਾਂ ਨਾਲ ਮਸ਼ਹੂਰ ਹੈ। ਇਹ ਇਮਾਰਤ ਕੇਵਲ ਇਕ ਇਬਾਦਤਗਾਹ ਹੀ ਨਹੀਂ ਸਗੋਂ ਪਹਿਲੇ ਦਿਨ ਤੋਂ ਹੀ ਇਸਨੂੰ ਇਸਲਾਮ ਦੀ ਆਲਮਗੀਰ ਤਹਿਰੀਕ ਦਾ ਕੇਂਦਰ ਕਰਾਰ ਦਿੱਤਾ ਗਿਆ। ਇਸਦਾ ਮਨੋਰਥ ਇਹ ਰੱਖਿਆ ਗਿਆ ਕਿ ਇਕ ਖ਼ੁਦਾ ਨੂੰ ਮੰਨਣ ਵਾਲੇ ਹੁਮ ਹੁਮਾਕੇ ਇਥੇ ਆਇਆ ਕਰਨ ਅਤੇ ਮਿਲਕੇ ਖ਼ੁਦਾ ਦੀ ਇਬਾਦਤ ਕਰਨ ਅਤੇ ਇਸਲਾਮ ਦਾ ਪੈਗਾਮ ਲੈਕੇ ਆਪਣੇ ਆਪਣੇ ਮੁਲਕਾਂ ਨੂੰ ਵਾਪਸ ਜਾਣ।

          ਹੱਜ ਕਰਨ ਦੀ ਰੀਤ ਇਹ ਹੈ ਇਹ ਹਿਜਰੀ ਸਾਲ ਦੇ ਬਾਰ੍ਹਵੇਂ ਮਹੀਨੇ ਜੁਲਹਿਜਹ’ ਵਿਚ ਹੁੰਦਾ ਹੈ। ਜਦ ਮੱਕਾ ਇਕ ਪੜਾਉ ਰਹਿ ਜਾਵੇ, ਤਦ ਹੱਜ ਕਰਨ ਵਾਲਾ ਯਾਤਰੀ ਇਸ਼ਨਾਨ ਕਰਕੇ ‘ਏਹਰਾਮ’ ਬੰਨ੍ਹੇ ਅਰਥਾਤ ਪਹਿਲੇ ਬਸਤ੍ਰ ਉਤਾਰ ਕੇ ਕੇਵਲ ਦੋ ਚਾਦਰਾਂ ਰੱਖੇ, ਇਕ ਤੇੇੜ ਅਤੇ ਦੂਜੀ ਸਰੀਰ ਉੱਤੇ। ਜੁੱਤੀ ਦਾ ਤਿਆਗ ਕਰੇ ਪਰੰਤੂ ਖੜਾਵਾਂ ਪਹਿਰਨ ਦੀ ਰੋਕ ਨਹੀਂ। ਹੱਜ ਵਾਲਾ ਯਾਤਰੀ ਗੀਤ ‘ਤਲਬੀਯਾ’ ਗਾਉਂਦਾ ਹੋਇਆ ਮੱਕੇ ਪਹੁੰਚੇ। ਗੀਤ ਦਾ ਅਰਥ ਇਹ ਹੈ-‘ਮੈਂ ਤੇਰੀ ਸੇਵਾ ਲਈ ਖੜ੍ਹਾ ਹਾਂ, ਤੇਰਾ ਸ਼ਰੀਕ ਕੋਈ ਨਹੀਂ, ਨਿਸਚੇ ਕਰ ਕਿ ਤੇਰੀ ਹੀ ਉਸਤਿਤ ਹੈ, ਤੇਰੀ ਹੀ ਬਾਦਸ਼ਾਹਤ ਹੈ।’’

          ਕਾਅਬੇ ਮੰਦਿਰ ਪਾਸ ਜਾਕੇ ਇਸ਼ਨਾਨ ਕਰੇ ਅਤੇ ‘ਸੰਗੇ ਅਸਵਦ’ ਨੂੰ ਚੁੰਮੇ । ਸੱਤ ‘ਤਵਾਫ਼’ (ਪਰਿਕ੍ਰਮਾ) ਕਾਅਬੇ ਦੀਆਂ ਕਰੇ, ਤਿੰਨ ਤੇਜ਼ ਚਾਲ ਨਾਲ ਅਤੇ ਚਾਰ ਹੌਲੀ ਹੌਲੀ । ਕਾਅਬੇ ਨੂੰ ਆਪਣੇ ਖੱਬੇ ਹੱਥ ਰੱਖੇ। ਹਰ ਪਰਿਕ੍ਰਮਾ ਕਰਦਾ ਕਾਲੇ ਪੱਥਰ ਨੂੰ ਚੁੰਮੇ। ਫਿਰ ਮੁਕਾਮਿਇਬਰਾਹੀਮ ਪੁਰ ਜਾਵੇ ਅਤੇ ਉਥੇ ਪ੍ਰਾਰਥਨਾ ਕਰੇ। ਉਥੋਂ ਹਟਕੇ ਪਹਾੜੀ ‘ਸਫ਼ਾ ਮਰਵਾ’ ਉਪਰ ਜਾਕੇ ਕਾਅਬੇ ਵੱਲ ਮੂੰਹ ਕਰਕੇ ਪ੍ਰਾਰਥਨਾ ਕਰੇ, ਫੇਰ ਮਰਵਾ ਚੋਟੀ ਤੇ ਜਾ ਕੇ ਪ੍ਰਾਰਥਨਾ ਕਰੇ, ਫੇਰ ਕਾਅਬੇ ਵਿਚ ਆ ਕੇ ‘ਖ਼ੁਤਬਾ’ ਸੁਣੇ, ਫੇਰ ਮੁਕਾਮੇ ‘ਮਿਨਾ’ ਪਰ ਜਾ ਕੇ ਰਾਤ ਰਹੇ, ਉਥੋਂ ਪਹਾੜੀ ‘ਅਰਫ਼ਾਤ’ ਨੂੰ ਜਾਵੇ। ਉਥੇ ਪ੍ਰਾਰਥਨਾ ਕਰੇ ਅਤੇ ਖ਼ੁਤਬਾ ਸੁਣੇ, ਇਥੋਂ ‘ਮੁਜ਼ਦਲਿਫ਼ਾ’ ਮੁਕਾਮ ਪੁਰ ਸੰਝ ਦੀ ਨਮਾਜ਼ ਪੜ੍ਹੇ।

          ਉਪਰ ਦੱਸੀ ਸਾਰੀ ਕ੍ਰਿਆ ਨੌਵੀਂ ਤਿਥੀ ਤੀਕ ਸਮਾਪਤ ਕਰਕੇ ਦਸਵੀਂ ਜੋ ‘ਨਾਹਰ’ ਕੁਰਬਾਨੀ ਦਾ ਦਿਨ ਹੈ, ਉਸ ਵਿਚ ਮੁਜ਼ਦਲਿਫ਼ਾ ਮੁਕਾਮ ਪੁਰ ਨਮਾਜ਼ ਪੜ੍ਹਕੇ ਸ਼ੈਤਾਨ ਦੇ (ਥੰਮ) ਪਾਸ ਜਾਕੇ ਸੱਤ ਪੱਥਰ ਸੁੱਟੇ। ਫੇਰ ‘ਮਿਨਾ’ ਪਹੁੰਚਕੇ ਕੁਰਬਾਨੀ ਦੇਵੇ। ਬੱਕਰਾ, ਦੁੰਬਾ, ਗਾਂ ਅਥਵਾ ਊਠ ਨੂੰ ਕਾਅਬੇ ਵੱਲ ਸਿਰ ਕਰਕੇ ਲਿਟਾਵੇ। ਪਸ਼ੂ ਦੇ ਸੱਜੇ ਪਾਸੇ ਖੜ੍ਹਾ ਹੋ ਕੇ ‘ਅੱਲਾ ਹੂ ਅਕਬਰ’ ਕਹਿਕੇ ਗਲ ਤੇ ਛੁਰੀ ਚਲਾਵੇ। ਇਸ ਪਿਛੋਂ ਹਾਜੀ ‘ਏਹਰਾਮ’ ਤਿਆਗ ਕੇ ਮਨ ਭਾਉਂਦੇ ਬਸਤ੍ਰ ਪਹਿਨੇ, ਮੁੰਡਨ ਕਰਾਵੇ, ਨਹੁੰ ਲਹਾਵੇ, ਅਰ ਤਿੰਨ ਦਿਨ ਮੱਕੇ ਹੋਰ ਠਹਿਰੇ। ਮੱਕੇ ਤੋਂ ਤੁਰਨ ਸਮੇਂ ਕਾਅਬੇ ਦੀ ਫੇਰ ਪਰਿਕ੍ਰਮਾ ਕਰੇ ਅਤੇ ਸ਼ੈਤਾਨ ਦੇ ਥੰਮ ਤੇ ਸੱਤ ਵੱਟੀਆਂ ਸੁੱਟੇ ਅਤੇ ਜ਼ਮਜ਼ਮ  ਖੂਹ ਦਾ ਪਾਣੀ ਪੀਵੇ।

          ਬਹੁਤ ਸਾਰੇ ਮੁਸਲਮਾਨ ਮੱਕੇ ਦੀ ਯਾਤਰਾ ਪਿਛੋਂ ਹਜ਼ਰਤ ਮੁਹੰਮਦ ਸਾਹਿਬ ਦੀ ਕਬਰ ਦੀ ਯਾਤਰਾ ਲਈ ਮਦੀਨੇ ਜਾਂਦੇ ਹਨ ਅਤੇ ਇਸ ਬਿਨਾ ਹੱਜ ਪੂਰਣ ਨਹੀਂ ਸਮਝਦੇ।

          ਜੋ ਮੁਸਲਮਾਨ ਉਪਰ ਦੱਸੀ ਰੀਤੀ ਅਨੁਸਾਰ ਹੱਜ ਕਰਦਾ ਹੈ ਉਸਨੂੰ ਹਾਜੀ ਕਹਿੰਦੇ ਹਨ।

                   ਹ. ਪੁ. ––ਸ਼ਾ. ਐਨ. ਇਸ. 121 ; ਡਿ. ਇਸ. 157 ; ਮ. ਕੋ. 258


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹੱਜ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹੱਜ :  ਕਾਬੇ ਦੀ ਯਾਤਰਾ ਨੂੰ ਹੱਜ ਕਿਹਾ ਜਾਂਦਾ ਹੈ। ਇਸਲਾਮ ਦੇ ਪੰਜ ਬੁਨਿਆਦੀ ਅਸੂਲਾਂ ਵਿਚੋਂ ਇਕ ਹੱਜ ਕਰਨਾ ਹੈ ਜਿਸ ਦੀ ਪਾਲਣਾ ਕਰਨਾ ਹਰ ਮੁਸਲਮਾਨ ਲਈ ਜ਼ਰੂਰੀ ਹੈ। ਹਜ਼ਰਤ ਆਇਸ਼ਾ ਦੀ ਇਕ ਹਦੀਸ ਅਨੁਸਾਰ ਇਸਤਰੀਆਂ ਨੂੰ ਇਸ ਤੋਂ ਛੋਟ ਨਹੀਂ ਦਿੱਤੀ ਗਈ। ਹੱਜ ਕਰਨ ਵਾਲੇ ਨੂੰ ਹਾਜੀ ਕਿਹਾ ਜਾਂਦਾ ਹੈ। ਹੱਜ ਕਰਨ ਵਾਲੇ ਲਈ ਇਹ ਜ਼ਰੂਰੀ ਹੈ ਕਿ ਉਹ ਹੱਜ ਤੇ ਆਉਣ ਵਾਲਾ ਖ਼ਰਚਾ ਹਲਾਲ ਦੀ ਕਮਾਈ ਵਿਚੋਂ ਕਰੇ। ਜਦੋਂ ਮੱਕਾ ਇਕ ਪੜਾਉ ਰਹਿ ਜਾਵੇ ਤਦ ਯਾਤਰੀ ਇਸ਼ਨਾਨ ਕਰ ਕੇ 'ਏਹਰਾਮ' ਬੰਨ੍ਹੇ ਜਿਸ ਦਾ ਭਾਵ ਹੈ ਪਹਿਲੇ ਬਸਤਰ ਤਿਆਗ ਕੇ ਕੇਵਲ ਦੋ ਚਾਦਰਾਂ ਰੱਖੇ, ਇਕ ਤੇੜ ਅਤੇ ਦੂਜੀ ਸਰੀਰ ਉੱਤੇ। ਜੁੱਤੀ ਦਾ ਤਿਆਗ ਕਰੇ,ਖੜਾਵਾਂ ਪਹਿਨਣ ਦੀ ਰੋਕ ਨਹੀਂ, ਗੀਤ ਤੁਲਬੀਯਾ ਗਾਉਂਦਾ ਹੋਇਆ ਮੱਕੇ ਪਹੁੰਚੇ।

