ਅਰੂੜ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਰੂੜ ਸਿੰਘ (1890-1917) : ਜਿਸ ਨੂੰ ਡਾਕਟਰ ਰੂੜ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅੰਗਰੇਜ਼ ਸਰਕਾਰ ਦੇ ਰਿਕਾਰਡ ਵਿਚ ‘ਇਕ ਖਤਰਨਾਕ ਵਿਅਕਤੀ ਵਜੋਂ ਦਰਸਾਇਆ ਗਿਆ ਹੈ। ਅਰੂੜ ਸਿੰਘ ਦਾ ਜਨਮ ਸਰਦਾਰ ਅਰਜਨ ਸਿੰਘ ਦੇ ਘਰ 1890 ਈ. ਵਿਚ ਪੰਜਾਬ ਦੇ ਜਲੰਧਰ ਜਿਲੇ ਦੇ ਪਿੰਡ ਸੰਗਵਾਲ ਵਿਖੇ ਹੋਇਆ। ਇਹ ਜਲੰਧਰ ਦੇ ਡੰਗਰਾਂ ਦੇ ਹਸਪਤਾਲ ਵਿਚ ਕੰਪਾਊਂਡਰ ਵਜੋਂ ਕੰਮ ਕਰਦਾ ਸੀ। ਇਸ ਸਮੇਂ ਇਹ ਆਪਣੇ ਹੀ ਪਿੰਡ ਦੇ ਗ਼ਦਰੀ ਪਾਰਟੀ ਦੇ ਬੰਤਾ ਸਿੰਘ ਦੇ ਪ੍ਰਭਾਵ ਹੇਠ ਆ ਗਿਆ ਅਤੇ ਹਸਪਤਾਲ ਦੀ ਨੌਕਰੀ ਛੱਡ ਕੇ ਬਕਾਇਦਾ ਗ਼ਦਰੀ ਕਾਰਜ-ਕਰਤਾ ਬਣ ਗਿਆ। ਇਸ ਨੇ ਬੰਤਾ ਸਿੰਘ ਨਾਲ ਮਿਲ ਕੇ ਸੂਰਾਨਸੀ (ਜਲੰਧਰ) ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨਾਂ ਦੀ ਤੋੜ-ਫੋੜ ਕੀਤੀ। ਇਸ ਨੇ ਨੰਗਲ-ਕਲਾਂ ਦੇ ਜਵੰਦ ਸਿੰਘ ਪਾਸੋਂ ਬੰਬ ਬਣਾਉਣ ਦੀ ਵਿਧੀ ਸਿੱਖੀ। ਛੇਤੀ ਹੀ ਇਸ ਦੀ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਹੋ ਗਏ। ਲਗਪਗ ਢਾਈ ਵਰ੍ਹੇ ਅਰੂੜ ਸਿੰਘ ਨੇ ਲੁਕ ਕੇ ਕੰਮ ਕੀਤਾ ਅਤੇ ਜਨਤਾ ਵਿਚ ਇਨਕਲਾਬ ਦੀ ਭਾਵਨਾ ਪੈਦਾ ਕਰਨ ਦੇ ਯਤਨ ਕੀਤੇ। ਇਸੇ ਦੌਰਾਨ ਇਸ ਦੇ ਹੱਥੋਂ ਇਕ ਸੂਹੀਆ ਅਤੇ ਸੱਤ ਪੁਲੀਸ ਕਰਮਚਾਰੀ ਮਾਰੇ ਗਏ। 2 ਨਵੰਬਰ 1916 ਈ. ਨੂੰ ਇਹ ਇਕ ਦੋਸਤ ਨਾਲ ਮੁਲਾਕਾਤ ਲਈ ਲਾਹੌਰ ਜੇਲ ਗਿਆ ਜਿਥੇ ਇਸ ਦੀ ਪਹਿਚਾਣ ਹੋ ਗਈ ਅਤੇ ਇਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਪ੍ਰਕਾਰ ਲਾਹੌਰ ਸਾਜ਼ਸ਼ ਕੇਸ ਤੀਜੇ (1916) ਇਸ ਉਪਰ ਮੁਕੱਦਮਾ ਚਲਾਇਆ ਗਿਆ ਅਤੇ 4 ਜਨਵਰੀ 1917 ਨੂੰ ਇਸ ਨੂੰ ਮੌਤ ਦੀ ਸਜ਼ਾ ਅਤੇ ਸਾਰੀ ਜਾਇਦਾਦ ਦੀ ਜ਼ਬਤੀ ਦੇ ਹੁਕਮ ਸੁਣਾ ਦਿੱਤੇ ਗਏ। ਛੇਤੀ ਹੀ ਇਸ ਨੂੰ ਫਾਂਸੀ ਦੇ ਦਿੱਤੀ ਗਈ। ਇਸ ਕੇਸ ਦੀ ਸੁਣਵਾਈ ਦੌਰਾਨ ਅਰੂੜ ਸਿੰਘ ਨੇ ਆਪਣੀ ਸਫਾਈ ਵਿਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸਗੋਂ ਇਸ ਨੇ ਆਪਣੀਆਂ ਇਨਕਲਾਬੀ ਗਤੀਵਿਧੀਆਂ ਨੂੰ ਖੁਲ੍ਹੇ ਤੌਰ ਤੇ ਦਲੇਰੀ ਨਾਲ ਸਵੀਕਾਰ ਕੀਤਾ।
ਲੇਖਕ : ਗ.ਸ.ਦ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਰੂੜ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਰੂੜ ਸਿੰਘ : ਮਹਾਰਾਜਾ ਦਲੀਪ ਸਿੰਘ ਦਾ ਨਿੱਜੀ ਸੇਵਕ ਅਤੇ ਵਿਸ਼ਵਾਸਪਾਤਰ ਅੰਮ੍ਰਿਤਸਰ ਜ਼ਿਲੇ ਦੇ ਕੋਹਾਲੀ ਨਾਮੀ ਪਿੰਡ ਦਾ ਜੰਮਪਲ ਸੀ। ਇਹ ਉਹਨਾਂ ਪੰਜ ਸਿੱਖਾਂ ਵਿਚੋਂ ਸੀ ਜਿਨ੍ਹਾਂ 25 ਮਈ 1886 ਨੂੰ ਮਹਾਰਾਜੇ ਨੂੰ ਅਦਨ ਵਿਖੇ ਅੰਮ੍ਰਿਤ ਪਾਨ ਕਰਵਾਇਆ ਸੀ। ਅਦਨ ਤੋਂ ਅਰੂੜ ਸਿੰਘ ਮਹਾਰਾਜੇ ਦੇ ਨਾਲ ਹੀ ਯੂਰਪ ਗਿਆ ਸੀ। 1887 ਈ: ਵਿਚ ਅਰੂੜ ਸਿੰਘ ਨੂੰ ਮਹਾਰਾਜੇ ਨੇ ਆਪਣੇ ਮਕਬੂਲ ਦੂਤ ਵਜੋਂ ਭਾਰਤ ਭੇਜਿਆ। ਇਹ ਆਪਣੇ ਨਾਲ ਮਹਾਰਾਜੇ ਦੀਆਂ ਪੰਜ ਚਿੱਠੀਆਂ ਲੈ ਕੇ ਆਇਆ। ਇਹਨਾਂ ਚਿੱਠੀਆਂ ਵਿਚ ਇਕ ਚਿੱਠੀ ਭਾਰਤੀ ਰਿਆਸਤਾਂ ਦੇ ਸ਼ਾਸਕਾਂ ਦੇ ਨਾਂ ਸੀ ਅਤੇ ਇਕ ਅਵਧ ਦੇ ਨਵਾਬ ਨੂੰ ਲਿਖੀ ਗਈ ਸੀ। ਪਾਂਡੀਚੇਰੀ ਵਿਚ ਇਹ ਠਾਕੁਰ ਸਿੰਘ ਸੰਧਾਵਾਲੀਏ ਕੋਲ ਠਹਿਰਿਆ। ਜਦੋਂ ਇਹ ਆਪਣੇ ਕਾਰਜ ਦੇ ਸੰਬੰਧ ਵਿਚ ਕਲਕੱਤੇ ਪਹੁੰਚਿਆ ਤਾਂ ਉਸ ਨੂੰ ਆਪਣੇ ਆਪ ਨੂੰ ਮਹਾਰਾਜਾ ਦਲੀਪ ਸਿੰਘ ਦਾ ਹਿਮਾਇਤੀ ਦੱਸਣ ਵਾਲੇ ਇਕ ਵਿਅਕਤੀ ਨੇ ਝਾਂਸਾ ਦੇ ਕੇ ਕੈਦ ਕਰਵਾ ਦਿੱਤਾ। ਇਸ ਨੂੰ ਚੁਨਾਰ ਦੇ ਕਿਲੇ ਵਿਚ ਤਿੰਨ ਸਾਲ ਕੈਦ ਵਿਚ ਰੱਖਿਆ ਗਿਆ। ਸਰਕਾਰੀ ਦਸਤਾਵੇਜ਼ਾਂ ਵਿਚ ਅਰੂੜ ਸਿੰਘ ਨੂੰ ਇਕ ਯੂਰਪੀਨ ਸਿੱਖ ਵਜੋਂ ਦਰਸਾਇਆ ਗਿਆ ਹੈ ਜਿਸ ਦੀਆਂ ਜੇਲ੍ਹ ਵਿਚਲੀਆਂ ਲੋੜਾਂ ਵਿਚੋਂ ‘ਕੁਝ ਬਰਫ , ਬਰਾਂਡੀ , ਲਾਲ ਸ਼ਰਾਬ ਅਤੇ ਖਣਿਜ ਭਰਪੂਰ ਫ਼ਰਾਂਸੀਸੀ ਪਾਣੀ` ਸਨ। ਜੇਲ੍ਹ ਵਿਚੋਂ ਅਰੂੜ ਸਿੰਘ ਨੂੰ 15 ਦਸੰਬਰ 1890 ਨੂੰ ਰਿਹਾ ਕੀਤਾ ਗਿਆ ਅਤੇ ਬਰਤਾਨੀਆ ਪਰਤਣ ਦੀ ਆਗਿਆ ਵੀ ਦੇ ਦਿੱਤੀ ਗਈ।
ਲੇਖਕ : ਸ.ਸ.ਭ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਰੂੜ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਰੂੜ ਸਿੰਘ : ਇਸ ਦੇਸ਼ ਭਗਤ ਦਾ ਜਨਮ 1890 ਈ. ਵਿਚ ਜਲੰਧਰ ਜ਼ਿਲ੍ਹੇ ਦੇ ਸਿੰਘਵਾਲ ਪਿੰਡ ਵਿਖੇ ਹੋਇਆ। ਇਸ ਨੇ ਮਿਡਲ ਤਕ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਬਰਤਾਨਵੀ ਹਕੂਮਤ ਵਿਰੁੱਧ ਸਤੁੰਤਰਤਾ ਅੰਦੋਲਨ ਵਿਚ ਭਾਗ ਲਿਆ। ਵਾਇਸਰਾਏ ਲਾਰਡ ਹਾਰਡਿੰਗ ਉੱਪਰ ਬੰਬ ਸੁੱਟਣ ਵਾਲੇ ਇਨਕਲਾਬੀਆਂ ਵਿਚ ਇਹ ਵੀ ਸ਼ਾਮਲ ਸੀ। ਇਹ 18 ਮਹੀਨੇ ਤਕ ਰੂਪੋਸ਼ ਰਿਹਾ। ਅਖ਼ੀਰ ਨਵੰਬਰ, 1916 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਪਰੋਕਤ ਕੇਸ ਵਿਚ ਇਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਲਾਹੌਰ ਜੇਲ੍ਹ ਵਿਚ ਦਸੰਬਰ, 1916 ਨੂੰ ਫਾਂਸੀ ਦੇ ਦਿੱਤੀ ਗਈ।
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1963, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-03-33-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First