ਕਾਨਪੁਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨਪੁਰ (26°-25’ ਉ, 80°-17’ਪੂ): ਪਹਿਲਾ ਨਾਂ ਕਨ੍ਹੈਯਾਪੁਰ, ਵਿਚ ਗੁਰੂ ਤੇਗ਼ ਬਹਾਦਰ ਨਾਲ ਸੰਬੰਧਿਤ ਇਕ ਪਵਿੱਤਰ ਗੁਰਦੁਆਰਾ ਹੈ। ਗੁਰੂ ਤੇਗ਼ ਬਹਾਦਰ ਜੀ ਜਦੋਂ ਪੂਰਬੀ ਭਾਰਤ ਵਿਖੇ ਪ੍ਰਚਾਰ ਹਿਤ ਗਏ ਤਾਂ 1666 ਦੇ ਸ਼ੁਰੂ ਵਿਚ ਇੱਥੇ ਪਧਾਰੇ ਸਨ। ਉਹਨਾਂ ਦੀ ਯਾਦ ਇਕ ਸਧਾਰਨ ਕਮਰੇ ਵਾਲੇ ਗੁਰਦੁਆਰੇ ਦੇ ਰੂਪ ਵਿਚ ਸੰਭਾਲ ਕੇ ਰੱਖੀ ਗਈ ਸੀ ਜਿਸਨੂੰ ਵੀਹਵੀਂ ਸਦੀ ਦੇ ਸ਼ੁਰੂ ਵਿਚ ਸੰਤ ਸੰਪੂਰਨ ਸਿੰਘ ਨੇ ਅਜੋਕਾ ਰੂਪ ਦੇ ਕੇ ‘ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ’ ਬਣਾਇਆ ਹੈ। ਇਸ ਬਹੁ-ਮੰਜ਼ਲੀ ਅਜੋਕੀ ਇਮਾਰਤ ਨੂੰ 1971 ਵਿਚ ਸੰਪੂਰਨ ਕੀਤਾ ਗਿਆ ਸੀ। ਜ਼ਮੀਨੀ ਮੰਜ਼ਲ ਸਵਾਗਤੀ ਹਾਲ ਹੈ। ਪਹਿਲੀ ਮੰਜ਼ਲ ਦੇ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੀ ਲੜੀ ਲਗਾਤਾਰ ਇਕੋ ਸਮੇਂ ਚੱਲਦੀ ਰਹਿੰਦੀ ਹੈ। ‘ਸ੍ਰੀ ਗੁਰੂ ਸਿੰਘ ਸਭਾ` ਨਾਂ `ਤੇ ਦਰਜ ਗੁਰਦੁਆਰੇ ਦਾ ਪ੍ਰਬੰਧ ਸਥਾਨਿਕ ਕਮੇਟੀ ਕਰਦੀ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਨਪੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਨਪੁਰ : ਜ਼ਿਲ੍ਹਾ––ਭਾਰਤ ਵਿਚ ਉੱਤਰ ਪ੍ਰਦੇਸ਼ ਰਾਜ ਦੇ ਅਲਾਹਬਾਦ ਖੰਡ ਦਾ ਇਹ ਇਕ ਪ੍ਰਸਿੱਧ ਜ਼ਿਲ੍ਹਾ ਹੈ ਜੋ ਉੱਤਰ-ਪੂਰਬ ਵਲੋਂ ਗੰਗਾ ਦਰਿਆ, ਉੱਤਰ-ਪੱਛਮ ਵਲੋਂ ਫਾਰੁੱਖ਼ਾਬਾਦ ਅਤੇ ਇਟਾਵਾ ਦੱਖਣ-ਪੱਛਮ ਵਲੋਂ ਜਮਨਾ ਦਰਿਆ ਅਤੇ ਦੱਖਣ-ਪੂਰਬ ਵਲੋਂ ਫਤਹਿਪੁਰ ਜ਼ਿਲ੍ਹੇ ਦੁਆਰਾ ਘਿਰਿਆ ਹੋਇਆ ਹੈ। ਜ਼ਿਲ੍ਹੇ ਦਾ ਕੁਲ ਰਕਬਾ 6,121 ਵ. ਕਿ. ਮੀ. ਅਤੇ ਆਬਾਦੀ 37,90,549 (1981) ਹੈ। ਸਾਰਾ ਜ਼ਿਲ੍ਹਾ ਗੰਗਾ ਦਰਿਆ ਅਤੇ ਜਮਨਾ ਦਰਿਆ ਵਿਚਕਾਰ ਉਪਜਾਊ ਮੈਦਾਨ ਵਿਚ ਫੈਲਿਆ ਹੋਇਆ ਹੈ। ਜ਼ਿਲ੍ਹੇ  ਦੀ ਆਮ ਢਲਾਣ ਦੱਖਣ-ਪੱਛਮ ਵਲ ਨੂੰ ਹੈ ਅਤੇ ਸਾਰੇ ਦਰਿਆਈ ਜਲ-ਮਾਰਗਾਂ ਦਾ ਰੁਖ ਵੀ ਉਸੇ ਪਾਸੇ ਵਲ ਹੈ। ਜ਼ਿਲ੍ਹੇ ਦਾ ਮੁੱਖ ਦਰਿਆ ਗੰਗਾ ਹੈ। ਇਸ ਤੋਂ ਇਲਾਵਾ ਜਮਨਾ, ਪਾਂਡੂ, ਇਸਨ (ਈਸ਼ਨ) ਅਤੇ ਉੱਤਰੀ ਸੋਨ ਇਥੋਂ ਦੇ ਹੋਰ ਦਰਿਆ ਹਨ। ਦੱਖਣੀ ਸੋਨ, ਖਿਦ ਅਤੇ ਸੇਗੁਰ ਜਮਨਾ ਦਰਿਆ ਦੀਆਂ ਸਹਾਇਕ ਨਦੀਆਂ ਹਨ। ਇਹ ਜ਼ਿਲ੍ਹਾ ਗੰਗਾ-ਜਮਨਾ ਦੁਆਬ ਦਾ ਹੀ ਇਕ ਹਿੱਸਾ ਹੈ ਜਿਹੜਾ ਦਰਿਆਈ ਮਿੱਟੀ ਵਾਲਾ ਇਕ ਪੱਧਰਾ ਮੈਦਾਨ ਹੈ। ਪਰ ਕਿਤੇ ਕਿਤੇ ਇਸ ਵਿਚ ਵਗਣ ਵਾਲੇ ਨਦੀ-ਨਾਲੇ ਧਰਾਤਲ ਵਿਚ ਵੱਖਰੇਵਾਂ ਲਿਆਉਂਦੇ ਹਨ। ਗੰਗਾ ਅਤੇ ਜਮਨਾ ਦੀਆਂ ਸਹਾਇਕ ਨਦੀਆਂ ਅੱਗੇ ਕਈ ਛੋਟੇ ਛੋਟੇ ਦੁਆਬਾ ਬਣਾਉਂਦੀਆਂ ਹਨ। ਜ਼ਿਲ੍ਹੇ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿਚ ਝੀਲਾਂ ਹਨ।

