ਰੁੱਤਾਂ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਰੁੱਤਾਂ : ਜਲਵਾਯੂ ਅਵਸਥਾਵਾਂ ਵਿੱਚ ਭਿੰਨਤਾਵਾਂ ਉੱਤੇ ਆਧਾਰਿਤ ਇੱਕ ਸਾਲ ਦੇ ਸਮੇਂ ਨੂੰ ਰੁੱਤਾਂ ਵਿੱਚ ਵੰਡਿਆ ਜਾਂਦਾ ਹੈ। ਸਾਲ ਦੇ ਕਿਸੇ ਵਿਸ਼ੇਸ਼ ਸਮੇਂ ਨੂੰ ਜਿਸ ਦੌਰਾਨ ਕਿਸੇ ਥਾਂ ਤੇ ਜਲਵਾਯੂ ਦੀਆਂ ਹਾਲਤਾਂ ਲਗਪਗ ਇਕਸਾਰ ਰਹਿੰਦੀਆਂ ਹੋਣ, ਉਸ ਨੂੰ ਰੁੱਤ ਕਿਹਾ ਜਾਂਦਾ ਹੈ। ਰੁੱਤਾਂ ਵਿੱਚ ਤਬਦੀਲੀ ਆਉਣ ਦੇ ਤਿੰਨ ਕਾਰਨ ਹਨ :

ੳ.       ਧਰਤੀ ਸੂਰਜ ਦੇ ਚੁਫੇਰੇ ਘੁੰਮਦੀ ਹੈ ਅਤੇ ਆਪਣਾ ਇੱਕ ਚੱਕਰ ਇੱਕ ਸਾਲ ਵਿੱਚ ਪੂਰਾ ਕਰਦੀ ਹੈ;

ਅ.       ਧਰਤੀ ਦਾ ਧੁਰਾ ਆਪਣੇ ਗ੍ਰਹਿ ਪੱਥ ਉੱਤੇ 66½° ਉੱਤੇ ਝੁਕਿਆ ਹੋਇਆ ਹੈ; ਅਤੇ

ੲ.       ਧਰਤੀ ਦਾ ਉੱਤਰੀ ਧਰੁਵ ਸਦਾ ਧਰੁਵ ਤਾਰੇ ਦੀ ਸੇਧ ਵਿੱਚ ਰਹਿੰਦਾ ਹੈ।

ਇਹਨਾਂ ਕਾਰਨਾਂ ਕਰਕੇ, ਧਰਤੀ ਦੇ ਵੱਖ-ਵੱਖ ਭਾਗ ਸਾਲ ਵਿੱਚ ਵੱਖ-ਵੱਖ ਸਮੇਂ ਉੱਤੇ ਵੱਖ-ਵੱਖ ਮਾਤਰਾ ਵਿੱਚ ਸੂਰਜੀ ਤਾਪ ਗ੍ਰਹਿਣ ਕਰਦੇ ਹਨ, ਜਿਸ ਤੋਂ ਰੁੱਤਾਂ ਬਣਦੀਆਂ ਹਨ ਅਤੇ ਉਹਨਾਂ ਵਿੱਚ ਤਬਦੀਲੀ ਹੁੰਦੀ ਹੈ। ਸੂਰਜ ਦੇ ਚੁਫੇਰੇ ਚੱਕਰ ਲਗਾਉਂਦੀ ਹੋਈ ਧਰਤੀ ਹੇਠ ਦਿੱਤੀਆਂ ਚਾਰ ਵਿਸ਼ੇਸ਼ ਹਾਲਤਾਂ ਵਿੱਚੋਂ ਗੁਜ਼ਰਦੀ ਹੈ, ਜਿਸ ਤੋਂ ਰੁੱਤਾਂ ਹੋਂਦ ਵਿੱਚ ਆਉਂਦੀਆਂ ਹਨ (ਦੇਖੋ ਰੇਖਾ-ਚਿੱਤਰ) :

1. ਕਰਕ ਸੰਕ੍ਰਾਂਤੀ (Summer Solstice) : 21 ਜੂਨ ਨੂੰ ਪ੍ਰਿਥਵੀ ਦਾ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ। ਸੂਰਜ ਦੀਆਂ ਕਿਰਨਾਂ ਕਰਕ ਰੇਖਾ ਉੱਤੇ ਸਿੱਧੀਆਂ ਪੈਂਦੀਆਂ ਹਨ। ਉੱਤਰੀ ਗੋਲਾਰਧ ਵਿੱਚ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ। ਲੰਬੇ ਦਿਨਾਂ ਦੌਰਾਨ ਜਿੰਨੀ ਗਰਮੀ ਦਿਨ ਵੇਲੇ ਪੈਂਦੀ ਹੈ, ਉਹ ਛੋਟੀਆਂ ਰਾਤਾਂ ਹੋਣ ਕਰਕੇ ਸਾਰੀ ਦੀ ਸਾਰੀ ਖ਼ਾਰਜ ਨਹੀਂ ਹੋ ਸਕਦੀ। ਹਰ ਰੋਜ਼ ਦਾ ਗਰਮੀ ਦਾ ਇਹ ਵਾਧਾ ਇੱਕਠਾ ਹੋ ਕੇ ਗਰਮੀ ਦੀ ਰੁੱਤ ਪੈਦਾ ਕਰਦਾ ਹੈ। ਇਸ ਤਰ੍ਹਾਂ ਸੂਰਜ ਤੋਂ ਵੱਧ ਗਰਮੀ ਪ੍ਰਾਪਤ ਹੋਣ ਅਤੇ ਧਰਤੀ ਤੋਂ ਘੱਟ ਗਰਮੀ ਖ਼ਾਰਜ ਹੋਣ ਕਰਕੇ ਗਰਮੀਆਂ ਦੀ ਰੁੱਤ ਬਣਦੀ ਹੈ। ਉੱਤਰੀ ਧਰੁਵ ਚੱਕਰ (Arctic Circle), ਅਰਥਾਤ 66½° ਤੋਂ ਉੱਤਰ ਵੱਲ 24 ਘੰਟੇ ਦਿਨ ਹੀ ਰਹਿੰਦਾ ਹੈ। ਉੱਤਰੀ ਧਰੁਵ ਉੱਤੇ 6 ਮਹੀਨੇ ਤੱਕ ਦਿਨ ਰਹਿੰਦਾ ਹੈ। ਦੱਖਣੀ ਗੋਲਾਰਧ ਵਿੱਚ ਹਾਲਾਤ ਉੱਤਰੀ ਗੋਲਾਰਧ ਦੇ ਬਿਲਕੁਲ ਉਲਟ ਹੁੰਦੇ ਹਨ। ਇੱਥੇ ਸਰਦੀਆਂ ਦੀ ਰੁੱਤ ਹੁੰਦੀ ਹੈ ਅਤੇ ਰਾਤਾਂ ਲੰਬੀਆਂ ਅਤੇ ਦਿਨ ਛੋਟੇ ਹੁੰਦੇ ਹਨ। ਦੱਖਣੀ ਧਰੁਵ ਚੱਕਰ (Antarctic Circle), ਅਰਥਾਤ 66½°   ਤੋਂ ਦੱਖਣ ਵੱਲ ਦੇ ਖੇਤਰ ਉੱਤੇ 24 ਘੰਟੇ ਰਾਤ ਹੀ ਰਹਿੰਦੀ ਹੈ ਜਦੋਂ ਕਿ, ਦੱਖਣੀ ਧਰੁਵ 6 ਮਹੀਨੇ ਤੱਕ ਹਨੇਰੇ ਵਿੱਚ ਰਹਿੰਦਾ ਹੈ।

