ਕਪੂਰਥਲਾ ਰਿਆਸਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕਪੂਰਥਲਾ ਰਿਆਸਤ: ਪੰਜਾਬ ਦੀ ਇਕ ਸਿੱਖ ਰਿਆਸਤ ਜਿਸ ਦੀ ਰਾਜਧਾਨੀ ਕਪੂਰਥਲਾ ਨਗਰ ਸੀ ਅਤੇ ਰਾਜਧਾਨੀ ਦੇ ਨਾਂ’ਤੇ ਹੀ ਰਿਆਸਤ ਦਾ ਨਾਂ ਪ੍ਰਚਲਿਤ ਹੋਇਆ। ਇਸ ਰਿਆਸਤ ਉਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੀ ਹਕੂਮਤ ਕਾਇਮ ਕੀਤੀ ਅਤੇ ਉਸ ਤੋਂ ਬਾਦ ਉਸੇ ਦੇ ਖ਼ਾਨਦਾਨ ਦਾ ਰਾਜ ਚਲਿਆ ਆਇਆ। ਇਸ ਰਿਆਸਤ ਦਾ ਕੁਲ ਰਕਬਾ ਲਗਭਗ 650 ਮੁਰਬਾ ਮੀਲ ਸੀ। ਸੰਨ 1921 ਈ. ਦੀ ਮਰਦਮ ਸ਼ੁਮਾਰੀ ਵੇਲੇ ਇਸ ਦੀ ਆਬਾਦੀ 284070 ਸੀ, ਪਰ ਸੰਨ 1931 ਈ. ਵਿਚ ਵਧ ਕੇ 316757 ਹੋ ਗਈ। ਇਸ ਦੀਆ ਕੁਲ ਪੰਜ ਤਹਿਸੀਲਾਂ ਸਨ, ਜਿਵੇਂ ਕਪੂਰਥਲਾ, ਢਿਲਵਾਂ , ਭੁਲਥ, ਫਗਵਾੜਾ ਅਤੇ ਸੁਲਤਾਨਪੁਰ ਲੋਧੀ। ਇਸ ਵਿਚ ਅਧਿਕ ਵਸੋਂ ਮੁਸਲਮਾਨਾਂ ਦੀ ਸੀ, ਜੋ ਦੇਸ਼ ਵੰਡ ਵੇਲੇ ਪਾਕਿਸਤਾਨ ਨੂੰ ਚਲੇ ਗਏ।
ਸ. ਜੱਸਾ ਸਿੰਘ ਆਹਲੂਵਾਲੀਆ ਦੀ ਸੰਨ 1783 ਈ. ਵਿਚ ਮ੍ਰਿਤੂ ਹੋ ਗਈ। ਉਸ ਦੀ ਕੋਈ ਔਲਾਦ ਨ ਹੋਣ ਕਾਰਣ ਰਿਆਸਤ ਦੀ ਵਾਗਡੋਰ ਸ. ਭਾਗ ਸਿੰਘ ਨੇ ਸੰਭਾਲੀ ਜੋ ਉਦੋਂ 38 ਵਰ੍ਹਿਆਂ ਦਾ ਸੀ। ਭਾਗ ਸਿੰਘ ਦਾ ਦੇਹਾਂਤ 1801 ਈ. ਵਿਚ ਕਪੂਰਥਲਾ ਨਗਰ ਵਿਚ ਹੋਇਆ। ਉਸ ਤੋਂ ਬਾਦ ਉਸ ਦਾ ਲੜਕਾ ਰਾਜਾ ਫਤੇ ਸਿੰਘ ਗੱਦੀ ਉਤੇ ਬੈਠਾ। ਉਹ ਮਹਾਰਾਜਾ ਰਣਜੀਤ ਸਿੰਘ ਦਾ ਪਗ-ਵਟ ਮਿੱਤਰ ਸੀ। ਉਸ ਨੇ ਸੰਨ 1826 ਈ. ਵਿਚ ਅੰਗ੍ਰੇਜ਼ ਸਰਕਾਰ ਦੀ ਸਰਪ੍ਰਸਤੀ ਹਾਸਲ ਕੀਤੀ। ਸੰਨ 1836 ਈ. ਵਿਚ ਉਸ ਦੀ ਮ੍ਰਿਤੂ ਤੋਂ ਬਾਦ ਉਸ ਦਾ ਲੜਕਾ ਨਿਹਾਲ ਸਿੰਘ ਰਾਜਾ ਬਣਿਆ। ਅੰਗ੍ਰੇਜ਼ਾਂ ਨਾਲ ਸਿੱਖਾਂ ਦੀ ਹੋਈ ਪਹਿਲੀ ਲੜਾਈ ਵੇਲੇ ਉਸ ਨੇ ਲਾਹੌਰ ਦਰਬਾਰ ਦਾ ਪੱਖ ਲਿਆ ਜਿਸ ਦੇ ਫਲਸਰੂਪ ਅੰਗ੍ਰੇਜ਼ਾਂ ਨੇ ਸਤਲੁਜ ਦਰਿਆ ਦੇ ਦੱਖਣ ਵਾਲੇ ਪਾਸੇ ਦਾ ਇਲਾਕਾ ਜ਼ਬਤ ਕਰ ਲਿਆ ਅਤੇ ਬਾਕੀ ਬਚਦੇ ਇਲਾਕੇ ਲਈ 131000 ਰੁ. ਦਾ ਸਾਲਾਨਾ ਖ਼ਿਰਾਜ ਲਗਾ ਦਿੱਤਾ। ਸੰਨ 1852 ਈ. ਵਿਚ ਰਾਜਾ ਨਿਹਾਲ ਸਿੰਘ ਦੇ ਦੇਹਾਂਤ ਤੋਂ ਬਾਦ ਉਸ ਦਾ ਲੜਕਾ ਰਣਧੀਰ ਸਿੰਘ 22 ਵਰ੍ਹੇ ਦੀ ਉਮਰ ਵਿਚ ਰਾਜਾ ਬਣਿਆ। ਉਸ ਨੇ ਸੰਨ 1857 ਈ. ਦੇ ਗ਼ਦਰ ਵੇਲੇ ਅੰਗ੍ਰੇਜ਼ਾਂ ਦੀ ਪੂਰੀ ਮਦਦ ਕੀਤੀ, ਜਿਸ ਦੇ ਫਲਸਰੂਪ ਅੰਗ੍ਰੇਜ਼ ਸਰਕਾਰ ਦੀ ਨਜ਼ਰ ਉਸ ਪ੍ਰਤਿ ਸਵਲੀ ਹੋ ਗਈ। ਉਸ ਨੂੰ ਅਵਧ ਦੇ ਇਲਾਕੇ ਵਿਚ ਬਹੁਤ ਜਾਗੀਰ ਦਿੱਤੀ ਗਈ ਅਤੇ ‘ਰਾਜਾ’ ਪਦ ਦਾ ਸਨਮਾਨ ਦਿੱਤਾ ਗਿਆ। ਰਣਧੀਰ ਸਿੰਘ ਦੀ ਮ੍ਰਿਤੂ ਸੰਨ 1870 ਈ. ਵਿਚ ਜਹਾਜ਼ ਵਿਚ ਯਾਤ੍ਰਾ ਕਰਨ ਦੌਰਾਨ ਹੋਈ। ਉਸ ਤੋਂ ਬਾਦ ਉਸ ਦਾ ਲੜਕਾ ਖੜਕ ਸਿੰਘ ਗੱਦੀ ਉਤੇ ਬੈਠਾ। ਦਿਮਾਗੀ ਬੀਮਾਰੀ ਕਾਰਣ ਉਸ ਦੀ 1877 ਈ. ਵਿਚ ਮ੍ਰਿਤੂ ਹੋ ਜਾਣ ਤੋਂ ਬਾਦ ਉਸ ਦਾ ਪੰਜ ਸਾਲਾਂ ਦਾ ਲੜਕਾ ਜਗਤਜੀਤ ਸਿੰਘ ਰਾਜ- ਗੱਦੀ ਉਤੇ ਬੈਠਾ। ਹਕੂਮਤ ਦਾ ਕੰਮ ਕੌਂਸਲ ਦੁਆਰਾ ਚਲਦਾ ਸੀ। ਸੰਨ 1890 ਈ. ਵਿਚ ਬਾਲਗ ਹੋਣ ਤੇ ਜਗਤਜੀਤ ਸਿੰਘ ਨੇ ਪੂਰੇ ਰਾਜ-ਅਧਿਕਾਰ ਪ੍ਰਾਪਤ ਕਰ ਲਏ। ਇਸ ਦੇ ਰਾਜ-ਕਾਲ ਦੌਰਾਨ ਕਪੂਰਥਲਾ ਰਿਆਸਤ ਦਾ ਕਾਫ਼ੀ ਵਿਕਾਸ ਹੋਇਆ। ਇਸ ਨੇ ਅਨੇਕ ਤਰ੍ਹਾਂ ਦੀਆਂ ਇਮਾਰਤਾਂ ਅਤੇ ਧਰਮ-ਧਾਮ ਬਣਵਾਏ। ਕਈ ਭਾਸ਼ਾਵਾਂ ਦੇ ਵਿਦਵਾਨ ਹੋਣ ਨਾਤੇ ਉਹ ਵਿਦਵੱਤਾ ਦੀ ਬਹੁਤ ਕਦਰ ਕਰਦਾ ਸੀ। ਉਸ ਨੇ ਬਾਹਰਲੇ ਮੁਲਕਾਂ ਵਿਚ ਘੁੰਮ ਫਿਰ ਕੇ ਉਥੋਂ ਦੇ ਸਭਿਆਚਾਰਾਂ ਨੂੰ ਜਾਣਨ ਦਾ ਯਤਨ ਕੀਤਾ। ਅੰਗ੍ਰੇਜ਼ ਸਰਕਾਰ ਦੀ ਖ਼ੁਸ਼ਨੂਦੀ ਦੇ ਫਲਸਰੂਪ ਰਿਆਸਤ ਦਾ ਸਾਲਾਨਾ ਖ਼ਿਰਾਜ (131000 ਰੁ.) ਮਾਫ਼ ਕਰ ਦਿੱਤਾ ਗਿਆ।
ਸੰਨ 1948 ਈ. ਵਿਚ ਇਸ ਰਿਆਸਤ ਨੂੰ ਪੈਪਸੂ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਮਹਾਰਾਜਾ ਜਗਤਜੀਤ ਸਿੰਘ ਨੂੰ ਉਪ-ਰਾਜਪ੍ਰਮੁਖ ਬਣਾਇਆ ਗਿਆ। ਸੰਨ 1949 ਈ. ਵਿਚ ਮਹਾਰਾਜਾ ਜਗਤਜੀਤ ਸਿੰਘ ਦੀ ਮ੍ਰਿਤੂ ਤੋਂ ਬਾਦ ਉਸ ਦਾ ਲੜਕਾ ਪਰਮਜੀਤ ਸਿੰਘ ਰਾਜ-ਸੱਤਾ ਦਾ ਅਧਿਕਾਰੀ ਬਣਿਆ। ਸੰਨ 1955 ਈ. ਵਿਚ ਉਸ ਦੀ ਮ੍ਰਿਤੂ ਤੋਂ ਬਾਦ ਉਸ ਦਾ ਲੜਕਾ ਸੁਖਜੀਤ ਸਿੰਘ ਰਾਜ- ਪਰਿਵਾਰ ਦਾ ਮੁਖੀ ਬਣਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਕਪੂਰਥਲਾ ਰਿਆਸਤ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਪੂਰਥਲਾ ਰਿਆਸਤ: ਸਤਲੁਜ ਦੇ ਉੱਤਰ ਵੱਲ 1947 ਤਕ ਕਾਇਮ ਰਹਿਣ ਵਾਲੀ ਇਕੋ ਇਕ ਸਿੱਖ ਰਿਆਸਤ ਹੈ। ਇਸ ਦੀ ਨੀਂਹ ਅਠਾਰਵੀਂ ਸਦੀ ਦੇ ਘਟਨਾਵਾਂ ਭਰਪੂਰ ਦਿਨਾਂ ਸਮੇਂ ਸਿੱਖਾਂ ਦੇ ਪ੍ਰਸਿੱਧ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ (1718-83) ਨੇ ਰੱਖੀ ਸੀ। ਦਲ ਖ਼ਾਲਸਾ ਦੇ ਸੰਗਠਨ ਸਮੇਂ ਜੱਸਾ ਸਿੰਘ , ਨਵਾਬ ਕਪੂਰ ਸਿੰਘ ਦਾ ਸੱਜਾ ਹੱਥ ਸੀ ਅਤੇ ਉਸਨੇ ਪੰਜਾਬ ਦੇ ਮੁਗ਼ਲ ਗਵਰਨਰਾਂ ਜ਼ਕਰੀਆ ਖ਼ਾਨ , ਯਾਹੀਆ ਖ਼ਾਨ ਅਤੇ ਮੀਰ ਮੰਨੂੰ ਵਿਰੁੱਧ ਸਿੱਖਾਂ ਦੇ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਸੀ। ਮਾਰਚ 1758 ਵਿਚ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਸਮੇਂ ਸਿਰਹਿੰਦ (ਸਰਹਿੰਦ) ਦੇ ਵਿਰੁੱਧ ਸਿੱਖਾਂ ਦੀ ਅਗਵਾਈ ਕੀਤੀ ਜਦੋਂ ਸਿੱਖਾਂ ਅਤੇ ਮਰਾਠਿਆਂ ਦੀਆਂ ਫ਼ੌਜਾਂ ਨੇ ਰਲ ਕੇ ਕੀਤੇ ਹਮਲੇ ਉਪਰੰਤ ਸ਼ਹਿਰ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਇਸ ਤੋਂ ਇਕ ਮਹੀਨਾ ਪਿੱਛੋਂ ਵੀ ਜਦੋਂ ਇਹਨਾਂ ਫ਼ੌਜਾਂ ਨੇ ਲਾਹੌਰ ‘ਤੇ ਕਬਜ਼ਾ ਕੀਤਾ ਤਾਂ ਵੀ ਜੱਸਾ ਸਿੰਘ ਸਿੱਖ ਫ਼ੌਜ ਦੀ ਅਗਵਾਈ ਕਰ ਰਿਹਾ ਸੀ। ਅਹਮਦ ਸ਼ਾਹ ਦੁੱਰਾਨੀ ਨੇ 1759 ਦੀਆਂ ਸਰਦੀਆਂ ਵਿਚ ਮੁੜ ਆਪਣਾ ਪ੍ਰਭਾਵ ਸਥਾਪਿਤ ਕਰ ਲਿਆ ਸੀ, 1761 ਵਿਚ ਉਸ ਨੇ ਮਰਾਠਿਆਂ ਨੂੰ ਪਾਣੀਪਤ ਦੀ ਲੜਾਈ ਵਿਚ ਹਰਾ ਦਿੱਤਾ ਸੀ ਅਤੇ ਫ਼ਰਵਰੀ 1762 ਵਿਚ ਸਿੱਖਾਂ ਦਾ ਭਾਰੀ ਨੁਕਸਾਨ ਕੀਤਾ ਸੀ। ਪਰੰਤੂ ਸਿੱਖ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਦੁੱਰਾਨੀ ਵਿਰੁੱਧ ਮੁੜ ਉੱਠ ਖੜ੍ਹੇ ਹੋਏ ਸਨ ਅਤੇ 1764 ਵਿਚ ਉਹਨਾਂ ਨੇ ਸਿਰਹਿੰਦ (ਸਰਹਿੰਦ) ਨੂੰ ਜਿੱਤ ਲਿਆ ਸੀ। 1774 ਵਿਚ, ਜੱਸਾ ਸਿੰਘ ਆਹਲੂਵਾਲੀਆ ਨੇ ਭੱਟੀ ਸਰਦਾਰ ਰਾਇ ਇਬਰਾਹੀਮ ਨੂੰ ਹਰਾਉਣ ਉਪਰੰਤ ਅਜੋਕੇ ਕਪੂਰਥਲਾ ਕਸਬੇ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਆਹਲੂਵਾਲੀਆ ਪਰਵਾਰ ਦੀ ਜਗੀਰ ਦੀ ਰਾਜਧਾਨੀ ਬਣਾ ਲਿਆ। 