          ਜ਼ਿਲ੍ਹੇ ਵਿਚ ਗੰਗਾ ਦਰਿਆ ਵਰਗੀ ਚੀਕਣੀ ਮਿੱਟੀ ਮਿਲਦੀ ਹੈ। ਕੰਕਰ ਜ਼ਿਲ੍ਹੇ ਦੇ ਸਾਰੇ ਹਿੱਸਿਆਂ ਵਿਚ ਮਿਲਦੀ ਹੈ। ਗੰਗਾ-ਪਾਂਡੂ ਦੁਆਬ ਦਾ ਵਧੇਰੇ ਇਲਾਕਾ ਸ਼ੋਰੇ ਵਾਲੇ ਕਲੱਰ ਨਾਲ ਢੱਕਿਆ ਹੋਇਆ ਹੈ।

          ਜ਼ਿਲ੍ਹੇ ਵਿਚ ਢੱਕ ਦੇ ਵਿਸ਼ਾਲ ਜੰਗਲ ਹਨ। ਕਾਫੀ ਰਕਬੇ ਵਿਚ ਅੰਬਾਂ ਦੇ ਝੁੰਡ ਮਿਲਦੇ ਹਨ। ਇਸ ਤੋਂ ਇਲਾਵਾ ਮਹੂਆ, ਜਾਮਣ ਅਤੇ ਬਾਬੂਲ ਦੇ ਦਰਖ਼ਤ ਵੀ ਮਿਲਦੇ ਹਨ।

          ਸੈਂਗਰ ਅਤੇ ਜਮਨਾ ਦਰਿਆ ਦੇ ਸੰਗਮ ਵਾਲੇ ਖੇਤਰ ਵਿਚ ਚੀਤੇ, ਜਮਨਾ ਦਰਿਆ ਦੇ ਨਾਲ ਨਾਲ ਹਿਰਨ ਅਤੇ ਬਾਰਾਂਸਿੰਗੇ ਅਤੇ ਰੋਝ ਵੀ ਥੋਹੜੀ ਜਿਹੀ ਗਿਣਤੀ ਵਿਚ ਜ਼ਿਲ੍ਹੇ ਵਿਚ ਮਿਲਦੇ ਹਨੴ

          ਇਥੋਂ ਦੀ ਜਲਵਾਯੂ ਦੁਆਬੇ ਦੇ ਹੋਰਨਾਂ ਭਾਗਾਂ ਵਰਗੀ ਹੀ ਹੈ। ਮਾਰਚ ਮਹੀਨੇ ਤੋਂ ਲੈ ਕੇ ਵਰਖਾ ਦੇ ਆਰੰਭ ਹੋਣ ਤੀਕ ਜਲਵਾਯੂ ਖੁਸ਼ਕ ਰਹਿੰਦੀ ਹੈ। ਮਈ-ਜੂਨ ਵਿਚ ਇਥੇ ਸਖਤ ਗਰਮੀ ਪੈਂਦੀ ਹੈ। ਨਵੰਬਰ ਵਿਚ ਇਥੇ ਸਰਦੀ ਪੈਣ ਲਗ ਪੈਂਦੀ ਹੈ। ਜਨਵਰੀ ਮਹੀਨੇ ਵਿਚ ਸਰਦੀ ਹੱਦੋਂ ਵੱਧ ਪੈਂਦੀ ਹੈ। ਜਲ-ਨਿਕਾਸ ਚੰਗੇ ਹੋਣ ਕਰਕੇ ਇਥੇ ਹੜ੍ਹ ਬਹੁਤ ਘੱਟ ਆਉਂਦੇ ਹਨ। ਜਦੋਂ ਕਦੇ ਵੀ ਇਥੇ ਹੜ੍ਹ ਆਇਆ ਸੀ ਤਾਂ ਇਹ ਬਿਠੂਰ ਅਤੇ ਨਵਾਬਗੰਜ ਵਿਚਕਾਰਲੇ ਗੰਗਾ ਦੇ ਕਛਾਰੀ ਭਾਗ ਵਿਚ ਆਇਆ ਜਿਥੇ ਸੋਨ ਨਦੀ ਦਾ ਪਾਣੀ ਗੰਗਾ ਦੇ ਹੜ੍ਹ ਕਾਰਨ ਸੁੱਕ ਜਾਂਦਾ ਹੈ। ਸੰਨ 1924 ਅਤੇ 1948 ਵਿਚ ਜ਼ਿਲ੍ਹੇ ਵਿਚ ਸਭ ਤੋਂ ਭਿੰਅਕਰ ਹੜ੍ਹ ਆਏ ਸਨ ਅਤੇ ਪਰਮਟ ਅਤੇ ਪੁਰਾਣੇ ਕਾਨਪੁਰ ਦੇ ਕੁਝ ਭਾਗ ਪਾਣੀ ਦੀ ਲਪੇਟ ਵਿਚ ਆ ਗਏ ਸਨ।

          ਕਈ ਸਾਲਾਂ ਤੋਂ ਇਥੋਂ ਦੀ ਵਰਖਾ ਦੀ ਔਸਤ 85 ਸੈਂ. ਮੀ. ਰਹੀ ਹੈ। ਸਮੇਂ ਸਮੇਂ ਸਿਰ ਵਰਖਾ ਘੱਟਦੀ ਵਧਦੀ ਵੀ ਰਹਿੰਦੀ ਹੈ।

