ਇਸਤਰੀ ਧਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Stridhan_ਇਸਤਰੀ ਧਨ: ਵਿਗਿਆਨੇਸ਼ਵਰ ਨੇ ਇਸਤਰੀ ਧਨ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਹੈ ਕਿ ਇਸਤਰੀ ਧਨ ਦਾ ਮਤਲਬ ਹੈ ‘‘ਉਹ ਸੰਪਤੀ ਜੋ ਇਸਤਰੀ ਨੂੰ ਪਿਤਾ , ਮਾਤਾ , ਪਤੀ ਜਾਂ ਭਰਾ ਦੁਆਰਾ ਦਿੱਤੀ ਗਈ ਸੀ ਅਤੇ ਉਹ ਸੰਪਤੀ ਜੋ ਵਿਆਹ ਦੇ ਮੌਕੇ ਅਗਨੀ ਦੇ ਸਾਹਮਣੇ ਮਾਪਿਆਂ ਅਤੇ ਹੋਰਨਾਂ ਦੁਆਰਾ ਉਪਹਾਰ ਵਜੋਂ ਦਿੱਤੀ ਗਈ ਸੀ ਅਤੇ ਪਤੀ ਦੇ ਦੂਜੇ ਵਿਆਹ ਉਤੇ ਉਪਹਾਰ ਦਾ ਅਧਿਵੇਦਨਕਾ ਆਦਿ। ਅਤੇ ‘ਆਦਿ’ ਸ਼ਬਦ ਦੁਆਰਾ ਸੂਚਿਤ ਸੰਪਤੀ ਉਹ ਹੈ ਜੋ (1) ਵਿਰਾਸਤ , (2) ਖ਼ਰੀਦ (3) ਬਟਵਾਰੇ (4) ਦੇਰੀਨਾ ਕਬਜ਼ੇ (5) ਲਭਤ ਦੁਆਰ ਇਸਤੀ ਨੂੰ ਹਾਸਲ ਹੋਵੇ। ਮਨੂੰ ਅਤੇ ਹੋਰ ਲੇਖਕਾਂ ਅਨੁਸਾਰ ਇਹ ਸਾਰਾ ਇਸਤਰੀ ਧਨ ਹੈ।

       ਮਨੂੰ ਅਨੁਸਾਰ ਹੇਠ ਲਿਖੀਆਂ ਖ਼ਾਸੀਅਤਾਂ ਵਾਲੀ ਸੰਪਤੀ ਨੂੰ ਇਸਤਰੀ ਧਨ ਮੰਨਿਆਂ ਗਿਆ ਹੈ:-

(1)    ਇਸਤਰੀ ਦੁਆਰਾ ਕੀਤੀ ਗਈ ਬਚਤ ਅਤੇ ਇਸਤਰੀ ਧਨ ਨਾਲ ਖ਼ਰੀਦੀ ਗਈ ਹਰੇਕ ਚੀਜ਼;

(2)   ਇਸਤਰੀ ਨੂੰ ਉਸ ਦੇ ਗੁਜ਼ਾਰੇ ਲਈ ਦਿੱਤਾ ਗਿਆ ਧਨ ਅਤੇ ਉਸ ਧਨ  ਨਾਲ ਖ਼ਰੀਦੀ ਗਈ ਸੰਪਤੀ;

(3)   ਪਤੀ ਦੀ ਮਿਲਖ ਤੋਂ ਹੋਈ ਆਮਦਨ , ਉਸ ਨਾਲ ਖਰੀਦੀ ਗਈ ਸੰਪਤੀ;

(4)   ਵਿਆਹ ਉਤੇ, ਉਸ ਤੋਂ ਪਿਛੋਂ ਅਤੇ ਵਿਧਵਾਪਨ ਦੇ ਦੌਰਾਨ ਉਸ ਨੂੰ ਮਿਲੇ ਉਪਹਾਰ;

(5)   ਪਤਨੀ ਦੀ ਆਪਣੀ ਕਮਾਈ ਅਤੇ ਉਸ ਨਾਲ ਬਣਾਈ ਸੰਪਤੀ;

