ਅੰਮ੍ਰਿਤ ਸੰਸਕਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਮ੍ਰਿਤ ਸੰਸਕਾਰ. ਦੇਖੋ, ਅਮ੍ਰਿਤ ਸੰਸਕਾਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅੰਮ੍ਰਿਤ ਸੰਸਕਾਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅੰਮ੍ਰਿਤ ਸੰਸਕਾਰ: ਇਸ ਤੋਂ ਭਾਵ ਹੈ ਅੰਮ੍ਰਿਤ ਪਾਨ ਕਰਾਉਣ ਜਾਂ ਛਕਾਉਣ ਦੀ ਵਿਧੀ। ਇਸ ਦਾ ਆਰੰਭ ਸੰਨ 1699 ਈ. ਵਿਚ ‘ਖ਼ਾਲਸਾ ’ (ਵੇਖੋ) ਦੇ ਸਿਰਜਨ ਸਮੇਂ ਪਹਿਲੀ ਵਿਸਾਖੀ ਨੂੰ ਹੋਇਆ ਸੀ। ਇਹ ਸਿੱਖੀ ਦੀ ਇਕ ਅਜਿਹੀ ਮਰਯਾਦਾ ਹੈ ਜਿਸ ਨਾਲ ਜਿਗਿਆਸੂ ਗੁਰੂ ਵਾਲਾ ਬਣਦਾ ਹੈ ਅਤੇ ‘ਸਿੰਘ ’ ਅਖਵਾਉਣ ਦਾ ਅਧਿਕਾਰ ਪ੍ਰਾਪਤ ਕਰਦਾ ਹੈ। ਅੰਮ੍ਰਿਤ ਛਕਣ ਲਈ ਅੰਦਰੋਂ ਪ੍ਰੇਰਣਾ ਹੋਣੀ ਚਾਹੀਦੀ ਹੈ, ਕਿਸੇ ਦੇ ਦਬਾ ਵਿਚ ਆ ਕੇ ਅੰਮ੍ਰਿਤ ਪਾਨ ਕਰਨਾ ਮਨ ਵਿਚ ਦ੍ਰਿੜ੍ਹਤਾ ਦਾ ਸੰਚਾਰ ਨਹੀਂ ਕਰ ਸਕਦਾ।
ਅੰਮ੍ਰਿਤ ਸੰਸਕਾਰ ਦਾ ਪ੍ਰਕਾਰਜ ਕਿਸੇ ਵੀ ਸਵੱਛ ਸਥਾਨ ਜਾਂ ਗੁਰਦੁਆਰੇ ਜਾਂ ਧਰਮਸ਼ਾਲਾ ਵਿਚ ਕੀਤਾ ਜਾ ਸਕਦਾ ਹੈ। ਇਸ ਪ੍ਰਕ੍ਰਿਆ ਲਈ ਘਟੋ-ਘਟ ਛੇ ਤਿਆਰ- ਬਰ-ਤਿਆਰ ਸਿੰਘ ਚਾਹੀਦੇ ਹਨ। ਇਕ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠਦਾ ਹੈ ਅਤੇ ਪੰਜ ਅੰਮ੍ਰਿਤ ਤਿਆਰ ਕਰਦੇ ਹਨ। ਅੰਮ੍ਰਿਤ ਤਿਆਰ ਕਰਨ ਵਾਲੇ ਪੰਜ ਸਿੰਘਾਂ (ਪੰਜ ਪਿਆਰਿਆਂ) ਵਿਚੋਂ ਕੋਈ ਵੀ ਰੋਗੀ ਜਾਂ ਵਿਕਲਾਂਗ ਜਾਂ ਤਨਖਾਹੀਆ ਨਹੀਂ ਹੋਣਾ ਚਾਹੀਦਾ।
ਅੰਮ੍ਰਿਤ ਅਭਿਲਾਖੀ ਕਿਸੇ ਵੀ ਜਾਤਿ, ਵਰਗ , ਦੇਸ਼ ਜਾਂ ਧਰਮ ਦਾ ਹੋ ਸਕਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਨਿਸ਼ਠਾ ਰਖਦਾ ਹੋਵੇ ਅਤੇ ਗੁਰਮਤਿ ਅਨਸਾਰੀ ਨਿਯਮਾਂ ਅਨੁਰੂਪ ਜੀਵਨ ਬਤੀਤ ਕਰਦਾ ਹੋਵੇ। ਅਜਿਹਾ ਜਿਗਿਆਸੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਖੜੋ ਕੇ ਅੰਮ੍ਰਿਤ ਦੀ ਦਾਤ ਲਈ ਬੇਨਤੀ ਕਰਦਾ ਹੈ। ਪੰਜ ਸਿੰਘਾਂ ਵਿਚੋਂ ਮੁਖੀ ਸਿੰਘ ਉਸ ਨੂੰ ਸਿੱਖ ਰਹਿਤ-ਮਰਯਾਦਾ ਦਾ ਉਪਦੇਸ਼ ਦਿੰਦਾ ਹੈ। ਅੰਮ੍ਰਿਤ ਇਕੱਲੇ ਜਾਂ ਸਮੂਹ ਦੋਹਾਂ ਤਰ੍ਹਾਂ ਵਿਚ ਆਏ ਜਿਗਿਆਸੂਆਂ ਨੂੰ ਛਕਾਇਆ ਜਾ ਸਕਦਾ ਹੈ। ਅੰਮ੍ਰਿਤ ਅਭਿਲਾਖੀਆਂ ਦੇ ਹਾਜ਼ਰ ਹੋ ਜਾਣ ਤੋਂ ਬਾਦ ਪੰਜ ਸਿੰਘ ਸਰਬਲੋਹ ਦੇ ਬਾਟੇ ਵਿਚ ਜਲ ਪਾ ਕੇ ਅਤੇ ਪੰਜ ਬਾਣੀਆਂ (ਜਪੁ, ਜਾਪੁ, ਅਨੰਦੁ , ਸਵੈਯੇ ਅਤੇ ਚਉਪਈ) ਦਾ ਬੀਰ ਆਸਣ ਵਿਚ ਬੈਠ ਕੇ ਪਾਠ ਕਰਦੇ ਹੋਏ ਜਲ ਵਿਚ ਖੰਡਾ ਫੇਰਦੇ ਰਹਿੰਦੇ ਹਨ ਅਤੇ ਜਲ ਵਿਚ ਪਤਾਸ਼ੇ ਵੀ ਪਾਏ ਜਾਂਦੇ ਹਨ। ਅੰਮ੍ਰਿਤ ਤਿਆਰ ਹੋ ਚੁਕਣ ਤੋਂ ਬਾਦ ਅਰਦਾਸ ਕਰਕੇ ਅੰਮ੍ਰਿਤ ਛਕਾਇਆ ਜਾਂਦਾ ਹੈ। ਅੰਮ੍ਰਿਤ ਅਭਿਲਾਸ਼ੀ ਜਿਗਿਆਸੂ ਵਲੋਂ ਪੰਜ ਚੁਲੇ ਛਕਣ ਦੇ ਨਾਲ ਨਾਲ ਪੰਜ ਵਾਰ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ’ ਸ਼ਬਦ ਬੋਲੇ ਜਾਂਦੇ ਹਨ। ਪੰਜ ਛੱਟੇ ਨੇਤਰਾਂ ਉਤੇ ਮਾਰੇ ਜਾਂਦੇ ਹਨ ਅਤੇ ਪੰਜ ਕੇਸਾਂ ਵਿਚ ਪਾਏ ਜਾਂਦੇ ਹਨ। ਫਿਰ ਸਾਰੇ ਅੰਮ੍ਰਿਤ ਅਭਿਲਾਖੀ ਅੰਮ੍ਰਿਤ ਵਾਲੇ ਬਾਟੇ ਵਿਚ ਅੰਮ੍ਰਿਤ ਪਾਨ ਕਰਦੇ ਹਨ। ਮੁਖੀ ਸਿੰਘ ਵਲੋਂ ਉਨ੍ਹਾਂ ਨੂੰ ਰਹਿਤਾਂ, ਕੁਰਹਿਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਫਿਰ ਅਰਦਾਸ ਸੋਧ ਕੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲਿਆ ਜਾਂਦਾ ਹੈ ਅਤੇ ਕੜਾਹ- ਪ੍ਰਸਾਦ ਵੰਡਣ ਤੋਂ ਬਾਦ ਅੰਮ੍ਰਿਤ ਸੰਸਕਾਰ ਸਮਾਪਤ ਹੋ ਜਾਂਦਾ ਹੈ। ਹਰ ਸਿੱਖ ਲਈ ਮਰਯਾਦਾ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਉਸ ਦੀ ਭੁਲ ਬਖ਼ਸ਼ੀ ਲਈ ਤਨਖ਼ਾਹ ਲਗਾਈ ਜਾਂਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਪੁਸਤਕਾਂ ‘ਸਿੱਖ ਰਹਿਤ-ਮਰਯਾਦਾ ’ ਵਿਚ ਅੰਮ੍ਰਿਤ ਸੰਸਕਾਰ ਦੀ ਵਿਧੀ ਇਸ ਪ੍ਰਕਾਰ ਦਸੀ ਗਈ ਹੈ :
(ੳ) ਅੰਮ੍ਰਿਤ ਛਕਣ ਲਈ ਇਕ ਖ਼ਾਸ ਅਸਥਾਨ ’ਤੇ ਪ੍ਰਬੰਧ ਹੋਵੇ। ਉਥੇ ਆਮ ਲੋਕਾਂ ਦਾ ਲਾਂਘਾ ਨ ਹੋਵੇ।
(ਅ) ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘਟ ਤੋਂ ਘਟ ਛੇ ਤਿਆਰ-ਬਰ-ਤਿਆਰ ਸਿੰਘ ਹਾਜ਼ਰ ਹੋਣ , ਜਿਨ੍ਹਾਂ ਚੋਂ ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਇਨ੍ਹਾਂ ਵਿਚ ਸਿੰਘਣੀਆਂ ਭੀ ਹੋ ਸਕਦੀਆਂ ਹਨ। ਇਨ੍ਹਾਂ ਸਾਰਿਆਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ।
(ੲ) ਇਨ੍ਹਾਂ ਪੰਜਾਂ ਪਿਆਰਿਆਂ ਵਿਚ ਕੋਈ ਅੰਗ-ਹੀਣ (ਅੰਨ੍ਹਾ, ਕਾਣਾ , ਲੰਙਾ , ਲੂਲ੍ਹਾ) ਜਾਂ ਦੀਰਘ ਰੋਗ ਵਾਲਾ ਨ ਹੋਵੇ। ਕੋਈ ਤਨਖ਼ਾਹੀਆ ਨ ਹੋਵੇ। ਸਾਰੇ ਤਿਆਰ-ਬਰ-ਤਿਆਰ ਦਰਸ਼ਨੀ ਸਿੰਘ ਹੋਣ।
(ਸ) ਹਰ ਦੇਸ਼, ਹਰ ਮਜ਼੍ਹਬ ਤੇ ਜਾਤੀ ਦੇ ਹਰ ਇਕ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ, ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸ ਦੇ ਅਸੂਲਾਂ ਉਪਰ ਚਲਣ ਦਾ ਪ੍ਰਣ ਕਰੇ।
ਬਹੁਤ ਛੋਟੀ ਅਵਸਥਾ ਦਾ ਨ ਹੋਵੇ, ਹੋਸ਼ ਸੰਭਾਲੀ ਹੋਵੇ। ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਅਤੇ ਹਰ ਇਕ ਪੰਜ ਕਕਾਰ (ਕੇਸ, ਕ੍ਰਿਪਾਨ ਗਾਤਰੇ ਵਾਲੀ, ਕਛਹਿਰਾ , ਕੰਘਾ , ਕੜਾ) ਦਾ ਧਾਰਨੀ ਹੋਵੇ। ਅਨਮਤ ਦਾ ਕੋਈ ਚਿੰਨ੍ਹ ਨ ਹੋਵੇ। ਸਿਰ ਨੰਗਾ ਜਾਂ ਟੋਪੀ ਨ ਹੋਵੇ। ਛੇਦਕ ਗਹਿਣੇ ਕੋਈ ਨ ਹੋਣ। ਅਦਬ ਨਾਲ ਹੱਥ ਜੋੜ ਕੇ ਸ੍ਰੀ ਗੁਰੂ ਜੀ ਦੇ ਹਜ਼ੂਰ ਖੜੇ ਹੋਣ।
(ਹ) ਜੇ ਕਿਸੇ ਨੇ ਕੁਰਹਿਤ ਕਰਨ ਕਰਕੇ ਮੁੜ ਅੰਮ੍ਰਿਤ ਛਕਣਾ ਹੋਵੇ ਤਾਂ ਉਸ ਨੂੰ ਅੱਡ ਕਰਕੇ ਸੰਗਤ ਵਿਚ ਪੰਜ ਪਿਆਰੇ ਤਨਖ਼ਾਹ ਲਾ ਲੈਣ ।
(ਕ) ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ’ਚੋਂ ਕੋਈ ਇਕ ਸੱਜਣ ਅੰਮ੍ਰਿਤ ਛਕਣ ਦੇ ਅਭਿਲਾਖੀਆਂ ਨੂੰ ਸਿੱਖ ਧਰਮ ਦੇ ਅਸੂਲ ਸਮਝਾਵੇ: ਸਿੱਖ ਧਰਮ ਵਿਚ ਕਿਰਤਮ ਦੀ ਪੂਜਾ ਤਿਆਗ ਕੇ ਇਕ ਕਰਤਾਰ ਦੀ ਪ੍ਰੇਮਾ-ਭਗਤੀ ਤੇ ਉਪਾਸਨਾ ਦੱਸੀ ਹੈ। ਇਸ ਦੀ ਪੂਰਣਤਾ ਲਈ ਗੁਰਬਾਣੀ ਦਾ ਅਭਿਆਸ, ਸਾਧ- ਸੰਗਤ ਤੇ ਪੰਥ ਦੀ ਸੇਵਾ , ਉਪਕਾਰ , ਨਾਮ ਦਾ ਪ੍ਰੇਮ ਅਤੇ ਅੰਮ੍ਰਿਤ ਛਕ ਕੇ, ਰਹਿਤ-ਬਹਿਤ ਰਖਣਾ ਮੁੱਖ ਸਾਧਨ ਹਨ, ਆਦਿ। ਕੀ ਤੁਸੀਂ ਇਸ ਧਰਮ ਨੂੰ ਖ਼ੁਸ਼ੀ ਨਾਲ ਕਬੂਲ ਕਰਦੇ ਹੋ ?