          ਜ਼ਿਲ੍ਹੇ ਦੇ ਕੁਲ ਰਕਬੇ ਦੀ 64% ਭੂਮੀ ਵਿਚ ਖੇਤੀ ਕੀਤੀ ਜਾਂਦੀ ਹੈ। ਕਣਕ, ਛੋਲੇ, ਜੌਂ, ਮਟਰ, ਅਰਹਰ, ਸਰ੍ਹੋਂ ਆਦਿ ਇਥੋਂ ਦੀਆਂ ਹਾੜ੍ਹੀ ਦੀਆਂ ਅਤੇ ਚਾਉਲ, ਮੱਕੀ, ਜਵਾਰ, ਬਾਜਰਾ, ਕਪਾਹ ਆਦਿ ਇਥੋਂ ਦੀਆਂ ਸਾਉਣੀ ਦੀਆਂ ਮੁੱਖ ਫਸਲਾਂ ਹਨ।

          ਗੰਗਾ ਅਤੇ ਜਮਨਾ ਦਰਿਆਵਾਂ ਦੀਆਂ ਸਹਾਇਕ ਨਦੀਆਂ ਅਤੇ ਲੋਅਰ ਗੰਗਾ ਨਹਿਰ ਸਾਰੇ ਜ਼ਿਲ੍ਹੇ ਨੂੰ ਸਿੰਜਦੀ ਹੈ। ਇਸ ਤੋਂ ਇਲਾਵਾ ਖੂਹ, ਤਲਾਬ ਅਤੇ ਝੀਲਾਂ ਦੁਆਰਾ ਵੀ ਸਿੰਜਾਈ ਕੀਤੀ ਜਾਂਦੀ ਹੈ। ਉਦਯੋਗਕ ਪੱਖੋਂ ਇਹ ਉੱਤਰ ਪ੍ਰਦੇਸ਼ ਦਾ ਸਭ ਤੋਂ ਮਹੱਤਵਪੂਰਨ ਜ਼ਿਲ੍ਹਾ ਹੈ। ਵਧੇਰੇ ਕਾਰਖਾਨੇ ਕਾਨਪੁਰ ਸ਼ਹਿਰ ਵਿਚ ਵੀ ਸਥਾਪਤ ਹਨ। ਕਪਾਹ ਕੱਤਣ ਅਤੇ ਬੁਣਨ, ਚਮੜੇ ਨੂੰ ਕਮਾਉਣਾ ਅਤੇ ਚਮੜੇ ਦੀਆਂ ਚੀਜ਼ਾਂ ਤਿਆਰ ਕਰਨਾ ਇਥੋਂ ਦੇ ਮੁੱਖ ਉਦਯੋਗ ਹਨ।

          ਜ਼ਿਲ੍ਹੇ ਦਾ ਵਪਾਰ ਕਾਨਪੁਰ ਸ਼ਹਿਰ ਵਿਚ ਹੀ ਕੇਂਦਰਤ ਹੈ। ਕਾਨਪੁਰ ਅੱਪਰ ਇੰਡੀਆ ਦੀ ਸਭ ਤੋਂ ਵੱਡੀ ਵਪਾਰਕ ਮੰਡੀ ਹੈ ਅਤੇ ਇਥੋਂ ਦੀਆਂ ਬਣੀਆਂ ਹੋਈਆਂ ਵਸਤਾਂ ਦੇਸ਼ ਦੇ ਸਾਰੇ ਭਾਗਾਂ ਅਤੇ ਕੁਝ ਵਸਤਾਂ ਬਾਹਰਲੇ ਮੁਲਕਾਂ ਨੂੰ ਭੇਜੀਆਂ ਜਾਂਦੀਆਂ ਹਨ। ਅਨਾਜ, ਦਾਲਾਂ, ਤੇਲ ਦੇ ਬੀਜ ਅਤੇ ਖੰਡ ਇਥੋਂ ਬਾਹਰ ਭੇਜੇ ਜਾਂਦੇ ਹਨ। ਕਪਾਹ, ਲੂਣ, ਸ਼ੋਰਾ, ਧਾਤਾਂ ਨੇੜੇ ਦੇ ਜ਼ਿਲ੍ਹਿਆਂ ਵਿਚ ਵੰਡਣ ਲਈ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ।

          ਕਾਨਪੁਰ, ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਬਿਠੂਰ, ਇਕ ਉੱਜੜਿਆ ਹੋਇਆ ਕਸਬਾ, ਹਿੰਦੂਆਂ ਦਾ ਇਕ ਪਵਿੱਤਰ ਅਸਥਾਨ ਹੈ। ਛੇਵੀਂ ਅਤੇ ਸੱਤਵੀਂ ਸਦੀ ਦੌਰਾਨ ਬਣੇ ਮੰਦਰ, ਅੱਜ ਵੀ ਇਸ ਜ਼ਿਲ੍ਹੇ ਵਿਚ ਮੌਜੂਦ ਹਨ।

