ਜ਼ਿਮੀਂਕੰਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜ਼ਿਮੀਂਕੰਦ : ਇਸ ਗੱਠਦਾਰ ਸਬਜ਼ੀ ਦਾ ਮੂਲ ਸਥਾਨ ਭਾਰਤ ਹੀ ਹੈ। ਇਸ ਦੀਆਂ ਗੱਠੀਆਂ ਜਾਂ ਗੱਠਲ ਖਾਣ ਦੇ ਕੰਮ ਆਉਂਦੇ ਹਨ। ਜ਼ਿਮੀਕੰਦ ਦੇ ਖ਼ੁਰਾਕੀ ਗੁਣਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ––

 

(ਪ੍ਰਤੀ 100 ਗ੍ਰਾ. ਖਾਣ ਯੋਗ ਭਾਗ ਵਿਚ)

ਨਮੀ

78.7 ਗ੍ਰਾ.

ਖਣਿਜਾਂ

0.8 ਗ੍ਰਾ.

ਚਰਬੀ

0.1 ਗ੍ਰਾ.

ਹੋਰ ਕਾਰਬੋਹਾਈਡ੍ਰੇਟ

18.4 ਗ੍ਰਾ.

ਰੇਸ਼ੇ

0.8 ਗ੍ਰਾ.

ਕੈਲਸ਼ੀਅਮ

50 ਮਿ. ਗ੍ਰਾ.

ਕੈਲੋਰੀਆਂ

79

ਲੋਹਾ

0.6 ਮਿ. ਗ੍ਰਾ.

ਫ਼ਾਸਫ਼ੋਰਸ

34 ਮਿ. ਗ੍ਰਾ.

ਥਾਇਆਮੀਨ

0.6 ਮਿ. ਗ੍ਰਾ.

ਵਿਟਾਮਿਨ ਏ

434 ਪ੍ਰਤੀ ਇਕਾਈ

ਨਿਕੋਟੀਨਿਕ ਐਸਿਡ

0.7 ਮਿ. ਗ੍ਰਾ.

ਰਿਬੋਫਲਾਵੀਨ

0.07 ਮਿ. ਗ੍ਰਾ.

ਵਿਟਾਮਿਨ ਸੀ

ਨਿੱਲ

ਪ੍ਰੋਟੀਨ

1.2 ਗ੍ਰਾ.

 

          ਜ਼ਿਮੀਕੰਦ ਦਾ ਸਬੰਧ ਐਰੇਸੀ ਕੁਲ ਤੇ ਐਮੋਰਫ਼ੋਫ਼ੈਲਸ ਪ੍ਰਜਾਤੀ ਨਾਲ ਹੈ। ਇਸ ਨੂੰ ਕੈਪੈਨੂਲੇਟਸ ਜਾਤੀ ’ਚ ਸ਼ਾਮਲ ਕੀਤਾ ਜਾਂਦਾ ਹੈ। ਜ਼ਿਮੀਕੰਦ ਦੀਆਂ ਦੋ ਬਿਲਕੁਲ ਵੱਖਰੀਆਂ-ਵੱਖਰੀਆਂ ਕਿਸਮਾਂ ਹਨ। ਇਕ ਦੀਆਂ ਗੱਠੀਆਂ ਨਰਮ ਹੁੰਦੀਆਂ ਹਨ ਤੇ ਇਸ ਕਿਸਮ ਦੀ ਜ਼ਿਮੀਕੰਦ ਗੱਠੀਆਂ ਦੇ ਛੋਟੇ-ਛੋਟੇ ਟੁਕੜੇ ਬੀਜ ਕੇ ਹੀ ਉਗਾਇਆ ਜਾਂਦਾ ਹੈ। ਇਸ ਵਿਚ ਥੋੜ੍ਹੀ ਜਿਹੀ ਕੁੜੱਤਣ ਤੇ ਜਲੂਣ ਹੁੰਦੀ ਹੈ ਜਿਸ ਨਾਲ ਮੂੰਹ ਅਤੇ ਗਲੇ ਨੂੰ ਖ਼ਾਰਸ਼ ਜਿਹੀ ਲੱਗ ਜਾਂਦੀ ਹੈ ਪਰ ਇਸ ਕਿਸਮ ਤੋਂ ਝਾੜ ਵਧੀਆ ਮਿਲਦਾ ਹੈ। ਉਬਾਲਣ ਨਾਲ ਇਹ ਜਲੂਣ ਮੱਠੀ ਪੈ ਜਾਂਦੀ ਹੈ। ਦੂਸਰੀ ਕਿਸਮ ਦਾ ਨਸਲ-ਵਾਧਾ ਸਾਬਤ ਗੱਠੀਆਂ ਜਾਂ ਮਾਦਾ ਗੱਠਲ ਲਾ ਕੇ ਕੀਤਾ ਜਾਂਦਾ ਹੈ। ਇਹ ਕਿਸਮ ਵਧੀਆ ਹੁੰਦੀ ਹੈ ਤੇ ਇਸ ਵਿਚ ਜਲੂਣ ਵੀ ਨਹੀਂ। ਇਸ ਦੀ ਬਿਜਾਈ ਲਈ ਸ਼ੁਰੂ ਬਹਾਰ ਦਾ ਸਮਾਂ ਸਭ ਤੋਂ ਚੰਗਾ ਰਹਿੰਦਾ ਹੈ। ਬੀਜ ਲਈ ਗੱਠੀਆਂ ਦੇ ਛੋਟੇ-ਛੋਟੇ ਟੁਕੜੇ ਜਿਨ੍ਹਾਂ ਦਾ ਵਜ਼ਨ ਕੁਝ ਗ੍ਰਾ. ਹੀ ਹੁੰਦਾ ਹੈ, ਵਰਤੇ ਜਾਂਦੇ ਹਨ। ਬੀਜੀ ਗਈ ਨਿੱਕੀ ਜਿਹੀ ਗੰਢ ਵੱਧ ਕੇ ਕਈ ਕਿਲੋ ਦਾ ਗੱਠਲ ਬਣ ਜਾਂਦੀ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਵਧਣ ਲਈ ਤਿੰਨ ਚਾਰ ਸਾਲ ਦਾ ਸਮਾਂ ਲੱਗ ਜਾਂਦਾ ਹੈ। ਗੁਜਰਾਤ ਵਿਚ ਜ਼ਿਮੀਕੰਦ ਸਮਤਲ ਕਿਆਰੀਆਂ ’ਚ ਲਗਾਇਆ ਜਾਂਦਾ ਹੈ ਜਦ ਕਿ ਕੁਝ ਦੱਖਣੀ ਰਾਜਾਂ ’ਚ ਇਹ ਚੌੜੀਆਂ-ਚੌੜੀਆਂ ਵੱਟਾਂ ਤੇ ਲਾਇਆ ਜਾਂਦਾ ਹੈ। ਜ਼ਿਮੀਕੰਦ ਮੁੱਖ ਰੂਪ ਵਿਚ ਤਪਤ ਖੰਡੀ, ਅਰਧ-ਤਪਤ-ਖੰਡੀ ਫ਼ਸਲ ਹੈ। ਇਸ ਦੀ ਕਾਸ਼ਤ ਲਈ ਵਰਖਾ ਵਕਫ਼ਿਆਂ ਨਾਲ ਹੋਣੀ ਚਾਹੀਦੀ ਹੈ ਜਾਂ ਫਿਰ ਸਿੰਜਾਈ ਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਅਧਿਕਤਮ ਤੇ ਨਿਊਨਤਮ ਤਾਪਮਾਨ ’ਚ ਵੀ ਬਹੁਤਾ ਅੰਤਰ ਨਹੀਂ ਹੋਣਾ ਚਾਹੀਦਾ। ਜ਼ਿਮੀਕੰਦ ਅਕਸਰ ਅਦਰਕ ਤੇ ਕੇਲਿਆਂ ਦੇ ਨਾਲ ਹੀ ਬੀਜਿਆ ਜਾਂਦਾ ਹੈ। ਇਸ ਤੋਂ ਬਿਨਾਂ ਜ਼ਿਮੀਕੰਦ ਦੇ ਨਾਲ ਕਈ ਵਾਰ ਗੁਆਰਾ, ਮੂੰਗਫਲੀ ਤੇ ਮੇਥੀ ਆਦਿ ਫ਼ਸਲਾਂ ਵੀ ਬੀਜੀਆਂ ਜਾਂਦੀਆਂ ਹਨ। ਇਹ ਫ਼ਸਲਾਂ ਜ਼ਿਮੀਕੰਦ ਨੂੰ ਢੱਕ ਲੈਂਦੀਆਂ ਹਨ।

          ਜ਼ਿਮੀਕੰਦ ਦੀਆਂ ਗੱਠੀਆਂ ਇਕ ਇਕ ਕਰਕੇ ਕਹੀ ਨਾਲ ਪੁੱਟੀਆਂ ਜਾਂਦੀਆਂ ਹਨ। ਚਾਰ ਕੁ ਸਾਲਾਂ ਦੀ ਫ਼ਸਲ ਦੀਆਂ ਗੱਠੀਆਂ ਦੇ ਪੁੰਗਾਰੇ ਅਗਲੀ ਫ਼ਸਲ ਦੀ ਬਿਜਾਈ ਲਈ ਵਰਤੇ ਜਾਂਦੇ ਹਨ। ਜ਼ਿਮੀਕੰਦ ਨੂੰ ਜੇ ਪੂਰਾ ਪੱਕਣ ਤੇ ਪੁੱਟਿਆ ਜਾਵੇ ਤਾਂ ਇਕ ਹੈਕਟਰ ਵਿਚੋਂ ਲਗਭਗ 300 ਤੋਂ 4000 ਕੁਇੰਟਲ ਝਾੜ ਮਿਲਦਾ ਹੈ।

          ਹ. ਪੁ.––ਸਬਜ਼ੀਆਂ––ਚੌਧਰੀ : 236


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.