(ਖ) ‘ਹਾਂ’ ਦਾ ਜਵਾਬ ਆਉਣ’ਤੇ ਪਿਆਰਿਆਂ ਵਿਚੋਂ ਇਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ‘ਹੁਕਮ’ ਲਵੇ। ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਪਾਸ ਆ ਬੈਠਣ।
(ਗ) ਬਾਟਾ ਸਰਬ-ਲੋਹ ਦਾ ਹੋਵੇ ਤੇ ਚੌਂਕੀ , ਸੁਨਹਿਰੇ ਆਦਿ ਕਿਸੇ ਸਵੱਛ ਚੀਜ਼ ਪੁਰ ਰਖਿਆ ਹੋਵੇ।
(ਘ) ਬਾਟੇ ਵਿਚ ਸਵੱਛ ਜਲ ਤੇ ਪਤਾਸੇ ਪਾਏ ਜਾਣ ਤੇ ਪੰਜ ਪਿਆਰੇ ਬਾਟੇ ਦੇ ਇਰਦ-ਗਿਰਦ ਬੀਰ-ਆਸਨ ਹੋ ਕੇ ਬੈਠ ਜਾਣ।
(ਙ) ਤੇ ਇਹਨਾਂ ਬਾਣੀਆਂ ਦਾ ਪਾਠ ਕਰਨ—
ਜਪੁ , ਜਾਪੁ, ੧੦ ਸਵੱਯੇ (‘ਸ੍ਰਾਵਗ ਸੁਧ’ ਵਾਲੇ), ਬੇਨਤੀ ਚੌਪਈ (‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’ ਤਕ), ਅਨੰਦੁ ਸਾਹਿਬ।
(ਚ) ਹਰ ਇਕ ਬਾਣੀ ਪੜ੍ਹਨ ਵਾਲਾ ਖੱਬਾ ਹੱਥ ਬਾਟੇ ਦੇ ਕੰਢੇ’ਤੇ ਧਰੇ ਤੇ ਸੱਜੇ ਹੱਥ ਨਾਲ ਖੰਡਾ ਜਲ ਵਿਚ ਫੇਰੀ ਜਾਵੇ। ਸੁਰਤ ਇਕਾਗਰ ਹੋਵੇ। ਬਾਕੀ ਦਿਆਂ ਦੇ ਦੋਵੇਂ ਹੱਥ ਬਾਟੇ ਦੇ ਕੰਢੇ’ਤੇ, ਅਤੇ ਧਿਆਨ ਅੰਮ੍ਰਿਤ ਵਲ ਟਿਕੇ ।
(ਛ) ਪਾਠ ਹੋਣ ਮਗਰੋਂ ਪਿਆਰਿਆਂ ਵਿਚੋਂ ਕੋਈ ਇਕ ਅਰਦਾਸ ਕਰੇ।
(ਜ) ਜਿਸ ਅਭਿਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰਾਂ ਵਿਚ ਹਿੱਸਾ ਲਿਆ ਹੈ, ਉਹੀ ਅੰਮ੍ਰਿਤ ਛਕਣ ਵਿਚ ਸ਼ਾਮਲ ਹੋ ਸਕਦਾ ਹੈ। ਅਧਵਾਟੇ ਆਉਣ ਵਾਲਾ ਨਹੀਂ ਹੋ ਸਕਦਾ।
(ਝ) ਹੁਣ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਦਾ ਧਿਆਨ ਧਰ ਕੇ ਹਰ ਇਕ ਅੰਮ੍ਰਿਤ ਛਕਣ ਵਾਲੇ ਨੂੰ ਬੀਰ- ਆਸਨ ਕਰਾ ਕੇ ਉਸ ਦੇ ਖੱਬੇ ਹੱਥ ਉਪਰ ਸੱਜਾ ਹੱਥ ਰਖਾ ਕੇ ਪੰਜ ਚੁੱਲੇ ਅੰਮ੍ਰਿਤ ਦੇ ਛਕਾਏ ਜਾਣ ਅਤੇ ਹਰ ਚੁੱਲੇ ਨਾਲ ਇਹ ਕਿਹਾ ਜਾਵੇ —
ਬੋਲ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ —ਛਕਣ ਵਾਲਾ ਛਕ ਕੇ ਕਹੇ— ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ। ਫਿਰ ਪੰਜ ਛੱਟੇ ਅੰਮ੍ਰਿਤ ਦੇ ਨੇਤਰਾਂ ਪਰ ਲਾਏ ਜਾਣ। ਫਿਰ ਪੰਜ ਛੱਟੇ ਕੇਸਾਂ ਵਿਚ ਪਾਏ ਜਾਣ। ਹਰ ਇਕ ਛੱਟੇ ਨਾਲ ਛਕਣ ਵਾਲਾ ਛਕਾਉਣ ਵਾਲੇ ਦੇ ਪਿਛੇ ਪਿਛੇ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ ਗਜਾਈ ਜਾਵੇ। ਜੋ ਅੰਮ੍ਰਿਤ ਬਾਕੀ ਰਹੇ , ਉਸ ਨੂੰ ਸਾਰੇ ਅੰਮ੍ਰਿਤ ਛਕਣ ਵਾਲੇ (ਸਿੱਖ ਤੇ ਸਿਖਣੀਆਂ) ਰਲ ਕੇ ਛਕਣ।
(ਞ) ਉਪਰੰਤ ਪੰਜੇ ਪਿਆਰੇ ਰਲ ਕੇ ਇਕੋ ਆਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ‘ਵਾਹਿਗੁਰੂ’ ਦਾ ਨਾਮ ਦਸ ਕੇ ਮੂਲ-ਮੰਤ੍ਰ ਸੁਨਾਉਣ ਤੇ ਉਨ੍ਹਾਂ ਪਾਸੋਂ ਇਸ ਦਾ ਰਟਨ ਕਰਾਉਣ :
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।
(ਟ) ਫਿਰ ਪੰਜਾਂ ਪਿਆਰਿਆਂ ਵਿਚੋਂ ਕੋਈ ਸੱਜਣ ਰਹਿਤ ਦਸੇ— ਅਜ ਤੋਂ ਤੁਸੀਂ ‘ਸਤਿਗੁਰ ਕੇ ਜਨਮੈ ਗਵਨੁ ਮਿਟਾਇਆ’ ਹੈ ਅਤੇ ਖ਼ਾਲਸਾ ਪੰਥ ਵਿਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਅਨੰਦਪੁਰ ਸਾਹਿਬ ਦੀ ਹੈ। ਤੁਸੀਂ ਇਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿਚ ਤੇ ਹੋਰ ਸਾਰੇ ਅੰਮ੍ਰਿਤ-ਧਾਰੀਆਂ ਦੇ ਧਾਰਮਿਕ ਭਰਾਤਾ ਹੋ। ਤੁਸੀਂ ਪਿਛਲੀ ਕੁਲ , ਕਿਰਤ, ਧਰਮ ਦਾ ਤਿਆਗ ਕਰਕੇ ਅਰਥਾਤ ਪਿਛਲੀ ਜਾਤ-ਪਾਤ, ਜਨਮ, ਦੇਸ, ਮਜ਼੍ਹਬ ਦਾ ਖ਼ਿਆਲ ਤਕ ਛਡ ਕੇ, ਨਿਰੋਲ ਖ਼ਾਲਸਾ ਬਣ ਗਏ ਹੋ। ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ , ਦੇਵਤੇ, ਅਵਤਾਰ , ਪੈਗ਼ੰਬਰ ਦੀ ਉਪਾਸਨਾ ਨਹੀਂ ਕਰਨੀ। ਦਸੋਂ ਗੁਰੂ ਸਾਹਿਬਾਨ ਨੂੰ ਤੇ ਉਨ੍ਹਾਂ ਦੀ ਬਾਣੀ ਤੋਂ ਬਿਨਾ ਕਿਸੇ ਹੋਰ ਨੂੰ ਆਪਣਾ ਮੁਕਤੀ-ਦਾਤਾ ਨਹੀਂ ਮੰਨਣਾ। ਤੁਸੀਂ ਗੁਰਮੁਖੀ ਜਾਣਦੇ ਹੋ (ਜੇ ਨਹੀਂ ਜਾਣਦੇ ਤਾਂ ਸਿਖ ਲਓ) ਅਤੇ ਹਰ ਰੋਜ਼ ਘਟ ਤੋਂ ਘਟ ਇਨ੍ਹਾਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਜਾਂ ਸੁਣਨਾ: ਜਪੁ, ਜਾਪੁ, ੧੦ ਸਵੱਯੇ (‘ਸ੍ਰਾਵਗ ਸੁਧ’ ਵਾਲੇ), ਸੋਦਰੁ ਰਹਰਾਸਿ ਤੇ ਸੋਹਿਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ, ਪੰਜਾਂ ਕੱਕਿਆਂ—ਕੇਸ, ਕ੍ਰਿਪਾਨ, ਕਛਹਿਰਾ, ਕੰਘਾ, ਕੜਾ ਨੂੰ ਹਰ ਵੇਲੇ ਅੰਗ-ਸੰਗ ਰਖਣਾ।
ਇਹ ਚਾਰ ਕੁਰਹਿਤਾਂ ਨਹੀਂ ਕਰਨੀਆਂ :
(1) ਕੇਸਾਂ ਦੀ ਬੇਅਦਬੀ।
(2) ਕੁੱਠਾ ਖਾਣਾ।
(3) ਪਰ-ਇਸਤਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ)।
(4) ਤਮਾਕੂ ਦਾ ਵਰਤਣਾ।
ਇਨ੍ਹਾਂ ਵਿਚੋਂ ਕੋਈ ਕੁਰਹਿਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਏਗਾ। ਆਪਣੀ ਇੱਛਾ ਵਿਰੁੱਧ ਅਨਭੋਲ ਹੀ ਕੋਈ ਕੁਰਹਿਤ ਹੋ ਜਾਵੇ ਤਾਂ ਕੋਈ ਦੰਡ ਨਹੀਂ। ਸਿਰਗੁੰਮ, ਨੜੀ-ਮਾਰ (ਜੋ ਸਿੱਖ ਹੋ ਕੇ ਇਹ ਕੰਮ ਕਰਨ) ਦਾ ਸੰਗ ਨਹੀਂ ਕਰਨਾ। ਪੰਥ ਸੇਵਾ ਅਤੇ ਗੁਰਦੁਆਰਿਆਂ ਦੀ ਟਹਿਲ ਵਿਚ ਤੱਤਪਰ ਰਹਿਣਾ, ਆਪਣੀ ਕਮਾਈ ਵਿਚੋਂ ਗੁਰੂ ਕਾ ਦਸਵੰਧ ਦੇਣਾ ਆਦਿ ਸਾਰੇ ਕੰਮ ਗੁਰਮਤਿ ਅਨੁਸਾਰ ਕਰਨੇ।
ਖ਼ਾਲਸਾ ਧਰਮ ਦੇ ਨਿਯਮਾਂ ਅਨੁਸਾਰ ਜੱਥੇਬੰਦੀ ਵਿਚ ਇਕ ਸੂਤ ਪਰੋਏ ਰਹਿਣਾ, ਰਹਿਤ ਵਿਚ ਕੋਈ ਭੁਲ ਹੋ ਜਾਵੇ ਤਾਂ ਖ਼ਾਲਸੇ ਦੇ ਦੀਵਾਨ ਵਿਚ ਹਾਜ਼ਰ ਹੋ ਕੇ ਬੇਨਤੀ ਕਰਕੇ ਤਨਖ਼ਾਹ ਬਖ਼ਸ਼ਾਉਣੀ। ਅਗੇ ਲਈ ਸਾਵਧਾਨ ਰਹਿਣਾ।
(ਠ) ਤਨਖ਼ਾਹੀਏ ਇਹ ਹਨ :
(1) ਮੀਣੇ, ਮਸੰਦ , ਧੀਰਮਲੀਏ , ਰਾਮਰਾਈਏ ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ- ਮਾਰ, ਕੁੜੀ-ਮਾਰ, ਸਿਰਗੁੰਮ ਨਾਲ ਵਰਤਣ ਵਾਲਾ ਤਨਖ਼ਾਹੀਆ ਹੋ ਜਾਂਦਾ ਹੈ।
(2) ਬੇ-ਅੰਮ੍ਰਿਤੀਏ ਜਾਂ ਪਤਿਤ ਦਾ ਜੂਠਾ ਖਾਣ ਵਾਲਾ।
(3) ਦਾਹੜਾ ਰੰਗਣ ਵਾਲਾ।
(4) ਪੁੱਤਰ ਜਾਂ ਧੀ ਦਾ ਸਾਕ ਮੁਲ ਲੈ ਕੇ ਜਾਂ ਦੇ ਕੇ ਕਰਨ ਵਾਲਾ।
(5) ਕੋਈ ਨਸ਼ਾ (ਭੰਗ, ਅਫ਼ੀਮ , ਸ਼ਰਾਬ , ਪੋਸਤ , ਕੁਕੀਨ ਆਦਿ) ਵਰਤਣ ਵਾਲਾ।
(6) ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਕਰਨ ਕਰਾਉਣ ਵਾਲਾ।
(7) ਰਹਿਤ ਵਿਚ ਕੋਈ ਭੁਲ ਕਰਨ ਵਾਲਾ।
(ਡ) ਇਹ ਸਿਖਿਆ ਦੇਣ ਤੋਂ ਉਪਰੰਤ ਪੰਜਾਂ ਪਿਆਰਿਆਂ ਵਿਚੋਂ ਕੋਈ ਸੱਜਣ ਅਰਦਾਸਾ ਕਰੇ।