          ਹ. ਪੁ.––ਇੰਪ. ਗ. ਇੰਡ 9 : 306; ਹਿੰ. ਵਿ. ਕੋ. 2 : 449


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1912, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਨਪੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਨਪੁਰ : ਸ਼ਹਿਰ––ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿਚ ਇਹ ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ-ਮੁਕਾਮ ਹੈ ਜੋ ਲਖਨਊ ਦੇ ਦੱਖਣ-ਪੱਛਮ ਵਿਚ ਗੰਗਾ ਦਰਿਆ ਉੱਤੇ ਸਥਿਤ ਹੈ। ਇਹ ਉੱਤਰ ਪ੍ਰਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਭਾਰਤ ਦੇ ਵੱਡਿਆਂ ਸ਼ਹਿਰਾਂ ਵਿਚੋਂ ਇਕ ਹੈ। ਸ਼ਹਿਰ ਦਾ ਕੁਲ ਰਕਬਾ 262 ਵ. ਕਿ. ਮੀ. ਹੈ। ਸ਼ਹਿਰ ਦੀ ਉਤਪਤੀ ਸਬੰਧੀ ਕਈ ਕਹਾਵਤਾਂ ਪ੍ਰਚਲਤ ਹਨ ਪਰ ਕਾਨਪੁਰ ਪਿੰਡ, ਜਿਸਦਾ ਸਹੀ ਨਾਂ ਕਾਨਪੁਰ ਜਾਂ ਕਨ੍ਹਈਆਪੁਰ ਮੰਨਿਆ ਜਾਂਦਾ ਹੈ  ਅਤੇ ਜਿਸ ਨੂੰ ਹੁਣ ਪੁਰਾਣਾ ‘ਕਾਨਪੁਰ’ ਕਿਹਾ ਜਾਂਦਾ ਹੈ ਕਿੰਨਾ ਪੁਰਾਣਾ ਹੈ, ਇਸ ਬਾਰੇ ਕੋਈ ਪਤਾ ਨਹੀਂ ਲਗਦਾ। ਸ਼ਹਿਰ ਦੀ ਹੋਂਦ ਦਾ ਸਚੇਂਦੀ ਦੇ ਰਾਜਾ ਹਿੰਦੂ ਸਿੰਘ ਨਾਲ, ਜਾਂ ਮਹਾਭਾਰਤ ਕਾਲ ਦੇ ਵੀਰ ਕਾਲ ਦੇ ਨਾਲ ਸਬੰਧਤ ਹੋਣਾ ਭਾਵੇਂ ਸ਼ੰਕਾਜਨਕ ਹੈ ਪਰ ਇੰਨੀ ਗੱਲ ਮੰਨੀ ਜਾਂਦੀ ਹੈ ਕਿ ਅਵਧ ਦੇ ਨਵਾਬਾਂ ਦੇ ਰਾਜ ਕਾਲ ਦੇ ਅਖੀਰਲੇ ਪੜਾਅ ਵਿਚ ਇਹ ਸ਼ਹਿਰ ਕਾਨਪੁਰ, ਪਟਕਾਪੁਰ, ਕੂਰਸਵਾਂ, ਜੂਹੀ ਅਤ ਸੀਸਾਮਊ ਦੇ ਪਿੰਡਾਂ ਨੂੰ ਮਿਲਾਉਣ ਨਾਲ ਹੋਂਦ ਵਿਚ ਆਇਆ ਹੈ। ਗਵਾਂਢੀ ਪ੍ਰਦੇਸ਼ ਦੇ ਨਾਲ ਹੀ ਇਸ ਸ਼ਹਿਰ ਦਾ ਸ਼ਾਸਨ ਵੀ ਪਹਿਲੇ ਕਨੌਜ ਅਤੇ ਕਾਲਪੀ ਦੇ ਸ਼ਾਸਕਾਂ ਅਤੇ ਬਾਅਦ ਵਿਚ ਮੁਸਲਮਾਨ ਸ਼ਾਸਕਾਂ ਦੇ ਹੱਥਾਂ ਵਿਚ ਰਿਹਾ। ਅਠ੍ਹਾਰਵੀਂ ਸਦੀ ਵਿਚ ਇਹ ਕੇਵਲ ਇਕ ਪਿੰਡ ਹੀ ਸੀ ਅਤੇ ਇਹ ਕਨ੍ਹਈਆਪੁਰ ਜਾਂ ਕਾਨਪੁਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਇਸੇ ਹੀ ਨਾਂ ਤੋਂ ਸ਼ਹਿਰ ਦਾ ਅਜੋਕਾ ਨਾਂ ਪਿਆ। 1764-65 ਈ. ਵਿਚ ਬਕਸਰ ਅਤੇ ਜਾਜਮਊ ਦੇ ਸਥਾਨਾਂ ਤੇ ਅੰਗਰੇਜ਼ਾਂ ਦੀ ਜਿੱਤ ਹੋਈ। ਸੰਨ 1773 ਵਿਚ ਅੰਗਰੇਜ਼ਾਂ ਅਤੇ ਅਵਧ ਦੇ ਨਵਾਬ ਵਜ਼ੀਰ ਸ਼ੁਜਾ-ਉਦ-ਦੌਲਾ ਵਿਚਕਾਰ ਫੈਜ਼ਾਬਾਦ ਦੇ ਸਥਾਨ ਉੱਤੇ ਸੰਧੀ ਹੋਈ। ਸੰਧੀ ਅਨੁਸਾ ਨਵਾਬ ਵਜ਼ੀਰ ਨੇ ਅੰਗਰੇਜ਼ਾਂ ਨੂੰ ਆਪਣੇ ਇਲਾਕਿਆਂ ਵਿਚੋਂ, ਫੌਜਾਂ ਸਮੇਤ ਦੋ ਥਾਂਵਾਂ ਮੱਲਣ ਦੀ ਇਜਾਜ਼ਤ ਦੇ ਦਿਤੀ। ਪਹਿਲੀ ਵਾਰ ਫ਼ਤਿਹਗੜ੍ਹ ਅਤੇ ਹਰਦੋਈ ਜ਼ਿਲ੍ਹੇ ਦੀ ਇਕ ਥਾਂ ਚੁਣੀ ਗਈ ਪਰ ਸੰਨ 1778 ਵਿਚ ਹਰਦੋਈ ਜ਼ਿਲ੍ਹੇ ਵਿਚੋਂ ਫੌਜਾਂ ਚਲਕੇ ਕਾਨਪੁਰ ਆ ਗਈਆਂ। ਸੰਨ 1778 ਵਿਚ ਕਾਨਪੁਰ ਵਿਖੇ ਅੰਗਰੇਜ਼ੀ ਛਾਉਣੀ ਸਥਾਪਤ ਕਰ ਦਿਤੀ ਗਈ। ਸੰਨ 1801 ਵਿਚ ਨਵਾਬ ਨੇ ਹੋਰਨਾਂ ਇਲਾਕਿਆਂ ਦੇ ਨਾਲ ਹੀ ਕਾਨਪੁਰ ਜ਼ਿਲ੍ਹਾ ਅੰਗਰੇਜ਼ਾਂ ਦੇ ਹਵਾਲੇ ਕਰ ਦਿਤਾ।