    ਮੈਕਾਤ ਗਿਣਤੀ ਵਿਚ ਵੱਖ ਵੱਖ ਦਿਸ਼ਾਵਾਂ ਤੋਂ ਆਉਣ ਵਾਲਿਆਂ ਦੇ ਹਿਸਾਬ ਨਾਲ ਪੰਜ ਮੰਨੇ ਗਏ ਹਨ। ਹਾਜੀ ਲਈ ਮੈਕਾਤ ਤੋਂ ਬਿਨਾ ਏਹਰਾਮ ਗੁਜ਼ਰਨਾ ਹਰਾਮ ਹੈ। ਨਾਬਾਲਗ਼ ਬੱਚੇ ਨੂੰ ਵੀ ਹੱਜ ਲਈ ਜਾਣ ਦੀ ਆਗਿਆ ਹੈ ਪਰੰਤੂ ਬਾਲਗ਼ ਹੋਣ ਤੇ ਉਸ ਲਈ ਦੋਬਾਰਾ ਹੱਜ ਕਰਨਾ ਵਾਜਿਬ ਹੈ।

    ਪਹਿਲਾਂ ਹਜਰੇ ਅਸਵਦ ਦੇ ਸਾਹਮਣੇ ਆਏ, ਉਸ ਨੂੰ ਸੱਜੇ ਹੱਥ ਨਾਲ ਛੁਹੇ ਅਤੇ ਜੇਕਰ ਸੰਭਵ ਹੋਵੇ ਤਾਂ ਬੋਸਾ ਦੇਵੇ। ਛੁਹਣ ਸਮੇਂ 'ਬਿਸਮ ਅੱਲ੍ਹਾ', ਅੱਲਾ ਅਕਬਰ' ਕਹੇ। ਸਤ ਤਵਾਫ਼ (ਪਰਿਕਰਮਾ) ਕਾਬੇ ਦੀਆਂ ਕਰੇ। ਜਦੋਂ ਤਵਾਫ਼ ਤੋਂ ਫ਼ਾਰਗ਼ ਹੋ ਜਾਵੇ ਤਾਂ ਆਪਣੀ ਚਾਦਰ ਓੜ੍ਹ ਲਵੇ ਅਤੇ ਤਵਾਫ਼ ਤੋਂ ਬਾਅਦ ਦੋ ਰਕਅਤ ਨਮਾਜ਼ ਪੜ੍ਹਣ ਤੋਂ ਪਹਿਲਾਂ ਚਾਦਰ ਨੂੰ ਅਪਣੇ ਦੋਹਾਂ ਪਹਿਲੂਆਂ ਤੇ ਰੱਖ ਲਵੇ ਅਤੇ ਚਾਦਰ ਦੇ ਕਿਨਾਰਿਆਂ ਨੂੰ ਸੀਨੇ ਤੇ ਲਟਕਾ ਲਵੇ। ਇਸਤਰੀਆਂ ਲਈ ਤਵਾਫ਼ ਦੀ ਹਾਲਤ ਵਿਚ ਪਰਦਾ ਕਰਨਾ ਅਤੇ ਹਾਰ ਸ਼ਿੰਗਾਰ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਹਜਰੇ ਅਸਵਦ ਸਮੇਂ ਔਰਤਾਂ ਨੂੰ ਚਾਹੀਦਾ ਹੈ ਕਿ ਮਰਦਾਂ ਦੇ ਪਿੱਛੇ ਪਿੱਛੇ ਹੋ ਕੇ ਤਵਾਫ਼ ਕਰਨ।

