ਕਮਾਲਪੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮਾਲਪੁਰ. ਰਿਆਸਤ ਪਟਿਆਲਾ , ਨਜਾਮਤ ਸੁਨਾਮ , ਤਸੀਲ ਭਵਾਨੀਗੜ੍ਹ , ਥਾਣਾ ਦਿੜ੍ਹਬਾ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਉੱਤਰ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਰਣ ਪਾਏ ਹਨ.

ਗੁਰਦ੍ਵਾਰੇ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਨੇ ਕਰਵਾਈ ਹੈ. ੭੫ ਵਿੱਘੇ ਜ਼ਮੀਨ ਮੁਆਫੀ ਅਤੇ ੭੫ ਵਿੱਘੇ ਦਾਮੀ ਸਰਕਾਰ ਪਟਿਆਲਾ ਵੱਲੋਂ ਹੈ. ਪੁਜਾਰੀ ਉਦਾਸੀ ਸਾਧੂ ਹੈ.

ਰੇਲਵੇ ਸਟੇਸ਼ਨ ਸੰਗਰੂਰ ਤੋਂ ਸੰਗਤੀਵਾਲੇ ਤੀਕ ਪੱਕੀ ਸੜਕ ਹੈ, ਅੱਗੋਂ ਕੱਚਾ ਰਸਤਾ ੬ ਮੀਲ ਅਤੇ ਨਾਭਾ ਸਟੇਸ਼ਨ ਤੋਂ ਭਵਾਨੀਗੜ੍ਹ ਤੀਕ ਪੱਕੀ ਸੜਕ ਹੈ, ਅੱਗੋਂ ੭ ਕੋਹ ਕੱਚਾ ਰਸਤਾ ਹੈ। ੨ ਇਸ ਨਾਉਂ ਦਾ ਇੱਕ ਪਿੰਡ ਜਿਲਾ ਲੁਦਿਆਨਾ ਤਸੀਲ ਥਾਨਾ ਜਗਰਾਉਂ ਵਿੱਚ ਭੀ ਹੈ, ਜੋ ਰੇਲਵੇ ਸਟੇਸ਼ਨ ਜਗਰਾਉਂ ਤੋਂ ਦੱਖਣ ਪੂਰਵ ਸਾਢੇ ਛੀ ਮੀਲ ਹੈ. ਇਸ ਗ੍ਰਾਮ ਤੋਂ ਉੱਤਰ ਪੂਰਵ ਇੱਕ ਮੀਲ ਦੇ ਕਰੀਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਹੇਹਰਾਂ ਤੋਂ ਇੱਥੇ ਆਏ ਹਨ. ਇਸ ਗੁਰਦ੍ਵਾਰੇ ਨਾਲ ੧੦ ਵਿੱਘੇ ਦੇ ਕਰੀਬ ਜ਼ਮੀਨ ਪਿੰਡ ਵੱਲੋਂ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਮਾਲਪੁਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮਾਲਪੁਰ: ਪੰਜਾਬ ਵਿਚ ਸਮਾਣਾ ਨਗਰ (30°-11’ ਉ, 76°-11’ ਪੂ) ਦੇ ਦੱਖਣ-ਪੂਰਬ ਵਿਚ 22 ਕਿਲੋਮੀਟਰ ਦੂਰ ਇਕ ਪਿੰਡ ਹੈ ਜਿਸ ਵਿਚ ਗੁਰੂ ਨਾਨਕ ਅਤੇ ਗੁਰੂ ਹਰਿਗੋਬਿੰਦ ਜੀ ਦੀਆਂ ਯਾਦਗਾਰਾਂ ਹਨ। ਇੱਥੇ ਸੁਸ਼ੋਭਿਤ ਦੋ ਵੱਖ-ਵੱਖ ਗੁਰਦੁਆਰੇ ਗੁਰੂ ਸਾਹਿਬਾਨ ਦੇ ਇੱਥੇ ਆਉਣ ਦੀ ਯਾਦ ਦਿਵਾਉਂਦੇ ਹਨ। ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣਿਆ ਹੋਇਆ ਇਕ ਛੋਟਾ ਮੰਜੀ ਸਾਹਿਬ ਹੈ ਜੋ ਪਿੰਡ ਦੇ ਉੱਤਰ ਵੱਲ ਇਕ ਟਿੱਲੇ ਉੱਪਰ ਬਣਿਆ ਹੋਇਆ ਹੈ। ਦੂਸਰਾਗੁਰਦੁਆਰਾ ਪਾਤਸ਼ਾਹੀ ਛੇਵੀਂ’ ਪਿੰਡ ਦੇ ਉੱਤਰ ਵੱਲ ਹੀ ਇਕ ਵੱਡੀ ਹਵੇਲੀ ਵਿਚ ਸਥਿਤ ਹੈ। ਇਹ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ (1798-1845) ਨੇ ਬਣਵਾਇਆ ਸੀ। 1969 ਵਿਚ ਇਸ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਕੀਤਾ ਗਿਆ ਸੀ। ਇਸ ਦੀ ਸਭ ਤੋਂ ਹੇਠਲੀ ਮੰਜ਼ਲ’ਤੇ ਇਕ ਵੱਡਾ ਹਾਲ ਅਤੇ ਵਰਗਾਕਾਰ ਪ੍ਰਕਾਸ਼ ਅਸਥਾਨ ਹੈ। ਇਸ ਦੇ ਉੱਪਰ ਪਹਿਲੀ ਮੰਜ਼ਲ’ਤੇ ਹਾਲ ਅਤੇ ਦੂਸਰੀ ਮੰਜ਼ਲ ਵਿਚ ਪ੍ਰਕਾਸ਼ ਅਸਥਾਨ ਦੇ ਉੱਪਰ ਗੁੰਬਦ ਵਾਲਾ ਸਜਾਵਟੀ ਮੰਡਪ ਬਣਿਆ ਹੋਇਆ ਹੈ। ਇਸ ਗੁੰਬਦ ਉੱਤੇ ਕਈ ਰੰਗਾਂ ਦੀਆਂ ਚਮਕਦਾਰ ਟਾਈਲਾਂ ਲੱਗੀਆਂ ਹੋਈਆਂ ਹਨ। ਇਸ ਇਮਾਰਤ ਦੇ ਨਾਲ ਹੀ 1979-80 ਵਿਚ 65 ਵਰਗ ਮੀਟਰ ਦਾ ਇਕ ਸਰੋਵਰ ਬਣਾਇਆ ਗਿਆ ਸੀ। ਗੁਰਦੁਆਰੇ ਦੇ ਨਾਂ 25 ਏਕੜ ਜ਼ਮੀਨ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਪਰੰਤੂ ਮੌਜੂਦਾ ਸਮੇਂ ਵਿਚ ਬਾਬਾ ਗੁਰਮੁਖ ਸਿੰਘ ਦੇ ਸ਼ਰਧਾਲੂ ਇਸ ਦੀ ਦੇਖ- ਭਾਲ ਕਰਦੇ ਹਨ। ਬਾਬਾ ਗੁਰਮੁਖ ਸਿੰਘ ਨੇ ਹੀ ਸਰੋਵਰ ਬਣਵਾਇਆ ਸੀ ਅਤੇ ਇਹਨਾਂ ਨੇ ਦੋਵਾਂ ਥਾਵਾਂ’ਤੇ ਹੋਰ ਇਮਾਰਤਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਹਰ ਮਹੀਨੇ ਮੱਸਿਆ ਦੇ ਦਿਨ ਭਾਰੀ ਸੰਗਤ ਜੁੜਦੀ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਮਾਲਪੁਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮਾਲਪੁਰ: ਲੁਧਿਆਣਾ ਜ਼ਿਲੇ ਦਾ ਇਕ ਪਿੰਡ ਜੋ ਜਗਰਾਉਂ (30°-47’ ਉ, 75°-28’ ਪੂ) ਤੋਂ 10 ਕਿਲੋਮੀਟਰ ਦੱਖਣ-ਪੂਰਬ ਵੱਲ ਹੈ। ਪਿੰਡ ਤੋਂ ਇਕ ਕਿਲੋਮੀਟਰ ਪੂਰਬ ਵੱਲ ਕਮਾਲਪੁਰ-ਤਲਵੰਡੀ ਰਾਇ ਦੀ ਸੜਕ ਉੱਪਰ ‘ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ` ਸੁਸ਼ੋਭਿਤ ਹੈ।ਦਸੰਬਰ 1705 ਵਿਚ ਗੁਰੂ ਗੋਬਿੰਦ ਸਿੰਘ ਜੀ ਹੇਹਰਾਂ ਤੋਂ ਸੀਲੋਆਣੀ ਅਤੇ ਲੰਮਾ ਜਟਪੁਰਾ ਵੱਲ ਜਾਂਦੇ ਹੋਏ ਇਸ ਪਿੰਡ ਵਿਚ ਆਏ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਹ ਗੁਰਦੁਆਰਾ ਬਣਿਆ ਹੋਇਆ ਹੈ। 1903 ਵਿਚ ਬਣੇ ਪੁਰਾਣੇ ਮੰਜੀ ਸਾਹਿਬ ਦੀ ਥਾਂ’ਤੇ ਇਕ ਨਵੀਂ ਇਮਾਰਤ ਬਣਾਈ ਗਈ ਹੈ। ਪੁਰਾਣੀ ਇਮਾਰਤ ਦੇ ਪ੍ਰਕਾਸ਼ ਅਸਥਾਨ ਉੱਤੇ ਇਕ ਚਾਰ ਮੰਜ਼ਲਾ ਬੁਰਜ ਹੈ ਜਿਸ ਉੱਤੇ ਕਮਲ ਦੀਆਂ ਪੱਤੀਆਂ ਵਾਲਾ ਗੁੰਬਦ ਬਣਿਆ ਹੋਇਆ ਹੈ।ਇਸ ਗੁੰਬਦ ਉੱਤੇ ਦੁੱਧ ਵਾਂਗ ਚਿੱਟੀਆਂ ਅਤੇ ਘਾਹ ਵਾਂਗ ਹਰੀਆਂ ਚਮਕਦੀਆਂ ਟਾਈਲਾਂ ਲੱਗੀਆਂ ਹੋਈਆਂ ਹਨ। ਇਸ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਕਮੇਟੀ ਸਥਾਨਿਕ ਕਮੇਟੀ ਰਾਹੀਂ ਕਰਦੀ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਮਾਲਪੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਮਾਲਪੁਰ : ਇਹ ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਵਿਚ ਜਗਰਾਉਂ ਤਹਿਸੀਲ ਦਾ ਇਕ ਪਿੰਡ ਹੈ ਜੋ ਰੇਲਵੇ ਸਟੇਸ਼ਨ ਜਗਰਾਉਂ ਤੋਂ ਲਗਭਗ 6 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਸ ਤੋਂ 2 ਕਿ. ਮੀ. ਦੀ ਦੂਰੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣਾਇਆ ਗਿਆ ਇਕ ਗੁਰਦਵਾਰਾ ਹੈ ਜਿਸ ਨਾਲ ਪਿੰਡ ਵਲੋਂ 10 ਵਿੱਘੇ ਜ਼ਮੀਨ ਹੈ।