          ਗੰਗਾ ਦੇ ਤੱਟ ਉਤੇ ਸਥਿਤ ਹੋਣ ਕਾਰਨ ਇਥੇ ਆਵਾਜਾਈ ਅਤੇ ਉਦਯੋਗਕ ਧੰਦਿਆਂ ਦੇ ਉੱਨਤ ਹੋਣ ਦੀਆਂ ਕਾਫ਼ੀ ਸਹੂਲਤਾਂ ਸਨ। ਇਸੇ ਕਰਕੇ ਅੰਗਰੇਜ਼ਾਂ ਨੇ ਇਥੇ ਉਦਯੋਗ ਸਥਾਪਤ ਕੀਤੇ ਅਤੇ ਸ਼ਹਿਰ ਦੇ ਵਿਕਾਸ ਦਾ ਆਰੰਭ ਹੋਇਆ। ਸਭ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਨੇ ਇਥੇ ਨੀਲ ਦੇ ਕਿੱਤੇ ਦਾ ਆਰੰਭ ਕੀਤਾ। ਸੰਨ 1832 ਵਿਚ ਜਰਨੈਲੀ ਸੜਕ ਦੇ ਬਣ ਜਾਣ ਨਾਲ ਇਹ ਸ਼ਹਿਰ ਅਲਾਹਬਾਦ ਨਾਲ ਜੁੜ ਗਿਆ। ਸੰਨ 1864 ਵਿਚ ਇਹ ਲਖਨਊ, ਕਾੱਲਪੀ ਆਦਿ ਮੁੱਖ ਸਥਾਨਾਂ ਨਾਲ ਸੜਕਾਂ ਦੁਆਰਾ ਜੋੜ ਦਿਤਾ ਗਿਆ। ਅੱਪਰ ਗੰਗਾ ਨਹਿਰ ਦਾ ਨਿਰਮਾਣ ਵੀ ਹੋ ਗਿਆ। ਆਵਾਜਾਈ ਦੇ ਇਸ ਵਿਕਾਸ ਕਰਕੇ ਸ਼ਹਿਰ ਦਾ ਵਪਾਰ ਤੇਜ਼ੀ ਨਾਲ ਵਧਿਆ।

          ਸ਼ਾਂਤੀ ਹੋਣ ਉਪਰੰਤ ਵਿਦਰੋਹੀਆਂ ਨੂੰ ਕੰਮ ਦੇ ਕੇ ਕਾਰੇ ਲਾਈ ਰੱਖਣ ਲਈ ਪੇਸ਼ਾਵਰਾਨਾ ਦ੍ਰਿਸ਼ਟੀ ਤੋਂ ਸ਼ਹਿਰ ਦੀ ਉਪਯੋਗੀ ਸਥਿਤੀ ਦਾ ਲਾਭ ਉਠਾਉਣ ਲਈ ਇਥੋਂ ਉਦਯੋਗ-ਧੰਦਿਆਂ ਦਾ ਵਿਕਾਸ ਤੇਜ਼ ਰਫਤਾਰ ਨਾਲ ਆਰੰਭਿਆ ਗਿਆ। 1859 ਈ. ਵਿਚ ਇਥੇ ਰੇਲਵੇ ਲਾਈਨ ਬਣਾਈ ਗਈ। ਇਸ ਤੋਂ ਪਿਛੋਂ ਛਾਉਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਚਮੜੇ ਦਾ ਸਰਕਾਰੀ ਕਾਰਖਾਨਾ ਲਾਇਆ ਗਿਆ। 1861 ਵਿਚ ਇਥੇ ਸੂਤੀ ਕਪੜੇ ਦੀ ਪਹਿਲੀ ਮਿੱਲ ਸਥਾਪਤ ਹੋਈ। ਰੇਲਵੇ ਦੇ ਪ੍ਰਸਾਰ ਨਾਲ ਹੌਲੀ ਹੌਲੀ ਨਵੇਂ ਕਾਰਖਾਨੇ ਸਥਾਪਤ ਹੁੰਦੇ ਗਏ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸ਼ਹਿਰ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਇਆ। ਇਥੇ ਮੁੱਖ ਤੌਰ ਤੇ ਵੱਡੇ ਪੈਮਾਨੇ ਦੇ ਉਦਯੋਗਾਂ ਵਿਚੋਂ ਸੂਤੀ ਕਪੜੇ ਦਾ ਉਦਯੋਗ ਪ੍ਰਧਾਨ ਹੈ। ਇਹ ਸ਼ਹਿਰ ਚਮੜੇ ਦੇ ਕਾਰੋਬਾਰ ਵਿਚ ਉੱਤਰੀ ਭਾਰਤ ਦਾ ਪ੍ਰਮੁੱਖ ਕੇਂਦਰ ਹੈ। ਊਨੀ ਕੱਪੜੇ ਦੇ ਉਦਯੋਗ ਅਤੇ ਪਟਸਨ ਭਾਰਤ ਦਾ ਪ੍ਰਮੁੱਖ ਕੇਂਦਰ ਹੈ। ਊਨੀ ਕੱਪੜੇ ਦੇ ਉਦਯੋਗ ਦਾ ਪਟਸਨ ਦੀਆਂ ਦੋ ਮਿੱਲਾਂ ਨੇ ਸ਼ਹਿਰ ਦੀ ਪ੍ਰਸਿੱਧੀ ਨੂੰ ਹੋਰ ਵਧਾਇਆ ਹੈ। ਇਨ੍ਹਾਂ ਵੱਡਿਆਂ ਉਦਯੋਗਾਂ ਤੋਂ ਇਲਾਵਾ ਕਾਨਪੁਰ ਵਿਚ ਛੋਟੇ-ਮੋਟੇ ਬਹੁਤ ਸਾਰੇ ਕਾਰਖਾਨੇ ਹਨ। ਪਲਾਸਟਿਕ ਦਾ ਉਦਯੋਗ, ਇੰਜਨੀਅਰਿੰਗ ਦਾ ਸਾਮਾਨ ਬਣਾਉਣ ਦੇ ਕਾਰਖਾਨੇ, ਸਾਬਣ ਬਣਾਉਣ ਦਾ ਧੰਦਾ, ਆਟੇ ਦੀਆਂ ਮਿੱਲਾਂ, ਸ਼ੀਸ਼ੇ ਦਾ ਸਾਮਾਨ ਤਿਆਰ ਕਰਨ ਦੇ ਕਾਰਖਾਨੇ ਅਤੇ ਬਿਸਕੁਟ ਆਦਿ ਬਣਾਉਣ ਦੇ ਕਾਰਖਾਨੇ ਪੂਰੇ ਸ਼ਹਿਰ ਵਿਚ ਫੈਲੇ ਹੋਏ ਹਨ। ਸੂਤੀ ਕੱਪੜੇ ਦੀਆਂ 16 ਮਿੱਲਾਂ ਅਤੇ ਗਰਮ ਕੱਪੜੇ ਦੀਆਂ 2 ਮਿੱਲਾਂ ਤੋਂ ਇਲਾਵਾ ਇਥੇ ਆਧੁਨਿਕ ਯੁੱਗ ਦੇ ਲਗਭਗ ਸਭ ਤਰ੍ਹਾਂ ਦੇ ਛੋਟੇ ਅਤੇ ਵੱਡੇ ਉਦਯੋਗ ਹਨ। ਟੈਨਰੀ ਐਂਡ ਫੁੱਟਵੀਅਰ ਕਾਰਪੋਰੇਸ਼ਨ ਆਫ਼ ਇੰਡੀਆਂ ਲਿਮਟਿਡ ਅਤੇ ਆਰਟੀਫੀਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਲਿਮਟਿਡ ਵੀ ਇਥੇ ਹੀ ਸਥਾਪਤ ਹਨ।

