ਅਗਨੀ ਪਰੀਖਿਆ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Ordeal_ਅਗਨੀ ਪਰੀਖਿਆ: ਵਿਚਾਰਣ ਦਾ ਪ੍ਰਾਚੀਨਤਮ ਢੰਗ। ਇਸ ਵਿਚ ਪਰਾ-ਸਰੀਰਕ ਸ਼ਕਤੀਆਂ ਜਲ , ਅਗਨੀ ਆਦਿ ਦੀ ਸਹਾਇਤਾ ਲਈ ਜਾਂਦੀ ਸੀ। ਅਗਨੀ ਪਰੀਖਿਆ ਉਨ੍ਹਾਂ ਵਿਚੋਂ ਇਕ ਸੀ। ਇਸ ਪਰੀਖਿਆ ਵਿਚ ਵਿਚਾਰਣ ਅਧੀਨ ਵਿਅਕਤੀ ਦੇ ਹੱਥ ਵਿਚ ਲੋਹੇ ਦੀਆਂ ਅੱਗ ਦੇ ਨਾਲ ਲਾਲ ਸੁਰਖ਼ ਕੀਤੀਆਂ ਸਲਾਖ਼ਾਂ ਫੜਾਈਆਂ ਜਾਂਦੀਆਂ ਸਨ ਜਾਂ ਨੰਗੈ ਪੈਰੀਂ ਬਲਦੀ ਅੱਗੋਂ ਵਿਚੋਂ ਗੁਜ਼ਰਨ ਲਈ ਕਿਹਾ ਜਾਂਦਾ ਸੀ। ਜੇ ਉਸ ਨੂੰ ਇਸ ਅਮਲ ਵਿਚੋਂ ਲੰਘਦਿਆਂ, ਸਰੀਰਕ ਹਾਨੀ ਪਹੁੰਚੇ ਤਾਂ ਉਸ ਨੂੰ ਅਰੋਪੇ ਅਪਰਾਧ ਲਈ ਕਸੂਰਵਾਰ ਸਮਝਿਆ ਜਾਂਦਾ ਸੀ ਅਤੇ ਜੇ ਉਸ ਨੂੰ ਕੋਈ ਸਰੀਰਕ ਹਾਨੀ ਨਾ ਪਹੁੰਚੇ ਤਾਂ ਉਸ ਨੂੰ ਨਿਰਦੋਸ਼ ਮੰਨਿਆਂ ਜਾਂਦਾ ਸੀ। ਉਬਲਦੇ ਪਾਣੀ ਵਿਚ ਮਨੁੱਖ ਨੂੰ ਬਾਂਹ ਪਾਉਣ ਲਈ ਕਿਹਾ ਜਾਂਦਾ ਸੀ ਅਤੇ ਉਪਰੋਕਤ ਅਨੁਸਾਰ ਪਰਿਣਾਮ ਦੇ ਆਧਾਰ ਤੇ ਉਸ ਨੂੰ ਕਸੂਰਵਾਰ ਜਾਂ ਨਿਰਦੋਸ਼ ਮੰਨਿਆਂ ਜਾਂਦਾ ਸੀ। ਇਸੇ ਤਰ੍ਹਾਂ ਮਨੁੱਖ ਨੂੰ ਠੰਡੇ ਯਖ਼ ਦਰਿਆ ਦੇ ਜਾਂ ਤਾਲਾਬ ਦੇ ਪਾਣੀ ਵਿਚ ਸੁੱਟ ਕੇ ਵੀ ਉਸ ਦੇ ਅਪਰਾਧੀ ਜਾਂ ਨਿਰਦੋਸ਼ ਹੋਣ ਦਾ ਫ਼ੈਸਲਾ ਕੀਤਾ ਜਾਂਦਾ ਸੀ। ਜੇ ਉਹ ਉਸ ਪਾਣੀ ਵਿਚ ਡੁਬ ਜਾਵੇ ਤਾਂ ਨਿਰਦੋਸ਼ ਸਮਝਿਆ ਜਾਂਦਾ ਸੀ ਅਤੇ ਜੇ ਉਹ ਤਰਦਾ ਰਹੇ ਤਾਂ ਉਸ ਨੂੰ ਕਸੂਰਵਾਰ ਸਮਝਿਆ ਜਾਂਦਾ ਸੀ। ਇੰਗਲੈਂਡ ਵਿਚ ਵਿਚਾਰਣਦੇ ਇਸ ਢੰਗ ਦਾ ਅੰਤ ਹੈਨਰੀ-III ਦੇ ਰਾਜਕਾਲ ਵਿਚ ਹੋਇਆ ਜਦ ਕਿ ਭਾਰਤ ਵਿਚ ਇਹ ਢੰਗ ਪ੍ਰਾਚੀਨ ਸਮੇਂ ਹੀ ਬੰਦ ਹੋ ਗਿਆ ਸੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਗਨੀ ਪਰੀਖਿਆ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਗਨੀ–ਪਰੀਖਿਆ : ਭਾਰਤ ਤੇ ਕਈ ਹੋਰ ਦੇਸ਼ਾਂ ਵਿਚ ਇਸਤਰੀ ਦੇ ਪਵਿੱਤਰ ਜਾਂ ਅਪਵਿੱਤਰ ਹੋਣ ਅਤੇ ਦੋਸ਼ੀਆਂ ਦੇ ਦੋਸ਼ੀ ਜਾਂ ਨਿਰਦੋਸ਼ ਹੋਣ ਨੂੰ ਸਿੱਧ ਕਰਨ ਲਈ ਅਗਨੀ-ਪਰੀਖਿਆ ਪੁਰਾਣੇ ਜ਼ਮਾਨੇ ਤੋਂ ਚਲੀ ਆ ਰਹੀ ਹੈ। ਇਸ ਪਰੀਖਿਆ ਦਾ ਮੂਲ ਸਿਧਾਂਤ ਇਹ ਹੈ ਕਿ ਅੱਗ ਵਰਗੀ ਤਪੀ ਹੋਈ ਚੀਜ਼ ਨੂੰ ਛੁਹਣ ਤੇ ਵੀ ਜਿਸ ਦੀ ਹਾਲਤ ਪਹਿਲਾਂ ਵਰਗੀ ਰਹਿੰਦੀ ਹੈ, ਉਹ ਅਸਲ ਵਿਚ ਨਿਰਦੋਸ਼ ਤੇ ਪਵਿੱਤਰ ਹੈ। ਭਾਰਤ-ਵਰਸ਼ ਵਿਚ ਸੀਤਾ ਜੀ ਦੀ ਅਗਨੀ-ਪਰੀਖਿਆ ਇਸ ਵਿਸ਼ੇ ਦੀ ਬਹੁਤ ਮਸ਼ਹੂਰ ਮਿਸਾਲ ਹੈ। ਇਸਤਰੀ ਦੀ ਪਵਿੱਤਰਤਾ ਲਈ ਅਗਨੀ ਪਰੀਖਿਆ ਇਸ ਤਰ੍ਹਾਂ ਕੀਤੀ ਜਾਂਦੀ ਸੀ। ਇਕ ਹੌਲਾ ਜਿਹਾ ਲੋਹੇ ਦਾ ਫਾਲਾ ਗਰਮ ਕਰ ਕੇ ਸ਼ੱਕੀ ਚਾਲਚਲਣ ਵਾਲੀ ਇਸਤਰੀ ਨੂੰ ਜੀਭ ਨਾਲ ਚੱਟਣ ਲਈ ਕਿਹਾ ਜਾਂਦਾ ਸੀ। ਜੇਕਰ ਉਸ ਦਾ ਮੂੰਹ ਸੜ ਜਾਏ ਤਾਂ ਉਹ ਅਪਵਿੱਤਰ, ਦੁਸ਼ਟ ਤੇ ਬਦ-ਚਲਣ ਮੰਨੀ ਜਾਂਦੀ ਸੀ, ਜੇ ਉਸ ਦਾ ਮੂੰਹ ਨਾ ਸੜੇ ਤਾਂ ਉਸ ਨੂੰ ਪਵਿੱਤਰ ਮੰਨ ਲਿਆ ਜਾਂਦਾ ਸੀ।
ਪੁਰਾਣੇ ਭਾਰਤ ਵਾਂਗ ਹੀ ਯੂਰਪ ਵਿਚ ਵੀ ਕਦੇ ਚੋਰਾਂ ਦੀ ਪਰੀਖਿਆ ਅੱਗ ਰਾਹੀਂ ਕੀਤੀ ਜਾਂਦੀ ਸੀ। ਅੰਗਰੇਜ਼ੀ ਵਿਚ ਇਸ ਨੂੰ ਆਰਡੀਅਲ (Ordeal) ਤੇ ਸੰਸਕ੍ਰਿਤ ਵਿਚ ‘ਦਿਵੱਯ’ ਕਹਿੰਦੇ ਹਨ। ਸਿਮ੍ਰਿਤੀਆਂ ਵਿਚ ਦਿਵੱਯ ਦੇ ਕਈ ਤਰੀਕੇ ਦੱਸੇ ਗਏ ਹਨ। ਜਿਨ੍ਹਾਂ ਵਿਚ ਅਗਨੀ ਪਰੀਖਿਆ ਸਭ ਤੋਂ ਚੰਗਾ ਹੈ। ਇਸ ਪਰੀਖਿਆ ਦੀ ਵਿਧੀ ਇਸ ਤਰ੍ਹਾਂ ਹੈ। ਗਾਂ ਦੇ ਗੋਹੇ ਨਾਲ ਪੱਛਮ ਵਲੋਂ ਪੂਰਬ ਵੱਲ ਨੂੰ ਨੌਂ ਚੱਕਰ ਬਣਾਉਣੇ ਚਾਹੀਦੇ ਹਨ, ਜਿਹੜੇ ਅਗਨੀ, ਵਰਣ, ਵਾਯੂ, ਯਮ, ਇੰਦਰ, ਕੁਬੇਰ, ਸੋਮ, ਸਵਿਤਾ ਤੇ ਵਿਸ਼ਵੇਦੇਵ ਦੇ ਨਮਿੱਤ ਹੁੰਦੇ ਹਨ। ਹਰ ਇਕ ਚੱਕਰ ਸੋਲ੍ਹਾਂ ਉਂਗਲਾਂ ਦੇ ਅਰਧ-ਵਿਆਸ ਦਾ ਹੋਣਾ ਚਾਹੀਦਾ ਹੈ ਤੇ ਦੋ ਚੱਕਰਾਂ ਵਿਚ ਸੋਲ੍ਹਾਂ ਉਂਗਲਾਂ ਦੀ ਵਿੱਥ ਹੋਣੀ ਚਾਹੀਦੀ ਹੈ। ਹਰ ਇਕ ਚੱਕਰ ਨੂੰ ਕੁਸ਼ਾ ਨਾਲ ਕੱਜਣਾ ਚਾਹੀਦਾ ਹੈ ਜਿਸ ਉੱਤੇ ਦੋਸ਼ੀ ਆਪਣਾ ਪੈਰ ਰੱਖੇ। ਫੇਰ ਇਕ ਲੁਹਾਰ 50 ਪਲ ਵਜ਼ਨੀ ਅਤੇ ਅੱਠ ਉਂਗਲ ਲੰਬੇ ਲੋਹੇ ਨੂੰ ਅੱਗ ਵਿਚ ਖ਼ੂਬ ਗਰਮ ਕਰੇ। ਜੱਜ ਦੋਸ਼ੀ ਦੇ ਹੱਥ ਤੇ ਪਿੱਪਲ ਦੇ ਸੱਤ ਪੱਤੇ ਰੱਖੇ ਤੇ ਉਨ੍ਹਾਂ ਉੱਪਰ ਕੱਚੇ ਚਾਉਲ ਤੇ ਦਹੀਂ ਧਾਗਿਆਂ ਨਾਲ ਬੰਨ੍ਹ ਦੇਵੇ। ਮਗਰੋਂ ਉਸਦੇ ਦੋਹਾਂ ਹੱਥਾਂ ਉੱਤੇ ਗਰਮ ਲੋਹੇ ਦੀ ਸੀਖ ਸੰਨ੍ਹੀ ਨਾਲ ਰੱਖੀ ਜਾਵੇ ਤੇ ਉਹ ਪਹਿਲੇ ਚੱਕਰ ਤੋਂ ਲੈ ਕੇ ਅੱਠਵੇਂ ਚੱਕਰ ਤੱਕ ਹੌਲੀ ਚੱਲਣ ਤੋਂ ਪਿੱਛੋਂ ਉਸ ਨੂੰ ਨੌਵੇਂ ਚੱਕਰ ਉੱਪਰ ਸੁੱਟ ਦੇਵੇ। ਜੇਕਰ ਉਸਦੇ ਹੱਥਾਂ ਉੱਤੇ ਨਾ ਤਾਂ ਕਿਸੇ ਤਰ੍ਹਾਂ ਦੀ ਜਲਨ ਹੋਈ ਹੋਵੇ ਤੇ ਨਾ ਹੀ ਕੋਈ ਛਾਲਾ ਪਿਆ ਹੋਵੇ ਤਾਂ ਉਸ ਦੇ ਨਿਰਦੋਸ਼ ਹੋਣ ਦਾ ਐਲਾਨ ਕਰ ਦਿੱਤਾ ਜਾਂਦਾ ਸੀ। ਅਗਨੀ-ਪਰੀਖਿਆ ਦਾ ਇਹੋ ਤਰੀਕਾ ਮਿਲਦੇ ਜੁਲਦੇ ਰੂਪ ਵਿਚ ਸਿਮ੍ਰਿਤੀਆਂ ਵਿਚ ਵੀ ਦਿੱਤਾ ਹੋਇਆ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਅਗਨੀ ਪਰੀਖਿਆ ਸਰੋਤ :
ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਗਨੀ-ਪਰੀਖਿਆ : ਇਸ ਪਰੀਖਿਆ ਦਾ ਸੰਬੰਧ ਇਸਤਰੀਆਂ ਦੇ ਸਤੀਤ੍ਵ ਨੂੰ ਪਰਖਣ ਨਾਲ ਹੈ। ਸ਼੍ਰੀ ਰਾਮ ਦੀ ਪਤਨੀ ਸੀਤਾ ਨੂੰ ਰਾਮਾਇਣ ਪਰੰਪਰਾ ਅਨੁਸਾਰ ਅਜਿਹੀ ਪਰੀਖਿਆ ਦੇਣੀ ਪਈ ਸੀ। ਇਸ ਪਰੀਖਿਆ ਦੀ ਵਿਧੀ ਇਸ ਪ੍ਰਕਾਰ ਹੈ ਕਿ ਸ਼ਕੀ ਚਰਿੱਤ੍ਰ ਵਾਲੀ ਇਸਰਤੀ ਨੂੰ ਲੋਹੇ ਦੀ ਖ਼ੂਬ ਗਰਮ ਕੀਤੀ ਲਾਲ ਹੋਈ ਸੀਖ ਨੂੰ ਚਟਣ ਲਈ ਕਿਹਾ ਜਾਂਦਾ ਹੈ। ਜੇ ਉਸ ਇਸਤਰੀ ਦਾ ਮੂੰਹ ਸੜ ਜਾਏ ਤਾਂ ਉਹ ਚਰਿੱਤ੍ਰਹੀਨ ਸਮਝੀ ਜਾਂਦੀ ਸੀ ਅਤੇ ਜੇ ਉਸ ਦਾ ਮੁੰਹ ਨਾ ਸੜੇ ਤਾਂ ਉਹ ਇਸਤਰੀ ਚਰਿਤ੍ਰਵਾਨ ਸਾਬਤ ਹੁੰਦੀ ਸੀ। ਇਸ ਪਿਛੇ ਮੰਤਵ ਇਹ ਹੈ ਕਿ ਅਗਨੀ ਵਰਗੇ ਤੇਜਸਵੀ ਪਦਾਰਥ ਦੀ ਛੋਹ ਨਾਲ ਵੀ ਜਿਸ ਵਿਆਕਤੀ ’ਤੇ ਕੋਈ ਅਸਰ ਨਹੀਂ ਹੁੰਦਾ ਉਹ ਨਿਰਦੋਸ਼ ਅਤੇ ਪਵਿੱਤਰ ਹੈ।
ਕਾਲਾਂਤਰ ਵਿਚ ਅਪਰਾਧੀਆਂ ਦੇ ਨਿਰਦੋਸ਼ ਹੋਣ ਦੀ ਪਰਖ ਲਈ ਵੀ ਇਹ ਵਿਧੀ ਵਰਤੀ ਜਾਣ ਲਗੀ। ਇਹ ਪ੍ਰਥਾ ਭਾਰਤ ਤੋਂ ਬਹਾਰ ਵੀ ਕਈ ਦੇਸ਼ਾਂ ਵਿਚ ਪ੍ਰਾਚੀਨ ਕਾਲ ਵਿਚ ਪ੍ਰਚਲਿਤ ਸੀ। ਅਪਰਾਧੀਆਂ ਦੀ ਪਰੀਖਿਆ ਵਿਧੀ ਉਤੇ ਸਮ੍ਰਿਤੀਆਂ ਵਿਚ ਵਿਸਤਾਰ ਸਹਿਤ ਪ੍ਰਕਾਸ਼ ਪਾ ਕੇ ਇਸ ਦੇ ਸਾਰੇ ਪ੍ਰਕਾਰਜ ਨੂੰ ਸਪੱਸ਼ਟ ਕੀਤਾ ਗਿਆ ਹੈ।ਉਥੇ ਲੋਹੇ ਦੀ ਗਰਮ ਸੀਖ ਹੱਥਾਂ ਉਤੇ ਰਖਣ ਦੀ ਵਿਧੀ ਹੈ। ਦੇਵਤਾ ਵਲੋਂ ਕੀਤਾ ਗਿਆ ਨਿਆਂ ਹੋਣ ਕਾਰਣ ਇਸ ਨੂੰ ਪਰੀਖਿਆ ਦੀ ਥਾਂ ‘ਦਿਵ੍ਰਯ’ ਵੀ ਕਿਹਾ ਜਾਂਦਾ ਹੈ। ਅਕਬਰ ਬਾਦਸਾਹ ਵੇਲੇ ਇਸ ਨਿਆਂ-ਪੱਧਤੀ ਨੂੰ ਬੰਦ ਕੀਤਾ ਗਿਆ ਸੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First