1783 ਵਿਚ, ਆਪਣੇ ਅਕਾਲ ਚਲਾਣੇ ਤਕ ਜੱਸਾ ਸਿੰਘ ਨੇ ਅਜੋਕੇ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਆਲੇ-ਦੁਆਲੇ ਦੇ ਕਾਫ਼ੀ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਸੀ।
ਜੱਸਾ ਸਿੰਘ 1783 ਵਿਚ ਪੁੱਤਰ-ਵਿਹੀਨ ਹੀ ਚਲਾਣਾ ਕਰ ਗਿਆ ਸੀ। ਇਸ ਲਈ ਵਿਰਾਸਤ ਉਸ ਦੇ ਦੂਸਰੇ ਚਚੇਰੇ ਭਰਾ , ਭਾਗ ਸਿੰਘ (1745- 1801), ਸੁਪੁੱਤਰ ਭਾਈ ਲੱਧਾ ਸਿੰਘ, ਨੂੰ ਮਿਲ ਗਈ। ਇਸ ਨੇ ਰਿਆਸਤ ਉੱਤੇ ਅਠਾਰ੍ਹਾਂ ਸਾਲਾਂ ਤਕ ਰਾਜ ਕੀਤਾ ਅਤੇ 1801 ਵਿਚ ਇਸਦੇ ਅਕਾਲ ਚਲਾਣੇ ਪਿੱਛੋਂ ਇਸ ਦਾ ਪੁੱਤਰ ਫ਼ਤਿਹ ਸਿੰਘ (1784- 1836) ਗੱਦੀ ਤੇ ਬੈਠਾ। ਫ਼ਤਿਹ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੱਕਾ ਦੋਸਤ ਸੀ। ਆਪਣੇ ਪਿਤਾ ਦੇ ਅਕਾਲ ਚਲਾਣੇ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੇ ਰਣਜੀਤ ਸਿੰਘ ਨਾਲ ਬਾਹਰੀ ਹਮਲਿਆਂ ਤੋਂ ਬਚਾਉ ਅਤੇ ਦੁਸ਼ਮਣਾਂ ਉੱਪਰ ਹਮਲਾ ਕਰਨ ਸੰਬੰਧੀ ਸੰਧੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇੰਝ ਇਹ ਛੇਤੀ ਹੀ ਬਰਾਬਰੀ ਦੇ ਅਹੁਦੇ ਤੋਂ ਘੱਟ ਕੇ ਛੋਟੇ ਭਾਈਵਾਲ ਦੀ ਹੈਸੀਅਤ ‘ਤੇ ਆ ਗਿਆ ਸੀ। ਫ਼ਤਿਹ ਸਿੰਘ ਨੇ ਰਣਜੀਤ ਸਿੰਘ ਦੀਆਂ ਕਈ ਮੁਹਿੰਮਾਂ ਅਤੇ ਫ਼ੌਜੀ ਲੜਾਈਆਂ ਵਿਚ ਹਿੱਸਾ ਲਿਆ ਅਤੇ ਆਪਣੇ ਭਾਈਵਾਲ ਤੋਂ ਸਤਲੁਜ ਦੇ ਦੋਵੇਂ ਪਾਸੇ ਖਿਲਰੀਆਂ ਹੋਈਆਂ ਜਗੀਰਾਂ ਹਾਸਲ ਕੀਤੀਆਂ ਸਨ। 