2.ਮਕਰ ਸੰਕ੍ਰਾਂਤੀ (Winter Solstice): 21 ਦਸੰਬਰ ਨੂੰ, ਅਰਥਾਤ 6 ਮਹੀਨੇ ਬਾਅਦ ਪ੍ਰਿਥਵੀ ਗ੍ਰਹਿ ਪੱਥ ਉੱਤੇ ਆਪਣੀ 21 ਜੂਨ ਦੀ ਸਥਿਤੀ ਤੋਂ ਬਿਲਕੁਲ ਦੂਜੇ ਪਾਸੇ ਚਲੀ ਜਾਂਦੀ ਹੈ, ਜਿਸ ਕਰਕੇ ਜਲਵਾਯੂ ਪੱਖੋਂ ਦੋਨੋਂ ਗੋਲਾਰਧਾਂ ਵਿੱਚ ਹਾਲਾਤ ਅੱਗੇ ਨਾਲੋਂ ਉਲਟ ਹੋ ਜਾਂਦੇ ਹਨ, ਅਰਥਾਤ ਸੂਰਜ ਦੀਆਂ ਕਿਰਨਾਂ ਮਕਰ ਰੇਖਾ ਉੱਤੇ ਸਿੱਧੀਆਂ ਪੈਂਦੀਆਂ ਹਨ। ਦੱਖਣੀ ਗੋਲਾਰਧ ਵਿੱਚ ਗਰਮੀਆਂ ਦੀ ਰੁੱਤ ਹੁੰਦੀ ਹੈ, ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ। ਵੱਡੇ ਦਿਨਾਂ ਵਿੱਚ ਗਰਮੀ ਵੱਧ ਗ੍ਰਹਿਣ ਹੁੰਦੀ ਹੈ। ਦੱਖਣੀ ਧਰੁਵ ਚੱਕਰ ਤੋਂ ਦੱਖਣ ਦਾ ਖੇਤਰ 24 ਘੰਟੇ ਦਿਨ ਵਿੱਚ ਰਹਿੰਦਾ ਹੈ ਅਤੇ ਧਰੁਵ ਉੱਤੇ 6 ਮਹੀਨੇ ਦਿਨ ਹੀ ਰਹਿੰਦਾ ਹੈ। ਇਸ ਦੇ ਉਲਟ, ਉੱਤਰੀ ਗੋਲਾਰਧ ਵਿੱਚ ਸਰਦੀਆਂ ਦੀ ਰੁੱਤ ਹੁੰਦੀ ਹੈ, ਦਿਨ ਛੋਟੇ ਅਤੇ ਰਾਤਾਂ ਲੰਬੀਆਂ ਹੁੰਦੀਆਂ ਹਨ। ਛੋਟੇ ਦਿਨਾਂ ਕਰਕੇ ਬਹੁਤ ਘੱਟ ਗਰਮੀ ਗ੍ਰਹਿਣ ਹੁੰਦੀ ਹੈ ਜੋ ਹੁੰਦੀ ਹੈ, ਉਹ ਲੰਬੀ ਰਾਤ ਦੇ ਪਹਿਲੇ ਹਿੱਸੇ ਵਿੱਚ ਹੀ ਖ਼ਾਰਜ ਹੋ ਜਾਂਦੀ ਹੈ। ਧਰਤੀ ਠੰਢੀ ਹੋ ਜਾਂਦੀ ਹੈ, ਰਾਤਾਂ ਲੰਬੀਆਂ ਹੋਣ ਕਰਕੇ ਠੰਢ ਹੋਰ ਵਧਦੀ ਜਾਂਦੀ ਹੈ। ਉੱਤਰੀ ਧਰੁਵ ਉੱਤੇ 6 ਮਹੀਨੇ ਰਾਤ ਰਹਿੰਦੀ ਹੈ। ਜਦੋਂ ਦਿਨ ਲੰਬੇ ਹੁੰਦੇ ਹਨ ਤਾਂ ਸੂਰਜ ਦੀਆਂ ਕਿਰਨਾਂ ਵੀ ਸਿੱਧੀਆਂ ਪੈਂਦੀਆਂ ਹਨ, ਜਿਸ ਨਾਲ ਗਰਮੀ ਹੋਰ ਵਧਦੀ ਹੈ। ਇਸ ਤਰ੍ਹਾਂ, ਜਦੋਂ ਦਿਨ ਛੋਟੇ ਹੁੰਦੇ ਹਨ ਤਾਂ ਸੂਰਜੀ ਕਿਰਨਾਂ ਵੀ ਤਿਰਛੀਆਂ ਪੈਂਦੀਆਂ ਹਨ, ਜਿਸ ਨਾਲ ਤਾਪਮਾਨ ਘੱਟ ਵਧਦਾ ਹੈ।

