ਕੀਰਨਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੀਰਨਾ : ਅਲਾਹੁਣੀ ਤੇ ਕੀਰਨੇ ਨੂੰ ਸ਼ੋਕ-ਗੀਤ ਕਹਿਣਾ ਵਧੇਰੇ ਉਚਿਤ ਹੋਵੇਗਾ। ਕੁਝ ਵਿਦਵਾਨਾਂ ਨੇ ਕੀਰਨੇ ਨੂੰ ਅਲਾਹੁਣੀ ਦੇ ਅੰਤਰਗਤ ਹੀ ਵਿਚਾਰਿਆ ਹੈ। ਵਣਜਾਰਾ ਬੇਦੀ ਨੇ ਕੀਰਨੇ ਨੂੰ ਇਸ ਕਰ ਕੇ ਅਲਾਹੁਣੀ ਨਾਲੋਂ ਕੁਝ ਵੱਖਰਾ ਮੰਨਿਆ ਹੈ ਕਿ ਇਹ ਇੱਕ ਵਿਅਕਤੀਗਤ ਰਚਨਾ ਹੁੰਦੀ ਹੈ, ਜਦੋਂ ਕਿ ਅਲਾਹੁਣੀ ਸਮੂਹਕ ਸ਼ੋਕ-ਗੀਤ ਮੰਨਿਆ ਜਾਣਾ ਚਾਹੀਦਾ ਹੈ। ਬਹੁਤੇ ਲੋਕਯਾਨ ਵਿਗਿਆਨੀ ਅਲਾਹੁਣੀ ਤੇ ਕੀਰਨੇ ਨੂੰ ਇੱਕ ਹੀ ਰੂਪ ਮੰਨ ਕੇ ਇਸ ਤੇ ਚਰਚਾ ਕਰਦੇ ਹਨ। ਨਾਹਰ ਸਿੰਘ ਕੀਰਨੇ ਨੂੰ ਪਰਿਭਾਸ਼ਿਤ ਕਰਦਿਆਂ ਲਿਖਦਾ ਹੈ:

     ਕੀਰਨਾ ਹੌਕੇ ਤੇ ਲੇਰ ਦੇ ਅੰਤਰਗਤ ਸ਼ਿਕਾਇਤ ਦੇ ਲਹਿਜ਼ੇ ਵਿੱਚ ਉਚਰਿਤ ਅਜਿਹਾ ਪ੍ਰਗੀਤਾਤਮਕ ਗੀਤ ਰੂਪ ਹੈ, ਜੋ ਕਿ ਥੀਮਿਕ ਟਕਰਾਉ ਦੀ ਕਾਵਿਕ ਜੁਗਤ ਉੱਤੇ ਆਧਾਰਿਤ ਮੈਂ ਤੇ ਤੂੰ ਦੇ ਇਕਾਗਰ ਸੰਬੰਧ ਪਰ ਸਵੈ ਸੰਬੋਧਨ ਰਾਹੀਂ ਥੀਮਿਕ ਟਕਰਾਉ ਨੂੰ ਸਿਰਫ਼ ਟਕਰਾਉ/ਤਨਾਉ ਦੀ ਸਥਿਤੀ ਵਿੱਚ ਹੀ ਪੇਸ਼ ਕਰਦਾ ਹੈ। ਇਸ ਦੀ ਭਾਸ਼ਾ ਦਾ ਰੁਖ ਮੁਹਾਵਰੇ ਵੱਲ ਹੁੰਦਾ ਹੈ। ਇਸ ਵਿੱਚ ਬਹੁਤ ਵਾਰ ਰੂਪਕ ਸਿਰਜਣਾ ਤੇ ਮਾਨਵੀਕਰਨ ਦੀਆਂ ਕਾਵਿ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ।

     ਨਾਹਰ ਸਿੰਘ ਕਿਉਂਕਿ ਲੋਕ-ਗੀਤ ਦੀਆਂ ਰੂਪਗਤ ਵਿਸ਼ੇਸ਼ਤਾਈਆਂ ਨੂੰ ਹੀ ਆਪਣੇ ਸਾਮ੍ਹਣੇ ਰੱਖਦਾ ਹੈ, ਇਸ ਲਈ ਉਪਰੋਕਤ ਪਰਿਭਾਸ਼ਾ ਦਿੰਦਿਆਂ ਇਸ ਦੇ ਰੂਪ ਨੂੰ ਹੀ ਵਧੇਰੇ ਧਿਆਨ ਵਿੱਚ ਰੱਖਦਾ ਹੈ। ਸਾਡੇ ਵਿਚਾਰ ਵਿੱਚ ਕੀਰਨੇ ਨੂੰ ਸ਼ੋਕ-ਗੀਤ ਵੀ ਕਹਿਣਾ ਠੀਕ ਨਹੀਂ ਲੱਗਦਾ। ਇਸਦੇ ਦੋ ਕਾਰਨ ਹਨ : ਪਹਿਲਾ ਇਹ ਕਿ ਕੀਰਨਾ ਵਿਅਕਤੀਗਤ ਭਾਵਨਾਵਾਂ ਨੂੰ ਹੀ ਉਜਾਗਰ ਨਹੀਂ ਕਰਦਾ ਸਗੋਂ ਇਹ ਵਿਅਕਤੀਗਤ ਤੌਰ ਤੇ ਹੀ ਭਾਵਨਾਵਾਂ ਦਾ ਪ੍ਰਗਟਾਅ ਹੈ। ਮਰੇ ਬੰਦੇ ਪ੍ਰਤਿ ਸ਼ਬਦਾਂ ਨੂੰ ਲੈਆਤਮਿਕ ਰੂਪ ਦੇ ਦੇਣਾ ਹੀ ਗੀਤ ਨਹੀਂ ਕਿਹਾ ਜਾ ਸਕਦਾ। ਬੱਚੇ ਤੇ ਔਰਤ ਜਦੋਂ ਪਿਉ ਜਾਂ ਮਰਦ ਦੀ ਬੇਵਜ੍ਹਾ ਕੁੱਟ ਦਾ ਸ਼ਿਕਾਰ ਹੁੰਦੇ ਹਨ ਤਾਂ ਰੋਂਦੇ ਸਮੇਂ ਕੀਰਨਿਆਂ ਵਰਗਾ ਹੀ ਰੋਣ ਰੋਂਦੇ ਹਨ ਕੀ ਅਸੀਂ ਉਸ ਨੂੰ ਵੀ ‘ਲੋਕ-ਗੀਤ’ ਦਾ ਨਾਂ ਦੇਵਾਂਗੇ? ਇੱਕ ਪਾਸੇ ਤਾਂ ਵਿਦਵਾਨਾਂ ਨੇ ਤੁਕਾਂਤ ਮਿਲਣ ਕਾਰਨ ਬੁਝਾਰਤ, ਅਖਾਣਾਂ ਤੇ ਮੁਹਾਵਰਿਆਂ ਨੂੰ ਵੀ ਲੋਕ-ਕਾਵਿ ਵਿੱਚ ਸ਼ਾਮਲ ਕਰ ਲਿਆ ਹੈ ਤਾਂ ਦੂਜੇ ਪਾਸੇ ਕੀਰਨੇ ਵਰਗੇ ਤੁਕਾਂਤ ਰਹਿਤ ਉਚਾਰਨ ਨੂੰ ਵੀ ਕਾਵਿ ਦੇ ਅੰਤਰਗਤ ਮੰਨ ਲਿਆ ਹੈ। ਜੇਕਰ ਪਾਏ ਗਏ ਕੀਰਨਿਆਂ ਨੂੰ ਧਿਆਨ ਵਿੱਚ ਰੱਖੀਏ ਤਾਂ ਇਹ ਇੱਕ ਵਾਰਤਕ ਰਚਨਾ ਦਿਖਾਈ ਦਿੰਦੀ ਹੈ, ਜਿਸ ਦੇ ਉਚਾਰਨ ਸਮੇਂ ਲੇਰਾਂ ਵਿੱਚ ਪੇਸ਼ ਕਰਨ ਕਾਰਨ ਇੱਕ ਲੈਅ ਦਾ ਅਹਿਸਾਸ ਹੁੰਦਾ ਹੈ ਪਰੰਤੂ ਇਹ ਲੋਕ-ਕਾਵਿ ਨਹੀਂ ਅਖਵਾ ਸਕਦਾ।


