ਗੁਰੁਮਤਿ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੁਮਤਿ ਗੁਰੁਸੰਮਤਿ. ਗੁਰੂ ਦੀ ਰਾਇ। ੨ ਗੁਰੁਮਤਿ ਸੇ. ਗੁਰੁਮਤਿ ਦ੍ਵਾਰਾ. ਦੇਖੋ, ਗੁਰਮਤਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰੁਮਤਿ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਮਤ/ਗੁਰੁਮਤਿ: ਇਸ ਸ਼ਬਦ ਦੇ ਦੋ ਅਰਥ ਵਿਵਹਾਰ ਵਿਚ ਆਉਂਦੇ ਹਨ। ਪਹਿਲਾ ਅਰਥ ਹੈ— ਗੁਰੂ ਦੀ ਮਤ , ਗੁਰੂ ਦੀ ਰਾਏ , ਗੁਰੂ ਦੀ ਨਸੀਹਤ , ਗੁਰੂ ਦੀ ਸੰਮਤੀ। ਜਿਗਿਆਸੂ ਨੂੰ ਆਪਣਾ ਜੀਵਨ ਚੰਗੀ ਤਰ੍ਹਾਂ ਬਤੀਤ ਕਰਨ ਲਈ ਗੁਰੂ ਤੋਂ ਉਪਦੇਸ਼ ਗ੍ਰਹਿਣ ਕਰਨਾ ਚਾਹੀਦਾ ਹੈ। ਗੁਰੂ ਚੂੰਕਿ ਅਧਿਆਤਮਿਕਤਾ ਵਿਚ ਪੁਗੀ ਹੋਈ ਸ਼ਖ਼ਸੀਅਤ ਦਾ ਸੁਆਮੀ ਹੁੰਦਾ ਹੈ, ਇਸ ਲਈ ਉਸ ਦੀ ਰਾਏ ਸਿੱਖ ਲਈ ਸਭ ਤੋਂ ਅਧਿਕ ਮਹੱਤਵ ਰਖਦੀ ਹੈ। ਗੁਰਬਾਣੀ ਵਿਚ ਗੁਰੂ ਦੀ ਮਤ ਪ੍ਰਾਪਤ ਕਰਨ ਲਈ ਬਹੁਤ ਤਾਕੀਦ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਮਾਰੂ ਰਾਗ ਵਿਚ ਕਿਹਾ ਹੈ— ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ (ਗੁ.ਗ੍ਰੰ.1041)। ਗੁਰੂ ਰਾਮਦਾਸ ਜੀ ਨੇ ਬਿਹਾਗੜਾ ਰਾਗ ਵਿਚ ਕਿਹਾ ਹੈ ਕਿ ਗੁਰੂ ਦੀ ਮਤ ਅਨੁਸਾਰ ਚਲਣ ਵਾਲਾ ਵਿਅਕਤੀ ਕਦੇ ਡੋਲਦਾ ਨਹੀਂ ਹੈ—ਗੁਰਮਤਿ ਮਨੁ ਠਹਿਰਾਈਐ ਮੇਰੀ ਜਿੰਦੁੜੀਏ ਅਨਤ ਕਾਹੂ ਡੋਲੇ ਰਾਮ (ਗੁ.ਗ੍ਰੰ.538)। ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਨਾਂ ਦੀ ਬਾਣੀ ਵਿਚ ਸਪੱਸ਼ਟ ਕਿਹਾ ਹੈ ਕਿ ਹੇ ਮੂਰਖ ਵਿਅਕਤੀ! ਗੁਰੂ ਦੀ ਮਤ ਅਨੁਸਾਰ ਚਲ ਕਿਉਂਕਿ ਭਗਤੀ ਤੋਂ ਬਿਨਾ ਕਈ ਸਿਆਣੇ ਅਖਵਾਉਣ ਵਾਲੇ ਸੰਸਾਰ ਸਾਗਰ ਵਿਚ ਡੁਬ ਗਏ ਹਨ— ਗੁਰ ਕੀ ਮਤਿ ਤੂੰ ਲੇਹਿ ਇਆਨੇ ਭਗਤਿ ਬਿਨਾ ਬਹੁ ਡੂਬੇ ਸਿਆਨੇ (ਗੁ.ਗ੍ਰੰ.288)।