3. ਬਸੰਤ ਵਿਸੂਵੀ (Vernal Equinox) ਅਤੇ ਪਤਝੜ ਵਿਸੂਵੀ (Autumnal Equinox) : ਮਕਰ ਸੰਕ੍ਰਾਂਤੀ 22 ਦਸੰਬਰ ਅਤੇ ਕਰਕ ਸੰਕ੍ਰਾਂਤੀ 21 ਜੂਨ ਦੇ ਵਿਚਕਾਰ 21 ਮਾਰਚ ਨੂੰ ਧਰਤੀ ਬਸੰਤ ਵਿਸੂਵੀ ਦੀ ਅਵਸਥਾ ਵਿੱਚ ਹੁੰਦੀ ਹੈ। ਇਸੇ ਤਰ੍ਹਾਂ, ਕਰਕ ਸੰਕ੍ਰਾਂਤੀ 21 ਜੂਨ ਅਤੇ ਮਕਰ ਸੰਕ੍ਰਾਂਤੀ 22 ਦਸੰਬਰ ਦੇ ਵਿਚਕਾਰ 22 ਸਤੰਬਰ ਨੂੰ ਧਰਤੀ ਪਤਝੜ ਵਿਸੂਵੀ ਦੀ ਹਾਲਤ ਵਿੱਚ ਹੁੰਦੀ ਹੈ। 22 ਸਤੰਬਰ ਅਤੇ 21 ਮਾਰਚ ਨੂੰ ਸੂਰਜ ਭੂ-ਮੱਧ ਰੇਖਾ ਉੱਤੇ ਸਿੱਧਾ ਚਮਕਦਾ ਹੈ, ਜਿਸ ਕਰਕੇ ਦੋਨਾਂ ਹੀ ਗੋਲਾਰਧਾਂ ਵਿੱਚ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ, ਅਰਥਾਤ 12 ਘੰਟੇ ਦਾ ਦਿਨ ਅਤੇ 12 ਘੰਟੇ ਦੀ ਰਾਤ ਹੁੰਦੀ ਹੈ, ਜਿਸ ਕਰਕੇ ਨਾ ਜ਼ਿਆਦਾ ਗਰਮੀ ਅਤੇ ਨਾ ਜ਼ਿਆਦਾ ਸਰਦੀ ਹੁੰਦੀ ਹੈ। ਦੋਨਾਂ ਹੀ ਗੋਲਾਰਧਾਂ ਵਿੱਚ ਜਲਵਾਯੂ ਸੰਬੰਧੀ ਇਕਸਾਰ ਹਾਲਤ ਹੁੰਦੀ ਹੈ। ਸੂਰਜ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਚੜ੍ਹਦਾ ਹੈ ਅਤੇ ਸ਼ਾਮ 6 ਵਜੇ ਅਸਤ ਜਾਂ ਡੁੱਬ ਜਾਂਦਾ ਹੈ। ਬਸੰਤ ਵਿਸੂਵੀ, ਪਤਝੜ ਵਿਸੂਵੀ, ਬਸੰਤ ਅਤੇ ਪਤਝੜ ਰੁੱਤਾਂ ਦੇ ਪ੍ਰਤੀਕ ਹਨ।

ਇਸ ਤਰ੍ਹਾਂ, ਧਰਤੀ ਦੀ ਸਾਲਾਨਾ ਚਾਲ ਅਤੇ ਇਸ ਦੇ ਧੁਰੇ ਦੇ ਝੁਕੇ ਹੋਣ ਕਰਕੇ ਜੋ ਰੁੱਤਾਂ ਬਣਦੀਆਂ ਹਨ, ਉਹਨਾਂ ਨੂੰ ਨਛੱਤਰੀ ਰੁੱਤਾਂ ਕਿਹਾ ਜਾਂਦਾ ਹੈ। ਕਿਸੇ ਥਾਂ ਦੇ ਜਲਵਾਯੂ ਉੱਤੇ ਅਜਿਹੇ ਨਛੱਤਰੀ ਪ੍ਰਭਾਵ ਤੋਂ ਇਲਾਵਾ, ਕਈ ਹੋਰ ਤੱਤਾਂ ਦਾ ਪ੍ਰਭਾਵ ਵੀ ਪੈਂਦਾ ਹੈ, ਜਿਵੇਂ ਕਿ ਸਮੁੰਦਰ ਤੋਂ ਦੂਰੀ, ਸਮੁੰਦਰ ਤੱਲ ਤੋਂ ਉਚਾਈ, ਭੂ-ਮੱਧ ਰੇਖਾ ਤੋਂ ਦੂਰੀ, ਪਹਾੜਾਂ ਦੀ ਦਿਸ਼ਾ, ਪ੍ਰਚਲਿਤ ਹਵਾਵਾਂ, ਵਰਖਾ ਦੀ ਮਾਤਰਾ, ਵਰਖਾ ਦਾ ਸਮਾਂ, ਆਦਿ। ਇਸ ਕਰਕੇ, ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਜਲਵਾਯੂ ਅਤੇ ਉਸ ਉੱਤੇ ਨਿਰਭਰ ਰੁੱਤਾਂ ਹੁੰਦੀਆਂ ਹਨ, ਜਿਵੇਂ ਕਿ ਭਾਰਤ ਦੇ ਜਲਵਾਯੂ ਉੱਤੇ ਸੂਰਜੀ ਸਥਿਤੀ ਤੋਂ ਇਲਾਵਾ, ਮੌਨਸੂਨ ਪੌਣਾਂ ਦਾ ਬਹੁਤ ਅਸਰ ਪੈਂਦਾ ਹੈ। ਇਸ ਕਰਕੇ, ਭਾਰਤੀ ਜਲਵਾਯੂ ਨੂੰ ਮੌਨਸੂਨ ਕਿਸਮ ਦਾ ਜਲਵਾਯੂ ਕਿਹਾ ਜਾਂਦਾ ਹੈ। ਭਾਰਤੀ ਮੌਸਮ-ਵਿਗਿਆਨ ਵਿਭਾਗ ਨੇ ਮੌਨਸੂਨ ਪੌਣਾਂ ਦੀ ਆਵਾਜਾਈ ਦੇ ਆਧਾਰ ਉੱਤੇ, ਭਾਰਤੀ ਜਲਵਾਯੂ ਨੂੰ ਹੇਠ ਲਿਖੀਆਂ ਰੁੱਤਾਂ ਵਿੱਚ ਵੰਡਿਆ ਹੈ :