ਲੇਖਕ : ਕਰਮਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕੀਰਨਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀਰਨਾ (ਨਾਂ,ਪੁ) ਉੱਚੀ ਅਵਾਜ਼ ਵਿੱਚ ਕੀਤਾ ਵਿਰਲਾਪ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੀਰਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀਰਨਾ [ਨਾਂਪੁ] ਉੱਚੀ ਸੁਰ ਨਾਲ਼ ਰੋਣ ਦਾ ਭਾਵ, ਵੈਣ , ਵਿਰਲਾਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4678, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੀਰਨਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕੀਰਨਾ : ਕੀਰਨਾ ਮੌਤ ਤੇ ਸਦਮੇ ਨਾਲ ਸਬੰਧਤ ਲੋਕ ਗੀਤ ਹੈ ਜੋ ਮੌਤ ਸਮੇਂ ਇਸਤਰੀਆਂ ਪਾਉਂਦੀਆਂ ਹਨ। ਡਾ. ਮਹਿੰਦਰ ਸਿੰਘ ਰੰਧਾਵਾ ਨੇ ਕੀਰਨੇ ਨੂੰ ‘ਅਲਾਹੁਣੀ' ਨਾਂ ਵੀ ਦਿਤਾ ਹੈ ਅਤੇ ਕਈ ਹੋਰਨਾਂ ਨੇ ‘ਕੀਰਨੇ' ਨੂੰ ਵੈਣ ਵੀ ਕਿਹਾ ਹੈ। ਡਾ. ਵਣਜਾਰਾ ਬੇਦੀ ਨੇ ‘ਕੀਰਨਾ' ਅਤੇ ਅਲਾਹੁਣੀ ਦੇ ਅੰਤਰ ਨੂੰ ਪ੍ਰਗਟਾਉਂਦਿਆਂ ਦੱਸਿਆ ਕਿ ਜਦੋਂ ਇਕੱਲੀ ਔਰਤ ਸ਼ੋਕ ਸਮੇਂ ਤੁਕਾਂ ਅਲਾਪਦੀ ਹੈ, ਉਦੋਂ ਉਨ੍ਹਾਂ ਤੁਕਾਂ ਨੂੰ ‘ਵੈਣ' ਜਾਂ ‘ਕੀਰਨੇ' ਦਾ ਨਾਂ ਦਿਤਾ ਜਾਂਦਾ ਹੈ। ਗਿਆਨੀ ਗੁਰਦਿੱਤ ਸਿੰਘ ‘ਕੀਰਨਾ' ਇਕ ਔਰਤ ਦੂਜੀ ਦੇ ਗਲ ਲੱਗ ਕੇ ਪਾਉਂਦੀ ਹੈ ਪਰ ਅਲਾਹੁਣੀਆਂ ਕਿਸੇ ਪੇਸ਼ਾਵਰ ਸਿਆਪਾਕਾਰ ਔਰਤ ਦੀ ਅਗਵਾਈ ਵਿਚ ਸਮੂਹ ਦੇ ਹੁੰਕਾਰੇ ਨਾਲ ਉਚਾਰੀਆਂ ਜਾਂਦੀਆਂ ਹਨ।

     ਕੀਰਨਿਆਂ ਦਾ ਸਬੰਧ ਅੰਦਰਲੇ ਭਾਵਾਂ ਨਾਲ ਹੈ, ਅੰਦਰਲਾ ਭਾਵ ਜਦੋਂ ਜੋਰਾਂ ਤੇ ਹੁੰਦਾ ਹੈ, ਤਾਂ ਭਾਵਨਾਵਾਂ ਦਾ ਪ੍ਰਗਟਾਅ ਆਪ ਮੁਹਾਰੇ ਐਲਾਨ-ਨੁਮਾ ਲਹਿਜੇ ਵਿਚ ਜਾਂ ਫਰਿਆਦ ਦੇ ਰੂਪ ਵਿਚ ਹੁੰਦਾ ਹੈ। ਇਹ ਪ੍ਰਗਟਾਅ ਆਪਣੇ ਆਪ ਸਰੋਦੀ ਰੂਪ ਵਿਚ ਬਾਹਰ ਆਉਂਦਾ ਹੈ ਅਤੇ ਕੀਰਨੇ ਪਾਉਣ ਵਾਲੀ ਇਸਤਰੀ ਇਕੋ ਸਾਹ ਵਿਚ ਵੱਧ ਤੋਂ ਵੱਧ ਬੋਲ ਉਚਾਰਣ ਲਈ ਕਾਹਲੀ ਹੁੰਦੀ ਹੈ।

      ਡਾ. ਨਾਹਰ ਸਿੰਘ ਅਨੁਸਾਰ, ‘ਕੀਰਨੇ' ਵਿਚ ਟਕਰਾਉਂਦੇ ਸਾਂਸਕ੍ਰਿਤਕ ਸੰਦਰਭਾਂ ਨੂੰ ਸਿਰਜਦੇ ਬਿੰਬ ਇਕ ਦੂਜੇ ਦੇ ਸਨਮੁਖ ਰੱਖ ਕੇ ਪੇਸ਼ ਕੀਤੇ ਜਾਂਦੇ ਹਨ। ਇਹ ਟਕਰਾਉ ਵਿਛੜਨ ਵਾਲੇ ਵਿਅਕਤੀ ਤੋਂ ਪ੍ਰਾਪਤ ਹੋਣ ਵਾਲੇ ਸੁੱਖ ਅਤੇ ਉਸ ਦੀ ਗ਼ੈਰਹਾਜ਼ਰੀ ਵਿਚ ਆਉਣ ਵਾਲੇ ਸੰਭਾਵਿਤ ਦੁੱਖ ਦੀ ਸਥਿਤੀ ਨੂੰ ਉਘਾੜਦਾ ਹੈ।

  ਕੀਰਨਾ ਪਾਉਣ ਵਾਲੇ ਨੂੰ ‘ਮੈਂ' ਅਤੇ ਵਿਛੜੇ ਵਿਅਕਤੀ ਨੂੰ ‘ਤੂੰ' ਕਰ ਕੇ ਸੰਬੋਧਤ ਕੀਤਾ ਜਾਂਦਾ ਹੈ।ਇਕ ਇਸਤਰੀ ਆਪਣੀ ਲੜਕੀ ਦੀ ਮੌਤ ਤੇ ਇਸ ਪ੍ਰਕਾਰ ਦੇ ਕੀਰਨੇ ਪਾਉਂਦੀ ਹੈ :-

   ‘‘ ਰਥ ਗੱਡੀ ਦੀਆਂ ਧੂੜਾਂ ਨਾਂ ਮਿਟੀਆਂ

    ਤੂੰ ਤਾਂ ਤੁਰ ਗਈ ਜਹਾਨੋ

    ਨੀ ਮੇਰੀਏ ਮੋਰਨੀਏਂ ਧੀਏ ''

   ਕਿਸੇ ਇਸਤਰੀ ਦਾ ਪੁੱਤ ਮਰਨ ਤੇ ਉਹ ਇਸ ਤਰ੍ਹਾਂ ਦਾ ਕੀਰਨਾ ਪਾਉਂਦੀ ਹੈ : -

    ‘‘ ਜਦ ਤੂੰ ਪਲੰਘ ਨਵਾਰੀ ਛੱਡ ਕੇ ਭੁੰਜੇ ਬੈਠ ਗਿਆ

     ਵੇ ਕੱਲ੍ਹ ਜਣਿਆ ਪੁੱਤਾ ਵੇ

    ਪਿਉ ਤੇਰਾ ਰਾਜਾ ਹਟ ਗਿਆ ਪਿਛਾੜੀ '' .........................

   ਜਦੋਂ ਕੋਈ ਬੁੱਢਾ ਮਰਦਾ ਹੈ ਤਾਂ ਅਜਿਹੀ ਮੌਤ ਨਾਲ ਸਬੰਧਤ ਕੀਰਨਿਆਂ ਦੀ ਸੁਰ ਸ਼ਰਧਾਂਜਲੀ ਵਾਲੀ ਹੁੰਦੀ ਹੈ, ਜਿਵੇਂ :-

  ‘‘ ਕੁਰਸੀ ਡਾਹ ਕੇ ਬਹਿ ਜੋ ਜੀ

    ਟੱਬਰ ਘੁੰਮੇ ਸੋਡੇ ਚਾਰ ਚੁਫੇਰੇ ਜੀ '' ...........................................

      ‘ਉਮਰ' ਦੇ ਪੱਖ ਤੋਂ ਕੀਰਨੇ ਵਿਚ ਜਜ਼ਬਾਤੀਪਨ ਘੱਟ ਜਾਂ ਵੱਧ ਹੁੰਦਾ ਹੈ। ਜੇ ਜਵਾਨੀ ਦੀ ਉਮਰ ਵਿਚ ਕੋਈ ਧੀ ਪੁੱਤ ਮਰਦਾ ਹੈ ਤਾਂ ਕੀਰਨਿਆਂ ਵਿਚ ਜਜ਼ਬਾਤ ਵਧੇਰੇ ਤੀਬਰ ਰੂਪ ਵਿਚ ਮਿਲਦੇ ਹਨ ਪਰ ਕਿਸੇ ਦੇ ਬੁਢਾਪੇ ਵਿਚ ਮਰ ਜਾਣ ਤੇ ਜਜ਼ਬਾਤ ਵਿਚ ਉੱਨੀ ਤੀਬਰਤਾ ਨਹੀਂ ਹੁੰਦੀ।

      ਕੀਰਨਿਆਂ ਵਿਚ ਇਕ ਪ੍ਰਕਾਰ ਦੀ ਆਦਿਮ ਕੂਕ ਵੀ ਉਸ ਸਮੇਂ ਆ ਜਾਂਦੀ ਹੈ ਜਦੋਂ ਕਿਸੇ ਮ੍ਰਿਤਕ ਸਰੀਰ ਨੂੰ ਅੱਗ ਦੀ ਭੇਟ ਕੀਤਾ ਜਾਂਦਾ ਹੈ। ਕੂਕ ਉਥੇ ਆਉਂਦੀ ਹੈ ਜਦੋਂ ਮਨੁੱਖੀ ਜਜ਼ਬਾਤ ਸ਼ਬਦਾਂ ਦਾ ਰੂਪ ਧਾਰਨ ਕਰਨ ਦੀ ਸੀਮਾ ਤੋਂ ਬਾਹਰ ਨਿਕਲ ਜਾਂਦੇ ਹਨ। ਕੀਰਨੇ ਦੀ ਉਚਾਰਣ ਵਿਧੀ ਵਿਅਕਤੀ ਮੁੱਖ ਹੁੰਦੀ ਹੈ, ਇਸ ਲਈ ਕੀਰਨਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-04-08-17, ਹਵਾਲੇ/ਟਿੱਪਣੀਆਂ: ਹ. ਪੁ. -ਲੋਕ ਕਾਵਿ ਦੀ ਸਿਰਜਣ-ਪ੍ਰਕਿਰਿਆ -ਡਾ. ਨਾਹਰ ਸਿੰਘ : 141 154; ਮੇਰਾ ਪਿੰਡ-482-498-500-ਗਿਆਨੀ ਗੁਰਦਿੱਤ ਸਿੰਘ; ਮ. ਕੋ.

ਕੀਰਨਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੀਰਨਾ, (ਸੰਸਕ੍ਰਿਤ : कन्दन√कृन्द; कोशन√कुश्=ਵਿਰਲਾਪ ਕਰਨਾ) \ ਪੁਲਿੰਗ : ਵੈਣ, ਵਿਰਲਾਪ, ਰੋਣ ਦੀ ਚੀਕ, ਉੱਚੀ ਸੁਰ ਨਾਲ ਰੋਣ ਦਾ ਭਾਵ

–ਕੀਰਨੇ, ਪੁਲਿੰਗ : ਕੀਰਨਾ ਦਾ ਬਹੁ ਵਚਨ; ਰੋਣ ਵਿੱਚ ਵਿਰਲਾਪ

–ਕੀਰਨੇ ਪਾਉਣਾ, ਮੁਹਾਵਰਾ : ਵਿਰਲਾਪ ਕਰਨਾ

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-20-02-30-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.