ਗ਼ਰੀਬੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗ਼ਰੀਬੀ (ਨਾਂ,ਇ) ਆਰਥਿਕ ਥੁੜੋਂ; ਨਿਰਧਨਤਾ; ਸਾਧਨਹੀਣਤਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗ਼ਰੀਬੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗ਼ਰੀਬੀ [ਨਾਂਇ] ਆਰਥਿਕ ਮੰਦਹਾਲੀ, ਭੁੱਖ-ਨੰਗ, ਥੁੜ , ਗ਼ੁਰਬਤ, ਫ਼ਕੀਰੀ, ਕੰਗਾਲੀ , ਨਿਰਧਨਤਾ; ਸਾਦਗੀ, ਹਲੀਮੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗ਼ਰੀਬੀ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਗ਼ਰੀਬੀ : ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ, ਜਿਨ੍ਹਾਂ ਵਿੱਚ ਖ਼ੁਰਾਕ, ਮਕਾਨ ਅਤੇ ਕੱਪੜਿਆਂ ਆਦਿ ਦੀਆਂ ਲੋੜਾਂ ਸ਼ਾਮਲ ਹਨ, ਨੂੰ ਪੂਰਾ ਨਾ ਕਰਨ ਦੀ ਸਮਰੱਥਾ ਨੂੰ ਗ਼ਰੀਬੀ ਕਿਹਾ ਜਾਂਦਾ ਹੈ। ਇਹਨਾਂ ਲੋੜਾਂ ਦਾ ਪੂਰਾ ਨਾ ਹੋਣਾ ਮਨੁੱਖ ਦੇ ਦੁੱਖ ਨੂੰ ਵਧਾਉਂਦਾ ਹੈ ਅਤੇ ਮਨੁੱਖ ਦੀ ਸਿਹਤ ਅਤੇ ਕੰਮ ਕਰਨ ਦੀ ਸਮਰੱਥਾ ਤੇ ਮਾੜਾ ਅਸਰ ਪਾਉਂਦਾ ਹੈ। ਕੰਮ ਕਰਨ ਦੀ ਸਮਰੱਥਾ ਘਟਣ ਨਾਲ ਪ੍ਰਤਿ ਵਿਅਕਤੀ ਉਤਪਾਦਨ ਘੱਟ ਹੁੰਦਾ ਹੈ। ਪ੍ਰਤਿ ਵਿਅਕਤੀ ਉਤਪਾਦਨ ਘੱਟ ਹੋਣ ਕਰਕੇ ਦੇਸ ਦਾ ਕੁੱਲ ਉਤਪਾਦਨ ਵੀ ਘੱਟ ਹੁੰਦਾ ਹੈ।
ਗ਼ਰੀਬੀ ਦਾ ਇੱਕ ਆਪਣਾ ਚੱਕਰ ਹੈ ਅਤੇ ਗ਼ਰੀਬ ਦੇਸ ਇਸ ਚੱਕਰ ਵਿੱਚ ਫਸੇ ਰਹਿੰਦੇ ਹਨ। ਗ਼ਰੀਬੀ ਕਰਕੇ ਆਮਦਨ ਘੱਟ ਹੁੰਦੀ ਹੈ। ਘੱਟ ਆਮਦਨ ਹੋਣ ਕਰਕੇ ਪ੍ਰਭਾਵੀ ਮੰਗ ਘੱਟ ਹੁੰਦੀ ਹੈ ਅਤੇ ਉਤਪਾਦਨ ਵਧਾਉਣ ਲਈ ਕੋਈ ਉਤਸ਼ਾਹ ਨਹੀਂ ਮਿਲਦਾ। ਘੱਟ ਉਤਪਾਦਨ ਹੋਣ ਨਾਲ ਦੁਬਾਰਾ ਆਮਦਨ ਘੱਟ ਹੁੰਦੀ ਹੈ ਅਤੇ ਇਸ ਤਰ੍ਹਾਂ ਇਹ ਚੱਕਰ ਚੱਲਦਾ ਰਹਿੰਦਾ ਹੈ। ਅਸੀਂ ਇਹ ਜਾਣਦੇ ਹਾਂ ਕਿ ਉਤਪਾਦਨ ਸਮਰੱਥਾ ਵਧਾਉਣ ਲਈ ਰੁਪਇਆ ਲਗਾਉਣਾ ਜਾਂ ਨਿਵੇਸ਼ ਕਰਨਾ ਜ਼ਰੂਰੀ ਹੈ। ਨਿਵੇਸ਼ ਕਰਨਾ ਬੱਚਤਾਂ ਤੇ ਨਿਰਭਰ ਕਰਦਾ ਹੈ ਕਿਉਂਕਿ ਆਮਦਨ ਦਾ ਬਚਿਆ ਹਿੱਸਾ ਹੀ ਨਿਵੇਸ਼ ਕੀਤਾ ਜਾਂਦਾ ਹੈ। ਜੇਕਰ ਆਮਦਨ ਘੱਟ ਹੈ ਤਾਂ ਸਾਰੀ ਦੀ ਸਾਰੀ ਆਮਦਨ ਨੂੰ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਖ਼ਰਚ ਕਰ ਦਿੱਤਾ ਜਾਂਦਾ ਹੈ ਅਤੇ ਬੱਚਤ ਬਿਲਕੁਲ ਘੱਟ ਹੁੰਦੀ ਹੈ। ਘੱਟ ਬੱਚਤ ਕਾਰਨ ਨਿਵੇਸ਼ ਘੱਟ ਹੁੰਦਾ ਹੈ। ਨਿਵੇਸ਼ ਘੱਟ ਹੋਣ ਕਰਕੇ ਉਤਪਾਦਨ ਸਮਰੱਥਾ ਸਥਿਰ ਰਹਿੰਦੀ ਹੈ ਅਤੇ ਉਤਪਾਦਨ ਵਿੱਚ ਕੋਈ ਵਾਧਾ ਨਹੀਂ ਹੁੰਦਾ ਹੈ।
ਜੇਕਰ ਅਸੀਂ ਵੱਖ-ਵੱਖ ਦੇਸਾਂ ਦਾ ਆਪਸੀ ਮੁਕਾਬਲਾ ਕਰੀਏ ਤਾਂ ਪਤਾ ਚੱਲਦਾ ਹੈ ਕਿ ਕਈ ਦੇਸ ਬਹੁਤ ਅਮੀਰ ਅਤੇ ਕਈ ਦੇਸ ਬਹੁਤ ਗ਼ਰੀਬ ਹਨ। ਆਮ ਤੌਰ ’ਤੇ ਇਹ ਮੁਕਾਬਲਾ ਪ੍ਰਤਿ ਵਿਅਕਤੀ ਆਮਦਨ ਦੇ ਆਧਾਰ ਤੇ ਕੀਤਾ ਜਾਂਦਾ ਹੈ। ਜਿੰਨ੍ਹਾਂ ਦੇਸਾਂ ਦੇ ਲੋਕਾਂ ਦੀ ਪ੍ਰਤਿ ਵਿਅਕਤੀ ਆਮਦਨ ਜ਼ਿਆਦਾ ਹੈ ਉਹਨਾਂ ਨੂੰ ਅਮੀਰ ਦੇਸ ਆਖਿਆ ਜਾਂਦਾ ਹੈ ਜਿਵੇਂ ਕਿ ਡੈਨਮਾਰਕ ਸਵੀਡਨ, ਅਮਰੀਕਾ, ਕੈਨੇਡਾ ਆਦਿ। ਜਿਨ੍ਹਾਂ ਦੇਸ ਵਿੱਚ ਰਹਿਣ ਵਾਲੇ ਲੋਕਾਂ ਦੀ ਪ੍ਰਤਿ ਵਿਅਕਤੀ ਆਮਦਨ ਘੱਟ ਹੁੰਦੀ ਹੈ ਉਹਨਾਂ ਨੂੰ ਗ਼ਰੀਬ ਦੇਸ ਆਖਦੇ ਹਨ ਜਿਵੇਂ ਕਿ ਭਾਰਤ, ਪਾਕਿਸਤਾਨ, ਬਰ੍ਹਮਾ ਆਦਿ। ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਅਮੀਰ ਦੇਸਾਂ ਵਿੱਚ ਰਹਿਣ ਵਾਲਾ ਹਰ ਵਿਕਅਤੀ ਹੀ ਅਮੀਰ ਹੁੰਦਾ ਹੈ। ਅਮੀਰ ਦੇਸਾਂ ਵਿੱਚ ਵੀ ਕੁਝ ਲੋਕ ਬਹੁਤ ਅਮੀਰ ਹੁੰਦੇ ਹਨ ਅਤੇ ਕੁਝ ਗ਼ਰੀਬ। ਪਰੰਤੂ ਇਹਨਾਂ ਦੇਸਾਂ ਵਿੱਚ ਅਬਾਦੀ ਦਾ ਵੱਡਾ ਹਿੱਸਾ ਇੱਕ ਉੱਚ ਪਾਏ ਦਾ ਜੀਵਨ ਨਿਰਬਾਹ ਕਰਦਾ ਹੈ ਅਤੇ ਤਕਰੀਬਨ ਸਾਰੀ ਦੀ ਸਾਰੀ ਅਬਾਦੀ ਦੀਆਂ ਮੁਢਲੀਆਂ ਲੋੜਾਂ ਤਾਂ ਪੂਰੀਆਂ ਹੁੰਦੀਆਂ ਹਨ। ਦੂਸਰੇ ਪਾਸੇ ਗ਼ਰੀਬ ਦੇਸਾਂ ਵਿੱਚ ਅਬਾਦੀ ਦਾ ਬਹੁਤ ਥੋੜ੍ਹਾ ਹਿੱਸਾ ਅਮੀਰ ਹੁੰਦਾ ਹੈ ਅਤੇ ਬਾਕੀ ਰਹਿੰਦੇ ਲੋਕ ਬਹੁਤ ਨੀਵੇਂ ਪੱਧਰ ਦਾ ਜੀਵਨ ਨਿਰਬਾਹ ਕਰਦੇ ਹਨ। ਇਹਨਾਂ ਦੇਸਾਂ ਵਿੱਚ ਅਬਾਦੀ ਦਾ ਇੱਕ ਵੱਡਾ ਹਿੱਸਾ ਤਾਂ ਜੀਵਨ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਦੇ ਵੀ ਅਸਮਰਥ ਹੁੰਦਾ ਹੈ। ਇਸ ਹਿੱਸੇ ਵਿੱਚ ਆਉਣ ਵਾਲੇ ਲੋਕ ਘੋਰ ਗ਼ਰੀਬੀ ਤੋਂ ਪੀੜਿਤ ਹੁੰਦੇ ਹਨ। ਇਸ ਹਿੱਸੇ ਦਾ ਪਤਾ ਲਗਾਉਣ ਲਈ ਇੱਕ ਘੱਟ ਤੋਂ ਘੱਟ ਪੱਧਰ ਦਾ ਜੀਵਨ ਪੱਧਰ ਮਿਥਿਆ ਜਾਂਦਾ ਹੈ ਜਿਸ ਨੂੰ ਗ਼ਰੀਬੀ ਦੀ ਰੇਖਾ ਕਿਹਾ ਜਾਂਦਾ ਹੈ। ਇਸ ਪੱਧਰ ਤੋਂ ਨੀਵਾਂ ਜੀਵਨ ਨਿਰਬਾਹ ਕਰਨ ਵਾਲੇ ਲੋਕਾਂ ਨੂੰ ਗ਼ਰੀਬੀ ਦੀ ਰੇਖਾ ਤੋਂ ਵੀ ਨੀਵੇਂ ਪੱਧਰ ਦਾ ਜੀਵਨ ਨਿਰਬਾਹ ਕਰਨ ਵਾਲੇ ਲੋਕ ਕਿਹਾ ਜਾਂਦਾ ਹੈ।
ਗ਼ਰੀਬੀ ਦਾ ਮੁੱਖ ਕਾਰਨ ਦੁਨੀਆ ਵਿੱਚ ਵੱਸਦੇ ਲੋਕਾਂ ਵਿਚਕਾਰ ਸਾਧਨਾਂ ਅਤੇ ਆਮਦਨ ਦੀ ਕਾਣੀ ਵੰਡ ਹੈ। ਜੇਕਰ ਸਾਰੀ ਦੁਨੀਆ ਦੇ ਸਾਧਨ ਮਨੁੱਖੀ ਭਲਾਈ ਲਈ ਲਗਾਏ ਜਾਣ ਅਤੇ ਉਤਪਾਦਨ ਦੀ ਵੰਡ ਸਹੀ ਤਰੀਕੇ ਨਾਲ ਹੋ ਜਾਵੇ ਤਾਂ ਦੁਨੀਆ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਗ਼ਰੀਬ ਨਹੀਂ ਰਹੇਗਾ। ਪਰੰਤੂ ਮੌਜੂਦਾ ਰਾਜਨੀਤਿਕ ਅਤੇ ਆਰਥਿਕ ਸੰਗਠਨ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਆਮਦਨ ਦੀ ਵੰਡ ਵਿੱਚ ਸੁਧਾਰ ਕਰਨਾ ਬਹੁਤ ਮੁਸ਼ਕਲ ਹੈ। ਇਸ ਲਈ ਇੱਕ ਬਹੁਤ ਵੱਡੇ ਪੱਧਰ ਦੀ ਢਾਂਚਾਗਤ ਤਬਦੀਲੀ ਜਾਂ ਇਨਕਲਾਬ ਦੀ ਲੋੜ ਹੈ।