1. ਉੱਤਰੀ-ਪੂਰਬੀ ਮੌਨਸੂਨ ਦਾ ਸਮਾਂ:

(ੳ) ਸਰਦੀ ਦੀ ਰੁੱਤ-16 ਦਸੰਬਰ ਤੋਂ 15 ਮਾਰਚ ਤੱਕ; ਅਤੇ

(ਅ) ਗਰਮੀ ਦੀ ਰੁੱਤ-16 ਮਾਰਚ ਤੋਂ 15 ਜੂਨ ਤੱਕ।

2. ਦੱਖਣੀ-ਪੱਛਮੀ ਮੌਨਸੂਨ ਪੌਣਾਂ ਦਾ ਸਮਾਂ:

(ੳ) ਵਰਖਾ ਰੁੱਤ-16 ਜੂਨ ਤੋਂ 15 ਸਤੰਬਰ ਤੱਕ ਅਤੇ

(ਅ) ਪੱਤਝੜ ਰੁੱਤ-16 ਸਤੰਬਰ ਤੋਂ 15 ਦਸੰਬਰ ਤੱਕ।

ਭੂ-ਮੱਧ ਰੇਖਾ ਉੱਤੇ ਸਾਰਾ ਸਾਲ ਦਿਨ ਰਾਤ ਬਰਾਬਰ ਰਹਿੰਦੇ ਹਨ ਅਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ। ਇਸ ਕਰਕੇ ਸਾਰਾ ਸਾਲ ਤਾਪਮਾਨ ਇੱਕੋ ਜਿਹਾ ਰਹਿੰਦਾ ਹੈ। ਇਸ ਕਾਰਨ, ਭੂ-ਮੱਧ ਰੇਖਾ ਅਤੇ ਇਸ ਨਾਲ ਲੱਗਦੇ ਇਲਾਕਿਆਂ ਉੱਤੇ ਰੁੱਤਾਂ ਦੀ ਕੋਈ ਮਹੱਤਤਾ ਨਹੀਂ ਹੈ। ਖ਼ੁਸ਼ਕ ਧਰਤੀ ਦੀ ਨਿਸਬਤ ਪਾਣੀ ਦੇਰ ਨਾਲ ਗਰਮ ਹੁੰਦਾ ਹੈ ਅਤੇ ਦੇਰ ਨਾਲ ਹੀ ਠੰਢਾ ਹੁੰਦਾ ਹੈ। ਇਸ ਦੇ ਸਿੱਟੇ ਵੱਜੋਂ, ਸਮੁੰਦਰੀ ਤੱਟਾਂ ਦੇ ਨਾਲ ਲੱਗਦੇ ਖੇਤਰਾਂ ਵਿੱਚ ਰੁੱਤਾਂ ਦੀਆਂ ਤਬਦੀਲੀਆਂ ਦੀ ਗਤੀ ਅਤੇ ਪ੍ਰਭਾਵ ਘਟ ਜਾਂਦੇ ਹਨ।


ਲੇਖਕ : ਐੱਸ. ਐੱਸ. ਚਿੱਬ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 4285, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-06-03-09-48, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.