ਜ਼ਹਿਰਬਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜ਼ਹਿਰਬਾਦ [ਨਾਂਪੁ] ਇੱਕ ਰੋਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 489, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜ਼ਹਿਰਬਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜ਼ਹਿਰਬਾਦ : ਇਹ ਰੋਗ ਦੂਸ਼ਿਤ ਤੱਤ ਯੁਕਤ ਭੋਜਨ ਸੇਵਨ ਕਰਨ ਨਾਲ ਹੁੰਦਾ ਹੈ। ਇਨ੍ਹਾਂ ਤੱਤਾਂ ਵਿਚ ਮੁੱਖ ਹਨ––ਕੁਦਰਤੀ ਤੌਰ ਤੇ ਪੌਦਿਆਂ ਅਤੇ ਜਾਨਵਰਾਂ ਵਿਚ ਮਿਲਣ ਵਾਲੇ ਜ਼ਹਿਰ ਰਸਾਇਣਿਕ ਗੁਣਾਂ ਵਾਲੇ ਜ਼ਹਿਰ, ਜੋ ਭੋਜਨ ਨੂੰ ਲਾਗਦਾਰ ਬਣਾਉਂਦੇ ਹਨ ਅਤੇ ਸੂਖ਼ਮ ਜੀਵ, ਵਿਸ਼ੇਸ਼ ਤੌਰ ਤੇ ਬੈਕਟੀਰੀਆ ਅਤੇ ਉਨ੍ਹਾਂ ਦੇ ਜ਼ਹਿਰੀਲੇ ਰਿਸਾਅ। ਗੰਭੀਰ ਕਿਸਮ ਦੀ ਜ਼ਹਿਰਬਾਦ ਵਾਲੀਆਂ ਹਾਲਤਾਂ ਦਾ ਆਮ ਤੌਰ ਤੇ ਕਾਰਣ ਬੈਕਟੀਰੀਆ ਹੀ ਮੰਨਿਆ ਗਿਆ ਹੈ। ਰਸਾਇਣਿਕ ਕਿਸਮ ਦੀਆਂ ਜ਼ਹਿਰਾਂ ਵਿਚ ਉੱਲੀਨਾਸ਼ਕਾਂ ਅਤੇ ਕੀਟਨਾਸ਼ਕਾਂ ਵਿਚ ਵਰਤੀਆਂ ਜਾਣ ਵਾਲੀਆਂ ਭਾਰੀ ਧਾਤਾਂ ਹਨ ਜੋ ਜ਼ਹਿਰਬਾਦ ਦਾ ਕਾਰਨ ਬਣਦੀਆਂ ਹਨ। ਇਸ ਤਰ੍ਹਾਂ ਜ਼ਹਿਰਬਾਦ ਦੀਆਂ ਕਿਸਮਾਂ ਨੂੰ ਦੋ ਕਿਸਮ ਦੇ ਰੋਗਾਂ ਵਿਚ ਵੰਡਿਆ ਗਿਆ ਹੈ (1) ਲਾਗ : ਜਿਸ ਵਿਚ ਕਿਸੇ ਜੀਵਿਤ ਬੈਕਟੀਰੀਆ ਦਾ ਰੋਗ ਅਤੇ ਲਾਗ ਸ਼ੁਰੂ ਕਰਨ ਲਈ ਹੋਣਾ ਜ਼ਰੂਰੀ ਹੈ। (2) ਨਸ਼ਾ : ਜਿਸ ਵਿਚ ਬੈਕਟੀਰੀਆ ਦੇ ਰਿਸਾਅ ਜ਼ਿੰਮੇਵਾਰ ਹੁੰਦੇ ਹਨ।

