ਜ਼ਮੀਨਦਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Zamindar_ਜ਼ਮੀਨਦਾਰ: ਜ਼ਮੀਨਦਾਰ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਸਰਕਾਰ ਅਧੀਨ ਨਿਯਤ ਮਾਲੀਏ ਤੇ ਭੋਂ ਧਾਰਨ ਕਰਦਾ ਸੀ

       ਸੁਖਦੇਵ ਸਿੰਘ ਮਹਾਰਾਜਾ ਬਹਾਦੁਰ ਆਫ਼ ਮਿਧੌਰ (ਏ ਆਈ ਆਰ 1951 ਐਸ ਸੀ 288) ਅਨੁਸਾਰ ਜ਼ਮੀਨਦਾਰ ਬਾਰੇ ਕਿਆਸ ਕੀਤਾ ਜਾਂਦਾ ਹੈ ਕਿ ਉਹ ਉਸ ਦੁਆਰਾ ਸਿਰਜੀਆਂ ਭੋਂਦਾਰੀਆਂ ਵਿਚ ਜ਼ਮੀਨ ਥਲੇ ਦੇ ਅਧਿਕਾਰਾਂ ਦਾ ਮਾਲਕ ਹੁੰਦਾ ਹੈ, ਪਰ ਇਹ ਤਦ ਜੇ ਇਸ ਗੱਲ ਦੀ ਕੋਈ ਸ਼ਹਾਦਤ ਨ ਹੋਵੇ ਕਿ ਉਸ ਨੇ ਕਿਸੇ ਸਮੇਂ ਉਹ ਅਧਿਕਾਰ ਛਡ ਦਿੱਤੇ ਸਨ

       ਮੁਸਲਮਾਨੀ ਪ੍ਰਬੰਧ ਅਧੀਨ ਜ਼ਮੀਨਦਾਰ ਸਰਕਾਰ ਦੇ ਨਮਿਤ ਮਾਲੀਆ ਇਕੱਤਰ ਕਰਨ ਲਈ ਜ਼ਿੰਮੇਵਾਰ ਹੁੰਦਾ ਸੀ। ਮਾਲੀਏ ਦੀ ਰਕਮ ਸਰਕਾਰ ਮੁਕਰਰ ਕਰਦੀ ਸੀ ਅਤੇ ਉਹ ਮਹਾਲ ਜਾਂ ਇਲਾਕਾ ਵੀ ਸੁਨਿਸਚਿਤ ਕਰ ਦਿੰਦੀ ਸੀ ਜਿਸ ਤੋਂ ਕਿਸੇ ਖ਼ਾਸ ਜ਼ਮੀਨਦਾਰ ਨੇ ਮਾਲੀਆ ਇਕੱਠਾ ਕਰਨਾ ਹੁੰਦਾ ਸੀ। ਇਸ ਸੇਵਾ ਲਈ ਜ਼ਮੀਨਦਾਰ ਨੂੰ ਉਸ ਦੁਆਰਾ ਇਕੱਠੀ ਕੀਤੀ ਰਕਮ ਦਾ ਦਸਵਾਂ ਹਿੱਸਾ ਅਦਾ ਕੀਤਾ ਜਾਂਦਾ ਸੀ ਅਤੇ ਵਿਸ਼ੇਸ਼ ਪ੍ਰਯੋਜਨ ਲਈ ਕੁਝ ਹੋਰ ਅਲਾਉਂਸ ਵੀ ਦਿੱਤੇ ਜਾਂਦੇ ਸਨ। ਹਿੰਦੂ ਰਾਜ-ਪ੍ਰਬੰਧ ਅਧੀਨ ਮਾਲੀਆ ਇਕੱਤਰ ਕਰਨ ਵਾਲਾ ਵਿਅਕਤੀ ਜੁਰਮਾਂ ਤੇ ਕੰਟਰੋਲ ਕਰਨ ਵਿਚ ਵੀ ਸਰਕਾਰ ਦੀ ਸਹਾਇਤਾ ਕਰਦਾ ਸੀ। ਇਸ ਤਰ੍ਹਾਂ ਦੇ ਅਹੁਦੇਦਾਰ ਨੂੰ ਚੌਧਰੀ ਕਿਹਾ ਜਾਂਦਾ ਸੀ। ਬਾਦ ਵਿਚ ਚੌਧਰੀ ਕਰੋੜੀ ਨੂੰ ਹੀ ਜ਼ਮੀਨਦਾਰ ਕਿਹਾ ਜਾਣ ਲੱਗ ਪਿਆ। ਸਮਾਂ ਪਾ ਕੇ ਇਹ ਅਹੁਦਾ ਜੱਦੀ ਬਣ ਗਿਆ, ਲੇਕਿਨ ਸ਼ੁਰੂ ਵਿਚ ਚੌਧਰੀ ਕਰੋੜੀ ਦੇ ਵਾਰਸ ਨੂੰ ਵੀ ਜ਼ਮੀਨਦਾਰ ਦੇ ਅਹੁਦੇ ਲਈ ਬਿਲਕੁਲ ਉਸੇ ਤਰ੍ਹਾਂ ਨਿਯੁਕਤੀ ਹਾਸਲ ਕਰਨੀ ਪੈਂਦੀ ਸੀ ਜਿਵੇਂ ਕਿ ਉਹ ਨਵੀਂ ਨਿਯੁਕਤੀ ਹੋਵੇ। ਉਸ ਨੂੰ ਇਹ ਨਿਯੁਕਤੀ ਹਾਸਲ ਕਰਨ ਲਈ ਚੰਗੀ ਤਕੜੀ ਪੇਸ਼ਕਸ਼ ਅਰਥਾਤ ਫ਼ੀਸ ਅਦਾ ਕਰਨੀ ਪੈਂਦੀ ਸੀ ਅਤੇ ਤਦ ਉਸ ਨੂੰ ਯਥਾਰੀਤੀ ਜ਼ਮੀਨਦਾਰ ਹੋਣ ਦੇ ਕਾਗ਼ਜ਼ ਮਿਲਦੇ ਸਨ ਅਤੇ ਮਗਰੋਂ ਜਾ ਕੇ ਇਹ ਕਾਗ਼ਜ਼ ਹਾਸਲ ਕਰਨ ਦੀ ਲੋੜ ਵੀ ਹੌਲੇ ਹੌਲੇ ਖ਼ਤਮ ਹੋ ਗਈ