(ਢ) ਫਿਰ ਤਾਬਿਆ ਬੈਠਾ ਸਿੰਘ ‘ਹੁਕਮ’ ਲਵੇ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਉਨ੍ਹਾਂ ਵਿਚੋਂ ਜੇ ਕਿਸੇ ਦਾ ਨਾਮ ਅਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਸੀ ਰਖਿਆ ਹੋਇਆ, ਉਸ ਦਾ ਨਾਮ ਹੁਣ ਬਦਲਾ ਕੇ ਰਖਿਆ ਜਾਵੇ।
(ਣ) ਅੰਤ ਕੜਾਹ ਪ੍ਰਸ਼ਾਦਿ ਵਰਤੇ। ਜਹਾਜ਼ ਚੜ੍ਹੇ ਸਾਰੇ ਸਿੰਘ ਤੇ ਸਿੰਘਣੀਆਂ ਇਕੋ ਬਾਟੇ ਵਿਚੋਂ ਕੜਾਹ ਪ੍ਰਸ਼ਾਦਿ ਰਲ ਕੇ ਛਕਣ।
ਤਨਖਾਹ ਲਾਉਣ ਦੀ ਵਿਧੀ
(ੳ) ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰ-ਸੰਗਤ ਪਾਸ ਹਾਜ਼ਰ ਹੋਣ ਅਤੇ ਸੰਗਤ ਦੇ ਸਨਮੁਖ ਖੜੋ ਕੇ ਆਪਣੀ ਭੁਲ ਮੰਨੇ।
(ਅ) ਗੁਰ-ਸੰਗਤ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੰਜ ਪਿਆਰੇ ਬਣ ਜਾਣ, ਜੋ ਪੇਸ਼ ਹੋਏ ਸੱਜਣ ਦੀ ਭੁਲ ਨੂੰ ਵਿਚਾਰ ਕੇ, ਗੁਰੂ-ਸੰਗਤ ਪਾਸ ਤਨਖ਼ਾਹ (ਦੰਡ) ਤਜਵੀਜ਼ ਕਰਨ।
(ੲ) ਸੰਗਤ ਨੂੰ ਬਖ਼ਸ਼ਣ ਵੇਲੇ ਹਠ ਨਹੀਂ ਕਰਨਾ ਚਾਹੀਦਾ। ਨ ਹੀ ਤਨਖ਼ਾਹ ਲੁਆਣ ਵਾਲੇ ਨੂੰ ਦੰਡ ਭਰਨ ਵਿਚ ਅੜੀ ਕਰਨੀ ਚਾਹੀਦੀ ਹੈ। ਤਨਖ਼ਾਹ ਕਿਸੇ ਕਿਸਮ ਦੀ ਸੇਵਾ, ਖ਼ਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ , ਲਾਉਣੀ ਚਾਹੀਏ।
(ਸ) ਅੰਤ ਸੋਧ ਦੀ ਅਰਦਾਸ ਹੋਵੇ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਅੰਮ੍ਰਿਤ ਸੰਸਕਾਰ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅੰਮ੍ਰਿਤ ਸੰਸਕਾਰ : ਅੰਮ੍ਰਿਤ ਸੰਸਕਾਰ ਦੀ ਸਿੱਖ ਜਗਤ ਵਿਚ ਬਹੁਤੀ ਵੱਡੀ ਮਹਾਨਤਾ ਹੈ। ਸਿੱਖ ਤਾਂ ਹਰ ਜਾਤ, ਮਜ਼ਹਬ ਦਾ ਮੰਨਣ ਵਾਲਾ ਵਿਅਕਤੀ ਆਪਣੇ ਗੁਰੂ ਦਾ ਸਿੱਖ ਹੋ ਸਕਦਾ ਹੈ ਪਰ ਅੰਮ੍ਰਿਤ ਛਕਣ ਉਪਰੰਤ ਹੀ ਹਰ ਸਿੱਖ ਗੁਰੂ ਦਾ ਸਿੰਘ ਬਣਦਾ ਹੈ। ਇਸ ਲਈ ਅੰਮ੍ਰਿਤ ਸੰਸਕਾਰ ਹੀ ਸਿੱਖੀ ਦੀ ਅਜਿਹੀ ਮਰਯਾਦਾ ਹੈ ਕਿ ਜਿਸ ਨਾਲ ਸਹੀ ਅਰਥਾਂ ਵਿਚ ਹਰੇਕ ਵਿਅਕਤੀ ਜਿੱਥੇ ਗੁਰੂ ਵਾਲਾ ਬਣਦਾ ਹੈ ਉੱਥੇ ਉਹ ਸਿੰਘ ਅਖਵਾਉਣ ਦਾ ਅਧਿਕਾਰੀ ਬਣਦਾ ਹੈ। ਅੰਮ੍ਰਿਤ ਛਕਣ ਲਈ ਹਰੇਕ ਵਿਅਕਤੀ ਆਪਣੀ ਇੱਛਾ ਅਨੁਸਾਰ (ਕਿਸੇ ਦੀ ਪ੍ਰੇਰਣਾ ਜਾਂ ਦਬਾ ਸਦਕਾ ਨਹੀਂ) ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਅੰਮ੍ਰਿਤ ਦੀ ਮੰਗ ਕਰੇ ਤੇ ਉਸ ਨੂੰ ਅੰਮ੍ਰਿਤ ਛਕਾਇਆ ਜਾਵੇ।
ਅੰਮ੍ਰਿਤ ਛਕਾਉਣ ਲਈ ਕਿਸੇ ਸਾਫ ਸੁਥਰੀ ਤੇ ਨਿਵੇਕਲੀ ਥਾਂ ਦਾ ਪ੍ਰਬੰਧ ਹੋਵੇ ਜਿੱਥੇ ਤਿਆਰ ਬਰਤਿਆਰ ਛੇ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ, ਜਿਨ੍ਹਾਂ ਵਿਚ ਇਕ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਤੇ ਬਾਕੀ ਪੰਜਾ ਸਿੰਘ ਅੰਮ੍ਰਿਤ ਤਿਆਰ ਕਰਨ ਲਈ ਹੋਣ। ਇਨ੍ਹਾਂ ਵਿਚੋਂ ਕੋਈ ਸਿੰਘ ਅੰਗਹੀਣ (ਅੰਨ੍ਹਾ, ਕਾਣਾ, ਲੰਙਾ, ਲੂਲਾ), ਦੀਰਘ ਰੋਗੀ ਜਾਂ ਤਨਖਾਹੀਆ ਨਹੀਂ ਹੋਣਾ ਚਾਹੀਦਾ।
ਅੰਮ੍ਰਿਤ ਅਭਿਲਾਖੀ ਕਿਸੇ ਵੀ ਦੇਸ਼, ਕੌਮ, ਜਾਤ, ਮਜ਼ਹਬ ਦਾ ਹੋ ਸਕਦਾ ਹੈ ਪਰ ਉਸ ਦਾ ਗੁਰੂ ਗ੍ਰੰਥ ਸਾਹਿਬ ਉਪਰ ਪੱਕਾ ਨਿਸਚਾ ਹੋਵੇ ਤੇ ਸਿੱਖ ਧਰਮ ਦੇ ਅਸੂਲਾਂ ਅਨੁਸਾਰ ਚੱਲਣ ਦਾ ਪ੍ਰਣ ਕਰੇ। ਬਹੁਤ ਘਟ ਉਮਰ ਦਾ ਨਾ ਹੋਵੇ। ਅੰਮ੍ਰਿਤ ਛਕਣ ਤੋਂ ਪਹਿਆਂ ਹਰੇਕ ਅੰਮ੍ਰਿਤ ਅਭਿਲਾਖੀ ਕੇਸੀ ਇਸ਼ਨਾਨ ਕਰਕੇ ਪੰਜੇ ਕਕਾਰ ਪਹਿਨ ਕੇ (ਕੇਸ, ਕੜਾ, ਕਿਰਪਾਨ ਗਾਤਰੇ, ਕੰਘਾ ਤੇ ਕਛਹਿਰਾ) ਪੰਜ ਪਿਆਰਿਆਂ ਦੇ ਪੇਸ਼ ਹੋਵੇ। ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਤੇ ਦਸਤਾਰ ਜਾਂ ਦੁਪੱਟਾ (ਬੀਬੀਆਂ ਦੇ) ਹੋਵੇ, ਅੰਗ ਛੇਦਕ ਗਹਿਣਾ ਕੋਈ ਨਾ ਪਹਿਨਿਆ ਹੋਵੇ। ਅੰਮ੍ਰਿਤ ਅਭਿਲਾਖੀ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਖੜੇ ਹੋਣ। ਦੋਬਾਰਾ ਅੰਮ੍ਰਿਤ ਛਕਣ ਵਾਲੇ ਪਾਸੋਂ ਉਸ ਤੋਂ ਹੋਈ ਅਵੱਗਿਆ ਬਾਰੇ ਪੁੱਛ ਕੇ ਪੰਜ ਪਿਆਰੇ ਤਨਖਾਹ ਲਾ ਦੇਣ। ਪੰਜ ਪਿਆਰਿਆਂ ਵਿਚ ਇਕ ਸਿੰਘ (ਜੋ ਮੁੱਖੀ ਹੋਵੇ) ਅੰਮ੍ਰਿਤ ਛਕਣ ਵਾਲਿਆਂ ਨੂੰ ਸਿੱਖ ਧਰਮ ਦੇ ਅਸੂਲ ਤੇ ਰਹਿਣੀ ਬਹਿਣੀ ਸੰਖੇਪ ਵਿਚ ਸਮਝਾਵੇ ਕਿ ਸਿੱਖ ਧਰਮ ਵਿਚ ਕਿਰਤਮ ਦੀ ਪੂਜਾ ਅਥਵਾ ਸਗੁਣ ਦੀ ਪੂਜਾ ਤਿਆਗ ਕੇ ਇਕ ਕਰਤਾਰ ਦੀ ਪ੍ਰੇਮਾ–ਭਗਤੀ ਤੇ ਉਪਾਸਨਾ ਦਸੀ ਹੈ। ਗੁਰਬਾਣੀ ਦਾ ਪਾਠ, ਸਾਧ ਸੰਗਤ ਵਿਚ ਜਾਣਾ, ਪੰਥ ਦੀ ਸੇਵਾ, ਉਪਕਾਰ, ਨਾਮ ਦਾ ਜਾਪ ਤੇ ਅੰਮ੍ਰਿਤ ਛਕ ਕੇ ਪੂਰੀ ਤਰ੍ਹਾਂ ਰਹਿਤ ਰੱਖਣਾ ਮੁੱਖ ਸਾਧਨ ਹਨ। ਅੰਮ੍ਰਿਤ ਅਭਿਲਾਖੀਆਂ ਵੱਲੋਂ ਹਾਂ ਵਿਚ ਉਤਰ ਮਿਲਣ ਤੇ ਪੰਜ ਪਿਆਰਿਆਂ ਵਿਚੋਂ ਇਕ ਸਿੰਘ ਅੰਮ੍ਰਿਤ ਦੀ ਤਿਆਰੀ ਦੀ ਅਰਦਾਸ ਕਰੇ ਤੇ ਗ੍ਰੰਥੀ ਸਿੰਘ ਹੁਕਮ ਲਵੇ। ਪੰਜ ਪਿਆਰੇ ਅੰਮ੍ਰਿਤ ਦੀ ਤਿਆਰ ਲਈ ਬਾਟੇ ਕੋਲ ਆ ਬੈਠਣ। ਬਾਟਾ ਸਰਬ ਲੋਹ ਦਾ ਹੋਵੇ ਤੇ ਚਕੀ ਆਦਿ ਕਿਸੇ ਸਵੱਛ ਚੀਜ਼ ਉਪਰ ਰਖਿਆ ਜਾਵੇ। ਖੰਡ ਦੀ ਸਰਬ ਲੋਹ ਦਾ ਹੋਵੇ। ਬਾਟੇ ਵਿਚ ਸਵੱਛ ਜਲ ਪਾਇਆ ਜਾਵੇ ਤੇ ਪੰਜ ਪਿਆਰੇ ਬਾਟੇ ਦੇ ਇਰਦ ਗਿਰਦ ਬੀਰ ਆਸਣ ਬੈਠ ਜਾਣੇ ਤੇ ਪਤਾਸੇ ਬਾਟੇ ਵਿਚ ਪਾਉਣ ਤੇ ਗਰੂ ਗ੍ਰੰਥ ਸਾਹਿਬ (ਗ੍ਰੰਥੀ ਸਿੰਘ ਰਾਹੀਂ) ਤੋਂ ਆਗਿਆ ਮੰਕ ਕੇ ਅੰਮ੍ਰਿਤ ਦੀਆਂ ਬਾਣੀਆਂ ਜਪੁ, ਜਾਪ, ਦਸ ਸਵੱਯੇ (ਸ੍ਰਾਵਗ ਸੁੱਧ ਵਾਲੇ), ਬੇਨਤੀ ਚੌਪਈ (ਹਮਰੀ ਕਰੋ ਹਾਥ ਦੇ ਰੱਛਾ ’ਤੋਂ ‘ਦੁਸ਼ਟ ਦੋਖ ਤੇ ਲੋਹੁ ਬਚਾਈ’ ਤਕ) ਅਤੇ ਅਨੰਦੁ ਸਾਹਿਬ (ਆਮ ਕਰਕੇ ਪਹਿਲੀਆਂ ਪੰਜ ਪਉੜੀਆਂ ਤੇ ਅੰਤਿਮ ਪਉੜੀ) ਦਾ ਵਾਰੋ ਵਾਰੀ ਪਾਠ ਕਰਨ। ਪਾਠ ਕਰਨ ਵਾਲਾ ਸਿੰਘ ਖੱਬਾ ਹੱਥ ਬਾਟੇ ਤੇ ਰੱਖੇ ਤੇ ਸੱਜੇ ਹੱਥ ਨਾਲ ਖੰਡਾ ਜਲ ਵਿਚ ਫੇਰੀ ਜਾਵੇ ਤੇ ਬਾਕੀ ਦੇ ਚਾਰੇ ਸਿੰਘਾਂ ਦੇ ਦੋਵੇਂ ਹੱਥ ਬਾਟੇ ਉਪਰ ਤੇ ਨਿਗਾਹ ਜਲ ਵਿਚ ਹੋਵੇ ਤੇ ਇਕਾਗਰ ਚਿਤ ਬਾਣੀ ਦਾ ਪਾਠ ਸੁਣਨ। ਹਰੇਕ ਬਾਣੀ ਦੇ ਪਾਠ ਦੀ ਸਮਾਪਤੀ ਤੇ ਸਾਰੇ ਸਿੰਘ ਨਾਲ ਬੋਲਣ ਤੇ ਪਾਠ ਦੀ ਸਮਾਪਤੀ ਉਪਰੰਤ ਪੰਜਾਂ ਪਿਆਰਿਆਂ ਵਿਚੋਂ ਇਕ ਸਿੰਘ ਅਰਦਾਸ ਕਰੇ।
ਪੰਜ ਪਿਆਰਿਆਂ ਵਿਚੋਂ ਇਕ ਸਿੰਘ ਅੰਮ੍ਰਿਤ ਅਭਿਲਾਖੀ ਸੱਜਣਾਂ ਨੂੰ ਵਾਰੋ ਵਾਰੀ ਬੀਰ ਆਸਣ ਬੈਠਾ ਕੇ ਖੱਬੇ ਹੱਥ ਉਪਰ ਸੱਜਾ ਹੱਥ ਰਖਾ ਕੇ ਪੰਜ ਚੁਲੇ ਛਕਾਵੇ ਅਤੇ ਅਮ੍ਰਿਤ ਛਕਾਉਣ ਵਾਲਾ ਸਿੰਘ ਨੂੰ ਆਖੇ “ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੀਹ।” ਇਸੇ ਤਰਾਂ ਪੰਜ ਛੱਟੇ ਨੇਤਰਾਂ ਵਿਚ ਮਾਰੇ ਜਾਣ ਤੇ ਪੰਜ ਛੁੱਟੇ ਕੇਸਾਂ ਵਿਚ ਪਾਏ ਜਾਣ ਤੇ ਅੰਮ੍ਰਿਤ ਛਕਣ ਵਾਲਾ ਸੱਜਣ ਛਕਾਉਣ ਵਾਲੇ ਦੇ ਪਿੱਛੇ ਫਤੀਹ ਗਜਾਈ ਜਾਵੇ। ਅੰਤ ਵਿਚ ਬਾਟੇ ਵਿਚ ਬਚਦਾ ਅੰਮ੍ਰਿਤ ਸਾਰੇ ਅੰਮ੍ਰਿਤ ਛਕਣ ਵਾਲੇ ਸਿੰਘਾਂ (ਸਿੰਘ ਤੇ ਸਿੰਘਣੀਆਂ ਦੋਹਾਂ) ਨੂੰ ਬਾਟੇ ਨੂੰ ਮੂੰਹ ਲਾ ਕੇ ਇਕ ਇਕ ਘੁੱਟ ਛਕਾਵੇ। ਇਸ ਤੋਂ ਉਪਰੰਤ ਪੰਜ ਪਿਆਰੇ ਇਕ ਆਵਾਜ਼ ਵਿਚ ਅੰਮ੍ਰਿਤ ਛਕਣ ਵਾਲਿਆਂ ਨੂੰ ਵਾਹਿਗੁਰੂ (ਗੁਰ ਮੰਤਰ) ਦਾ ਨਾਮ ਦਸ ਕੇ ਮੂਲ ਮੰਤਰ ਸੁਣਾਉਣ ਤੇ ਪੰਜ ਵਾਰ ਇਸ ਦਾ ਰਟਨ ਕਰਵਾਉਣ––ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਅੰਮ੍ਰਿਤ ਕੇਵਲ ਉਹ ਹੀ ਵਿਅਕਤੀ ਛਕ ਸਕਦਾ ਹੈ ਜੋ ਇਸ ਸਾਰੇ ਸੰਸਕਾਰ ਵਿਚ ਹਾਜ਼ਰ ਰਿਹਾ ਹੋਵੇ।
ਇਸ ਤੋਂ ਉਪਰੰਤ ਪੰਜ ਪਿਆਰਿਆਂ ਵਿਚੋਂ ਇਕ ਸਿੰਘ ਰਹਿਤ ਦਸੇ ਕਿ ਅੱਜ ਤੋਂ ਤੁਸੀਂ ਖਾਲਸਾ ਪੰਥ ਵਿਚ ਸ਼ਾਮਲ ਹੋਏ ਹੋ ਤੇ ਤੁਹਾਡਾ ਗੁਰੂ ਘਰ ਵਿਚ ਜਨਮ ਹੋਣ ਨਾਲ ਆਵਾਗਵਨ ਮਿਟ ਗਿਆ ਹੈ। ਅੱਜ ਤੋਂ ਤੁਹਾਡੇ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ ਸਾਹਿਬ ਕੌਰ ਜੀ, ਜਨਮ ਕੇਸਗੜ੍ਹ ਸਾਹਿਬ ਅਤੇ ਵਾਸੀ ਅਨੰਦਪੁਰ ਸਾਹਿਬ ਦੀ ਹੈ। ਇਕ ਪਿਤਾ ਦੇ ਪੁੱਤਰ ਹੋਣ ਸਕਦਾ ਸਾਰੇ ਅੰਮ੍ਰਿਤ ਧਾਰੀ ਧਾਰਮਿਕ ਭਾਈ ਹੋ। ਪਿਛਲੇ ਜਨਮ, ਜਾਤ ਪਾਤ ਅਤੇ ਦੇਸ਼ ਮਜ਼੍ਹਬ ਦਾ ਖ਼ਿਆਲ ਛੱਡ ਕੇ ਨਿਰੋਲ ਖਾਲਸਾ ਬਣ ਗਏ ਹੋ। ਇਕ ਅਕਾਲ ਪੁਰਖ ਤੋਂ ਬਿਨਾ ਕਿਸੇ ਦੇਵੀ ਦੇਵਤੇ, ਅਵਤਾਰ, ਜਾਂ ਪੈਗੰਬਰ ਦੀ ਉਪਾਸਨਾ ਨਹੀਂ ਕਰਨੀ, ਮੜ੍ਹੀ ਮਸਾਣੀ ਆਦਿ ਕੁਝ ਨਹੀਂ ਪੂਜਣਾ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਅੱਗੇ ਵੀ ਸਿਰ ਨਹੀਂ ਝੁਕਾਣਾ। ਪੜ੍ਹੇ ਹੋਣ ਦੀ ਸੂਰਤ ਵਿਚ ਨਿਤ ਨੇਮ ਦੀਆਂ ਪੰਜ ਬਾਣੀਆਂ (ਜਪੁ, ਜਾਪੁ, ਸਵੈਯੇ, ਰਹਿਰਾਸ, ਅਤੇ ਸੋਹਿਲਾ) ਦਾ ਪਾਠ ਜ਼ਰੂਰੀ ਹੈ। ਅਨਪੜ੍ਹ ਹੋਣ ਦੀ ਸੂਰਤ ਵਿਚ ਯਤਨ ਕਰ ਕੇ ਗੁਰਮੁਖੀ ਸਿਖੋ ਜਾਂ ਪਾਠ ਸੁਣੋ।
ਪੰਜ ਰਹਿਤਾਂ ਜਾਂ ਪੰਜ ਕਕਾਰ : ਕੇਸ, ਕਿਰਪਾਨ (ਲੰਬਾਈ ਦੀ ਹੱਦ ਕੋਈ ਨਿਸਚਿਤ ਨਹੀਂ ਪਰ ਨੌਂ ਇੰਚਾਂ ਤੋਂ ਘੱਟ ਨਾ ਹੋਵੇ), ਕਛਹਿਰਾ (ਕਿਸੇ ਵੀ ਕਪੜੇ ਦਾ ਹੋ ਸਕਦਾ ਹੈ ਪਰ ਗੋਡਿਆਂ ਤੋਂ ਨੀਵਾਂ ਨਾ ਹੋਵੇ), ਕੰਘ (ਲੱਕੜ ਦਾ ਹੋਵੇ) ਅਤੇ ਕੜਾ (ਸਰਬਲੌਹ ਦਾ ਹੋਵੇ), ਇਨ੍ਹਾਂ ਪੰਜਾਂ ਨੂੰ ਹਰ ਸਮੇਂ ਅੰਗ ਸੰਗ ਰੱਖਣਾ ਜ਼ਰੂਰੀ ਹੈ।
ਚਾਰ ਵੱਜਰ ਕੁਰਹਿਤਾਂ : (ੳ) ਕੇਸਾਂ ਦੀ ਬੇਅਦਬੀ, (ਅ) ਜੁੱਠਾ ਖਾਣ (ਮੁਸਲਮਾਨੀ ਢੰਗ ਨਾਲ ਬਣਿਆ ਮਾਸ), (ੲ) ਪਰ–ਪੁਰਸ਼ ਜਾਂ ਪਰ–ਇਸਤਰੀ ਦਾ ਭੋਗਣ (ਪੁਰਾਣੇ ਰਹਿਤ–ਨਾਮਿਆਂ ਵਿਚ ਸ਼ਬਦ ‘ਤੁਰਕਣੀ ਨਾਲ ਯੁੱਧ ਨਹੀਂ ਕਰਨਾ’ ਲਿਖਿਆ ਮਿਲਦਾ ਹੈ), (ਸ) ਤਮਾਕੂ ਦੀ ਵਰਤੋਂ ਨਹੀਂ ਕਰਨੀ। ਇਨ੍ਹਾਂ ਵਿਚੋਂ ਕਿਸੇ ਵੀ ਕੁਰਹਿਤ ਦੇ ਹੋ ਜਾਣ ਤੇ ਦੁਬਾਰਾ ਅੰਮ੍ਰਿਤ ਛਕਣਾ ਪਵੇਗਾ। ਇਨ੍ਹਾਂ ਸੱਤਾ ਨਾਲ ਨਹੀਂ ਵਰਤਣਾ (ਭਾਵ ਰੋਟੀ ਬੇਟੀ ਦੀ ਸਾਂਝ ਨਹੀਂ ਪਾਉਣੀ) ਸਿਰਗੁੰਮ (ਜੋ ਕੇਸਾਧਾਰੀ ਹੋ ਕੇ ਕੇਸ ਕਟਾ ਦੇਵੇ), ਨੜੀਮਾਰ, ਕੁੜੀ ਮਾਰ, ਮੀਣੇ, ਮਸੰਦ, ਧੀਰਮਲੀਏ ਅਤੇ ਰਾਮਰਾਈਏ। ਜੋ ਇਨ੍ਹਾਂ ਨਾਲ ਵਰਤੇਗਾ, ਉਹ ਤਨਖਾਹੀਆ ਹੋ ਜਾਏਗਾ। ਇਨ੍ਹਾਂ ਤੋਂ ਬਿਨਾ ਬੇ–ਅੰਮ੍ਰਿਤੀਏ ਜਾ ਪਤਿਤ ਦਾ ਜੂਠਾ ਖਾਣ ਵਾਲਾ, ਦਾੜ੍ਹੀ ਰੰਗਣ ਵਾਲਾ, ਪੈਸੇ ਲੈ ਕੇ ਪੱਤਰ ਜਾਂ ਧੀ ਦਾ ਰਿਸ਼ਤਾ ਕਰਨ ਅਤੇ ਕੋਈ ਨਸ਼ਾ (ਭੰਗ, ਪੋਸਤ, ਸ਼ਰਾਬ, ਅਫ਼ੀਮ ਤੇ ਕੁਕੀਨ) ਕਰਨ ਵਾਲੇ ਨਾਲ ਵਰਤਣ ਵਾਲਾ ਵੀ ਤਨਖਾਹੀਆ ਹੋ ਜਾਏਗਾ। ਸਿੱਖਿਆ ਸੁਣਾਉਣ ਉਪਰੰਤ ਪੰਜ ਪਿਆਰਿਆਂ ਵਿਚੋਂ ਕੋਈ ਸਿੰਘ ਅਰਦਾਸ ਕਰੇ ਤੇ ਤਾਬਿਆ ਬੈਠਾ ਸਿੰਘ ਹੁਕਮ ਲਵੇ। ਅੰਮ੍ਰਿਤ ਛਕਣ ਵਾਲਿਆਂ ਵਿਚੋਂ ਜਿਸ ਦਾ ਨਾਂ ਪਹਿਲਾਂ ਹੁਕਮ ਲੈ ਕੇ ਨਾ ਰੱਖਿਆ ਗਿਆ ਹੋਵੇ ਉਸ ਦਾ ਹੁਕਮ ਅਨੁਸਾਰ ਬਦਲਾ ਕੇ ਰੱਖਿਆ ਜਾਵੇ।
ਅੰਤ ਕੜਾਹ ਪ੍ਰਸ਼ਾਦ ਵਰਤੇ। ਅੰਮ੍ਰਿਤ ਪਾਨ ਕਰਨ ਵਾਲੇ ਸਾਰੇ ਸਿੰਘ ਸਿੰਘਣੀਆਂ ਇਕੋ ਬਾਟੇ ਵਿਚ ਪ੍ਰਸ਼ਾਦ ਛਕਣ।
[ਸਹਾ. ਗ੍ਰੰਥ–ਮ. ਕੋ.;ਗੁ. ਮਾ.; ‘ਸਿੱਖ ਰਹਿਤ ਮਰਯਾਦਾ’; ‘ਸਿੱਖ ਰਹਿਤਨਾਮੇ’]
ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no
ਅੰਮ੍ਰਿਤ ਸੰਸਕਾਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅੰਮ੍ਰਿਤ ਸੰਸਕਾਰ : ਸਿੱਖ ਧਰਮ ਦਾ ਇਹ ਅਹਿਮ ਸੰਸਕਾਰ ਹੈ ਅਤੇ ਇਸ ਦੇ ਸੰਚਾਰ ਦੀ ਵਿਧੀ ਇਸ ਪ੍ਰਕਾਰ ਹੈ :-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਪੰਜ ਖੜਗਧਾਰੀ ਸਿੰਘ, ਸਰਬਲੋਹ ਦੇ ਬਰਤਨ ਵਿਚ ਜਲ ਅਤੇ ਪਤਾਸੇ ਘੋਲ ਕੇ, ਵਿਚ ਖੰਡਾ ਫੇਰਦੇ ਹਨ ਅਤੇ ਨਾਲ ਹੀ ਜਪੁ, ਜਾਪੁ, ਸਵੈਯੇ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਕਰਦੇ ਹਨ। ਪਿੱਛੋਂ ਅਰਦਾਸ ਕਰ ਕੇ ਅੰਮ੍ਰਿਤ ਛਕਾਇਆ ਜਾਂਦਾ ਹੈ। ਅੰਮ੍ਰਿਤ ਛਕਣ ਵਾਲਾ ਕੇਸੀ ਇਸ਼ਨਾਨ ਕਰਕੇ ਨਿਰਮਲ ਵਸਤਰ ਪਹਿਨ ਕੇ ਵਾਹਿਗੁਰੂ ਦਾ ਜਾਪ ਕਰਦਾ ਹੈ। ਇਸ ਨੂੰ ਪੰਜ ਚੁਲੇ ਅੰਮ੍ਰਿਤ ਦਿੱਤਾ ਜਾਂਦਾ ਹੈ, ਨੇਤ੍ਰਾਂ ਅਤੇ ਕੇਸਾਂ ਵਿਚ ਵੀ ਛਿੜਕਿਆ ਜਾਂਦਾ ਹੈ ਅਤੇ ਬਚਿਆ ਹੋਇਆ ਅੰਮ੍ਰਿਤ ਸਿੰਘਾਂ ਨੂੰ ਹੀ ਛਕਾ ਦਿੱਤਾ ਜਾਂਦਾ ਹੈ। ਹਰੇਕ ਚੁਲੇ ਨਾਲ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ, ਬੋਲਿਆ ਜਾਂਦਾ ਹੈ। ਜੇਕਰ ਪਹਿਲਾਂ, ਗੁਰੂ ਗ੍ਰੰਥ ਸਾਹਿਬ ਵਿਚੋਂ ਨਾਉਂ ਨਾ ਰਖਿਆ ਹੋਵੇ ਤਾਂ ਵਾਕ ਲੈ ਕੇ ਨਵਾਂ ਨਾਉਂ ਰਖਿਆ ਜਾਂਦਾ ਹੈ।
ਇਸ ਪਿੱਛੋਂ ਰਹਿਤ ਦਾ ਉਪਦੇਸ਼ ਦਿੱਤਾ ਜਾਂਦਾ ਹੈ ਅਤੇ ਗੁਰੂਮੰਤ੍ਰ ਦਾ ਜਾਪ ਕਰਾ ਕੇ ਅਰਦਾਸ ਕੀਤੀ ਜਾਂਦੀ ਹੈ। ਇਸ ਉਪਰੰਤ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਅਤੇ ਅੰਮ੍ਰਿਤ ਵਾਲੇ ਬਾਟੇ ਵਿਚ ਨਵੇਂ ਅੰਮ੍ਰਿਤਧਾਰੀ ਸਿੰਘਾਂ ਨੂੰ ਪ੍ਰਸ਼ਾਦ ਛਕਾਇਆ ਜਾਂਦਾ ਹੈ। ਇਨ੍ਹਾਂ ਨੂੰ ਇਕ ਪਿਤਾ ਦੇ ਪੁੱਤਰ ਬਣ ਕੇ ਰਹਿਣ ਅਤੇ ਜਾਤਿ ਪਾਤਿ ਨਾ ਮੰਨਣ ਦਾ ਉਪਦੇਸ਼ ਵੀ ਦਿੱਤਾ ਜਾਂਦਾ ਹੈ। ਇਸਤਰੀਆਂ ਲਈ ਵੀ ਅੰਮ੍ਰਿਤ ਛਕਾਉਣ ਦੀ ਇਹੋ ਵਿਧੀ ਹੈ। ਕੁਝ ਲੋਕ ਇਸਤਰੀਆਂ ਲਈ ਅੰਮ੍ਰਿਤ ਸੰਚਾਰ ਦੀ ਵੱਖਰੀ ਵਿਧੀ ਦਸਦੇ ਹਨ ਪਰ ਇਹ ਮਨਮਤ ਹੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬਖ਼,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-01-12-24, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ.
ਵਿਚਾਰ / ਸੁਝਾਅ
Please Login First