ਗ਼ਰੀਬ ਦੇਸਾਂ ਦੀ ਗ਼ਰੀਬੀ ਦਾ ਇੱਕ ਮੁੱਖ ਕਾਰਨ ਵਧਦੀ ਅਬਾਦੀ ਹੈ। ਭਾਰਤ ਵਰਗੇ ਦੇਸ ਵਿੱਚ ਅਬਾਦੀ 2.5 ਪ੍ਰਤਿਸ਼ਤ ਸਲਾਨਾ ਦੀ ਦਰ ਨਾਲ ਵੱਧ ਰਹੀ ਹੈ। ਇਸ ਤਰ੍ਹਾਂ ਵਧ ਰਹੀ ਅਬਾਦੀ ਦੇ ਕਾਰਨ ਲੋਕਾਂ ਦਾ ਜੀਵਨ ਪੱਧਰ ਉੱਚਾ ਚੁਕਣਾ ਤਾਂ ਇੱਕ ਪਾਸੇ ਰਿਹਾ ਮੁਢਲੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਮੁਸ਼ਕਲ ਹਨ।
ਗ਼ਰੀਬ ਦੇਸਾਂ ਵਿੱਚ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੁੰਦਾ ਹੈ। ਖੇਤੀ ਵਿੱਚ ਪ੍ਰਤਿ ਏਕੜ ਉਤਪਾਦਨ ਬਹੁਤ ਘੱਟ ਹੁੰਦਾ ਹੈ। ਜੋਤਾਂ ਦਾ ਆਕਾਰ ਛੋਟਾ ਹੋਣ ਕਾਰਨ ਖੇਤੀ ਦਾ ਮਸ਼ੀਨੀਕਰਨ ਨਹੀਂ ਹੁੰਦਾ ਹੈ। ਗ਼ਰੀਬ ਦੇਸਾਂ ਵਿੱਚ ਪੈਸੇ ਦੀ ਘਾਟ ਕਰਕੇ ਪ੍ਰਾਪਤ ਸਾਧਨਾਂ ਦਾ ਉਚਿਤ ਪ੍ਰਯੋਗ ਨਹੀਂ ਹੁੰਦਾ ਹੈ। ਉਦਾਹਰਨ ਦੇ ਤੌਰ ’ਤੇ ਭਾਰਤ ਕੋਲ ਬਿਜਲੀ ਪੈਦਾ ਕਰਨ ਦੇ ਬਹੁਤ ਪਣ ਸੋਮੇ ਹਨ ਜਿਨ੍ਹਾਂ ਤੇ ਭਾਖੜਾ ਡੈਮ ਵਰਗੇ ਡੈਮ ਬਣਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਪਰੰਤੂ ਪੈਸੇ ਦੀ ਘਾਟ ਅਤੇ ਡੈਮ ਬਣਾਉਣ ਦੀ ਤਕਨੀਕ ਦਾ ਪਛੜਿਆ ਹੋਣ ਕਾਰਨ ਇਹ ਸੋਮੇ ਵਰਤੋਂ ਵਿੱਚ ਨਹੀਂ ਲਿਆਂਦੇ ਜਾ ਸਕੇ। ਬੇਰੁਜ਼ਗਾਰੀ, ਕੀਮਤਾਂ ਵਿੱਚ ਭਾਰੀ ਵਾਧਾ ਆਦਿ ਗ਼ਰੀਬੀ ਦੇ ਹੋਰ ਪ੍ਰਮੁਖ ਕਾਰਨ ਹਨ।