1826 ਵਿਚ, ਉਸਨੇ ਆਪਣੀਆਂ ਸਤਲੁਜ ਪਾਰ ਦੀਆਂ ਜਗੀਰਾਂ ਦੀ ਸੁਰੱਖਿਆ ਲਈ ਅੰਗਰੇਜ਼ਾਂ ਤੋਂ ਮਦਦ ਦੀ ਮੰਗ ਕੀਤੀ।1836 ਵਿਚ, ਫ਼ਤਿਹ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਇਸਦਾ ਪੁੱਤਰ ਨਿਹਾਲ ਸਿੰਘ (1817-52) ਇਸਦਾ ਉੱਤਰਾਧਿਕਾਰੀ ਬਣਿਆ। ਇਸ ਸਮੇਂ ਕਪੂਰਥਲਾ ਰਿਆਸਤ ਦੇ ਕਈ ਘਰਾਣੇ ਸਤਲੁਜ ਦਰਿਆ ਦੇ ਦੱਖਣ ਵੱਲ ਸਥਿਤ ਸਨ। ਅੰਗਰੇਜ਼ ਨਿਹਾਲ ਸਿੰਘ ਤੋਂ ਆਸ ਕਰਦੇ ਸਨ ਕਿ 1845-46 ਦੀ ਐਂਗਲੋ-ਸਿੱਖ ਜੰਗ ਸਮੇਂ ਇਹ ਸਿੱਖ ਦਰਬਾਰ ਦੇ ਵਿਰੁੱਧ ਉਹਨਾਂ ਦਾ ਸਰਗਰਮ ਸਹਾਇਕ ਬਣੇ। ਇਹ ਇੰਝ ਕਰ ਸਕਣ ਦੀ ਹਾਲਤ ਵਿਚ ਨਹੀਂ ਸੀ ਕਿਉਂਕਿ ਇਸਦਾ ਬਹੁਤਾ ਇਲਾਕਾ ਸਤਲੁਜ ਦੇ ਉੱਤਰ ਵੱਲ ਲਾਹੌਰ ਵਾਲੇ ਪਾਸੇ ਵੱਲ ਪੈਂਦਾ ਸੀ। ਇਸ ਦਾ ਨਤੀਜਾ ਇਹ ਸੀ ਕਿ ਇਸ ਨੇ ਸਤਲੁਜ ਪਾਰ ਦੇ ਇਲਾਕੇ ਗੁਆ ਲਏ ਅਤੇ ਆਪਣੇ ਹੋਰ ਇਲਾਕੇ ਬਚਾਉਣ ਲਈ ਇਸਨੂੰ 1,38,000 ਰੁਪਏ ਸਲਾਨਾ ਮਾਲੀਆ ਦੇਣਾ ਪਿਆ।
ਨਿਹਾਲ ਸਿੰਘ 1852 ਵਿਚ ਅਕਾਲ ਚਲਾਣਾ ਕਰ ਗਿਆ ਅਤੇ ਇਸ ਦੇ ਪਿੱਛੋਂ ਇਸ ਦਾ ਸਭ ਤੋਂ ਵੱਡਾ ਪੁੱਤਰ ਰਣਧੀਰ ਸਿੰਘ (1831-70) ਗੱਦੀ ਤੇ ਬੈਠਾ। 1857 ਦੇ ਵਿਦਰੋਹ ਸਮੇਂ ਇਸ ਦੁਆਰਾ ਕੀਤੀਆਂ ਅੰਗਰੇਜ਼ਾਂ ਦੀਆਂ ਸੇਵਾਵਾਂ ਬਦਲੇ ਇਸਨੂੰ ਰਾਜਾ-ੲ-ਰਾਜਗਾਨ ਦੀ ਉਪਾਧੀ ਦਿੱਤੀ ਗਈ। ਇਸ ਦੇ ਨਾਲ ਹੀ ਇਸ ਨੂੰ ਮੁਤਬੰਨਾ ਬਨਾਉਣ ਦਾ ਅਧਿਕਾਰ ਅਤੇ ਹੋਰ ਕਈ ਛੋਟਾਂ ਦੇਣ ਦੇ ਨਾਲ- ਨਾਲ ਇਸ ਦੀ ਰਿਆਸਤ ਵਿਚ ਸੰਯੁਕਤ ਪ੍ਰਾਂਤ ਦੇ ਆਗਰਾ ਅਤੇ ਅਵਧ ਦੇ ਕੁਝ ਇਲਾਕੇ ਵੀ ਜੋੜ ਦਿੱਤੇ ਗਏ। 