(6)   ਕਿਸੇ ਸਮਝੌਤੇ, ਦਾਅਵੇ ਦੇ ਨਿਪਟਾਰੇ ਦੁਆਰਾ ਪ੍ਰਾਪਤ ਸੰਪਤੀ; ਅਤੇ

(7)   ਅਸਲੀ ਮਾਲਕ ਦੇ ਵਿਰੁੱਧ ਉਸ ਦੀ ਸੰਪਤੀ ਉਤੇ ਮੁਖਾਲਫ਼ਾਨਾ ਕਬਜ਼ੇ ਦੁਆਰਾ ਹਾਸਲ ਕੀਤੀ ਸੰਪਤੀ, ਇਸਤਰੀ ਦੀ ਮਿਲਖ ਵੀ ਹੋ ਸਕਦੀ ਹੈ ਅਤੇ ਇਸਤਰੀ ਧਨ ਵੀ ਹੋ ਸਕਦਾ ਹੈ।

       ਪੁਰਾਣੇ ਹਿੰਦੂ ਕਾਨੂੰਨ ਅਨੁਸਾਰ ਇਸਤਰੀ ਧਨ ਉਤੇ ਔਰਤ ਨੂੰ ਕੁਲੀ ਇਖ਼ਤਿਆਰ ਹਾਸਲ ਹੁੰਦੇ ਹਨ ਅਰਥਾਤ ਉਹ ਜਿਵੇਂ ਚਾਹੇ ਇਸਤਰੀ ਧਨ ਨੂੰ ਵੇਚ ਵਟਾ ਸਕਦੀ ਹੈ, ਉਸ ਨੂੰ ਰਹਿਨ ਰਖ ਸਕਦੀ ਹੈ, ਵੇਚ ਸਕਦੀ ਹੈ ਅਤੇ ਉਪਹਾਰ ਵਜੋਂ ਦੇ ਸਕਦੀ ਹੈ ਉਸ ਦੀ ਮਿਰਤੂ ਉਤੇ ਉਸ ਦਾ ਇਸਤਰੀ ਧਨ ਉਸ ਦੇ ਵਾਰਸਾਂ ਨੂੰ ਮਿਲਦਾ ਸੀ। ਹੁਣ ਇਸਤਰੀ ਦੀ ਸੰਪਤੀ ਦਾ ਉਤਰਨਾ  ਹਿੰਦੂ ਉੱਤਰ ਅਧਿਕਾਰ ਐਕਟ, 1956 ਦੀਆਂ ਧਾਰਾਵਾਂ 15 ਅਤੇ 16 ਦੁਆਰਾ ਸ਼ਾਸਤ ਹੁੰਦਾ ਹੈ।

       ਪੁਰਾਣੇ ਹਿੰਦੂ ਕਾਨੂੰਨ ਅਨੁਸਾਰ ਇਸਤਰੀ ਧਨ ਦਾ ਉੱਤਰ-ਅਧਿਕਾਰ ਇਸਤਰੀ ਦੇ ਵਿਆਹਤ ਜਾਂ ਅਣਵਿਅਹਾਤ ਹੋਣ ਤੇ ਅਤੇ ਵਿਆਹ ਦੇ ਪਰਵਾਨਤ ਜਾਂ ਅਪਰਵਾਨਤ ਰੂਪ ਹੋਣ ਤੇ ਨਿਰਭਰ ਕਰਦਾ ਸੀ। ਉੱਤਰ ਅਧਿਕਾਰ ਇਸਤਰੀ ਧਨ ਦੇ ਸੋਮੇ ਤੇ ਵੀ ਨਿਰਭਰ ਕਰਦਾ ਸੀ ਵਖ ਵਖ ਸਕੂਲਾਂ ਅਨੁਸਾਰ ਉੱਤਰ-ਅਧਿਕਾਰ ਦੇ ਨਿਯਮ ਵਖ ਵਖ ਸਨ। ਲੇਕਿਨ ਕੁਆਰੀ ਇਸਤਰੀ ਦੇ ਧਨ ਦੀ ਉੱਤਰ-ਅਧਿਕਾਰਤਾਂ ਨਿਮਨ-ਕ੍ਰਮ ਅਨੁਸਾਰ ਸੀ:- ਸਹੋਦਰ ਭਰਾ; ਮਾਤਾ; ਪਿਤਾ; ਸਗੋਤਰਤਾ ਦੇ ਕ੍ਰਮ ਵਿਚ ਪਿਤਾ ਦੇ ਵਾਰਸ , ਸਗੋਤਰਤਾ ਦੇ ਕ੍ਰਮ ਵਿਚ ਮਾਤਾ ਦੇ ਵਾਰਸ।