ਆਰਥਿਕ ਕਾਰਨਾਂ ਤੋਂ ਇਲਾਵਾ ਗ਼ਰੀਬੀ ਦੇ ਸਮਾਜਿਕ ਕਾਰਨ ਵੀ ਹੁੰਦੇ ਹਨ। ਸਮਾਜ ਧਰਮ ਆਦਿ ਦੇ ਨਾਂ ਤੇ ਵੰਡਿਆ ਹੁੰਦਾ ਹੈ। ਰੀਤੀ-ਰਿਵਾਜ ਪਿਛਾਂਹ ਖਿੱਚੂ ਹੁੰਦੇ ਹਨ। ਗ਼ੈਰ ਜ਼ਰੂਰੀ ਕੰਮਾਂ ਤੇ ਬੇਲੋੜਾ ਖ਼ਰਚ ਕੀਤਾ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਤਰੱਕੀ ਦੇ ਰਾਹ ਵਿੱਚ ਰੋੜਾ ਬਣਦੀਆਂ ਹਨ। ਪ੍ਰਸਿੱਧ ਅਰਥ- ਸ਼ਾਸ਼ਤਰੀ ਅਤੇ ਨੋਬਲ ਇਨਾਮ ਜਿੱਤਣ ਵਾਲੇ ਭਾਰਤੀ ਪ੍ਰੋਫ਼ੈਸਰ ਅਮਰੱਤਿਆ ਸੇਨ ਨੇ ਸਮਾਜਿਕ ਕਾਰਨਾਂ ਨੂੰ ਖ਼ਾਸ ਕਰਕੇ ਅਨਪੜ੍ਹਤਾ ਅਤੇ ਜਹਾਲਤ ਨੂੰ ਗ਼ਰੀਬੀ ਦਾ ਮੁੱਖ ਕਾਰਨ ਦੱਸਿਆ ਹੈ।
ਗ਼ਰੀਬੀ ਨੂੰ ਦੂਰ ਕਰਨ ਲਈ ਬਹੁਤ ਸਾਰੇ ਸੁਝਾਅ ਦਿੱਤੇ ਜਾਂਦੇ ਹਨ ਅਤੇ ਬਹੁਤ ਸਾਰੇ ਦੇਸਾਂ ਨੇ ਇਹ ਸੁਝਾਅ ਲਾਗੂ ਕਰਕੇ ਕਾਫ਼ੀ ਹੱਦ ਤੱਕ ਗ਼ਰੀਬੀ ਤੇ ਕਾਬੂ ਪਾ ਲਿਆ ਹੈ। ਪਰਵਾਰ ਨਿਯੋਜਨ ਰਾਹੀਂ ਅਬਾਦੀ ਦੇ ਵਾਧੇ ਤੇ ਰੋਕ ਲਗਾ ਕੇ ਗ਼ਰੀਬੀ ਦੇ ਪ੍ਰਕੋਪ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਚੀਨ ਵਰਗੇ ਵੱਡੀ ਅਬਾਦੀ ਵਾਲੇ ਦੇਸ ਨੇ ਅਬਾਦੀ ਦੇ ਵਾਧੇ ਦੀ ਦਰ ਨੂੰ ਬੜੇ ਪ੍ਰਭਾਵੀ ਢੰਗ ਨਾਲ ਰੋਕਿਆ ਹੈ। ਇਸੇ ਤਰ੍ਹਾਂ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਕਰਕੇ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਕਰਨ ਨਾਲ ਵੀ ਗ਼ਰੀਬੀ ਤੇ ਕਾਬੂ ਪਾਇਆ ਜਾ ਸਕਦਾ ਹੈ। ਰੁਜ਼ਗਾਰ ਦੇ ਵਾਧੂ ਮੌਕੇ ਪੈਦਾ ਹੋਣ ਨਾਲ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਉਹਨਾਂ ਲਈ ਆਮਦਨ ਦੇ ਸਾਧਨ ਪੈਦਾ ਹੁੰਦੇ ਹਨ।