1870 ਵਿਚ, ਇਹ ਜਦੋਂ ਭਾਰਤ ਤੋਂ ਇੰਗਲੈਂਡ ਜਾ ਰਿਹਾ ਸੀ ਤਾਂ ਅਦਨ ਵਿਖੇ ਅਕਾਲ ਚਲਾਣਾ ਕਰ ਗਿਆ। ਇਸ ਦੇ ਲੜਕੇ ਰਾਜਾ ਖੜਕ ਸਿੰਘ (1850-77) ਨੇ ਸੱਤ ਸਾਲਾਂ ਤਕ ਰਾਜ ਕੀਤਾ ਅਤੇ 1877 ਵਿਚ ਇਸ ਦੇ ਅਕਾਲ ਚਲਾਣੇ ਪਿੱਛੋਂ ਇਸ ਦਾ ਪੰਜ ਸਾਲ ਦਾ ਪੁੱਤਰ ਜਗਤਜੀਤ ਸਿੰਘ (1872-1949) ਗੱਦੀ ਦਾ ਵਾਰਸ ਬਣਿਆ ਜਿਸ ਨੂੰ ਰਾਜ ਪ੍ਰਬੰਧ ਦੀਆਂ ਪੂਰੀਆਂ ਸ਼ਕਤੀਆਂ ਨਵੰਬਰ 1890 ਵਿਚ ਮਿਲੀਆਂ ਅਤੇ ਜਿਸ ਨੂੰ 1911 ਵਿਚ ਮਹਾਰਾਜਾ ਦੀ ਉਪਾਧੀ ਪ੍ਰਾਪਤ ਹੋਈ। ਉਹ ਇਕ ਵੱਡਾ ਵਿਦਵਾਨ ਅਤੇ ਘੁਮੱਕੜ ਸੀ। ਆਪਣੇ ਸਮੇਂ ਦੇ ਰਾਜਿਆਂ ਵਿਚੋਂ ਇਸ ਨੂੰ ਸਭ ਤੋਂ ਵਧ ਸੁਚੱਜਾ ਰਾਜਾ ਮੰਨਿਆ ਜਾਂਦਾ ਸੀ। ਇਸ ਨੇ ਆਪਣੀ ਰਿਆਸਤ ਦੀ ਖ਼ੁਸ਼ਹਾਲੀ ਵਿਚ ਦਿਲਚਸਪੀ ਲਈ ਅਤੇ ਕਪੂਰਥਲੇ ਨੂੰ ਮਹਿਲਾਂ ਅਤੇ ਬਾਗ਼ਾਂ ਦਾ ਸ਼ਹਿਰ ਬਣਾ ਦਿੱਤਾ। ਅਗਸਤ 1947 ਵਿਚ ਅੰਗਰੇਜ਼ ਸਾਮਰਾਜ ਦੇ ਖ਼ਤਮ ਹੋਣ ਨਾਲ ਕਪੂਰਥਲਾ ਰਿਆਸਤ ਭਾਰਤੀ ਯੂਨੀਅਨ ਵਿਚ ਮਿਲ ਗਈ ਅਤੇ 1948 ਵਿਚ ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਦੇ ਬਣਨ ਸਮੇਂ ਇਸ ਵਿਚ ਸ਼ਾਮਲ ਹੋ ਗਈ। ਮਹਾਰਾਜਾ ਸਰ ਜਗਤਜੀਤ ਸਿੰਘ ਪੈਪਸੂ ਦੇ ਉਪ-ਰਾਜ ਪ੍ਰਮੁਖ ਬਣੇ। ਮਹਾਰਾਜਾ ਜਗਤਜੀਤ ਸਿੰਘ ਆਪਣੇ ਸਮੇਂ ਦੇ ਸਭ ਤੋਂ ਵੱਧ ਘੁਮੱਕੜ ਦੋ ਭਾਰਤ-ਵਾਸੀਆਂ ਵਿਚੋਂ ਇਕ ਸੀ ਅਤੇ ਇਹਨਾਂ ਦੋ ਨਾਵਾਂ ਕਰਕੇ ਭਾਰਤ ਬਾਹਰ ਦੇ ਦੇਸਾਂ ਵਿਚ ਜਾਣਿਆ ਜਾਂਦਾ ਸੀ। ਇਹ ਦੋ ਨਾਂ ਸਨ: ਮਹਾਤਮਾ ਗਾਂਧੀ ਅਤੇ ਕਪੂਰਥਲਾ ਦਾ ਮਹਾਰਾਜਾ ਜਗਤਜੀਤ ਸਿੰਘ। ਦੁਨੀਆ ਦੀਆਂ ਕਈ ਰਾਜਧਾਨੀਆਂ ਵਿਚ ਮਹਾਰਾਜਾ ਨੂੰ ਬਹੁਤ ਸਤਿਕਾਰ ਮਿਲਿਆ ਅਰਥਾਤ ਹਾਜ਼ਰ ਲੋਕਾਂ ਨੇ ਖੜ੍ਹੇ ਹੋ ਕੇ ਉਹਨਾਂ ਦਾ ਸਵਾਗਤ ਕੀਤਾ। ਇਹਨਾਂ ਦੀ 1949 ਵਿਚ ਮੌਤ ਹੋ ਗਈ ਅਤੇ ਇਹਨਾਂ ਪਿੱਛੋਂ ਇਹਨਾਂ ਦਾ ਪੁੱਤਰ ਪਰਮਜੀਤ ਸਿੰਘ (1892-1955) ਰਾਜ- ਗੱਦੀ ਤੇ ਬੈਠਾ ਜਿਸ ਤੋਂ ਬਾਅਦ ਇਸ ਦਾ ਪੁੱਤਰ ਸੁਖਜੀਤ ਸਿੰਘ (ਜਨਮ 1934) ਉੱਤਰਾਧਿਕਾਰੀ ਬਣਿਆ।
ਭਾਵੇਂ ਕਪੂਰਥਲਾ ਰਿਆਸਤ ਦਾ ਖੇਤਰਫਲ 599 ਵਰਗ ਮੀਲ ਹੀ ਸੀ ਅਤੇ ਇਹ ਸਿੱਖ ਰਿਆਸਤਾਂ ਵਿਚੋਂ ਪੰਜਵੇਂ ਨੰਬਰ ਤੇ ਸੀ, ਫਿਰ ਵੀ ਇਹ ਉਪਜਾਊ ਇਲਾਕਾ ਸੀ ਜਿੱਥੇ ਸਿੰਜਾਈ ਦੇ ਚੰਗੇ ਸਾਧਨ ਸਨ। 1931 ਵਿਚ, ਇਸ ਦੀ ਅਬਾਦੀ 3,16,757 ਸੀ। ਅਵਧ ਰਿਆਸਤ ਦੇ ਇਲਾਕਿਆਂ ਨੂੰ ਮਿਲਾ ਕੇ ਇਸ ਦਾ ਸਲਾਨਾ ਮਾਲੀਆ ਲਗ-ਪਗ ਤੇਤੀ ਲੱਖ ਦੇ ਕਰੀਬ ਸੀ। ਇਸ ਦੀ ਭੂਗੋਲਿਕ ਸਥਿਤੀ ਨੇ ਜ਼ਰੂਰ ਇਸ ਦੀ ਅਬਾਦੀ ਨੂੰ ਪ੍ਰਭਾਵਿਤ ਕੀਤਾ ਹੋਵੇਗਾ ਕਿਉਂਕਿ ਇੱਥੇ ਮੁਸਲਮਾਨ ਅਬਾਦੀ 57% ਸੀ ਜਦੋਂ ਕਿ ਸਿੱਖ 23% ਅਤੇ ਹਿੰਦੂ ਅਬਾਦੀ 17% ਸੀ। ਇਸ ਨੂੰ ਪੰਜ ਤਹਿਸੀਲਾਂ ਵਿਚ ਵੰਡਿਆ ਗਿਆ ਸੀ: ਕਪੂਰਥਲਾ, ਢਿੱਲਵਾਂ , ਭੋਲੱਥ, ਫਗਵਾੜਾ ਅਤੇ ਸੁਲਤਾਨਪੁਰ ਲੋਧੀ ਅਤੇ ਇੱਥੋਂ ਦੀ ਜ਼ਿਆਦਾਤਰ ਅਬਾਦੀ ਦੀ ਮਾਂ-ਬੋਲੀ ਪੰਜਾਬੀ ਸੀ।
ਲੇਖਕ : ਬ.ਰ. ਅਤੇ ਆਈ.ਸੀ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First