       ਪਹਿਲਾਂ ਜ਼ਮੀਨਦਾਰ ਨੂੰ ਕੁਲ ਇਕੱਤਰ ਕੀਤੇ ਮਾਲੀਏ ਦਾ ਦਸਵਾਂ ਹਿੱਸਾ ਅਦਾ ਕੀਤਾ ਜਾਂਦਾ ਸੀ। ਬਾਦ ਵਿਚ ਉਸ ਨੂੰ ਮਾਲੀਏ ਦੀ ਅਦਾਇਗੀ ਕੀਤੇ ਬਿਨਾਂ ਕੁਝ ਜ਼ਮੀਨ ਦਿੱਤੀ ਜਾਣ ਲੱਗ ਪਈ ਜਿਸ ਨੂੰ ਨਨਕਾਰ ਕਿਹਾ ਜਾਂਦਾ ਸੀ। ਇਸ ਤਰ੍ਹਾਂ ਦੀ ਜ਼ਮੀਨ ਉਹ ਵਿਰਸੇ ਵਿਚ ਹਾਸਲ ਕਰ ਸਕਦਾ ਸੀ ਅਤੇ ਆਪਣੇ ਕਾਮਿਆਂ ਦੀ ਮਦਦ ਨਾਲ ਖ਼ਾਲੀ ਪਈ ਜ਼ਮੀਨ ਨੂੰ ਆਬਾਦ ਕਰਕੇ ਉਸ ਦਾ ਮਾਲਕ ਵੀ ਬਣ ਸਕਦਾ ਸੀ। ਉਹ ਹੋਰ ਜ਼ਮੀਨ ਵੀ ਖ਼ਰੀਦ ਜਾਂ ਰਹਿਨ ਆਦਿ ਦੁਆਰਾ ਹਾਸਲ ਕਰ ਸਕਦਾ ਸੀ। ਸਾਲ 1793 ਦੇ ਬੰਦੋਬਸਤ ਦੁਆਰਾ ਉਸ ਨੂੰ ਅਸਲੀ ਮਾਲਕ ਮੰਨ ਲਿਆ ਗਿਆ। ਉਸ ਨੂੰ ਆਪਣੀ ਜ਼ਮੀਨ ਲਈ ਮਾਲੀਏ ਦਾ 9/10 ਹਿੱਸਾ ਅਦਾ ਕਰਨਾ ਪੈਂਦਾ ਸੀ ਅਤੇ ਜ਼ਮੀਨਦਾਰ ਨੂੰ ਉਸ ਵਿਅਕਤੀ ਦੇ ਤੌਰ ਤੇ ਜਾਣਿਆ ਜਾਣ ਲਗ ਪਿਆ ਜਿਸ ਨੂੰ ਭੋਂਦਾਰ ਮਾਲੀਆ ਅਦਾ ਕਰਦਾ ਸੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3336, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.