          ਸ਼ਹਿਰ ਦਾ ਆਕਾਰ ਇਕ ਚਤਰਭੁਜ ਵਾਂਗ ਹੈ ਜਿਸਦਾ ਇਕ ਵੱਡਾ ਪਾਸਾ ਗੰਗਾ ਨਦੀ ਦਾ ਸੱਜਾ ਕੰਢਾ ਹੈ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਵੀ ਇਥੇ ਨਗਰਪਾਲਿਕਾ ਦੁਆਰਾ ਹੀ ਪ੍ਰਬੰਧ ਹੁੰਦਾ ਰਿਹਾ ਹੈ। ਸੰਨ 1943 ਵਿਚ ਸ਼ਹਿਰ ਦੀਆਂ ਵਧਦੀਆਂ ਹੋਈਆਂ ਲੋੜਾਂ ਨੂੰ ਮੁਖ ਰੱਖਦੇ ਹੋਏ ਇੰਪਰੂਵਮੈਂਟ ਟਰੱਸਟ ਸਥਾਪਤ ਕੀਤਾ ਗਿਆ ਜਿਸ ਨੇ ਇਸ ਸ਼ਹਿਰ ਦਾ ਵਿਸਥਾਰ ਤੇ ਵਿਕਾਸ ਬੜੇ ਸੁਚੱਜੇ ਢੰਗ ਨਾਲ ਇਕ ਤਰਤੀਬ ਵਿਚ ਕੀਤਾ।

          ਸ਼ਹਿਰ ਦੇ ਵਿਸਥਾਰ ਦੇ ਫਲਸਰੂਪ ਆਜ਼ਾਦ ਨਗਰ, ਕਿਦਵਈ ਨਗਰ, ਅਸ਼ੋਕ ਨਗਰ, ਸੀਸਾਮਊ, ਕਾਕਾਦੇਵ ਆਦਿ ਬਾਹਰਲੇ ਖੇਤਰਾਂ ਦਾ ਯੋਜਨਾ-ਬੱਧ ਵਿਕਾਸ ਹੋਇਆ ਹੈ। ਸ਼ਹਿਰ ਦੇ ਵਿਚੋਂ ਦੀ ਲੰਘਦੀ ਜੀ. ਟੀ. ਰੋਡ ਇਥੋਂ ਦੀ ਆਵਾਜਾਈ ਦੀ ਰੀੜ੍ਹ ਦੀ ਹੱਡੀ ਕਹਾਉਂਦੀ ਹੈ।

          ਯੋਜਨ ਦੇ ਫਲਸਰੂਪ ਸ਼ਹਿਰ ਦੇ ਮੱਧ ਖੇਤਰ ਦੇ ਸੁਧਾਰ ਲਈ ਯੋਜਨਾ ਬੱਧ ਬਾਜ਼ਾਰਾਂ, ਉਦਯੋਗਿਕ ਖੇਤਰਾਂ ਅਤੇ ਰਿਹਾਇਸ਼ੀ ਖੇਤਰਾਂ ਦਾ ਚੋਖਾ ਵਿਕਾਸ ਹੋਇਆ ਹੈ। ਇਹ ਸ਼ਹਿਰ ਉੱਤਰੀ ਰੇਲਵੇ ਦਾ ਭਾਰੀ ਜੰਕਸ਼ਨ ਬਣ ਗਿਆ ਹੈ। ਸ਼ਹਿਰ ਦਾ ਸਬੰਧ ਦੇਸ਼ ਦੇ ਸਾਰੇ ਹਿੱਸਿਆਂ ਨਾਲ ਹੈ ਅਤੇ ਅਜੋਕੇ ਯੁੱਗ ਦੀਆਂ ਸਾਰੀਆਂ ਸਹੂਲਤਾਂ ਇਥੇ ਮੌਜੂਦ ਹਨ।

          ਇਥੇ ਇਕ ਯੂਨੀਵਰਸਿਟੀ, ਡਾਕਟਰੀ, ਕਾਨੂੰਨ, ਖੇਤੀਬਾੜੀ ਦੇ ਕਾਲਜ, ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਅਤੇ ਇਕ ਸਰਕਾਰੀ ਪ੍ਰਯੋਗਾਤਮਕ ਫ਼ਾਰਮ ਹੈ। ਹਿੰਦੂਆਂ ਦਾ ਸ਼ੀਸ਼ੇ ਦਾ ਮੰਦਰ ਅਤੇ ਕਮਲਾ ਰਿਟਰੀਟ ਅਤੇ ਝੀਲ ਉਤੇ ਬਣਿਆ ਇਕ ਰੈਸਟ ਹਾਊਸ ਸ਼ਹਿਰ ਦੀਆਂ ਪ੍ਰਸਿੱਧ ਇਮਾਰਤਾਂ ਹਨ। ਸ਼ਹਿਰ ਦੇ ਨੇੜੇ ਹੀ ਇਕ ਹਵਾਈ ਅੱਡਾ ਹੈ।

          ਆਬਾਦੀ––17,82,665 (1981)

          26˚ 28' ਉ. ਵਿਥ.; 80˚ 20' ਪੂ. ਲੰਬ.