      ਤਵਾਫ਼ ਦੇ ਸਮੇਂ ਪੜ੍ਹਨ ਲਈ ਕੋਈ ਖ਼ਾਸ ਦੁਆ ਨਿਸ਼ਚਿਤ ਨਹੀਂ।ਜਦੋਂ  ਹੱਜ ਕਰਨ ਵਾਲਾ ਰਕਨੇ ਯਮਾਨੀ ਦੇ ਸਾਹਮਣੇ ਆਵੇ ਤਾਂ 'ਬਿਸਮ ਅੱਲ੍ਹਾ' ਅਤੇ 'ਅੱਲਾ ਅਕਬਰ' ਕਹਿ ਕੇ ਆਪਣੇ ਸੱਜੇ ਹੱਥ ਨਾਲ ਇਸ ਨੂੰ ਛੁਹ ਲਵੇ ਪਰ ਇਸ ਨੂੰ ਬੋਸਾ ਨਾ ਦਵੇ। ਉਂਜ ਤਾਂ ਪੂਰੀ ਮਸਜਿਦ ਅਲਅਹਿਰਾਮ ਤਵਾਫ਼ ਦੀ ਜਗ੍ਹਾ ਹੈ ਪਰ ਕਾਬਾ ਦੇ ਨੇੜੇ ਤਵਾਫ਼ ਸਭ ਤੋਂ ਠੀਕ ਹੈ। ਦੋ ਰਕਅਤ ਨਮਾਜ਼ ਮਸਜਿਦ ਦੇ ਕਿਸੇ ਵੀ ਭਾਗ ਵਿਚ ਪੜ੍ਹੀ ਜਾ ਸਕਦੀ ਹੈ। ਜੇਕਰ ਸੰਭਵ ਹੋਵੇ ਤਾਂ ਸਫ਼ਾ ਤੇ ਚੜ੍ਹਨਾ ਚੰਗਾ ਹੁੰਦਾ ਹੈ । ਹੱਜ ਹਿਜਰੀ ਸਾਲ ਦੇ ਬਾਰ੍ਹਵੇਂ ਮਹੀਨੇ ਜੁਲਹਿਜਾਹ ਵਿਚ ਕੀਤਾ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8741, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-03-35-05, ਹਵਾਲੇ/ਟਿੱਪਣੀਆਂ: ਹ. ਪੁ. –ਅਲਹੱਜਣ ਅਕਉਮਰਾਵ ਅਲ ਜ਼ਿਅਰਤ–ਸ਼ੇਖ ਅਬਦੁਲ ਅਜ਼ੀਜ; ਮ.ਕੋ. : 258

ਹੱਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੱਜ, (ਅਰਬੀ ਹਜ਼=ਹਿੱਸਾ) / ਪੁਲਿੰਗ : ੧. ਸਵਾਦ, ੨. ਚੰਗੀ ਹਾਲਤ ਬਖਤਾਵਰੀ (ਕ੍ਰਿਤ ਭਾਈ ਬਿਸ਼ਨਦਾਸ ਪੁਰੀ); ੨. (ਪੋਠੋਹਾਰੀ) / ਪੁਲਿੰਗ : ਫ਼ਾਇਦਾ

ਹੱਜ ਨਾ ਛੱਡਣਾ, ਮੁਹਾਵਰਾ : ਬੁਰਾ ਹਾਲ ਕਰਨਾ, ਬੇਇੱਜ਼ਤ ਕਰਨਾ, ਰੋਲਣਾ, ਖਰਾਬ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-04-11-42-45, ਹਵਾਲੇ/ਟਿੱਪਣੀਆਂ:

ਹੱਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੱਜ, (ਅਰਬੀ) / ਪੁਲਿੰਗ : ਮੱਕੇ ਦੀ ਜ਼ਿਆਰਤ (ਲਾਗੂ ਕਿਰਿਆ : ਕਰਨਾ, ਕਰ ਆਉਣਾ)

–ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਅਖੌਤ : ਬਹੁਤ ਗੁਨਾਹ ਕਰਨ ਪਿੱਛੇ ਅੱਗੇ ਨੂੰ ਤੋਬਾ ਕਰਨ ਵਾਲੇ ਵਾਸਤੇ ਕਹਿੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-04-11-43-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.