          ਸਾਲਮੋਨੇਲਾ (Salmonella) ਇਕ ਅਜਿਹਾ ਨਾਂ ਹੈ ਜੋ ਬੈਕਟੀਰੀਆ ਦੇ ਇਕ ਗਰੁੱਪ ਲਈ ਵਰਤਿਆ ਜਾਂਦਾ ਹੈ, ਜਿਸ ਵਿਚ ਲਗਭਗ 200 ਤੋਂ ਵੱਧ ਕਿਸਮਾਂ ਆਉਂਦੀਆਂ ਹਨ ਅਤੇ ਇਹ ਪੈਰਾਟਾਈਫਾਇਡ ਬੈਕਟੀਰੀਆ ਵੀ ਅਖਵਾਉਂਦੇ ਹਨ। ਇਨ੍ਹਾਂ ਵਿਚ ਕੁਝ ਇਕ ਕਿਸਮਾਂ 1888 ਵਿਚ ਵੀ ਜ਼ਹਿਰਬਾਦ ਦੇ ਕਾਰਣ ਵਜੋਂ ਜ਼ਿੰਮੇਵਾਰ ਮੰਨੀਆਂ ਗਈਆਂ। ਸਾਲਮੋਨੇਲਾ ਗਰੁੱਪ ਦੇ ਬੈਕਟੀਰੀਆ ਟਾਈਫ਼ਾਈਡ ਬੈਕਟੀਰੀਆ ਦੇ ਅਕਾਰ ਅਤੇ ਗੁਣਾਂ ਵਾਲੇ ਹੀ ਹੁੰਦੇ ਹਨ। ਇਹ ਕੇਵਲ ਮਨੁੱਖ ਵਿਚ ਹੀ ਨਹੀਂ ਸਗੋਂ ਜਾਨਵਰਾਂ ਦੀਆਂ ਆਂਦਰ-ਨਲੀਆਂ ਵਿਚ ਵੀ ਵਧਦੇ ਮਿਲੇ ਹਨ। ਇਹ ਬੈਕਟੀਰੀਆ ਮਨੁੱਖ ਵਿਚ ਟਾਈਫ਼ਾਇਡ ਵਰਗਾ ਇਕ ਰੋਗ ਪੈਦਾ ਕਰਦੇ ਹਨ ਜਦੋਂ ਕਿ ਹੋਰ ਕਿਸਮਾਂ ਪੇਟ ਵਿਚ ਆਂਦਰਾਂ ਦੇ ਰੋਗ ਪੈਦਾ ਕਰਦੀਆਂ ਹਨ।

          ਜੀਵਾਂ ਦੇ ਸਰੀਰ ਵਿਚ ਪ੍ਰਵੇਸ਼ ਹੋਣ ਤੋਂ ਬਾਅਦ 7 ਤੋਂ 72 ਘੰਟੇ ਦੇ ਅੰਦਰ ਜ਼ਹਿਰਬਾਦ ਸ਼ੁਰੂ ਹੁੰਦਾ ਹੈ। ਸ਼ੁਰੂ ਵਿਚ ਜੀਅ ਕੱਚਾ ਹੋਣਾ, ਉਲਟੀ ਆਉਣੀ, ਪੇਟ ਦਰਦ ਅਤੇ ਪੇਚਿਸ਼ ਆਦਿ ਲੱਛਣ ਸਪੱਸ਼ਟ ਤੌਰ ਤੇ ਸਾਹਮਦੇ ਆਉਂਦੇ ਹਨ। ਸ਼ੁਰੂ ਵਿਚ ਸਿਰ ਦਰਦ ਅਤੇ ਕਾਂਬਾ ਲੱਗਣ ਦੇ ਚਿੰਨ੍ਹ ਵੀ ਦਿਸਦੇ ਹਨ, ਨਾਲ ਹੀ ਪੇਟ ਵਿਚ ਵਾਰ-ਵਾਰ ਦਰਦ ਅਤੇ ਪੇਚਿਸ਼ ਸ਼ੁਰੂ ਹੋ ਜਾਂਦੀ ਹੈ। ਪਖਾਨੇ ਵਿਚ ਪਾਣੀ ਜ਼ਿਆਦਾ ਹੁੰਦਾ ਹੈ ਅਤੇ ਬਦਬੂਦਾਰ ਹੁੰਦਾ ਹੈ। ਗੰਭੀਰ ਹਾਲਤਾਂ ਵਿਚ ਤੇਜ਼ ਬੁਖ਼ਾਰ, ਅਕੜਾਅ, ਪੇਸ਼ੀਆਂ ਵਿਚ ਕਮਜ਼ੋਰੀ, ਬੇਹੋਸ਼ੀ ਅਤੇ ਪਿਆਸ ਵਰਗੇ ਲੱਛਣ, ਮਹਿਸੂਸ ਹੁੰਦੇ ਹਨ। ਇਸ ਬੀਮਾਰੀ ਵਿਚ ਦੌਰਾਨ ਖੂਨ ਵਿਚ ਚਿੱਟੇ ਸੈੱਲਾਂ ਦੀ ਗਿਣਤੀ ਬਹੁਤ ਵਧ ਜਾਂਦੀ ਹੈ। ਰੋਗੀ ਦੀ ਸਿਹਤ ਅਨੁਸਾਰ ਇਸ ਬੀਮਾਰੀ ਦੀ ਗੰਭੀਰਤਾ ਵਧ ਜਾਂ ਘਟ ਹੋ ਸਕਦੀ ਹੈ ਅਤੇ ਠੀਕ ਹੋਣ ਵਿਚ ਕੁਝ ਘੰਟੇ ਤੋਂ ਲੈ ਕੇ ਹਫ਼ਤੇ ਤੱਕ ਦਾ ਸਮਾਂ ਲਗ ਸਕਦਾ ਹੈ।

          ਵਿਸ਼ਵਭਰ ਦੇ ਸਭਿਅਕ ਦੇਸ਼ਾਂ ਵਿਚ ਇਸ ਕਿਸਮ ਦੇ ਬੈਕਟੀਰੀਆ ਤੋਂ ਜ਼ਹਿਰਬਾਦ ਆਮ ਮਿਲਦਾ ਹੈ। ਇਸ ਰੋਗ ਦੀ ਲਾਗ ਪੀੜਤ ਜਾਨਵਰਾਂ ਤੋਂ ਪ੍ਰਾਪਤ ਭੋਜਨ ਜਾਂ ਭੋਜਨ ਦੀ ਤਿਆਰੀ ਜਾਂ ਸੰਭਾਲ ਸਮੇਂ ਦੂਸ਼ਿਤ ਹੋਣ ਕਾਰਨ ਲਗਦੀ ਹੈ। ਦੂਸ਼ਿਤ ਭੋਜਨ ਦੀ ਕੋਈ ਵਿਸ਼ੇਸ਼ ਜਾਂ ਭੈੜੀ ਗੰਧ ਨਹੀਂ ਹੁੰਦੀ। ਅਜਿਹੀ ਲਾਗ ਦਾ ਇਲਾਜ ਸਟ੍ਰੈਪਟੋਮਾਈਸਿਨ ਅਤੇ ਕਲੋਰੋਮਾਈਸਿਟਿਨ ਵਰਗੇ ਐਂਟੀਬਾਇਆੱਟਿਕ ਨਾਲ ਕੀਤਾ ਜਾਂਦਾ ਹੈ।

          ਸਟ੍ਰੈਪਟੋਕਾੱਕਸ ਫੀਕੇਲਿਸ ਇਹ ਹੋਰ ਅਜਿਹਾ ਹੀ ਬੈਕਟੀਰੀਆ ਹੈ ਜਿਸ ਨਾਲ ਲਾਗ 1924 ਤੋਂ ਹੁੰਦੀ ਆਈ ਹੈ। ਇਹ ਬੈਕਟੀਰੀਆ ਸਿਹਤਮੰਦ ਇਨਸਾਨ ਅਤੇ ਜਾਨਵਰਾਂ ਦੀਆਂ ਆਂਦਰਾਂ ਵਿਚ ਮਿਲਦਾ ਹੈ। ਇਸ ਕਿਸਮ ਦੀ ਜ਼ਹਿਰਬਾਦ ਵਿਚ ਲੱਛਣ ਬਹੁਤੇ ਗੰਭੀਰ ਨਹੀਂ ਹੁੰਦੇ। ਜੀਅ ਕੱਚਾ ਹੋਣਾ, ਉਲਟੀ ਆਉਣੀ, ਪੇਟ ਵਿਚ ਦਰਦ ਅਤੇ ਪੇਚਿਸ਼ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਇਹ ਦੂਸ਼ਿਤ ਭੋਜਨ ਖਾਣ ਤੋਂ ਲਗਭਗ 5 ਤੋਂ 18 ਘੰਟੇ ਦੇ ਸਮੇਂ ਅੰਦਰ ਸ਼ੁਰੂ ਹੋ ਜਾਂਦਾ ਹੈ ਅਤੇ 24 ਘੰਟੇ ਦੇ ਅੰਦਰ ਹੀ ਠੀਕ ਵੀ ਹੋ ਜਾਂਦਾ ਹੈ। ਇਹ ਰੋਗ ਆਮ ਤੌਰ ਤੇ ਦੁੱਧ ਅਤੇ ਦੁੱਧ ਤੋਂ ਤਿਆਰ ਕੀਤੇ ਪਦਾਰਥਾਂ ਤੋਂ ਹੁੰਦਾ ਹੈ। ਮੀਟ, ਅੰਡੇ ਅਤੇ ਕ੍ਰੀਮ ਵਾਲੀਆਂ ਚੀਜ਼ਾਂ ਤੋਂ ਵੀ ਇਹ ਰੋਗ ਲੱਗ ਜਾਂਦਾ ਹੈ।