          ਹ. ਪੁ.––ਹਿੰ. ਵਿ. ਕੋ. 2 : 448


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1912, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਨਪੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਨਪੁਰ : ਛਾਉਣੀ––ਉੱਤਰ ਪ੍ਰਦੇਸ਼ ਰਾਜ (ਭਾਰਤ) ਦੇ ਇਸੇ ਹੀ ਨਾਂ ਦੇ ਸ਼ਹਿਰ ਵਿਚ ਇਕ ਛਾਉਣੀ ਹੈ। ਸੰਨ 1778 ਵਿਚ ਅੰਗਰੇਜ਼ੀ ਛਾਉਣੀ ਬਿਲਗ੍ਰਾਮ ਦੇ ਨੇੜੇ ਫੈਜ਼ਪੁਰ ‘ਕੰਪੂ’ ਨਾਮੀ ਸਥਾਨ ਤੋਂ ਹਟ ਕੇ ਕਾਨਪੁਰ ਆ ਗਈ। ਛਾਉਣੀ ਦੇ ਇਸ ਪਰਿਵਰਤਨ ਦਾ ਮੁੱਖ ਕਾਰਨ ਕਾਨਪੁਰ ਦੀ ਪੇਸ਼ਾਵਰਾਨਾ ਉੱਨਤੀ ਸੀ ਜਿਸਦੇ ਨਾਲ ਨਾਲ ਇਸ ਗੱਲ ਦੀ ਵਿਸ਼ੇਸ਼ ਲੋੜ ਮਹਿਸੂਸ ਹੋਣ ਲੱਗੀ ਕਿ ਯੂਰਪੀ ਵਪਾਰੀਆਂ ਅਤੇ ਉਨ੍ਹਾਂ ਦੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਰਖਿਆ ਲਈ ਇਥੇ ਫ਼ੌਜ ਰੱਖੀ ਜਾਵੇ। ਅੰਗਰੇਜ਼ ਫ਼ੌਜ ਪਹਿਲਾਂ ਸੂਹੀ, ਫਿਰ ਅਜੋਕੀ ਛਾਉਣੀ ਵਿਚ ਆ ਵਸੀ। ਕਾਨਪੁਰ ਦੀ ਛਾਉਣੀ ਵਿਚ ਪੁਰਾਣੇ ਕਾਨਪੁਰ ਦੀ ਹੱਦ ਤੋਂ ਲੈ ਕੇ ਜਾਜਮਊ ਦੀ ਹੱਦ ਤਕ ਦਾ ਵਿਚਕਾਰਲਾ ਲਗਭਗ ਸਾਰਾ ਭਾਗ ਸ਼ਾਮਲ ਸੀ। ਕਾਨਪੁਰ ਦੇ ਸੰਨ 1840 ਦੇ ਨਕਸ਼ ਤੋਂ ਪਤਾ ਲਗਦਾ ਹੈ ਕਿ ਉੱਤਰ ਵਲ ਪੁਰਾਣੇ ਕਾਨਪੁਰ ਦੀ ਪੂਰਬੀ ਹੱਦ ਤੋਂ ਜਾਜਮਊ ਤੀਕ ਗੰਗਾ ਦੇ ਕੰਢੇ-ਕੰਢੇ ਛਾਉਣੀ ਦੀ ਹੱਦ ਚਲੀ ਗਈ ਸੀ। ਪੱਛਮ ਵਿਚ ਇਸ ਛਾਉਣੀ ਦੀ ਹੱਦ ਉੱਤਰ ਤੋਂ ਦੱਖਣ ਵਲ ਨੂੰ ਭੈਰੋਘਾਟ ਤੋਂ ਸੀਸਾਮਾਊ ਤਕ ਚਲੀ ਗਈ ਸੀ। ਇਥੋਂ ਇਹ ਵਰਤਮਾਨ ਮਾਲ ਰੋਡ ਦੇ ਕਿਨਾਰੇ-ਕਿਨਾਰੇ ਪਟਕਾਪੁਰ ਤੀਕ ਚਲੀ ਗਈ ਸੀ। ਫਿਰ ਦੱਖਣ-ਪੱਛਮ ਵਲ ਨੂੰ ਮੁੜ ਕੇ ਕਲੈਕਟਰਗੰਜ ਤੀਕ ਪਹੁੰਚਦੀ ਸੀ। ਉਦੋਂ ਇਹ ਹੱਦ ਸ਼ਹਿਰ ਦੇ ਦੱਖਣੀ ਪੱਛਮੀ ਭਾਗ ਨੂੰ ਘੇਰਦੀ ਹੋਈ ਦਲੇਲਪੁਰਵਾ ਪਹੁੰਚਦੀ ਸੀ ਅਤੇ ਇਥੋਂ ਦੱਖਣ ਵਲ ਨੂੰ ਸਮਾਂਨਾਂਤਰ ਜਾ ਕੇ ਜਾਜਮਊ ਤੋਂ ਆਉਣ ਵਾਲੀ ਪੂਰਬੀ ਹੱਦ ਵਿਚ ਜਾ ਕੇ ਮਿਲ ਜਾਂਦੀ ਸੀ। ਛਾਉਣੀ ਦੇ ਅੰਦਰ ਇਕ ਵਿਸ਼ਾਲ ਅਸਲਾਖ਼ਾਨਾ ਅਤੇ ਯੂਰਪੀਅਨ ਹਸਪਤਾਲ ਸੀ। ਪਰਮਟ ਦੇ ਦੱਖਣ ਵਿਚ ਅੰਗਰੇਜ਼ੀ ਪੈਦਲ ਸੈਨਾ ਦੀ ਬੈਰਕ ਅਤੇ ਪਰੇਡ ਕਰਨ ਦਾ ਮੈਦਾਨ ਸੀ। ਇਸਦੇ ਅਤੇ ਸ਼ਹਿਰ ਦੇ ਵਿਚਕਾਰ ਕਾਲੀ ਪਟਸਨ ਦੀਆਂ ਬੈਰਕਾਂ ਸਨ ਜੋ ਪੱਛਮ ਵਿਚ ਸੂਬੇਦਾਰ ਦੇ ਤਲਾਬ ਤੋਂ ਲੈ ਕੇ ਪੂਰਬ ਵਿਚ ਕ੍ਰਾਈਸਟ ਚਰਚ ਤੀਕ ਫੈਲੀ ਹੋਈ ਸੀ। ਛਾਉਣੀ ਦੇ ਪੂਰਬੀ ਭਾਗ ਵਿਚ ਵੱਡਾ ਤੋਪਖਾਨਾ ਸੀ ਅਤੇ ਇਕ ਅੰਗਰੇਜ਼ੀ ਰਿਸਾਲਾ ਰਹਿੰਦਾ ਸੀ। 1857 ਦੇ ਵਿਦਰੋਹ ਤੋਂ ਬਾਅਦ ਸੀਮਾ ਵਿਚ ਫਿਰ ਪਰਿਵਰਤਨ ਆਇਆ। ਛਾਉਣੀ ਦਾ ਵਧੇਰੇ ਭਾਗ ਨਾਗਰਿਕਾਂ ਨੂੰ ਦੇ ਦਿਤਾ ਗਿਆ। ਇਸ ਵੇਲੇ ਛਾਉਣੀ ਦੀ ਸੀਮਾ ਉੱਤਰ ਵਿਚ ਗੰਗਾ ਨਦੀ, ਦੱਖਣ ਵਿਚ ਜੀ. ਟੀ. ਰੋਡ ਅਤੇ ਪੂਰਬ ਵਿਚ ਜਾਜਮਊ ਹੈ। ਪੱਛਮ ਵਿਚ ਲਖਨਊ ਜਾਣ ਵਾਲੀ ਰੇਲਵੇ ਲਾਈਨ ਦੇ ਕਿਨਾਰੇ ਕਿਨਾਰੇ ਮਾਲ ਰੋਡ ਉਤੇ ਆਉਣ ਵਾਲੇ ਨਹਿਰ ਦੇ ਪੁਲ ਤੋਂ ਹੁੰਦੀ ਹੋਈ ਫੂਲਬਾਗ ਦੇ ਉੱਤਰ ਵਲੋਂ ਗੰਗਾ ਦੇ ਕਿਨਾਰੇ ਹਾਰਨੈਸ ਫੈਕਟਰੀ ਤੀਕ ਚਲੀ ਗਈ ਹੈ। ਛਾਉਣੀ ਦੇ ਮੁਹੱਲੇ ਸਦਰਬਾਜ਼ਾਰ, ਗੋਰਾਬਾਜ਼ਾਰ, ਲਾਲਕੁਰਤੀ, ਕਛਿਆਣਾ, ਸ਼ੁਤਰਖਾਨਾ, ਦਾਨਾਖੋਰੀ ਆਦਿ ਦੇ ਨਾਂ ਸਾਨੂੰ ਪੁਰਾਣੀ ਛਾਉਣੀ ਦੇ ਰੋਜ਼ਾਨਾ ਜੀਵਨ ਨਾਲ ਸਬੰਧਛ ਵੱਖ-ਵੱਖ ਬਾਜ਼ਾਰਾਂ ਦੀ ਯਾਦ ਦਿਵਾਉਂਦੇ ਹਨ।