            ਗੁਰਮਤਿ ਦਾ ਦੂਜਾ ਅਰਥ ਹੈ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਸਿੱਧਾਂਤ। ਇਸੇ ਤੋਂ ਵਿਸਤਰਿਤ ਹੋਇਆ ਅਰਥ ਗੁਰੂਆਂ ਦੁਆਰਾ ਸਥਾਪਿਤ ਸਿੱਧਾਂਤਾਂ ਨੂੰ ਆਧਾਰ ਬਣਾ ਕੇ ਚਲਣ ਵਾਲਾ ਧਰਮ। ਗੁਰੂ ਗ੍ਰੰਥ ਸਾਹਿਬ ਗੁਰਮਤਿ ਦਾ ਭੰਡਾਰ ਹੈ। ਗੁਰਮਤਿ ਤੋਂ ਭਾਵ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਹੀ ਨਹੀਂ, ਸਗੋਂ ਉਹ ਸਾਰੀ ਭਗਤ ਅਤੇ ਭੱਟ- ਬਾਣੀ ਵੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੰਗਾ ਵਿਚ ਮਿਲਣ ਵਾਲੀਆਂ ਸਾਰੀਆਂ ਨਦੀਆਂ ਗੰਗਾ ਹੀ ਅਖਵਾਉਂਦੀਆਂ ਹਨ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹਰ ਪ੍ਰਕਾਰ ਦੀ ਬਾਣੀ ਗੁਰਬਾਣੀ ਹੀ ਅਖਵਾਉਣ ਦਾ ਅਧਿਕਾਰ ਰਖਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਸਾਰੀ ਬਾਣੀ ਨੂੰ ਅਸ਼ੇਸ਼ ਅਤੇ ਅਭਿੰਨ ਰੂਪ ਵਿਚ ਗੁਰਬਾਣੀ ਹੀ ਕਿਹਾ ਗਿਆ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੀ ਬਾਣੀ ਵਿਚ ਦਰਸਾਏ ਸਿੱਧਾਂਤ ਸਮੁੱਚੇ ਰੂਪ ਵਿਚ ‘ਗੁਰਮਤਿ’ ਅਖਵਾਉਂਦੇ ਹਨ। ਇਹ ‘ਗੁਰਮਤਿ’ ਹੀ ਸਿੱਖ-ਸਾਧਕ ਦੁਆਰਾ ਅਪਣਾਈ ਜਾਣ ਵਾਲੀ ਜੀਵਨ- ਜਾਚ ਹੈ। ਇਸ ਨੂੰ ‘ਗੁਰਮਤਿ ਭਗਤੀ ’ (ਵੇਖੋ) ਕਿਹਾ ਜਾ ਸਕਦਾ ਹੈ। ਗੁਰਮਤਿ ਦੀ ਸਿੱਧਾਂਤ-ਪੱਧਤੀ ਨੂੰ ਅਪਣਾਉਣ ਵਾਲੇ ਅਨੁਯਾਈ ਸਮਾਜ ਨੂੰ ਗੁਰਮਤਿ-ਧਰਮ ਵੀ ਕਿਹਾ ਜਾਂਦਾ ਹੈ। ‘ਗੁਰਮਤਿ’ ਦੇ ਪਹਿਲੇ ਵਿਆਖਿਆਕਾਰ ਭਾਈ ਗੁਰਦਾਸ ਮੰਨੇ ਜਾਂਦੇ ਹਨ। ਵੇਖੋ ‘ਗੁਰਦਾਸ, ਭਾਈ’।

ਕਈ ਵਿਦਵਾਨ ਗੁਰਮਤਿ-ਸਾਹਿਤ ਦੀ ਸੀਮਾ ਦਾ ‘ਗੁਰੂ ਗ੍ਰੰਥ ਸਾਹਿਬ’ ਤੋਂ ਵਿਸਤਾਰ ਕਰਕੇ ਭਾਈ ਗੁਰਦਾਸ ਦੀ ਬਾਣੀ ਅਤੇ ‘ਦਸਮ ਗ੍ਰੰਥ ’ ਨੂੰ ਵੀ ਇਸ ਦੇ ਕਲਾਵੇ ਵਿਚ ਸਮੇਟਦੇ ਹਨ ਅਤੇ ਕਈ ਰਹਿਤਨਾਮਿਆਂ ਨੂੰ ਵੀ ਇਸ ਵਿਚ ਸ਼ਾਮਲ ਕਰ ਲੈਂਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.