ਅਪਰਾਧ ਵਿਗਿਆਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Criminology_ਅਪਰਾਧ ਵਿਗਿਆਨ: ਕਿਸੇ ਸਮਾਜ ਵਿਚ ਅਪਰਾਧਕ ਆਚਰਣ ਦੀ ਅਵਸਥਾ ਦੇ ਅਧਿਐਨ ਨੂੰ ਅਪਰਾਧ ਵਿਗਿਆਨ ਕਿਹਾ ਜਾਂਦਾ ਹੈ। ਇਸ ਵਿਚ ਅਪਰਾਧਕ ਆਚਰਣ ਦੇ ਕਾਰਨ , ਕੀਤੇ ਗਏ ਅਪਰਾਧਾਂ ਦੀ ਕਿਸਮ, ਉਨ੍ਹਾਂ ਦਾ ਕਿਸੇ ਖ਼ਾਸ ਇਲਾਕੇ ਜਾਂ ਉਮਰ ਨਾਲ ਜੁੜਿਆ ਹੋਣਾ, ਸਮਾਜ ਵਿਚ ਅਪਰਾਧ ਦੀ ਆਮ ਰਵਸ਼ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਕੁਝ ਆਮ ਸਿਧਾਂਤਾਂ ਤੇ ਅਪੜਿਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਅਪਰਾਧਾਂ ਦੀ ਰੋਕਥਾਮ ਲਈ ਇੰਤਜ਼ਾਮ ਕੀਤੇ ਜਾ ਸਕਦੇ ਹੋਣ

       ਕੁਝ ਮੁਲਕਾਂ ਵਿਚ ਅਪਰਾਧ ਵਿਗਿਆਨ ਦਾ ਮਤਲਬ ਸਿਰਫ਼ ਅਪਰਾਧਕ ਤਫ਼ਤੀਸ਼ ਦੀ ਸਾਇੰਸ ਤੋਂ ਲਿਆ ਜਾਂਦਾ ਹੈ।

       ਅਪਰਾਧ ਵਿਗਿਆਨ ਦੀ ਕਲਾਸੀਕਲ ਵਿਚਾਰਧਾਰਾ ਦਾ ਮੁਢ 1775 ਦੇ ਲਗਭਗ ਬਝਿਆ ਜਦੋਂ ਬਕੇਰੀਆ ਨੇ ਦੰਡ ਵਿਗਿਆਨ ਦੇ ਖੇਤਰ ਵਿਚ ਧਰਮਭਾਵੀ ਮਨੋਵਿਗਿਆਨ ਦੇ ਸਿਧਾਂਤ ਲਾਗੂ ਕੀਤੇ ਅਤੇ ਕਿਹਾ ਕਿ ਮਨੁਖ ਆਪਣੇ ਵਰਤ ਵਿਹਾਰ ਨੂੰ ਦੁਖ ਸੁਖ ਦੇ ਸੰਤੁਲਨ ਦੁਆਰਾ ਵਿਨਿਯਮਤ ਕਰਦਾ ਹੈ। ਇਸ ਸਿਧਾਂਤ ਦੇ ਆਧਾਰ ਤੇ ਉਸ ਨੇ ਇਹ ਕਿਹਾ ਕਿ ਜਿਹੜੇ ਵਿਅਕਤੀ ਇਕ ਖ਼ਾਸ ਕਾਨੂੰਨ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਸਭਨਾਂ ਨੂੰ ਇਕੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ। ਦਰਅਸਲ ਬਕੇਰੀਆਂ ਅਤੇ ਉਸ ਦੇ ਅੰਗਰੇਜ਼ ਪੈਰੌ ਜਿਵੇਂ ਕਿ ਰੌਮਿਲੀ, ਹਾਵਰਡ ਅਤੇ ਬੈਂਥਮ ਦੰਡ ਵਿਗਿਆਨ ਅਤੇ ਦੰਡ ਦੇਣ ਦੇ ਸਾਧਨਾਂ ਵਿਚ ਮਾਨਵੀ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਦੇ ਇੱਛੁਕ ਸਨ