          ਹ. ਪੁ.––ਮ. ਕੋ : 300


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਮਾਲਪੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਮਾਲਪੁਰ : ਇਹ ਭਾਰਤ ਦੀ ਇਕ ਸਾਬਕਾ ਰਿਆਸਤ ਪਟਿਆਲਾ (ਪੰਜਾਬ) ਦੀ ਸੁਨਾਮ ਜ਼ਿਮੀਦਾਰੀ ਦੀ ਭਵਾਨੀਗੜ੍ਹ ਤਹਿਸੀਲ ਦੇ ਦਿੜ੍ਹਬਾ ਥਾਣੇ (ਸੰਗਰੂਰ) ਵਿਚ ਇਕ ਪਿੰਡ ਹੈ।) ਇਸ ਪਿੰਡ ਤੋਂ ਉੱਤਰ ਵਲ ਲਗਭਗ 1 ਕਿ. ਮੀ. ਦੀ ਦੂਰੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਹਰਗੋਬਿੰਦ ਸਾਹਿਬ ਦੇ ਚਰਨ ਪਾਏ ਸਨ। ਇਥੇ ਗੁਰਦਵਾਰੇ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਨੇ ਕਰਵਾਈ ਤੇ ਗੁਰਦਵਾਰੇ ਦੇ ਨਾਂ ਕਾਫੀ ਜ਼ਮੀਨ ਹੈ।

          ਹ. ਪੁ.––ਮ. ਕੋ. 300


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਮਾਲਪੁਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਮਾਲਪੁਰ :  ਇਹ ਪਿੰਡ ਸੰਗਰੂਰ ਜ਼ਿਲ੍ਹੇ ਵਿਚ ਭਵਾਨੀਗੜ੍ਹ ਤੋਂ ਲਗਭਗ 18 ਕਿ.ਮੀ. ਦੇ ਫ਼ਾਸਲੇ ਤੇ ਸਥਿਤ ਹੈ। ਇਸ ਇਤਿਹਾਸਕ ਪਿੰਡ ਤੋਂ ਬਾਹਰ ਲਗਭਗ ਅੱਧ ਕਿ.ਮੀ. ਦੇ ਫ਼ਾਸਲੇ ਤੇ ਇਕ ਗੁਰਦੁਆਰਾ ਬਣਿਆ ਹੋਇਆ ਹੈ। ਇਹ ਉਸ ਥਾਂ ਤੇ ਬਣਿਆ ਹੋਇਆ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਰਨ ਪਾਏ ਸਨ।

  ਇਥੇ ਇਕ ਪ੍ਰਾਇਮਰੀ ਸਕੂਲ ਅਤੇ ਡਾਕਖ਼ਾਨਾ ਸਥਾਪਤ ਹਨ। ਪਿੰਡ ਦਾ ਰਕਬਾ ਲਗਭਗ 7 ਵ. ਕਿ.ਮੀ. ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-23-10-07-05, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ : 300; ਡਿ. ਸੈਂ. ਹੈਂ. ਬੁ. -ਸੰਗਰੂਰ (1961)

ਕਮਾਲਪੁਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਮਾਲਪੁਰ : ਇਹ ਲੁਧਿਆਣਾ ਜ਼ਿਲ੍ਹੇ ਦੀ ਜਗਰਾਉਂ ਤਹਿਸੀਲ ਦਾ ਇਕ ਪਿੰਡ ਹੈ ਜਿਹੜਾ ਜਗਰਾਉਂ ਤੋਂ ਲਗਭਗ 5 ਕਿ. ਮੀ. ਦੇ ਫ਼ਾਸਲੇ ਤੇ ਸਥਿਤ ਹੈ। ਇਸ ਪਿੰਡ ਤੋਂ ਬਾਹਰਵਾਰ ਇਕ ਕਿ.ਮੀ. ਦੇ ਫ਼ਾਸਲੇ ਤੇ ਇਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ। ਗੁਰੂ ਜੀ ਹੇਹਰਾਂ ਤੋਂ ਆਉਂਦੇ ਹੋਏ ਇਥੇ ਠਹਿਰੇ ਸਨ।

     ਇਸ ਪਿੰਡ ਵਿਚ ਇਕ ਹਾਈ ਸਕੂਲ ਤੋਂ ਇਲਾਵਾ ਪਸ਼ੂ ਚਿਕਿਤਸਾ ਹਸਪਤਾਲ, ਡਾਕਘਰ ਤੇ ਡਿਸਪੈਂਸਰੀ ਵੀ ਸਥਾਪਤ ਹਨ। ਪਿੰਡ ਦਾ ਰਕਬਾ 1008 ਹੈਕਟੇਅਰ ਹੈ।

        ਆਬਾਦੀ -    3,395 (1981)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-23-10-09-32, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. 300; ਡਿ. ਸੈਂ. ਹੈਂ. ਬੁ. ਲੁਧਿਆਣਾ (1981)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.