          ਅੱਜਕੱਲ੍ਹ ਛਾਉਣੀ ਦੀ ਉਹ ਰੌਣਕ ਨਹੀਂ ਹੈ ਜੋ ਪਹਿਲਾਂ ਹੁੰਦੀ ਸੀ। ਉਦੇਸ਼ ਪੂਰੇ ਹੋ ਜਾਣ ਕਾਰਨ ਅੰਗਰੇਜ਼ਾਂ ਦੇ ਰਾਜ-ਕਾਲ ਵਿਚ ਹੀ ਸੈਨਾ ਦਾ ਕੈਂਪ ਤੋੜ ਦਿਤਾ ਗਿਆ ਪਰ ਹੁਣ ਵੀ ਇਥੇ ਕੁਝ ਫ਼ੌਜਾਂ ਰਹਿੰਦੀਆਂ ਹਨ। ਬੈਰਕਾਂ ਵਿਚ ਫਿਰ ਸਨਾਟਾ ਛਾਇਆ ਹੋਇਆ ਹੈ। ਛਾਉਣੀ ਦੀਆਂ ਕਿੰਨੀਆਂ ਹੀ ਬੈਰਕਾਂ ਤਾਂ ਖ਼ਾਲੀ ਪਈਆਂ ਹੋਈਆਂ ਹਨ ਜਾਂ ਉਨ੍ਹਾਂ ਵਿਚ ਸਰਕਾਰੀ ਕਰਮਚਾਰੀ ਕਿਰਾਏ ਤੇ ਰਹਿੰਦੇ ਹਨ। ਮੈਮੋਰੀਅਲ ਚਰਚ, ਕਾਨਪੁਰ ਕਲੱਬ ਅਤੇ ਲਾਟ ਸਾਹਿਬ ਦੀ ਕੋਠੀ (ਸਰਕਟ ਹਾਊਸ) ਦੇ ਕਾਰਨ ਇਥੋਂ ਦੀ ਕੁਝ ਰੌਣਕ ਬਣੀ ਹੋਈ ਹੈ। ਛਾਉਣੀ ਦਾ ਪ੍ਰਬੰਧ ਕੈਨਟੋਨਮੈਂਟ ਬੋਰਡ ਦੇ ਸਪੁਰਦ ਹੈ ਜਿਸਦੇ ਕੁਝ ਚੁਣੇ ਹੋਏ ਮੈਂਬਰ ਹੁੰਦੇ ਹਨ।

          ਹ. ਪੁ.––ਹਿੰ. ਵਿ. ਕੋ. 2 : 449


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1912, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.