          ਸਟੈਫ਼ਾਈਲੋਕਾੱਕਸ ਇਕ ਅਜਿਹਾ ਹੀ  ਹੋਰ  ਬੈਕਟੀਰੀਆ ਹੈ ਜੋ ਹਵਾ, ਮਿੱਟੀ, ਮਨੁੱਖ ਦੀ ਚਮੜੀ, ਨੱਕ ਅਤੇ ਗਲ ਵਿਚ ਆਮ ਮਿਲਦਾ ਹੈ। ਇਹ ਇਕ ਥਾਂ ਝੁੰਡ ਜਾਂ ਗਰੁੱਪ ਵਿਚ ਵਧਦੇ ਹਨ। ਜਿਨ੍ਹਾਂ ਹਾਲਤਾਂ ਵਿਚ ਟਾਇਫ਼ਾਈਡ ਦੇ ਬੈਕਟੀਰੀਆ ਨੂੰ ਮਾਰਿਆ ਜਾਂ ਨਸ਼ਟ ਕੀਤਾ ਜਾਂਦਾ ਹੈ ਉਨ੍ਹਾਂ ਵਿਚ ਸਟੈਫ਼ਾਈਲੋਕਾੱਕਸ ਬਹੁਤ ਤੇਜ਼ੀ ਨਾਲ ਵਧਦੇ ਹਨ। ਇਹ ਬੈਕਟੀਰੀਆ ਜੋ ਰਿਸਾਅ ਪੈਦਾ ਕਰਦੇ ਹਨ ਉਹ ਜ਼ਹਿਰਬਾਦ ਦਾ ਕਾਰਣ ਬਣਦਾ ਹੈ। ਨਮਕ ਅਤੇ ਚੀਨੀ ਨੂੰ ਭੋਜਨ ਵਿਚ ਮਿਲਾਣ ਨਾਲ ਟਾਇਫਾਇਡ ਬੈਕਟੀਰਆ ਨੂੰ ਨਸ਼ਟ ਕੀਤਾ ਜਾਂਦਾ ਹੈ ਪਰ ਨਾਲ ਹੀ ਇਹ ਦੋਵੇਂ ਮਾਧਿਅਮ ਸਟੈਫ਼ਾਈਲੋਕਾੱਕਸ ਬੈਕਟੀਰੀਆ ਨੂੰ ਤੇਜ਼ੀ ਨਾਲ ਵਧਣ ਵਿਚ ਸਹਾਈ ਹੁੰਦੇ ਹਨ। ਇਸ ਲਈ ਉਹ ਵਸਤਾ ਜੋ ਭੋਜਨ ਦੀ ਸੰਭਾਲ ਲਈ ਸੁਰੱਖਿਅਕ ਵਜੋਂ ਵਰਤੀਆਂ ਜਾਂਦੀਆਂ ਹਨ ਉਹ ਇਸ ਰੋਗ ਦੇ ਬੈਕਟੀਰੀਆ ਨੂੰ ਵਧਣ ਵਿਚ ਸਹਾਈ ਹੁੰਦੀਆਂ ਹਨ। ਇਸ ਬੈਕਟਰੀਆ ਦੀ ਭੋਜਨ ਵਿਚ ਹੋਂਦ ਸਬੰਧੀ ਸੁਆਦ ਜਾਂ ਗੰਧ ਤੋਂ ਪਤਾ ਨਹੀਂ ਲਗਾਇਆ ਜਾ ਸਕਦਾ। ਇਸ ਕਿਸਮ ਨਾਲ ਹੋਈ ਜ਼ਹਿਰਬਾਦ ਬਹੁਤ ਹਲਕੀ ਹੁੰਦੀ ਹੈ ਅਤੇ ਜੀਅ ਕੱਚਾ ਹੋਣ ਨਾਲ ਉਲਟੀਆਂ ਆਉਣ ਦੇ ਲੱਛਣ ਵੀ ਦਿਖਾਈ ਦਿੰਦੇ ਹਨ। ਇਹ ਰੋਗ ਵੀ ਦੁੱਧ ਤੋਂ ਪ੍ਰਾਪਤ ਵਸਤਾਂ, ਮੀਟ, ਬੇਕਰੀ ਦੀਆਂ ਚੀਜ਼ਾਂ ਦੇ ਖਾਣ ਨਾਲ ਸ਼ੁਰੂ ਹੁੰਦਾ ਹੈ। ਦੂਸ਼ਤ ਭੋਜਨ ਖਾਣ ਦੇ ਇਕ ਤੋਂ ਪੰਜ ਘੰਟੇ ਅੰਦਰ ਲੱਛਣ ਪ੍ਰਗਟ ਹੋ ਜਾਂਦੇ ਹਨ ਅਤੇ ਪੇਟ ਦਰਦ ਅਤੇ ਪੇਚਿਸ਼ ਲੱਗਣ ਬਾਅਦ ਛੇਤੀ ਹੀ ਠੀਕ ਹੋ ਜਾਂਦੇ ਹਨ। ਗੰਭੀਰ ਹਾਲਤਾਂ ਵਿਚ ਰੋਗੀ ਦੇ ਸਰੀਰ ਵਿਚ ਅਕੜਾਅ ਤੇ ਕਮਜ਼ੋਰੀ ਆ ਜਾਂਦੀ ਹੈ, ਉਲਟੀ ਅਤੇ ਪਖ਼ਾਨੇ ਵਿਚ ਖੂਨ ਆ ਸਕਦਾ ਹੈ। ਕੁਝ ਦਿਨਾਂ ਵਿਚ ਹੀ ਆਰਾਮ ਆ ਜਾਂਦਾ ਹੈ ਅਤੇ ਇਸ ਰੋਗ ਕਾਰਨ ਮੌਤ ਦੀ ਦਰ ਬਹੁਤ ਘੱਟ ਹੈ। ਇਸ ਰੋਗ ਵਿਚ ਬੁਖ਼ਾਰ ਵੀ ਘੱਟ ਹੁੰਦਾ ਹੈ ਅਤੇ ਆਮ ਕਰਕੇ ਕਈ ਮਨੁੱਖ ਦੂਸ਼ਿਤ ਭੋਜਨ ਖਾਣ ਉਪਰੰਤ ਵੀ ਬੀਮਾਰ ਨਹੀਂ ਹੁੰਦੇ। ਭੋਜਨ ਖਾਣ ਤੋਂ ਪਹਿਲਾਂ ਹੀ ਬੈਕਟੀਰੀਆ ਦੁਆਰਾ ਪੈਦਾ ਕੀਤਾ ਜ਼ਹਿਰੀਲਾ ਮਾਦਾ ਭੋਜਨ ਵਿਚ ਮੌਜੂਦ ਹੁੰਦਾ ਹੈ। ਇਹ ਵੀ ਪ੍ਰਯੋਗਾਂ ਰਾਹੀਂ ਦੇਖਿਆ ਗਿਆ ਹੈ ਕਿ ਦੂਸ਼ਿਤ ਭੋਜਨ ਨੂੰ 30 ਮਿੰਟ ਤੱਕ ਉਬਾਲਣ ਉਪਰੰਤ ਵੀ ਇਹ ਜ਼ਹਿਰੀਲਾ ਮਾਦਾ ਨਸ਼ਟ ਨਹੀਂ ਹੁੰਦਾ। ਰੋਗੀ ਨੂੰ ਇਲਾਜ ਵਜੋਂ ਤਰਲ ਪਦਾਰਥ ਬਹੁਤ ਮਾਤਰਾ ਵਿਚ ਦਿੱਤਾ ਜਾਂਦਾ ਹੈ। ਕੋਈ ਵਿਸ਼ੇਸ਼ ਦਵਾਈ ਇਸ ਦੇ ਇਲਾਜ ਲਈ ਵਰਤੀ ਨਹੀਂ ਜਾਂਦੀ। ਭੋਜਨ ਦੀ ਚੰਗੀ ਸੰਭਾਲ ਨਾਲ ਹੀ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ।

          ਇਕ ਹੋਰ ਅਜਿਹੇ ਜੀਵਾਣੂ ਕਲਾਸਟ੍ਰੀਡੀਅਮ ਬਾਟਿਊਲਿਨਮ ਕਾਰਨ ਵੀ ਮਨੁੱਖ ਅਤੇ ਜਾਨਵਰਾਂ ਵਿਚ ਜ਼ਹਿਰਬਾਦ ਹੋ ਜਾਂਦਾ ਹੈ। ਡੱਬੀਆਂ ਵਿਚ ਬੰਦ ਭੋਜਨ ਖਾਣ ਨਾਲ ਇਹ ਰੋਗ ਸ਼ੁਰੂ ਹੁੰਦਾ ਹੈ। ਖਾਣ ਵਾਲੇ ਪਦਾਰਥ ਜੋ ਕੁਝ ਨਿੱਘੇ ਵਾਤਾਵਰਣ ਵਿਚ ਪੈਕ ਕੀਤੇ ਜਾਣ, ਇਸ ਰੋਗ ਦੇ ਜੀਵਾਣੂਆਂ ਦੇ ਵਧਣ ਲਈ ਬਹੁਤ ਵਧੀਆ ਮਾਧਿਅਮ ਹਨ। ਇਸ ਕਿਸਮ ਦੇ ਜ਼ਹਿਰਬਾਦ ਵਿਚ ਅਚਾਨਕ ਹੀ ਲੱਛਣ ਪ੍ਰਗਟ ਹੁੰਦੇ ਹਨ ਅਤੇ ਕੁਝ ਸਮੇਂ ਅੰਦਰ ਹੀ ਰੋਗੀ ਦੀ ਮੌਤ ਹੋ ਜਾਂਦੀ ਹੈ। ਇਕ ਰੋਗੀ ਤਾਂ ਤਿੰਨ ਦਿਨ ਦੇ ਥੋੜ੍ਹੇ ਸਮੇਂ ਵਿਚ ਹੀ ਮਰ ਗਿਆ। ਪ੍ਰਮੁਖ ਲੱਛਣਾਂ ਵਿਚ ਰੋਗੀ ਦੇ ਦਿਮਾਗ ਉਪਰ ਅਸਰ ਹੁੰਦਾ ਹੈ, ਹਰ ਚੀਜ਼ ਦੋ ਨਜ਼ਰ ਆਉਂਦੀਆਂ ਹਨ, ਬੋਲਣ ਅਤੇ ਚੀਜ਼ ਲੰਘਾਉਣ ਵਿਚ ਤਕਲੀਫ਼ ਮਹਿਸੂਸ ਹੁੰਦੀ ਹੈ। ਇਸਦੇ ਨਾਲ ਹੀ ਸਾਹ ਲੈਣ ਵਿਚ ਵੀ ਕਾਫ਼ੀ ਔਖ ਹੁੰਦੀ ਹੈ। ਸਾਹ ਬੰਦ ਹੋਣ ਨਾਲ ਹੀ ਮੌਤ ਵੀ ਹੋ ਜਾਂਦੀ ਹੈ। ਰੋਗੀਆਂ ਵਿਚ ਪੇਟ ਖਰਾਬ ਹੋਣ, ਜੀਅ ਕੱਚਾ ਹੋਣ ਅਤੇ ਉਲਟੀ ਆਉਣ ਦੇ ਲੱਛਣ ਵੀ ਦਿਖਾਈ ਦਿੰਦੇ ਹਨ। ਇਸ ਰੋਗ ਲਈ ਕੋਈ ਵਿਸ਼ੇਸ਼ ਇਲਾਜ ਜਾਂ ਦਵਾਈ ਨਹੀਂ ਹੈ। ਜਿਸ ਭੋਜਨ ਵਿਚ ਇਹ ਬੈਕਟੀਰੀਆ ਮੌਜੂਦ ਹੋਣ ਉਸਦਾ ਸਵਾਦ ਅਤੇ ਗੰਧ ਬਹੁਤ ਭੈੜੀ ਹੁੰਦੀ ਹੈ ਅਤੇ ਕਈ ਵਾਰ ਡੱਬੀਆਂ ਫੁੱਲ ਜਾਂਦੀਆਂ ਹਨ। ਅਜਿਹੇ ਭੋਜਨ ਨੂੰ ਖਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

          ਭੋਜਨ ਦੀ ਬਕਾਇਦਾ ਸੰਭਾਲ ਅਤੇ ਸਫ਼ਾਈ ਨਾਲ ਕੁਝ ਹੱਦ ਤੱਕ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ।

          ਹ. ਪੁ.––ਐਨ. ਬ੍ਰਿ. 9 : 451; ਐਨ. ਬ੍ਰਿ. ਮਾ. 4 : 219


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.