       ਪ੍ਰਤਿਭਾ ਰਾਣੀ ਬਨਾਮ ਸੂਰਜ ਕੁਮਾਰ (ਏ ਆਈ ਆਰ 1985 ਐਸ ਸੀ 628) ਅਨੁਸਾਰ ਇਕ ਵਿਆਹਤਾ ਹਿੰਦੂ ਇਸਤਰੀ ਆਪਣੇ ਇਸਤਰੀ ਧਨ ਸੰਪੱਤੀ ਦੀ ਕਤਈ ਮਾਲਕ ਹੈ ਅਤੇ ਉਸ ਦਾ ਨਿਪਟਾਰਾ ਜਿਵੇਂ ਚਾਹੇ ਕਰ ਸਕਦੀ ਹੈ। ਉਹ ਆਪਣੀ ਪਤੀ ਤੋਂ ਪੁੱਛੇ ਬਿਨਾਂ ਆਪਣਾ ਸਾਰਾ ਇਸਤਰੀ ਧਨ ਖ਼ਰਚ ਕਰ ਸਕਦੀ ਹੈ, ਆਪਣੀ ਖੁਸ਼ੀ ਅਨੁਸਾਰ ਉਪਹਾਰ ਵਿਚ ਦੇ ਸਕਦੀ ਹੈ ਅਤੇ ਉਸ ਬਾਬਤ ਵਸੀਅਤ ਕਰ ਸਕਦੀ ਹੈ। ਸਾਧਾਰਨ ਤੌਰ ਤੇ ਪਤੀ ਦਾ ਉਸ ਤੇ ਕੋਈ ਅਧਿਕਾਰ ਨਹੀਂ ਹੁੰਦਾ ਨ ਹੀ ਉਸ ਵਿਚ ਉਸ ਦਾ ਕੋਈ ਹਿੱਤ ਹੁੰਦਾ ਹੈ, ਅਤੇ ਇਸ ਦਾ ਇਕੋ ਇਕ ਅਪਵਾਦ ਇਹ ਹੈ ਕਿ ਅਤਿਅੰਤ ਮੁਸ਼ਕਲ ਵਿਚ ਫਸਿਆ ਪਤੀ, ਜਿਵੇਂ ਕਿ ਕਾਲ ਪਏ ਹੋਣ ਦੇ ਦੌਰਾਨ, ਬੀਮਾਰੀ ਕਾਰਨ ਪਤੀ ਉਸ ਦੀ ਵਰਤੋਂ ਕਰ ਸਕਦਾ ਹੈ। ਪਰ ਸਦਾਚਾਰਕ ਤੌਰ ਤੇ ਉਹ ਅਜਿਹੀ ਸੰਪਤੀ ਅਥਵਾ ਧਨ ਜਦੋਂ ਵੀ  ਵਾਪਸ ਕਰ ਸਕੇ ਵਾਪਸ ਕਰਨ ਲਈ ਪਾਬੰਦ ਹੁੰਦਾ ਹੈ। ਪਤੀ ਦਾ ਇਹ ਅਧਿਕਾਰ ਨਿਰੋਲ ਰੂਪ ਵਿਚ ਨਿਜੀ ਹੈ ਅਤੇ ਵਿਆਹ ਵਿਚ ਪ੍ਰਾਪਤ ਹੋਈ ਸੰਪਤੀ ਦੇ ਵਿਰੁਧ ਕਰਜ਼ੇ ਲਈ ਡਿਗਰੀ ਦੇ ਇਜਰਾ ਵਿਚ ਵੀ ਕਾਰਵਾਈ ਨਹੀਂ ਕੀਤੀ  ਜਾ ਸਕਦੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.