       ਉਸ ਤੋਂ ਮਗਰੋਂ ਦੰਡ ਵਿਗਿਆਨ ਦੀ ਕਾਰਟੋਗਰਾਫ਼ਿਕ ਵਿਚਾਰਧਾਰਾ ਦਾ ਬੋਲ ਬਾਲਾ ਹੋਇਆ ਜਿਸ ਵਿਚ ਅਪਰਾਧਾਂ ਦੇ ਸਮਾਜਕ ਅਤੇ ਭੂਗੋਲਿਕ ਅਧਿਐਨ ਨੂੰ ਪ੍ਰਮੁਖਤਾ ਦਿੱਤਾ ਜਾਣ ਲਗ ਪਈ। ਇਸੇ ਤਰ੍ਹਾਂ ਮਾਰਕਸ ਅਤੇ ਏਂਜਲਜ਼ ਦੀ ਵਿਚਾਰਧਾਰਾ ਨੇ ਅਪਰਾਧਾਂ ਦੇ ਅਧਿਐਨ ਕਾਣੀ ਆਰਥਕ ਵੰਡ ਦੇ ਆਧਾਰ ਤੇ ਕੀਤਾ ਅਤੇ ਦਸਿਆ ਕਿ ਆਰਥਕ ਹਾਲਾਤ ਵਿਚ ਤਬਦੀਲੀ ਨਾਲ ਅਪਰਾਧਾਂ ਦੇ ਦਰ ਵਿਚ ਕਿਵੇਂ ਫ਼ਰਕ ਆ ਜਾਂਦਾ ਹੈ। ਕੁਝ ਵਿਚਾਰ ਧਾਰਾਵਾਂ ਐਸੀਆਂ ਵੀ ਹਨ ਜੋ ਇਹ ਦਸਦੀਆਂ ਹਨ ਕਿ ਅਪਰਾਧੀ ਵਿਅਕਤੀ ਦੀ ਸ਼ਖ਼ਸੀਅਤ ਗ਼ੈਰ-ਅਪਰਾਧੀਆਂ ਤੋਂ ਵਖਰੀ ਕਿਸਮ ਦੀ ਹੁੰਦੀ ਹੈ। ਇਨ੍ਹਾਂ ਵਿਚਾਰਧਰਾਵਾਂ ਨੂੰ ਸਮੂਹਕ ਤੌਰ ਤੇ ਵੱਖ-ਵੱਖ ਕਿਸਮਾਂ ਦੇ ਸਕੂਲ ਕਿਹਾ ਜਾਂਦਾ ਹੈ। ਇਟਲੀ ਦੇ ਵਿਚਾਰਕ ਸੀਜ਼ਰ ਲੰਬਰੋਸੋ ਦਾ ਵਿਚਾਰ ਸੀ ਕਿ ਅਪਰਾਧੀ ਜਨਮ ਤੋਂ ਹੀ ਵਖਰੀ ਕਿਸਮ ਦਾ ਹੁੰਦਾ ਹੈ, ਉਸ ਦੀ ਸਰੀਰਕ ਬਣਤਰ ਅਤੇ ਖ਼ਾਸੀਅਤਾ ਉਸਨੂੰ ਆਮ ਵਿਅਕਤੀਆਂ ਤੋਂ ਨਿਖੇੜਦੀਆਂ ਹਨ। ਇਹ ਦਸਿਆ ਜਾਂਦਾ ਹੈ ਕਿ ਅਪਰਾਧੀ ਮਾਨਸਿਕ ਦੁਰਬਲਤਾ ਦਾ ਸ਼ਿਕਾਰ ਹੁੰਦਾ ਹੈ ਜੋ ਜਮਾਂਦਰੂ ਹੁੰਦੀ ਹੈ। ਮਨੋਵਿਗਿਆਨਕ ਸਕੂਲ ਦਾ ਕਹਿਣਾ ਹੈ ਕਿ ਮਾਨਸਿਕ ਅਸਥਿਰਤਾ, ਸਾਈਕੋਸਿਜ਼ ਜਜ਼ਬਾਤੀ-ਗੜਬੜ ਅਪਰਾਧ ਨੂੰ ਜਨਮ ਦਿੰਦੇ ਹਨ। ਵੀਹਵੀਂ ਸਦੀ ਵਿਚ ਸਮਾਜ ਵਿਗਿਆਨਕ ਪਹੁੰਚ ਦੇ ਆਧਾਰ ਤੇ ਦਸਿਆ ਜਾ ਰਿਹਾ ਹੈ ਕਿ ਅਪਰਾਧ ਕਈ ਕਾਰਨਾਂ ਕਰਕੇ ਜਨਮ ਲੈਂਦਾ ਹੈ ਅਤੇ ਹਰੇਕ ਅਪਰਾਧ ਪਿਛੇ ਅਨੇਕਾਂ ਕਾਰਨ ਹੁੰਦੇ ਹਨ। ਆਧੁਨਿਕ ਅਪਰਾਧ ਵਿਗਿਆਨ ਦੇ ਅਧਿਐਨ ਵਿਚ ਵਖ ਵਖ ਅਪਰਾਧਾਂ ਦਾ ਅਧਿਐਨ, ਵਿਅਕਤੀਗਤ ਕੇਸਾਂ ਦੇ ਆਧਾਰ ਤੇ ਕੀਤਾ ਜਾਂਦਾ ਹੈ ਅਤੇ ਪਹਿਲਾਂ ਹੋ ਗੁਜ਼ਰੇ ਅਪਰਾਧ ਵਿਗਿਆਨੀਆਂ ਦੀਆਂ ਰਚਨਾਵਾਂ ਤੋਂ ਅਗਵਾਈ ਲਈ ਜਾਂਦੀ ਹੈ। ਆਮ ਤੌਰ ਤੇ ਇਹ ਮੰਨਿਆਂ ਜਾਣ ਲਗ ਪਿਆ ਹੈ ਕਿ ਅਪਰਾਧ ਵਿਗਿਆਨ ਇਕ ਬਹੁ-ਵਿਸ਼ਾ ਅਧਿਐਨ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.