ਕਈ ਦੇਸਾਂ ਦੀਆਂ ਸਰਕਾਰਾਂ ਵੱਲੋਂ ਗ਼ਰੀਬੀ ਦੂਰ ਕਰਨ ਲਈ ਪ੍ਰੋਗਰਾਮ ਚਲਾਏ ਜਾਂਦੇ ਹਨ ਅਤੇ ਹਰ ਨਾਗਰਿਕ ਦੀਆਂ ਘੱਟੋ-ਘੱਟ ਜ਼ਰੂਰਤਾਂ ਪੂਰਾ ਕਰਨ ਲਈ ਸਰਕਾਰ ਕੋਸ਼ਿਸ਼ਾਂ ਕਰਦੀ ਹੈ। ਰਾਸ਼ਨ ਦੀਆਂ ਸਰਕਾਰੀ ਦੁਕਾਨਾਂ ਖੋਲ੍ਹ ਕੇ ਸਸਤਾ ਰਾਸ਼ਨ ਸਪਲਾਈ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਮਕਾਨਾਂ ਦੀ ਸਮੱਸਿਆ ਦੂਰ ਕਰਨ ਲਈ ਛੋਟੇ-ਛੋਟੇ ਮਕਾਨ ਸਰਕਾਰ ਦੁਆਰਾ ਉਸਾਰੇ ਜਾਂਦੇ ਹਨ ਅਤੇ ਬੜੀ ਘੱਟ ਕੀਮਤ ਤੇ ਗ਼ਰੀਬ ਲੋਕਾਂ ਨੂੰ ਦਿੱਤੇ ਜਾਂਦੇ ਹਨ।
ਗ਼ਰੀਬ ਦੇਸਾਂ ਦੀ ਆਰਥਿਕਤਾ ਮੁੱਖ ਤੌਰ ’ਤੇ ਖੇਤੀ ਤੇ ਆਧਾਰਿਤ ਹੁੰਦੀ ਹੈ ਪਰੰਤੂ ਇਕੱਲੇ ਖੇਤੀ ਖੇਤਰ ਦੇ ਵਿਕਾਸ ਨਾਲ ਗ਼ਰੀਬੀ ਦਾ ਦੂਰ ਹੋਣਾ ਅਸੰਭਵ ਹੈ। ਇਸ ਲਈ ਸਨਅਤੀ ਵਿਕਾਸ ਤੇ ਜ਼ੋਰ ਦੇਣ ਦੀ ਲੋੜ ਹੈ। ਗ਼ਰੀਬ ਦੇਸ ਵਿੱਚ ਘਰੇਲੂ ਅਤੇ ਛੋਟੀਆਂ ਸਨਅਤਾਂ ਗ਼ਰੀਬੀ ਦੂਰ ਕਰਨ ਲਈ ਬਹੁਤ ਯੋਗਦਾਨ ਪਾ ਸਕਦੀਆਂ ਹਨ।
ਸਿੱਖਿਆ ਦਾ ਪਸਾਰ, ਸਮਾਜਿਕ ਤਬਦੀਲੀ, ਭੂਮੀ ਸੁਧਾਰ, ਪੇਂਡੂ ਵਿਕਾਸ ਆਦਿ ਹੋਰ ਤਰੀਕੇ ਹਨ ਜੋ ਕਿ ਗ਼ਰੀਬੀ ਦੂਰ ਕਰਨ ਵਿੱਚ ਬਹੁਤ ਯੋਗਦਾਨ ਪਾ ਸਕਦੇ ਹਨ ਜੇਕਰ ਇਹਨਾਂ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇ।
ਗ਼ਰੀਬੀ ਦੀ ਪਰਿਭਾਸ਼ਾ ਇਸ ਦੇ ਕਾਰਨ ਅਤੇ ਗ਼ਰੀਬੀ ਦੂਰ ਕਰਨ ਦੇ ਢੰਗ ਤਰੀਕਿਆਂ ਦੇ ਵਰਣਨ ਤੋਂ ਬਾਅਦ ਭਾਰਤ ਦੀ ਗ਼ਰੀਬੀ ਦੀ ਸਮੱਸਿਆ ਬਾਰੇ ਜਾਣਨਾ ਵੀ ਅਤਿਅੰਤ ਜ਼ਰੂਰੀ ਹੈ। ਭਾਰਤ ਮੁੱਖ ਤੌਰ ’ਤੇ ਇੱਕ ਗ਼ਰੀਬ ਦੇਸ ਹੈ। ਇਸ ਦੀ ਪ੍ਰਤਿ ਵਿਅਕਤੀ ਆਮਦਨ ਬਹੁਤ ਘੱਟ ਹੈ। ਲਗਪਗ 35 ਕਰੋੜ ਲੋਕ ਗ਼ਰੀਬੀ ਦੀ ਰੇਖਾ ਤੋਂ ਨੀਵੇਂ ਪੱਧਰ ਦਾ ਜੀਵਨ ਨਿਰਬਾਹ ਕਰਦੇ ਹਨ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਗ਼ਰੀਬੀ ਦਾ ਪ੍ਰਤਿਸ਼ਤ ਵੱਧ ਹੈ। ਭਾਵੇਂ ਪੰਜ ਸਾਲਾ ਯੋਜਨਾਵਾਂ ਤਹਿਤ ਬਹੁਤ ਸਾਰੇ ਗ਼ਰੀਬੀ ਦੂਰ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਸਨ ਪਰੰਤੂ ਇਹ ਮੋਟੇ ਰੂਪ ਵਿੱਚ ਗ਼ਰੀਬੀ ਖ਼ਤਮ ਕਰਨ ਵਿੱਚ ਅਸਮਰਥ ਰਹੇ ਹਨ। ਇਹਨਾਂ ਪ੍ਰੋਗਰਾਮਾਂ ਵਿੱਚ ਸੰਗਠਨ ਦਿਹਾਤੀ ਵਿਕਾਸ ਪ੍ਰੋਗਰਾਮ, ਪੇਂਡੂ ਰੁਜ਼ਗਾਰ ਪ੍ਰੋਗਰਾਮ, ਜਵਾਹਰ ਰੁਜ਼ਗਾਰ ਯੋਜਨਾ ਆਦਿ ਪ੍ਰਮੁਖ ਹਨ। ਸੋ ਇਸ ਸਮੇਂ ਲੋੜ ਹੈ ਕਿ ਦੇਸ ਵਿੱਚੋਂ ਗ਼ਰੀਬੀ ਦੂਰ ਕਰਨ ਲਈ ਪ੍ਰਭਾਵੀ ਕਦਮ ਚੁੱਕੇ ਜਾਣ। ਅਬਾਦੀ ਦੇ ਵਾਧੇ ਦੀ ਦਰ ਨੂੰ ਰੋਕਣਾ ਅਤਿਅੰਤ ਜ਼ਰੂਰੀ ਹੈ। ਗ਼ਰੀਬੀ ਦੂਰ ਕਰਨ ਦੇ ਆਰਥਿਕ ਪ੍ਰੋਗਰਾਮਾਂ ਦੇ ਨਾਲ-ਨਾਲ ਸਮਾਜਿਕ ਉਨਤੀ ਲਈ ਸਾਰਥਿਕ ਪਹੁੰਚ ਅਪਣਾਉਣ ਦੀ ਲੋੜ ਹੈ। ਇਸ ਕੰਮ ਲਈ ਸਿੱਖਿਆ ਤੇ ਖ਼ਰਚ ਵਧਾਉਣਾ ਬਹੁਤ ਜ਼ਰੂਰੀ ਹੈ। ਪ੍ਰੋਫ਼ੈਸਰ ਅਮਰੱਤਿਆ ਸੇਨ ਨੇ ਭਾਰਤ ਵਿੱਚੋਂ ਗ਼ਰੀਬੀ ਦੂਰ ਕਰਨ ਲਈ ਸਿਰਫ਼ ਇੱਕ ਹੀ ਸੁਝਾਅ ਦਿੱਤਾ ਹੈ ਕਿ ਸਿੱਖਿਆ ਤੇ ਖ਼ਰਚਾ ਵਧਾਇਆ ਜਾਵੇ ਜੋ ਕਿ ਸਮਾਜਿਕ ਤਬਦੀਲੀ ਦਾ ਆਧਾਰ ਤਿਆਰ ਕਰੇਗਾ। ਇਸ ਦੇ ਸਿੱਟੇ ਵੱਜੋਂ ਸਮਾਜਿਕ ਤਬਦੀਲੀ ਹੋਵੇਗੀ ਜੋ ਕਿ ਰਾਜਨੀਤਿਕ ਅਤੇ ਆਰਥਿਕ ਬਦਲਾਅ ਵਿੱਚ ਸਹਾਈ ਹੋਵੇਗੀ। ਇਸ ਤਰ੍ਹਾਂ ਦੇ ਬਦਲਾਅ ਨਿਸ਼ਚੇ ਹੀ ਗ਼ਰੀਬੀ ਦੂਰ ਕਰਨ ਵਿੱਚ ਸਹਾਈ ਹੋਣਗੇ।
ਲੇਖਕ : ਅਮਰਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 2649, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-26-03-01-58, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First